Wed,Apr 01,2020 | 07:38:46am
HEADLINES:

Social

ਸੰਘਰਸ਼ ਕਰਦੀਆਂ ਲੜਕੀਆਂ 'ਚ ਦਿਖਾਈ ਦਿੰਦੀ ਹੈ ਬਚੇ ਹੋਏ ਲੋਕਤੰਤਰ ਦੀ ਉਮੀਦ

ਸੰਘਰਸ਼ ਕਰਦੀਆਂ ਲੜਕੀਆਂ 'ਚ ਦਿਖਾਈ ਦਿੰਦੀ ਹੈ ਬਚੇ ਹੋਏ ਲੋਕਤੰਤਰ ਦੀ ਉਮੀਦ

ਨੱਬੇ ਦੇ ਦਹਾਕੇ 'ਚ ਗਲੋਬਲ ਬਿਊਟੀ ਕੰਪਟੀਸ਼ਨ 'ਚ ਇੱਕ ਤੋਂ ਬਾਅਦ ਇੱਕ ਭਾਰਤ ਦੀਆਂ ਲੜਕੀਆਂ ਨੇ ਸਫਲਤਾ ਹਾਸਲ ਕੀਤੀ ਤਾਂ ਇੰਜ ਮਹਿਸੂਸ ਹੋਇਆ ਕਿ ਜਿਵੇਂ ਸਾਡਾ ਸਮਾਜ ਬਦਲ ਰਿਹਾ ਹੈ। ਲੜਕੀਆਂ ਹੁਣ ਖੁੱਲ ਕੇ ਅੱਗੇ ਆਉਣਗੀਆਂ। ਸਾਡੇ ਦੇਸ਼ 'ਚ ਮਹਿਲਾਵਾਂ ਦੀ ਸਥਿਤੀ ਅਮਰੀਕਾ ਜਾਂ ਯੂਰੋਪ ਦੀਆਂ ਔਰਤਾਂ ਤੋਂ ਖਰਾਬ ਹੀ ਚੱਲੀ ਆ ਰਹੀ ਹੈ।

ਸਮਾਜ 'ਚ ਮਹਿਲਾਵਾਂ ਦੀ ਸਥਿਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ। ਬਿਊਟੀ ਕੰਪਟੀਸ਼ਨ ਸਿਰਫ ਬਜ਼ਾਰ ਦਾ ਟ੍ਰੈਂਡ ਸਾਬਿਤ ਹੋਏ। ਇਨ੍ਹਾਂ 'ਚ ਮਹਿਲਾਵਾਂ ਨੂੰ ਸਿਰਫ ਇੱਕ ਨੁਮਾਇਸ਼ ਵਾਂਗ ਹੀ ਪੇਸ਼ ਕੀਤਾ ਗਿਆ। ਨਾਰੀਵਾਦੀ ਲੇਖਿਕਾ ਨਾਓਮੀ ਵੁਲਫ ਨੇ ਇਸਨੂੰ 'ਮਰਦਵਾਦੀ ਪੂੰਜੀਵਾਦੀ ਮਿੱਥ' ਕਿਹਾ। ਭਾਰਤ 'ਚ ਨਾਰੀਵਾਦੀ ਅੰਦੋਲਨ ਲਈ ਕਿਹਾ ਜਾਂਦਾ ਹੈ ਕਿ 'ਇਹ ਲਿਪੀਸਟਿਕ ਤੇ ਹਾਈ ਹੀਲ ਤੋਂ ਅੱਗੇ ਨਹੀਂ ਵਧਿਆ ਹੈ।'

ਭਾਰਤ 'ਚ ਮਹਿਲਾਵਾਂ ਵਿਅਕਤੀਗਤ ਤੌਰ 'ਤੇ ਹਮੇਸ਼ਾ ਵਿਦਰੋਹ ਕਰਦੀਆਂ ਆਈਆਂ ਹਨ, ਪਰ ਸਮਾਜਿਕ ਸਮੱਸਿਆਵਾਂ ਲਈ ਜ਼ਿਆਦਾਤਰ ਅੰਦੋਲਨ ਪੁਰਸ਼ਾਂ ਨੇ ਹੀ ਚਲਾਏ ਹਨ। ਮਹਿਲਾਵਾਂ ਦਾ ਸਭ ਤੋਂ ਪਹਿਲਾ ਸੰਗਠਨ ਕੋਈ 500 ਸਾਲ ਪਹਿਲਾਂ ਬੁੱਧ ਧਰਮ 'ਚ ਸ਼ਾਮਲ ਹੋਣ ਲਈ ਬਣਿਆ ਸੀ।

