Tue,Oct 16,2018 | 07:54:25am
HEADLINES:

Social

ਵਿਆਹ ਸਮਾਗਮਾਂ 'ਚ ਫੁਕਰਪੁਣੇ 'ਚ ਚੱਲਣ ਵਾਲੀਆਂ ਗੋਲੀਆਂ ਖੋਹ ਰਹੀਆਂ ਕੀਮਤੀ ਜਾਨਾਂ

ਵਿਆਹ ਸਮਾਗਮਾਂ 'ਚ ਫੁਕਰਪੁਣੇ 'ਚ ਚੱਲਣ ਵਾਲੀਆਂ ਗੋਲੀਆਂ ਖੋਹ ਰਹੀਆਂ ਕੀਮਤੀ ਜਾਨਾਂ

ਪੰਜਾਬ 'ਚ ਵਿਆਹ ਸਮਾਗਮਾਂ ਦੌਰਾਨ ਚੱਲਣ ਵਾਲੀਆਂ ਗੋਲੀਆਂ ਦੇ ਸ਼ਿਕਾਰ ਹੋਣ ਵਾਲਿਆਂ 'ਚ ਇੱਕ ਨਾਂ ਹੋਰ ਜੁੜ ਗਿਆ। 18 ਨਵੰਬਰ ਨੂੰ ਕੋਟਕਪੂਰਾ ਦੇ ਅਨੰਦ ਨਗਰ 'ਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ। ਇਸ 'ਚ ਗੁਆਂਢ 'ਚ ਰਹਿਣ ਵਾਲਾ ਕੁਲਵਿੰਦਰ ਸਿੰਘ ਆਪਣੇ ਲੜਕੇ ਵਿਕਰਮਜੀਤ ਸਿੰਘ (8) ਤੇ ਪੰਜਾਬ ਪੁਲਸ ਦਾ ਹੌਲਦਾਰ ਜਗਸੀਰ ਸਿੰਘ ਆਪਣੇ ਲੜਕੇ ਕਮਰੀਨ ਬਰਾੜ (9) ਨਾਲ ਸ਼ਾਮਲ ਹੋਇਆ। ਇਸੇ ਦੌਰਾਨ ਲਾੜੇ ਦੇ ਰਿਸ਼ਤੇਦਾਰਾਂ ਵਲੋਂ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਗਈਆਂ। 
 
ਗੋਲੀ ਲੱਗਣ ਕਾਰਨ ਵਿਕਰਮਜੀਤ ਦੀ ਮੌਤ ਹੋ ਗਈ, ਜਦਕਿ ਕਮਰੀਨ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਵਿਆਹ ਦੇ ਜਸ਼ਨ 'ਚ ਚਲਾਈਆਂ ਗਈਆਂ ਇਨ੍ਹਾਂ ਗੋਲੀਆਂ ਨੇ ਆਪਣੇ ਪਰਿਵਾਰ ਦੀ ਇਕਲੌਤੀ ਔਲਾਦ ਵਿਕਰਮਜੀਤ ਨੂੰ ਹਮੇਸ਼ਾ-ਹਮੇਸ਼ਾ ਲਈ ਮੌਤ ਦੇ ਮੂੰਹ 'ਚ ਧੱਕ ਦਿੱਤਾ। ਵਿਆਹ ਸਮਾਗਮਾਂ 'ਚ ਗੋਲੀਆਂ ਚਲਾਉਣ ਦਾ ਟੈਂ੍ਰਡ ਹੁਣ ਤੱਕ ਕਈ ਕੀਮਤੀ ਜਾਨਾਂ ਲੈ ਚੁੱਕਾ ਹੈ। ਇਸ ਜਾਨਲੇਵਾ ਟ੍ਰੈਂਡ ਨੂੰ ਹੱਲਾਸ਼ੇਰੀ ਦੇਣ ਪਿੱਛੇ ਸਭ ਤੋਂ ਵੱਡਾ ਯੋਗਦਾਨ ਭੜਕੀਲੇ ਪੰਜਾਬੀ ਗੀਤਾਂ ਦਾ ਹੈ। 
 
