Tue,Feb 25,2020 | 01:49:14pm
HEADLINES:

Social

ਮਹਿਲਾ-ਪੁਰਸ਼ ਗੈਰਬਰਾਬਰੀ ਦੇ ਮਾਮਲੇ 'ਚ ਭਾਰਤ ਦੀ ਸਥਿਤੀ ਹੋਰ ਖਰਾਬ ਹੋਈ, 112ਵੇਂ ਸਥਾਨ 'ਤੇ ਪਹੁੰਚਿਆ

ਮਹਿਲਾ-ਪੁਰਸ਼ ਗੈਰਬਰਾਬਰੀ ਦੇ ਮਾਮਲੇ 'ਚ ਭਾਰਤ ਦੀ ਸਥਿਤੀ ਹੋਰ ਖਰਾਬ ਹੋਈ, 112ਵੇਂ ਸਥਾਨ 'ਤੇ ਪਹੁੰਚਿਆ

ਮਹਿਲਾਵਾਂ ਦੀ ਸਿਹਤ ਤੇ ਆਰਥਿਕ ਹਿੱਸੇਦਾਰੀ ਖੇਤਰ ਵਿੱਚ ਸਥਿਤੀ ਖਰਾਬ ਹੋਣ ਵਿਚਕਾਰ ਮਹਿਲਾ-ਪੁਰਸ਼ ਗੈਰਬਰਾਬਰੀ 'ਤੇ ਤਿਆਰ ਰਿਪੋਰਟ ਵਿੱਚ ਭਾਰਤ ਇੱਕ ਸਾਲ ਪਹਿਲਾਂ (2018) ਦੇ ਮੁਕਾਬਲੇ 4 ਸਥਾਨ ਹੇਠਾਂ ਆ ਕੇ 112ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸਿਹਤ ਤੇ ਆਰਥਿਕ ਹਿੱਸੇਦਾਰੀ ਇਨ੍ਹਾਂ ਦੋ ਖੇਤਰਾਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਹੇਠਾਂ ਸਥਾਨ ਪਾਉਣ ਵਾਲੇ 5 ਦੇਸ਼ਾਂ ਵਿੱਚ ਸ਼ਾਮਲ ਹੈ।

