Sun,Oct 21,2018 | 03:42:44am
HEADLINES:

Social

ਲੜਕੀਆਂ ਰਾਤ 9 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਿਕਲਣ ਤਾਂ ਫਿਕਰਾਂ 'ਚ ਪੈ ਜਾਂਦੇ 87% ਪਰਿਵਾਰ

ਲੜਕੀਆਂ ਰਾਤ 9 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਿਕਲਣ ਤਾਂ ਫਿਕਰਾਂ 'ਚ ਪੈ ਜਾਂਦੇ 87% ਪਰਿਵਾਰ

ਹਾਲ ਹੀ ਦੇ ਇਕ ਸਰਵੇਖਣ 'ਸੇਫਟੀ ਟ੍ਰੇਂਡਸ ਐਂਡ ਰਿਪੋਰਟਿੰਗ ਆਫ ਕ੍ਰਾਈਮ' (ਐਸਏਟੀਆਰਏਸੀ) ਮੁਤਾਬਕ, ਭਾਰਤ ਦੀ ਰਾਜਧਾਨੀ ਦਿੱਲੀ ਦੇ 51 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਅਪਰਾਧ ਇਕ ਗੰਭੀਰ ਸਮੱਸਿਆ ਹੈ। ਮੁੰਬਈ ਵਿਚ 16 ਫੀਸਦੀ ਲੋਕ ਅਜਿਹਾ ਹੀ ਮੰਨਦੇ ਹਨ। ਚੈਨਈ ਵਿਚ ਇਹ 5 ਫੀਸਦੀ ਅਤੇ ਬੇਂਗਲੁਰੂ ਵਿਚ 21 ਫੀਸਦੀ ਹੈ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਪੁਲਸ ਵਲੋਂ ਦਰਜ ਅਪਰਾਧ ਬਾਰੇ ਜਾਣਕਾਰੀ ਉਪਲਬਧ ਕਰਵਾਉਂਦਾ ਹੈ, ਪਰ ਬਿਊਰੋ ਦੇ ਡੇਟਾ ਤੋਂ ਇਹ ਜਾਨਣਾ ਮੁਸ਼ਕਿਲ ਹੈ ਕਿ ਲੋਕ ਆਪਣੇ ਆਲੇ-ਦੁਆਲੇ ਸੁਰੱਖਿਅਤ ਮਹਿਸੂਸ ਕਰਦੇ ਹਨ ਜਾਂ ਨਹੀਂ। ਇਸ ਅੰਕੜੇ ਨੂੰ ਇਕੱਠਾ ਕਰਨ ਲਈ ਆਈਡੀਐਫਸੀ ਸੰਸਥਾਨ ਨੇ ਮੁੰਬਈ, ਦਿੱਲੀ, ਬੇਂਗਲੁਰੂ ਅਤੇ ਚੈਨਈ ਵਿਚ 20,597 ਘਰਾਂ ਦਾ ਸਰਵੇਖਣ ਕੀਤਾ। ਸਰਵੇਖਣ ਦੌਰਾਨ ਲੋਕਾਂ ਨਾਲ ਉਨ੍ਹਾਂ ਦੇ ਘਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਵਲੋਂ ਖੁਦ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਜਾਣ ਵਾਲੇ ਢੰਗ 'ਤੇ ਚਰਚਾ ਕੀਤੀ ਗਈ।

ਲੋਕਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਉਹ ਪਿਛਲੇ ਇਕ ਸਾਲ ਵਿਚ ਕਿਸੇ ਅਪਰਾਧ ਤੋਂ ਪੀੜਤ ਹੋਏ ਹਨ ਅਤੇ ਪੁਲਸ ਦੇ ਸਬੰਧ ਵਿਚ ਉਨ੍ਹਾਂ ਦੇ ਕੀ ਵਿਚਾਰ ਹਨ। ਤੁਹਾਡੇ ਇਲਾਕੇ ਵਿਚ ਅਪਰਾਧ ਦੀ ਸਮੱਸਿਆ ਕਿੰਨੀ ਗੰਭੀਰ ਹੈ?

ਸੁਰੱਖਿਆ ਦੇ ਖਰਾਬ ਪ੍ਰਬੰਧਾਂ ਕਰਕੇ ਦਿੱਲੀ ਦੇ 87 ਫੀਸਦੀ ਲੋਕ ਮਹਿਲਾਵਾਂ ਦੇ ਰਾਤ ਦੇ 9 ਵਜੇ ਤੋਂ ਬਾਅਦ ਇਕੱਲੇ ਘਰੋਂ ਬਾਹਰ ਰਹਿਣ 'ਤੇ ਚਿੰਤਾ ਕਰਨ ਲਗਦੇ ਹਨ। ਹੋਰ ਸ਼ਹਿਰਾਂ ਲਈ ਰਾਤ ਦੇ ਉਸੇ ਸਮੇਂ ਲਈ ਇਹ ਫੀਸਦੀ ਘੱਟ ਹੈ। ਬੇਂਗਲੁਰੂ ਵਿਚ ਇਹ 54 ਫੀਸਦੀ, ਚੈਨਈ ਵਿਚ 48 ਫੀਸਦੀ ਅਤੇ ਮੁੰਬਈ ਵਿਚ 30 ਫੀਸਦੀ ਹੈ।