ਅੱਜਕੱਲ ਦੇ ਗੀਤਾਂ ਵਿਚ ਹਥਿਆਰਾਂ, ਹਿੰਸਾ, ਗੋਲੀਆਂ ਚਲਾਉਣ ਨੂੰ ਫੈਸ਼ਨ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਗੀਤਾਂ ਦੇ ਬੋਲਾਂ ਤੋਂ ਲੈ ਕੇ ਵੀਡੀਓ ਦੀ ਸ਼ੂਟਿੰਗ ਤੱਕ ਵਿਚ ਹਥਿਆਰਾਂ ਦੀ ਖੁੱਲ ਕੇ ਵਰਤੋਂ ਹੋ ਰਹੀ ਹੈ। ਇਸਦਾ ਹੀ ਮਾੜਾ ਅਸਰ ਲੋਕਾਂ 'ਤੇ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ 'ਤੇ ਪੈ ਰਿਹਾ ਹੈ, ਜਿਸ ਕਰਕੇ ਅਜਿਹੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।
 
ਵਿਗੜਦੇ ਹਾਲਾਤ ਨੂੰ ਦੇਖਦਿਆਂ ਇਹ ਜ਼ਰੂਰੀ ਹੈ ਕਿ ਅਜਿਹੇ ਭੜਕੀਲੇ ਗੀਤਾਂ 'ਤੇ ਰੋਕ ਲਗਾਈ ਜਾਵੇ। ਨਾਲ ਹੀ ਵਿਆਹ ਸਮਾਗਮਾਂ ਵਿੱਚ ਹਥਿਆਰਾਂ ਦਾ ਇਸਤੇਮਾਲ ਕਰਨ ਵਾਲਿਆਂ ਖਿਲਾਫ ਸਖਤੀ ਕਾਰਵਾਈ ਕੀਤੀ ਜਾਵੇ।

ਸੋਸ਼ਲ ਮੀਡੀਆ 'ਤੇ ਵਿਰੋਧ
ਕੋਟਕਪੂਰਾ 'ਚ ਵਿਆਹ ਸਮਾਗਮ 'ਚ ਬੱਚੇ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕ ਵਿਆਹ ਸਮਾਗਮਾਂ 'ਚ ਹਥਿਆਰਾਂ ਦੇ ਇਸਤੇਮਾਲ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਫੇਸਬੁੱਕ 'ਤੇ ਹਰਪ੍ਰੀਤ ਸਿੰਘ ਭੱਟੀ ਇਨ੍ਹਾਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਭੜਕਾਊ ਪੰਜਾਬੀ ਗੀਤ ਬੰਦ ਹੋਣੇ ਚਾਹੀਦੇ ਹਨ।
 
ਸਿੰਘ ਗੁਰਾਇਆ ਲਿਖਦੇ ਹਨ, ''ਵਿਆਹ ਵਾਲੇ ਕਾਰਡਾਂ 'ਤੇ ਪਹਿਲਾਂ ਹੀ ਲਿਖਵਾਉਣਾ ਚਾਹੀਦਾ ਹੈ ਕਿ ਸਮਾਗਮ ਵਿਚ ਹਥਿਆਰ ਲਿਆਣੇ ਮਨਾ ਨੇ। ਜੇ ਲਿਆਉਣੇ ਨੇ ਤੇ ਵਿਆਹ ਨਾ ਆਇਓ।'' 
 
ਇਸ ਬਾਰੇ ਅਮਨ ਢਿੱਲੋਂ ਫੇਸਬੁੱਕ 'ਤੇ ਲਿਖਦੇ ਹਨ, ''ਪਤਾ ਨਹੀਂ ਹੋਰ ਕਿੰਨੀਆਂ ਜਾਨਾਂ ਜਾਣਗੀਆਂ। ਕਿਸੇ ਵੀ ਸਮਾਗਮ 'ਚ ਹਥਿਆਰਾਂ ਦੇ ਪ੍ਰਯੋਗ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।'' ਰਾਜਵੀਰ ਸਿੰਘ ਕਹਿੰਦੇ ਹਨ, ''ਫੁਕਰੀਆਂ ਤੇ ਹਥਿਆਰਾਂ ਨੇ ਕਿੰਨੇ ਘਰ ਬਰਬਾਦ ਕਰ ਦਿੱਤੇ, ਪਰ ਲੋਕ ਫਿਰ ਵੀ ਨਹੀਂ ਸਮਝ ਰਹੇ। ਜਦੋਂ ਆਪਣੇ 'ਤੇ ਆਉਂਦੀ ਹੈ, ਫਿਰ ਪਤਾ ਲਗਦਾ ਹੈ।''
 