ਸੰਸਾਰ ਆਰਥਿਕ ਮੰਚ ਦੀ ਮਹਿਲਾ ਤੇ ਪੁਰਸ਼ਾਂ ਵਿਚਕਾਰ ਵੱਖ-ਵੱਖ ਖੇਤਰਾਂ ਵਿੱਚ ਵਧਦੇ ਫਾਸਲੇ ਨਾਲ ਸਬੰਧਤ ਇਸ ਸਲਾਨਾ ਸਰਵੇਖਣ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ। ਭਾਰਤ 2018 ਸਾਲ ਵਿੱਚ ਇਸ ਸੂਚੀ ਵਿੱਚ 108ਵੇਂ ਸਥਾਨ 'ਤੇ ਸੀ। ਸੰਸਾਰ ਆਰਥਿਕ ਮੰਚ ਦੀ ਮਹਿਲਾ-ਪੁਰਸ਼ ਗੈਰਬਰਾਬਰੀ ਰਿਪੋਰਟ (2019) ਵਿੱਚ ਭਾਰਤ ਦਾ ਸਥਾਨ ਚੀਨ (106), ਸ੍ਰੀਲੰਕਾ (102), ਨੇਪਾਲ (101), ਬ੍ਰਾਜੀਲ (92), ਇੰਡੋਨੇਸ਼ੀਆ (85) ਤੇ ਬੰਗਲਾਦੇਸ਼ (50) ਤੋਂ ਵੀ ਹੇਠਾਂ ਹੈ। ਮਹਿਲਾ-ਪੁਰਸ਼ ਵਿਚਕਾਰ ਸਭ ਤੋਂ ਜ਼ਿਆਦਾ ਬਰਾਬਰੀ ਆਈਸਲੈਂਡ ਵਿੱਚ ਹੈ। ਸੰਸਾਰ ਆਰਥਿਕ ਮੰਚ ਦੀ ਇਸ ਰਿਪੋਰਟ ਮੁਤਾਬਕ ਮਹਿਲਾ-ਪੁਰਸ਼ ਗੈਰਬਰਾਬਰੀ ਨੂੰ ਚਾਰ ਮੁੱਖ ਤੱਥਾਂ ਦੇ ਆਧਾਰ 'ਤੇ ਤੈਅ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਮਹਿਲਾਵਾਂ ਨੂੰ ਉਪਲਬਧ ਆਰਥਿਕ ਮੌਕੇ ਰਾਜਨੀਤਕ ਸ਼ਕਤੀਕਰਨ, ਸਿੱਖਿਅਕ ਉਪਲਬਧੀਆਂ ਅਤੇ ਸਿਹਤ ਤੇ ਜੀਵਨ ਦੇ ਪੱਖ ਸ਼ਾਮਲ ਹਨ। ਮਹਿਲਾ-ਪੁਰਸ਼ ਵਿਚਕਾਰ ਫਰਕ ਦੇ ਇੰਡੈਕਸ ਵਿੱਚ ਯਮਨ ਦੀ ਸਥਿਤੀ ਸਭ ਤੋਂ ਖਰਾਬ ਹੈ। ਉਸਨੂੰ 153ਵਾਂ ਸਥਾਨ ਮਿਲਿਆ ਹੈ, ਜਦਕਿ ਇਰਾਕ ਨੂੰ 152ਵੇਂ ਤੇ ਪਾਕਿਸਤਾਨ ਨੂੰ 151ਵੇਂ ਸਥਾਨ ਸਥਾਨ 'ਤੇ ਰੱਖਿਆ ਗਿਆ ਹੈ।

ਸੰਸਾਰ ਆਰਥਿਕ ਮੰਚ ਨੇ ਕਿਹਾ, ''2019 ਵਿੱਚ ਮਹਿਲਾ-ਪੁਰਸ਼ ਵਿਚਕਾਰ ਵੱਖ-ਵੱਖ ਖੇਤਰਾਂ ਵਿੱਚ ਜੋ ਫਰਕ ਹੈ, ਉਸਨੂੰ ਦੂਰ ਕਰਨ ਵਿੱਚ 99.5 ਸਾਲ ਲੱਗਣਗੇ। ਹਾਲਾਂਕਿ 2018 ਦੇ ਮੁਕਾਬਲੇ ਇਸ ਵਿੱਚ ਸੁਧਾਰ ਦੇਖਿਆ ਜਾ ਰਿਹਾ ਹੈ। 2018 ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ ਮਹਿਲਾ-ਪੁਰਸ਼ ਵਿਚਕਾਰ ਗੈਰਬਰਾਬਰੀ ਨੂੰ ਦੂਰ ਕਰਨ ਵਿੱਚ 108 ਸਾਲ ਲੱਗਣਗੇ।

ਇਸੇ ਤਰ੍ਹਾਂ ਰਾਜਨੀਤਕ ਗੈਰਬਰਾਬਰੀ ਨੂੰ ਖਤਮ ਕਰਨ ਵਿੱਚ ਪਿਛਲੇ ਸਾਲ (2018) ਦੇ 107 ਸਾਲ ਦੇ ਮੁਕਾਬਲੇ ਹੁਣ 95 ਸਾਲ ਲੱਗਣਗੇ। ਹਾਲਾਂਕਿ ਆਰਥਿਕ ਮੌਕਿਆਂ ਦੇ ਮਾਮਲੇ ਵਿੱਚ ਸਥਿਤੀ ਖਰਾਬ ਹੋਈ ਹੈ। ਆਰਥਿਕ ਮੌਕਿਆਂ ਦੇ ਮਾਮਲੇ ਵਿੱਚ ਮਹਿਲਾ-ਪੁਰਸ਼ ਵਿਚਕਾਰ ਮੌਜ਼ੂਦ ਅੰਤਰ ਨੂੰ ਘੱਟ ਕਰਨ ਵਿੱਚ 257 ਸਾਲ ਲੱਗਣਗੇ। ਸਾਲ 2018 ਵਿੱਚ ਇਸ ਵਿੱਚ 202 ਸਾਲ ਲੱਗਣ ਦਾ ਅਨੁਮਾਨ ਪ੍ਰਗਟ ਕੀਤਾ ਗਿਆ ਸੀ।