ਦਿੱਲੀ ਵਿਚ ਸਿਰਫ 1 ਫੀਸਦੀ ਲੋਕਾਂ ਨੇ ਕਿਹਾ ਕਿ ਦਿਨ ਦੇ ਕਿਸੇ ਵੀ ਸਮੇਂ ਪਰਿਵਾਰ ਦੇ ਮਹਿਲਾ ਮੈਂਬਰਾਂ ਦੇ ਨਾਲ ਘਰ ਦੇ ਬਾਹਰ ਰਹਿਣ 'ਤੇ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ। ਚੈਨਈ ਅਤੇ ਬੇਂਗਲੁਰੂ ਵਿਚ ਇਸ ਵਿਚਾਰ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਦੋਵੇਂ ਸ਼ਹਿਰਾਂ ਲਈ ਇਹ ਅੰਕੜਾ 8 ਫੀਸਦੀ ਹੈ। ਇਸ ਸਬੰਧ ਵਿਚ 13 ਫੀਸਦੀ ਦੇ ਅੰਕੜੇ ਦੇ ਨਾਲ ਮੁੰਬਈ ਸਭ ਤੋਂ ਉੱਪਰ ਹੈ।

ਸੁਰੱਖਿਆ ਦੇ ਸਬੰਧ ਵਿਚ ਚਿੰਤਾਵਾਂ ਪੁਰਸ਼ਾਂ ਨੂੰ ਲੈ ਕੇ ਵੀ ਹਨ। ਦਿੱਲੀ ਵਿਚ ਕਰੀਬ 95 ਫੀਸਦੀ ਲੋਕ ਫਿਕਰਾਂ ਵਿਚ ਪੈ ਜਾਂਦੇ ਹਨ, ਜੇਕਰ ਰਾਤ ਦੇ 11 ਵਜੇ ਤੱਕ ਪਰਿਵਾਰ ਦਾ ਕੋਈ ਪੁਰਸ਼ ਇਕੱਲੇ ਘਰ ਤੋਂ ਬਾਹਰ ਰਹਿੰਦਾ ਹੈ। ਇਸ ਸਬੰਧ ਵਿਚ ਬੇਂਗਲੁਰੂ ਵਿਚ 83 ਫੀਸਦੀ ਲੋਕ ਚਿੰਤਾ ਕਰਦੇ ਹਨ, ਚੈਨਈ ਵਿਚ 84 ਫੀਸਦੀ ਅਤੇ ਮੁੰਬਈ ਵਿਚ 60 ਫੀਸਦੀ। ਦਿੱਲੀ ਵਿਚ ਪਰਿਵਾਰ ਦੇ ਪੁਰਸ਼ ਮੈਂਬਰ ਦੇ ਕਿਸੇ ਵੀ ਸਮੇਂ ਬਾਹਰ ਰਹਿਣ 'ਤੇ ਚਿੰਤਾ ਨਾ ਕਰਨ ਵਾਲੇ ਲੋਕਾਂ ਦੀ ਗਿਣਤੀ ਸਿਰਫ 1 ਫੀਸਦੀ ਹੈ। 

ਬੇਂਗਲੁਰੂ ਵਿਚ ਇਹ ਗਿਣਤੀ 13 ਫੀਸਦੀ, ਚੈਨਈ ਵਿਚ 12 ਫੀਸਦੀ ਅਤੇ ਮੁੰਬਈ ਵਿਚ 20 ਫੀਸਦੀ ਹੈ। ਸਰਵੇਖਣ ਵਿਚ ਚਾਰ ਸ਼ਹਿਰਾਂ ਵਿਚ ਲੋਕਾਂ ਦੇ ਵਿਵਹਾਰ ਦੀ ਵੀ ਪੜਤਾਲ ਕੀਤੀ ਗਈ। ਚੈਨਈ ਨੂੰ ਪੁਰਸ਼ਾਂ ਤੇ ਮਹਿਲਾਵਾਂ ਦੋਨਾਂ ਵਲੋਂ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸੁਰੱਖਿਆ ਨੂੰ ਲੈ ਕੇ ਪੁਰਸ਼ਾਂ ਅਤੇ ਮਹਿਲਾਵਾਂ ਦੋਨਾਂ ਦੇ ਵਿਵਹਾਰ ਬਹੁਤ ਵੱਖ-ਵੱਖ ਨਹੀਂ ਹਨ। 