ਮੀਤ ਕੌਰ ਕਹਿੰਦੇ ਹਨ, ''ਸਮਝ ਨਹੀਂ ਆਉਂਦਾ ਕਿ ਵਿਆਹ ਦੀ ਖੁਸ਼ੀ ਨੱਚ ਕੇ ਹੱਸ ਕੇ ਮਨਾਈ ਜਾ ਸਕਦੀ ਹੈ, ਵਿਆਹ 'ਚ ਗੋਲੀਆਂ ਦਾ ਕੀ ਕੰਮ? ਕਿਉਂ ਇਨੀਆਂ ਕੀਮਤੀ ਜਾਨਾਂ ਨੂੰ ਆਪਣੀ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਹੋ। ਕਦੋਂ ਮਤ ਆਉ ਇਨ੍ਹਾਂ ਲੋਕਾਂ ਨੂੰ।''

 
ਕਈ ਮੌਤਾਂ ਤੋਂ ਵੀ ਸਬਕ ਨਹੀਂ ਲਿਆ
ਵਿਆਹ ਸਮਾਗਮਾਂ 'ਚ ਚੱਲਣ ਵਾਲੀਆਂ ਗੋਲੀਆਂ ਕਾਰਨ ਪੰਜਾਬ ਵਿੱਚ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਮੌਤਾਂ 'ਤੇ ਕਾਫੀ ਹੰਗਾਮਾ ਹੋਣ ਦੇ ਬਾਵਜੂਦ ਹਾਲਾਤ 'ਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਬਠਿੰਡਾ 'ਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਵਿਅਕਤੀ ਵਲੋਂ ਚਲਾਈ ਗਈ ਗੋਲੀ ਨਾਲ ਸਟੇਜ 'ਤੇ ਨੱਚ ਰਹੀ ਆਰਕੈਸਟ੍ਰਾ ਆਰਟਿਸਟ ਕੁਲਵਿੰਦਰ ਕੌਰ ਦੀ ਮੌਤ ਹੋ ਗਈ ਸੀ। ਇਸਨੂੰ ਲੈ ਕੇ ਸੂਬੇ ਭਰ ਵਿਚ ਭਾਰੀ ਹੰਗਾਮਾ ਹੋਇਆ ਸੀ।
 
ਅਕਤੂਬਰ 2016 'ਚ ਪਟਿਆਲਾ ਤਹਿਤ ਆਉਂਦੇ ਪਿੰਡ ਕਾਦਰਾਬਾਦ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਨਾਲ 70 ਸਾਲ ਦੀ ਸੁਰਜੀਤ ਕੌਰ ਦੀ ਮੌਤ ਹੋ ਗਈ ਸੀ। ਪਿਛਲੇ ਸਾਲ, ਫਿਰੋਜ਼ਪੁਰ ਦੇ ਪਿੰਡ ਹਜ਼ਾਰਾ 'ਚ ਵਿਆਹ ਸਮਾਗਮ 'ਚ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਸੋਨੂੰ (12) ਨਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ। ਰੂਪਨਗਰ ਜ਼ਿਲ੍ਹੇ 'ਚ ਵਿਆਹ ਸਮਾਗਮ ਦੌਰਾਨ ਦੋ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਏ ਜਾਣ ਕਾਰਨ ਫੋਟੋਗ੍ਰਾਫਰ ਧਰਮਿੰਦਰ ਸਿੰਘ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਸੀ।
 
ਫਰਵਰੀ 2016 'ਚ ਬਰਨਾਲਾ ਜ਼ਿਲ੍ਹੇ ਦੇ ਕਾਰਾਵਾਲਾ ਪਿੰਡ ਵਿੱਚ ਵਿਆਹ ਦੇ ਜਸ਼ਨ ਦੌਰਾਨ ਇੱਕ ਵਿਅਕਤੀ ਨੇ ਰਿਵਾਲਵਰ ਤੋਂ ਗੋਲੀਆਂ ਚਲਾਈਆਂ ਸਨ, ਜਿਸ ਵਿਚ ਜਗਤਾਰ ਕੌਰ (48) ਨਾਂ ਦੀ ਮਹਿਲਾ ਦੀ ਜਾਨ ਚਲੀ ਗਈ ਸੀ। ਸਤੰਬਰ 2015 'ਚ ਸਿਮਰਦੀਪ ਕੌਰ ਦੀ ਇਸੇ ਤਰ੍ਹਾਂ ਗੋਲੀ ਲੱਗਣ ਕਾਰਨ ਮੌਤ ਹੋਈ ਸੀ।

 

Comments

Leave a Reply