ਵਿਸ਼ਵ ਬੈਂਕ ਨੇ ਆਪਣੀ ਪਹਿਲੀ ਮਹਿਲਾ-ਪੁਰਸ਼ ਅੰਤਰ ਰਿਪੋਰਟ 2006 ਵਿੱਚ ਪੇਸ਼ ਕੀਤੀ ਸੀ। ਉਸ ਸਮੇਂ ਭਾਰਤ 98ਵੇਂ ਸਥਾਨ 'ਤੇ ਸੀ। ਅੱਜ ਭਾਰਤ ਦੀ ਰੈਂਕਿੰਗ ਉਸ ਤੋਂ ਵੀ ਘੱਟ ਹੈ। ਉਦੋਂ ਤੋਂ ਲੈ ਕੇ ਰੈਂਕਿੰਗ ਲਈ ਉਪਯੋਗ ਹੋਣ ਵਾਲੇ 4 ਵਿੱਚੋਂ 3 ਖੇਤਰਾਂ ਵਿੱਚ ਭਾਰਤ ਦੀ ਸਥਿਤੀ ਖਰਾਬ ਹੋਈ ਹੈ। ਰਾਜਨੀਤਕ ਸ਼ਕਤੀਕਰਨ ਵਿੱਚ ਭਾਰਤ ਦੀ ਰੈਂਕਿੰਗ ਸੁਧਰੀ ਹੈ, ਜਦਕਿ ਸਿਹਤ ਤੇ ਜੀਵਨ ਪੱਧਰ ਦੇ ਮਾਮਲੇ ਵਿੱਚ ਉਹ ਹੇਠਾਂ ਆ ਕੇ 150ਵੇਂ ਸਥਾਨ, ਆਰਥਿਕ ਹਿੱਸੇਦਾਰੀ ਤੇ ਮੌਕੇ ਦੇ ਮਾਮਲੇ ਵਿੱਚ 149ਵੇਂ ਸਥਾਨ ਅਤੇ ਸਿੱਖਿਅਕ ਉਪਲਬਧੀਆਂ ਦੇ ਮਾਮਲੇ ਵਿੱਚ 11ਵੇਂ ਸਥਾਨ 'ਤੇ ਆ ਗਿਆ ਹੈ।

ਮੰਚ ਨੇ ਕਿਹਾ ਕਿ ਭਾਰਤ (35.4 ਫੀਸਦੀ), ਪਾਕਿਸਤਾਨ (32.7 ਫੀਸਦੀ), ਯਮਨ (27.3 ਫੀਸਦੀ), ਸੀਰੀਆ (24.9 ਫੀਸਦੀ) ਤੇ ਇਰਾਕ (22.7 ਫੀਸਦੀ) ਵਿੱਚ ਮਹਿਲਾਵਾਂ ਲਈ ਆਰਥਿਕ ਮੌਕੇ ਬਹੁਤ ਸੀਮਤ ਹਨ। ਉਸਨੇ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਹੈ, ਜਿੱਥੇ ਕੰਪਨੀ ਦੇ ਡਾਇਰੈਕਟਰ ਬੋਰਡ ਵਿੱਚ ਮਹਿਲਾਵਾਂ ਦੀ ਨੁਮਾਇੰਦਗੀ (13.8 ਫੀਸਦੀ) ਬਹੁਤ ਘੱਟ ਹੈ। ਸੰਸਾਰ ਆਰਥਿਕ ਮੰਚ ਨੇ ਕਿਹਾ ਕਿ ਸਿਹਤ ਤੇ ਜੀਵਨ ਸ਼ੈਲੀ ਦੇ ਮਾਮਲੇ ਵਿੱਚ 4 ਵੱਡੇ ਦੇਸ਼ਾਂ ਭਾਰਤ, ਵਿਅਤਨਾਮ, ਪਾਕਿਸਤਾਨ ਤੇ ਚੀਨ ਦੀ ਸਥਿਤੀ ਬਹੁਤ ਖਰਾਬ ਹੈ। ਇੱਥੇ ਲੱਖਾਂ ਮਹਿਲਾਵਾਂ ਦੀ ਪੁਰਸ਼ ਦੇ ਬਰਾਬਰ ਸਿਹਤ ਸੇਵਾਵਾਂ ਤੱਕ ਪਹੁੰਚ ਨਹੀਂ ਹੈ।