ਜਦੋਂ ਭਿਕਸ਼ੁਣਾ ਨੇ ਮਿਲ ਕੇ 'ਭਿਕਸ਼ੁਣੀ ਸੰਘ' ਬਣਾਇਆ ਸੀ। ਅੱਗੇ ਚੱਲ ਕੇ ਬਹਾਦਰ ਮਹਿਲਾ ਯੋਧਿਆਂ 'ਚ ਰਜ਼ਿਆ ਸੁਲਤਾਨ, ਝਲਕਾਰੀ ਬਾਈ, ਰਾਣੀ ਝਾਂਸੀ ਤੇ ਬੇਗਮ ਹਜ਼ਰਤ ਮਹਿਲ ਦੇ ਨਾਂ ਚਰਚਾ 'ਚ ਰਹੇ। ਸਮਾਜਿਕ ਬਦਲਾਅ ਲਈ ਜਿਨ੍ਹਾਂ ਮਹਿਲਾਵਾਂ ਨੇ ਜ਼ਿਕਰਯੋਗ ਕੰਮ ਕੀਤਾ, ਉਨ੍ਹਾਂ 'ਚ ਸਵਿੱਤਰੀ ਬਾਈ ਫੂਲੇ, ਫਾਤਿਮਾ ਸ਼ੇਖ ਆਦਿ ਦੇ ਨਾਂ ਮੁੱਖ ਹਨ। ਆਜ਼ਾਦੀ ਤੋਂ ਬਾਅਦ ਹਿੰਦੂ ਕੋਡ ਬਿੱਲ ਮਹਿਲਾਵਾਂ ਦੀ ਸਥਿਤੀ 'ਚ ਵੱਡਾ ਬਦਲਾਅ ਲੈ ਕੇ ਆਇਆ।

ਇਸ ਦੌਰਾਨ ਮਹਿਲਾਵਾਂ ਦੇ ਆਪਣੇ ਅਧਿਕਾਰਾਂ ਨੂੰ ਲੈ ਕੇ ਵੱਡੇ ਅੰਦੋਲਨ ਤਾਂ ਨਹੀਂ ਹੋਏ, ਪਰ ਮਹਿਲਾਵਾਂ ਕਈ ਆਦੀਵਾਸੀ ਅੰਦੋਲਨ ਤੇ 'ਚਿਪਕੋ' ਵਰਕੇ ਵਾਤਾਵਰਨ ਅੰਦੋਲਨਾਂ ਨਾਲ ਜੁੜੀਆਂ ਰਹੀਆਂ। 70 ਦੇ ਦਹਾਕੇ 'ਚ ਖਾਸ ਤੌਰ 'ਤੇ ਉੱਤਰਾਖੰਡ 'ਚ ਉਨ੍ਹਾਂ ਨੇ 'ਸ਼ਰਾਬ ਬੰਦੀ' ਦੇ ਮੁੱਦੇ 'ਤੇ ਜਮ ਕੇ ਅੰਦੋਲਨ ਕੀਤਾ।

ਇਸੇ ਦੌਰਾਨ ਮੁੰਬਈ 'ਚ ਮ੍ਰਿਣਾਲ ਗੋਰੇ ਨੇ ਵਧਦੀਆਂ ਕੀਮਤਾਂ ਖਿਲਾਫ ਮਹਿਲਾ ਮੋਰਚਾ ਦਾ ਗਠਨ ਕਰਕੇ ਅੰਦੋਲਨ ਸ਼ੁਰੂ ਕੀਤਾ, ਜਿਸ ਨਾਲ ਕਈ ਹਜ਼ਾਰ ਮਹਿਲਾਵਾਂ ਜੁੜੀਆਂ। 70-80 ਦੇ ਦਹਾਕੇ 'ਚ ਜਦੋਂ ਦੁਨੀਆ ਭਰ 'ਚ ਨਾਰੀਵਾਦ ਦੀਆਂ ਕਈ ਪ੍ਰੀਭਾਸ਼ਾਵਾਂ ਦਿੱਤੀਆਂ ਜਾ ਰਹੀਆਂ ਸਨ, 'ਪ੍ਰਗਤੀਵਾਦੀ ਮਹਿਲਾ ਸੰਗਠਨ' ਸਮੇਤ ਕਈ ਅਜਿਹੇ ਸੰਗਠਨ ਬਣੇ, ਜੋ ਖਾਸ ਤੌਰ 'ਤੇ ਮਹਿਲਾਵਾਂ ਦੇ ਮੁੱਦੇ 'ਤੇ ਅੰਦੋਲਨ ਕਰਦੇ ਸਨ। 'ਸੇਵਾ' ਵਰਗੇ ਸੰਗਠਨਾਂ ਨੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੰਮ ਕੀਤੇ। 80 ਦੇ ਦਹਾਕੇ 'ਚ ਹੀ 'ਚੇਤਨਾ ਮੰਚ' ਵਰਗੇ ਕਈ ਸੰਗਠਨ ਬਣੇ, ਜਿਨ੍ਹਾਂ ਨੇ ਦਾਜ ਖਿਲਾਫ ਨਾਟਕ ਤੇ ਪ੍ਰਦਰਸ਼ਨ ਕੀਤੇ।