ਸੁਰੱਖਿਆ ਬਾਰੇ ਕੋਈ ਸਿੱਧਾ ਡੇਟਾ ਉਪਲਬਧ ਨਾ ਹੋਣ ਕਰਕੇ ਸੁਰੱਖਿਆ ਦਰ ਮੰਨਣ ਲਈ ਅਪਰਾਧ ਦਰ ਨੂੰ ਆਮ ਤੌਰ 'ਤੇ ਪ੍ਰਾਕਸੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਹਾਲਾਂਕਿ ਇਹ ਸਵੀਕਾਰ ਕਰਨਾ ਮਹੱਤਵਪੂਰਨ ਹੈ ਕਿ ਅਪਰਾਧ ਦੀ ਘੱਟ ਦਰ ਦਾ ਮਤਲਬ ਜ਼ਿਆਦਾ ਸੁਰੱਖਿਅਤ ਹੋਣਾ ਨਹੀਂ ਹੈ। ਜੇਕਰ ਨਾਗਰਿਕ ਡਕੈਤੀ ਜਾਂ ਬਲਾਤਕਾਰ ਤੋਂ ਡਰਦੇ ਹਨ ਤਾਂ ਰਾਤ ਵਿਚ ਉਹ ਬਾਹਰ ਨਹੀਂ ਨਿਕਲਦੇ ਹਨ।

ਡਕੈਤੀ ਜਾਂ ਬਲਾਤਕਾਰ ਨਹੀਂ ਹੋ ਰਿਹਾ ਹੈ, ਪਰ ਇਹ ਸਿਰਫ ਇਸ ਲਈ ਹੈ, ਕਿਉਂਕਿ ਲੋਕ ਆਜ਼ਾਦੀ ਨਾਲ ਰਹਿਣ ਦੀ ਜਗ੍ਹਾ ਘਰ ਵਿਚ ਬੰਦ ਹੋ ਕੇ ਰਹਿ ਰਹੇ ਹਨ। ਅਪਰਾਧ ਤੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਆਪਣੀ ਜਗ੍ਹਾ ਹੈ ਅਤੇ ਅਧਿਕਾਰਕ ਰਿਕਾਰਡ ਘੱਟ ਅਪਰਾਧ ਦਰ ਦਿਖਾਉਂਦੇ ਹਨ, ਫਿਰ ਵੀ ਭਾਰਤ ਦੀ ਗੰਭੀਰ ਸਮੱਸਿਆਵਾਂ ਵਿਚੋਂ ਇਕ ਅਪਰਾਧ ਹੈ। ਇਹ ਸਮੱਸਿਆ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਅੱਤਵਾਦ ਦੇ ਬਰਾਬਰ ਹੀ ਗੰਭੀਰ ਹੈ, ਜਿਵੇਂ ਕਿ ਹੋਰ ਰਿਸਰਚਾਂ ਨੇ ਸੰਕੇਤ ਦਿੱਤਾ ਹੈ।

ਐਸਏਟੀਐਸਆਰਸੀ ਵਰਗੇ ਸਰਵੇਖਣ ਸ਼ਹਿਰਾਂ ਦੇ ਅੰਦਰ ਦੀ ਸੂਚਨਾ ਉਪਲਬਧ ਕਰਵਾ ਕੇ ਪੁਲਸ ਦੀ ਮਦਦ ਕਰਦੇ ਹਨ। ਹਰੇਕ ਸ਼ਹਿਰ ਦਾ ਸੁਭਾਅ ਅਲੱਗ ਹੈ। ਚੈਨਈ ਲਈ ਜੋ ਸੋਚ ਹੈ, ਉਹ ਮੁੰਬਈ ਲਈ ਸੱਚ ਨਹੀਂ ਹੋ ਸਕਦੀ। ਅਪਰਾਧ ਅਤੇ ਸੁਰੱਖਿਆ ਦੇ ਸਬੰਧ ਵਿਚ ਸੋਚ ਵਾਲੇ ਅੰਕੜਿਆਂ ਅਤੇ ਸ਼ਹਿਰ ਤੇ ਜ਼ੋਨ ਪੱਧਰ 'ਤੇ ਉਪਲਬਧ ਪੁਲਸ ਦੇ ਅੰਕੜਿਆਂ ਦੇ ਨਾਲ ਅਸੀਂ ਚੰਗਾ ਮੁਲਾਂਕਣ ਕਰ ਸਕਦੇ ਹਾਂ। ਪੁਲਸ ਹਰੇਕ ਸਮੱਸਿਆ ਅਤੇ ਸਥਾਨ ਲਈ ਰਣਨੀਤੀ ਨੂੰ ਚੰਗੇ ਢੰਗ ਨਾਲ, ਅਪਰਾਧ ਦੇ ਨੇਚਰ ਮੁਤਾਬਕ ਬਣਾ ਸਕਦੀ ਹੈ।