ਮੰਚ ਨੇ ਭਾਰਤ ਵਿੱਚ (100 ਲੜਕਿਆਂ 'ਤੇ ਸਿਰਫ 91 ਲੜਕੀਆਂ) ਅਤੇ ਪਾਕਿਸਤਾਨ (100 ਲੜਕਿਆਂ 'ਤੇ 92 ਲੜਕੀਆਂ) ਵਰਗੇ ਘੱਟ ਲਿੰਗ ਅਨੁਪਾਤ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤਾ ਹੈ। ਸਾਲ 2006 ਤੋਂ ਬਾਅਦ ਤੋਂ ਸਥਿਤੀ ਖਰਾਬ ਹੋਈ ਹੈ ਅਤੇ ਭਾਰਤ ਸੂਚੀ ਵਿੱਚ ਸ਼ਾਮਲ 153 ਦੇਸ਼ਾਂ ਵਿੱਚ ਇੱਕੋ ਇੱਕ ਅਜਿਹਾ ਦੇਸ਼ ਹੈ, ਜਿੱਥੇ ਮਹਿਲਾ-ਪੁਰਸ਼ ਵਿਚਕਾਰ ਆਰਥਿਕ ਗੈਰਬਰਾਬਰੀ, ਉਨ੍ਹਾਂ ਵਿਚਕਾਰ ਰਾਜਨੀਤਕ ਗੈਰਬਰਾਬਰੀ ਤੋਂ ਵੀ ਵੱਡੀ ਹੈ।

ਲਿੰਗ ਆਧਾਰਿਤ ਸਮਾਨਤਾ ਦੇ ਮਾਮਲੇ ਵਿੱਚ ਨਾਰਡਿਕ ਦੇਸ਼ਾਂ ਦੀ ਸਥਿਤੀ ਟਾਪ 'ਤੇ ਬਣੀ ਹੋਈ ਹੈ। ਆਈਸਲੈਂਡ ਤੋਂ ਬਾਅਦ ਟਾਪ 4 ਦੇਸ਼ਾਂ ਵਿੱਚ ਨਾਰਵੇ, ਫਿਨਲੈਂਡ ਅਤੇ ਸਵੀਡਨ ਦਾ ਸਥਾਨ ਹੈ। ਟਾਪ 10 ਦੇਸ਼ਾਂ ਵਿੱਚ ਇਨ੍ਹਾਂ ਤੋਂ ਇਲਾਵਾ ਨਿਕਾਰਾਗੁਆ, ਨਿਊਜ਼ੀਲੈਂਡ, ਆਇਰਲੈਂਡ, ਸਪੇਨ, ਰਵਾਂਡਾ ਅਤੇ ਜਰਮਨੀ ਹਨ।