ਮਹਾਰਾਸ਼ਟਰ 'ਚ ਮਥੁਰਾ ਨਾਂ ਦੀ ਇੱਕ ਲੜਕੀ ਨਾਲ ਪੁਲਸ ਸਟੇਸ਼ਨ 'ਚ ਬਲਾਤਕਾਰ ਹੋਇਆ ਤਾਂ ਸਾਰੇ ਅਪਰਾਧੀ ਕੋਰਟ ਦੀ ਇਸ ਟਿੱਪਣੀ ਦੇ ਨਾਲ ਰਿਹਾਅ ਹੋ ਗਏ ਕਿ 'ਉਸਦੇ ਕਈ ਪ੍ਰੇਮੀ ਹਨ, ਇਸ ਲਈ ਉਹ ਇੱਕ ਚਾਲੂ ਲੜਕੀ ਹੈ'। ਇਸ ਫੈਸਲੇ ਖਿਲਾਫ ਕਈ ਅੰਦੋਲਨ ਹੋਏ। ਰਾਜਸਥਾਨ 'ਚ ਭੰਵਰੀ ਦੇਵੀ ਦੇ ਨਾਲ ਵੀ ਅਜਿਹਾ ਹੀ ਹੋਇਆ, ਜਦੋਂ ਬਲਾਤਕਾਰ ਦੇ ਦੋਸ਼ੀ ਇਸ ਦਲੀਲ 'ਤੇ ਰਿਹਾਅ ਕਰ ਦਿੱਤੇ ਗਏ ਕਿ ਉਹ ਉੱਚ ਜਾਤੀ ਵਰਗ ਦੇ ਹਨ ਤੇ ਹੇਠਲੀ ਜਾਤੀ ਵਰਗ ਦੀ ਮਹਿਲਾ ਨਾਲ ਅਜਿਹਾ ਕਰ ਹੀ ਨਹੀਂ ਸਕਦੇ।

ਇਸ ਫੈਸਲੇ ਦਾ ਵਿਰੋਧ ਦੇਸ਼ ਭਰ 'ਚ ਨਾਰੀ ਸੰਗਠਨਾਂ ਨੇ ਕੀਤਾ। ਭਾਰਤੀ ਮਹਿਲਾਵਾਂ ਨੂੰ ਹਿਲਾ ਦੇਣ ਵਾਲੀ ਘਟਨਾ 2012 'ਚ ਦਿੱਲੀ 'ਚ ਹੋਈ। ਇੱਕ ਪੈਰਾ ਮੈਡੀਕਲ ਵਿਦਿਆਰਥਣ ਦੇ ਨਾਲ ਬਹੁਤ ਹੀ ਹਿੰਸਕ ਢੰਗ ਨਾਲ ਹੋਏ ਬਲਾਤਕਾਰ ਨੇ ਸਾਰਿਆਂ 'ਚ ਗੁੱਸਾ ਭਰ ਦਿੱਤਾ। ਦੇਸ਼ ਭਰ 'ਚ ਹੋਏ ਅੰਦੋਲਨਾਂ 'ਚ ਬਲਾਤਕਾਰੀਆਂ ਲਈ ਸਖਤ ਸਜ਼ਾ ਦੇ ਨਾਲ ਫਾਸ ਟ੍ਰੈਕ ਕੋਰਟ ਦਾ ਗਠਨ ਕਰਨ ਦੀ ਵੀ ਮੰਗ ਹੋਈ। ਹਰ ਸ਼ਹਿਰ 'ਚ ਲੜਕੀਆਂ ਤੋਂ ਜਿਵੇਂ ਹੋ ਸਕਿਆ, ਉਨ੍ਹਾਂ ਨੇ ਵਧ-ਚੜ੍ਹ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ 'ਨਿਰਭਯਾ ਅੰਦੋਲਨ' 'ਚ ਕੀਤਾ।