ਹਾਲਾਂਕਿ ਇਕ ਪ੍ਰਭਾਵਸ਼ਾਲੀ ਸਿਸਟਮ ਬਣਾਉਣ ਲਈ ਭਾਰਤ ਨੂੰ ਇਕ ਸਲਾਨਾ ਸਰਵੇਖਣ ਦੀ ਜ਼ਰੂਰਤ ਹੈ, ਕਿਉਂਕਿ ਕਾਨੂੰਨ ਤੇ ਵਿਵਸਥਾ ਬਣਾਏ ਰੱਖਣਾ ਰਾਜ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਅਜਿਹਾ ਕਰਨ ਲਈ ਸਰਵੇਖਣਾਂ ਅਤੇ ਹੋਰ ਅੰਕੜਿਆਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਇਹ ਉਹ ਕਦਮ ਹੈ, ਜਿਸ ਨਾਲ ਸਾਡੇ ਸ਼ਹਿਰ ਉਨ੍ਹਾਂ ਸ਼ਹਿਰਾਂ ਵਾਂਗ ਅੱਗੇ ਵਧਣਗੇ, ਜਿੱਥੇ ਨਾਗਰਿਕ ਸੜਕਾਂ ਤੋਂ ਡਰਦੇ ਨਹੀਂ ਹਨ।

ਅਪਰਾਧ ਤੋਂ ਬਚਣ ਲਈ ਇਹ ਸਾਵਧਾਨੀ ਵਰਤਦੇ ਲੋਕ
ਇਕੱਲਿਆਂ ਜਾਂ ਜਾਣ-ਪਛਾਣ ਵਾਲੇ ਸਥਾਨਾਂ ਤੇ ਚੱਲਣ ਤੋਂ ਬਚਣਾ, ਸਿਰਫ ਲਾਈਸੈਂਸ ਵਾਲੀਆਂ ਟੈਕਸੀਆਂ ਦਾ ਇਸਤੇਮਾਲ ਕਰਨਾ ਜਾਂ ਭੀੜਭਾੜ ਵਾਲੀਆਂ ਬੱਸਾਂ ਤੇ ਟ੍ਰੇਨਾਂ ਵਿਚ ਸਫਰ ਕਰਨਾ, ਨਿੱਜੀ ਸਾਮਾਨ ਲੁਕਾਉਣਾ, ਦਿਨ ਦੇ ਕੁਝ ਸਮੇਂ ਵਿਚ ਕੁਝ ਇਲਾਕਿਆਂ ਵਿਚ ਜਾਣ ਤੋਂ ਬਚਣਾ ਅਤੇ ਆਮ ਤੌਰ 'ਤੇ ਸਮਾਜਿਕ ਮਾਪਦੰਡਾਂ ਮੁਤਾਬਕ ਕੱਪੜੇ ਪਾਉਣਾ। ਜਿਹੜੇ ਲੋਕ ਅਪਰਾਧ ਦਾ ਡਰ ਮੰਨਦੇ ਹਨ, ਉਹ ਘਰ 'ਤੇ ਰਹਿਣ ਦਾ ਬਦਲ ਚੁਣ ਸਕਦੇ ਹਨ ਜਾਂ ਉਸ ਤਰ੍ਹਾਂ ਦੀ ਨੌਕਰੀ ਨਹੀਂ ਕਰਦੇ, ਜਿੱਥੇ ਸ਼ਾਮ ਤੋਂ ਬਾਅਦ ਘਰ ਤੋਂ ਬਾਹਰ ਨਿਕਲਣਾ ਜ਼ਰੂਰੀ ਹੈ।

ਪਰਿਵਾਰ ਜਾਂ ਕੰਪਨੀਆਂ-ਕਾਰੋਬਾਰ ਮਾਲਕ, ਜੋ ਕਿ ਆਪਣੀਆਂ ਮਹਿਲਾ ਮੈਂਬਰਾਂ ਜਾਂ ਕਰਮਚਾਰੀਆਂ ਲਈ ਇਕ ਸੁਰੱਖਿਅਤ ਮਾਹੌਲ ਚਾਹੁੰਦੇ ਹਨ, ਉਨ੍ਹਾਂ ਨੂੰ ਕੁਝ ਖੇਤਰਾਂ ਵਿਚ ਅਤੇ ਦਿਨ ਦੇ ਤੈਅ ਸਮੇਂ 'ਤੇ ਟ੍ਰਾਂਸਪੋਰਟ ਸਾਧਨ ਉਪਲਬਧ ਕਰਾਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾਵਧਾਨੀ ਵਾਲੇ ਕਦਮਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
(ਸਰੋਤ : ਇੰਡੀਆ ਸਪੈਂਡ)

Comments

Leave a Reply