Sun,Jul 05,2020 | 05:29:27am
HEADLINES:

Social

ਦਲਿਤਾਂ-ਆਦੀਵਾਸੀਆਂ ਦੇ ਰਾਹ 'ਚ ਜਾਤੀ ਦਾ ਅੜਿੱਕਾ, ਨਹੀਂ ਮਿਲਦੀ ਯੋਗ ਨੁਮਾਇੰਦਗੀ

ਦਲਿਤਾਂ-ਆਦੀਵਾਸੀਆਂ ਦੇ ਰਾਹ 'ਚ ਜਾਤੀ ਦਾ ਅੜਿੱਕਾ, ਨਹੀਂ ਮਿਲਦੀ ਯੋਗ ਨੁਮਾਇੰਦਗੀ

ਮੁੱਢਲੇ ਤੌਰ 'ਤੇ ਜਾਨਵਰ ਤੇ ਮਨੁੱਖ 'ਚ ਇਹੀ ਵਿਸ਼ੇਸ਼ ਫਰਕ ਹੈ ਕਿ ਜਾਨਵਰ ਆਪਣੇ ਵਿਕਾਸ ਦੀ ਗੱਲ ਨਹੀਂ ਸੋਚ ਸਕਦਾ, ਮਨੁੱਖ ਸੋਚ ਸਕਦਾ ਹੈ ਅਤੇ ਆਪਣਾ ਵਿਕਾਸ ਕਰ ਸਕਦਾ ਹੈ। ਹਾਲਾਂਕਿ ਜੇਕਰ ਉਪਲਬਧ ਸੰਸਾਧਨਾਂ 'ਤੇ 90 ਫੀਸਦੀ ਤੱਕ ਕਿਸੇ ਇੱਕ ਜਾਤ ਦਾ ਕਬਜ਼ਾ ਹੋ ਜਾਵੇ ਤਾਂ ਮਨੁੱਖੀ ਵਿਕਾਸ ਦਾ ਸਮੂਹਿਕ ਵਿਕਾਸ ਨਾ ਹੋ ਕੇ ਸਿਰਫ ਜਾਤੀਗਤ ਵਿਕਾਸ ਹੀ ਹੁੰਦਾ ਹੈ।

ਮੰਡਲ ਕਮਿਸ਼ਨ ਲਾਗੂ ਕੀਤੇ ਜਾਣ ਦੇ 2 ਦਹਾਕੇ ਬਾਅਦ ਵੀ ਕੇਂਦਰੀ ਸਰਕਾਰੀ ਨੌਕਰੀਆਂ 'ਚ ਓਬੀਸੀ ਸਮਾਜ 27 ਫੀਸਦੀ ਦੀ ਨਿਰਧਾਰਤ ਹਿੱਸੇਦਾਰੀ ਨੂੰ ਪਾਉਣ 'ਚ ਸਫਲ ਨਹੀਂ ਹੋਇਆ ਹੈ। ਸਾਰੀਆਂ ਨੌਕਰੀਆਂ 'ਚ ਮਿਲਾ ਕੇ ਦੇਖਿਆ ਜਾਵੇ ਤਾਂ ਸ਼ਾਇਦ ਇਹ ਹੁਣ ਤੱਕ 10 ਫੀਸਦੀ ਦੀ ਹਿੱਸੇਦਾਰੀ ਹੀ ਪ੍ਰਾਪਤ ਕਰ ਸਕਿਆ ਹੈ, ਜਦਕਿ ਰਾਖਵੇਂ ਅਹੁਦਿਆਂ 'ਤੇ ਵੀ ਕਈ ਜਗ੍ਹਾ ਉੱਚ ਜਾਤੀ ਵਰਗ ਦੇ ਲੋਕ ਬੈਠੇ ਹਨ।

ਕੇਂਦਰੀ ਯੂਨੀਵਰਸਿਟੀਆਂ 'ਚ ਸਾਲ 2011 'ਚ ਦੇਸ਼ ਭਰ ਦੇ ਹੋਰ ਪੱਛੜਾ ਵਰਗ ਤੋਂ ਆਉਣ ਵਾਲੇ ਸਿਰਫ 4 ਪ੍ਰੋਫੈਸਰ ਸਨ। ਅਸਿਸਟੈਂਟ ਪ੍ਰੋਫੈਸਰ ਦੀਆਂ ਕੁੱਲ 7078 ਪੋਸਟਾਂ 'ਚੋਂ ਓਬੀਸੀ ਦੇ ਸਿਰਫ 233 ਲੋਕ ਸਨ।

ਨਿੱਜੀ ਸੰਸਥਾਨਾਂ ਅਤੇ ਉੱਚ ਅਹੁਦਿਆਂ ਜਿਵੇਂ ਕਾਰਪੋਰੇਟ ਸੈਕਟਰ 'ਚ ਮੈਨੇਜਰ ਪੱਧਰ 'ਤੇ 93 ਫੀਸਦੀ ਗੈਰ ਦਲਿਤ-ਆਦੀਵਾਸੀ ਲੋਕ ਹਨ। ਇੱਥੇ ਦਲਿਤਾਂ ਦੀ ਹਿੱਸੇਦਾਰੀ ਲਗਭਗ ਨਾਂਹ ਦੇ ਬਰਾਬਰ ਹੈ। ਸਰਕਾਰੀ ਸਕੂਲਾਂ 'ਚ ਕੰਮ ਕਰਨ ਵਾਲੇ ਦਲਿਤਾਂ ਦੀ ਗਿਣਤੀ 8.9 ਫੀਸਦੀ ਅਤੇ ਹਸਪਤਾਲਾਂ 'ਚ 9.3 ਫੀਸਦੀ ਹੈ। ਪੁਲਸ 'ਚ ਦਲਿਤਾਂ ਦੀ ਗਿਣਤੀ 13.7 ਫੀਸਦੀ ਹੈ, ਜਦਕਿ ਆਦੀਵਾਸੀਆਂ ਦੀ ਗਿਣਤੀ 9.3 ਫੀਸਦੀ ਹੈ।