ਇਸ ਤੋਂ ਬਾਅਦ ਅਲੱਗ-ਅਲੱਗ ਸਮੱਸਿਆਵਾਂ ਨੂੰ ਲੈ ਕੇ ਕਈ ਅੰਦੋਲਨ ਹੋਏ, ਜਿਨ੍ਹਾਂ 'ਚ ਇੱਕ ਐਸਿਡ ਪੀੜਤ ਲੱਛਮੀ ਨੇ ਐਸਿਡ ਦੀ ਸਰੇਆਮ ਵਿਕਰੀ ਰੋਕਣ ਦੀ ਮੁਹਿੰਮ ਚਲਾਈ ਅਤੇ ਅਦਾਲਤ ਤੋਂ ਇਸ 'ਤੇ ਰੋਕ ਲਗਵਾਉਣ 'ਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦੇ ਜੀਵਨ 'ਤੇ ਫਿਲਮ ਵੀ ਬਣ ਗਈ ਹੈ। ਜੀਐੱਸਟੀ 'ਚ ਸੈਨੇਟਰੀ ਪੈਡ ਨੂੰ ਵਿਲਾਸਤਾ ਦਾ ਸਾਮਾਨ ਮੰਨੇ ਜਾਣ ਦੇ ਵਿਰੋਧ 'ਚ ਲੜਕੀਆਂ ਨੇ 'ਲਹੂ ਦਾ ਲਗਾਨ' ਨਾਂ ਨਾਲ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ।

ਇੱਕ ਹੋਰ ਮੁਹਿੰਮ 'ਮੀ ਟੂ' ਵੀ ਚਲਾਈ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਛਾਈ ਰਹੀ। ਇਸ 'ਚ ਦੁਨੀਆ ਭਰ ਦੀਆਂ ਲੜਕੀਆਂ ਤੇ ਮਹਿਲਾਵਾਂ ਨੇ ਆਪਣੇ ਨਾਲ ਜੀਵਨ ਦੇ ਕਿਸੇ ਵੀ ਮੋੜ 'ਤੇ ਹੋਏ ਯੌਨ ਅੱਤਿਆਚਾਰ 'ਤੇ ਖੁੱਲ ਕੇ ਗੱਲ ਕੀਤੀ। ਉੱਤਰ ਪ੍ਰਦੇਸ਼ ਦਾ 'ਗੁਲਾਬ ਗੈਂਗ' ਵੀ ਮਹਿਲਾਵਾਂ ਦੇ ਨਾਲ ਹੋਈ ਘਰੇਲੂ ਹਿੰਸਾ ਖਿਲਾਫ ਅਤੇ ਦਿੱਲੀ ਦਾ 'ਪਿੰਜਰਾ ਤੋੜ' ਸਮੂਹ ਹਾਸਟਲ 'ਚ ਸਿਰਫ ਲੜਕੀਆਂ 'ਤੇ ਲਗਾਏ ਜਾ ਰਹੇ ਨਿਯਮਾਂ ਦੇ ਵਿਰੋਧ 'ਚ ਸਰਗਰਮ ਰਿਹਾ। ਹਾਲ ਹੀ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਜੋ ਅੰਦੋਲਨ ਹੋ ਰਹੇ ਹਨ, ਉਨ੍ਹਾਂ 'ਚ ਲੜਕੀਆਂ ਦੀ ਵੱਡੀ ਭੂਮਿਕਾ ਹੈ। ਉਹ ਨਾ ਸਿਰਫ ਅੰਦੋਲਨ 'ਚ ਸ਼ਾਮਲ ਹੋਈਆਂ, ਸਗੋਂ ਬਹੁਤ ਸਥਾਨਾਂ 'ਤੇ ਇਸਨੂੰ ਲੀਡ ਕੀਤਾ।

ਜੈਂਡਰ ਦੇ ਫਰਕ ਨੂੰ ਮਿਟਾਉਂਦੇ ਹੋਏ ਉਨ੍ਹਾਂ ਨੇ ਪੁਲਸ ਦੀਆਂ ਲਾਠੀਆਂ ਖਾਧੀਆਂ, ਜੇਲ ਵੀ ਗਈਆਂ। ਇੰਨੀ ਜਾਗਰੂਕਤਾ ਦੇ ਬਾਅਦ ਵੀ ਮਹਿਲਾਵਾਂ ਨੂੰ ਲੈ ਕੇ ਭਾਰਤੀ ਰਾਜਨੀਤਕ ਪੱਖ ਕਾਫੀ ਨਿਰਾਸ਼ਾਜਨਕ ਹੈ। ਇਸਦਾ ਕਾਰਨ ਹੈ ਕਿ ਸੰਸਦ 'ਚ ਮਹਿਲਾਵਾਂ ਦਾ ਘੱਟ ਹੋਣਾ। ਜਦੋਂ ਤੱਕ ਸੱਤਾ 'ਚ ਮਹਿਲਾਵਾਂ ਦੀ ਹਿੱਸੇਦਾਰੀ ਨਹੀਂ ਹੋਵੇਗੀ, ਉਦੋਂ ਤੱਕ ਉਨ੍ਹਾਂ ਦੇ ਜੀਵਨ 'ਚ ਕੋਈ ਵੱਡਾ ਬਦਲਾਅ ਨਹੀਂ ਆਉਣ ਵਾਲਾ।
-ਅਨੀਤਾ

Comments

Leave a Reply