ਮਹਿਲਾਵਾਂ ਲਈ ਸਨਮਾਨਜਨਕ ਜ਼ਿੰਦਗੀ ਜਿਊਣਾ ਅੱਜ ਵੀ ਮੁਸ਼ਕਿਲ : ਰਿਪੋਰਟ
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਲਾਨਾ ਰਿਪੋਰਟ ਮੁਤਾਬਕ ਸਾਲ 2018 ਦੇ ਮੁਕਾਬਲੇ ਸਾਲ 2019 ਵਿੱਚ ਮਹਿਲਾਵਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦਾ ਅੰਕੜਾ ਅਪਰਾਧ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਵਧਿਆ ਹੈ। ਸੂਬਿਆਂ ਵਿੱਚ ਵੀ ਸ਼ਿਕਾਇਤਾਂ ਦੀ ਗਿਣਤੀ 2018 ਦੇ ਮੁਕਾਬਲੇ 2019 ਵਿੱਚ ਜ਼ਿਆਦਾ ਰਹੀ। ਸ਼ਿਕਾਇਤਾਂ ਦੇ ਅੰਕੜਿਆਂ ਵਿੱਚ ਵਾਧੇ ਤੋਂ ਕੀ ਅੰਦਾਜ਼ਾ ਲਗਾਇਆ ਜਾਵੇ, ਮਹਿਲਾਵਾਂ ਜ਼ਿਆਦਾ ਸਰਗਰਮ ਹੋ ਗਈਆਂ ਹਨ ਜਾਂ ਫਿਰ ਮਹਿਲਾਵਾਂ 'ਤੇ ਅੱਤਿਆਚਾਰ ਵਧੇ ਹਨ?

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਲਾਨਾ ਰਿਪੋਰਟ (2018-19) ਮੁਤਾਬਕ ਮਹਿਲਾਵਾਂ ਲਈ ਸਨਮਾਨਜਨਕ ਜ਼ਿੰਦਗੀ ਜਿਊਣਾ ਅੱਜ ਵੀ ਮੁਸ਼ਕਿਲ ਹੈ। ਮਹਿਲਾ ਕਮਿਸ਼ਨ ਦੀ ਸਲਾਨਾ ਰਿਪੋਰਟ ਵਿੱਚ ਦਰਜ ਅੰਕੜਿਆਂ ਮੁਤਾਬਕ ਸਾਲ 2018-19 ਵਿੱਚ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਸਨਮਾਨ ਦੇ ਨਾਲ ਜਿਊਣ ਦੇ ਅਧਿਕਾਰ ਵਿੱਚ ਰੁਕਾਵਟ ਪਾਉਣ ਦੀਆਂ ਆਈਆਂ।

ਦੂਜੇ ਨੰਬਰ 'ਤੇ ਦਾਜ ਨੂੰ ਲੈ ਕੇ ਅੱਤਿਆਚਾਰ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ਰਹੀਆਂ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਹਿਲਾਵਾਂ ਨੇ ਕਮਿਸ਼ਨ ਵਿੱਚ ਪੁਲਸ ਅੱਤਿਆਚਾਰ ਦੀਆਂ ਸ਼ਿਕਾਇਤਾਂ ਵੀ ਜਮ ਕੇ ਕੀਤੀਆਂ। ਪੁਲਸ ਖਿਲਾਫ ਸ਼ਿਕਾਇਤਾਂ ਦਾ ਇਹ ਅੰਕੜਾ ਤੀਜੇ ਨੰਬਰ 'ਤੇ ਰਿਹਾ। ਮਹਿਲਾ ਕਮਿਸ਼ਨ ਕੋਲ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪੱਛਮ ਬੰਗਾਲ ਤੋਂ ਆਈਆਂ, ਜਦਕਿ ਦੂਜੇ ਨੰਬਰ 'ਤੇ ਉੱਤਰ ਪ੍ਰਦੇਸ਼ ਤੇ ਤੀਜੇ ਨੰਬਰ 'ਤੇ ਦਿੱਲੀ ਤੋਂ ਆਈਆਂ।
(ਡੀਡਬਲਯੂ)

Comments

Leave a Reply