ਅੱਜ ਵੀ ਸਫਾਈ ਤੇ ਚਮੜੇ ਦੇ ਕੰਮ 'ਚ ਦਲਿਤਾਂ ਦੀ ਜ਼ਿਆਦਾ ਗਿਣਤੀ ਹੈ। ਉਦਾਹਰਨ ਵਜੋਂ ਉੱਤਰ ਪ੍ਰਦੇਸ਼ 'ਚ ਚਮੜੇ ਦਾ ਕੰਮ ਕਰਨ ਵਾਲੇ ਕੁੱਲ 46,000 ਲੋਕਾਂ 'ਚੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗਿਣਤੀ 41,000 ਹੈ। ਉਸੇ ਤਰ੍ਹਾਂ ਰਾਜਸਥਾਨ 'ਚ ਕੁੱਲ 76,000 ਸਫਾਈ ਕਰਮਚਾਰੀ ਹਨ, ਜਿਨ੍ਹਾਂ 'ਚ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗਿਣਤੀ 52,000 ਹੈ।

ਅੱਜ 21ਵੀਂ ਸਦੀ 'ਚ ਵੀ ਕਈ ਤਰ੍ਹਾਂ ਦੇ ਨਿਯਮ-ਕਾਨੂੰਨ ਦੇ ਬਾਵਜੂਦ ਦੇਸ਼ ਦੇ ਦਲਿਤ-ਆਦੀਵਾਸੀ ਦੂਜੇ ਵਰਗਾਂ ਦੇ ਮੁਕਾਬਲੇ ਪੱਛੜੇ ਹੋਏ ਹਨ ਅਤੇ ਉਨ੍ਹਾਂ ਦਾ ਕਈ ਪੱਧਰ 'ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਨੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਨੂੰ ਨੌਕਰੀਆਂ 'ਚ ਰਾਖਵਾਂਕਰਨ ਤਾਂ ਦੇ ਦਿੱਤਾ ਹੈ, ਪਰ ਉਨ੍ਹਾਂ ਦੀ ਸਿੱਖਿਆ ਦੀ ਮੁਕੰਮਲ ਵਿਵਸਥਾ ਨਹੀਂ ਕੀਤੀ।

ਇਹੀ ਕਾਰਨ ਹੈ ਕਿ ਵੱਡੀ ਗਿਣਤੀ 'ਚ ਦਲਿਤ ਤੇ ਆਦੀਵਾਸੀ ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਉੱਚ ਦਰਜੇ ਦੀ ਪੜ੍ਹਾਈ ਛੱਡਣ ਦੀ ਦਲਿਤਾਂ ਦੀ ਦਰ ਗੈਰ ਦਲਿਤਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਉਦਾਰੀਕਰਨ ਤੋਂ ਬਾਅਦ ਸਰਕਾਰੀ ਨੌਕਰੀਆਂ ਘੱਟ ਹੋਈਆਂ ਹਨ।

ਨਿੱਜੀ ਖੇਤਰ ਦੀਆਂ ਜੋ ਉਮੀਦਾਂ ਹਨ, ਉਨ੍ਹਾਂ ਦੇ ਮੁਤਾਬਕ ਸਿੱਖਿਆ ਅਤੇ ਤਕਨੀਕੀ ਹੁਨਰ ਹਾਸਲ ਕਰਨਾ ਇਨ੍ਹਾਂ ਜਾਤੀਆਂ ਲਈ ਬਹੁਤ ਮੁਸ਼ਕਿਲ ਹੈ। ਪ੍ਰਾਈਵੇਟ ਸੈਕਟਰ 'ਚ ਉੱਚ ਅਹੁਦਿਆਂ ਦੇ ਦਰਵਾਜੇ ਇਨ੍ਹਾਂ ਲਈ ਨਹੀਂ ਖੁੱਲ ਰਹੇ, ਜਦਕਿ ਪਿਛਲੇ ਦਰਵਾਜੇ ਤੋਂ ਜਾਤੀ ਦੇਖ ਕੇ ਨਿਯੁਕਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਅੰਕੜੇ ਦੱਸਦੇ ਹਨ ਕਿ ਰਾਖਵਾਂਕਰਨ ਵਿਵਸਥਾ ਲਾਗੂ ਹੋਣ ਦੇ ਬਾਵਜੂਦ ਦਲਿਤਾਂ-ਆਦੀਵਾਸੀਆਂ ਨੂੰ ਨੌਕਰੀਆਂ, ਖਾਸ ਤੌਰ 'ਤੇ ਉੱਚ ਅਹੁਦਿਆਂ 'ਤੇ ਯੋਗ ਨੁਮਾਇੰਦਗੀ ਨਹੀਂ ਮਿਲ ਸਕੀ ਹੈ। ਉਨ੍ਹਾਂ ਦਾ ਕਈ ਪੱਧਰ 'ਤੇ ਸ਼ੋਸ਼ਣ ਜਾਰੀ ਹੈ।  (ਨੈਟੀਜ਼ਨ ਨਿਊਜ਼)

Comments

Leave a Reply