Sat,Nov 28,2020 | 02:17:13pm
HEADLINES:

Social

ਪੜ੍ਹੇ-ਲਿਖੇ ਦਲਿਤਾਂ-ਘੱਟ ਗਿਣਤੀਆਂ ਨੂੰ ਜੇਲ੍ਹਾਂ 'ਚ ਸੁੱਟਣਾ ਉਨ੍ਹਾਂ ਦਾ ਅੰਗੂਠਾ ਵੱਢਣ ਦੇ ਸਮਾਨ

ਪੜ੍ਹੇ-ਲਿਖੇ ਦਲਿਤਾਂ-ਘੱਟ ਗਿਣਤੀਆਂ ਨੂੰ ਜੇਲ੍ਹਾਂ 'ਚ ਸੁੱਟਣਾ ਉਨ੍ਹਾਂ ਦਾ ਅੰਗੂਠਾ ਵੱਢਣ ਦੇ ਸਮਾਨ

ਦੇਸ਼ 'ਚ ਸਿੱਖਿਅਕ ਸੰਸਥਾਨਾਂ ਤੋਂ ਪੜ੍ਹੇ-ਲਿਖੇ ਬਹੁਤ ਸਾਰੇ ਲੋਕਾਂ ਨੂੰ ਸਰਕਾਰ ਨੇ ਜੇਲ੍ਹ 'ਚ ਬੰਦ ਕਰ ਦਿੱਤਾ ਹੈ। ਉਨ੍ਹਾਂ ਦੀ ਪਹਿਚਾਣ ਪੱਤਰਕਾਰ, ਡਾਕਟਰ, ਕਵੀ, ਪ੍ਰੋਫੈਸਰ, ਵਕੀਲ, ਸਮਾਜਿਕ ਵਰਕਰ, ਅਕਾਦਮਿਕ ਖੇਤਰ 'ਚ ਦੁਨੀਆ ਭਰ 'ਚ ਪ੍ਰਸਿੱਧ ਬੁੱਧੀਜੀਵੀ ਦੇ ਤੌਰ 'ਤੇ ਹੈ, ਪਰ ਇਨ੍ਹਾਂ ਵਾਂਗ ਪੜ੍ਹੇ-ਲਿਖੇ ਤਾਂ ਦੇਸ਼ 'ਚ ਲੱਖਾਂ ਲੋਕ ਹਨ।

ਫਿਰ ਉਨ੍ਹਾਂ ਵਰਗੇ ਲੋਕਾਂ ਨੂੰ ਹੀ ਕਿਉਂ ਜੇਲ੍ਹ 'ਚ ਬੰਦ ਕੀਤਾ ਜਾਂਦਾ ਹੈ? ਦੇਸ਼ 'ਚ ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਯੂਨੀਵਰਸਿਟੀਆਂ ਅਤੇ ਦੂਜੇ ਸਿੱਖਿਆ ਸੰਸਥਾਨਾਂ 'ਤੇ ਹਮਲਿਆਂ ਦੀਆਂ ਘਟਨਾਵਾਂ ਆਮ ਸਨ। ਕੀ ਸਿੱਖਿਅਕ ਸੰਸਥਾਨਾਂ 'ਤੇ ਹਮਲੇ ਅਤੇ ਇਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਣਾ ਇੱਕ ਹੀ ਹਮਲੇ ਦੇ ਸਿਲਸਿਲੇ ਦੀ ਲੜੀ ਹੈ। ਬਿਲਕੁਲ ਹੈ। ਦੋਨਾਂ ਨੂੰ ਇੱਕ ਜਗ੍ਹਾ ਮਿਲਾ ਕੇ ਜੇਕਰ ਕਹੀਏ ਕਿ ਇਹ ਅਸਲ 'ਚ ਪੜ੍ਹਨ-ਲਿਖਣ ਦੇ ਮਾਹੌਲ 'ਤੇ ਹਮਲੇ ਦੇ 2 ਰੂਪ ਹਨ, ਤਾਂ ਉਸਨੂੰ ਸਮਝਣਾ ਸ਼ਾਇਦ ਸੌਖਾ ਹੋਵੇਗਾ।

ਸਮਾਜ ਦਾ ਜੋ ਹਿੱਸਾ ਦੱਬਿਆ-ਕੁਚਲਿਆ ਹੁੰਦਾ ਹੈ, ਪੀੜਤ ਹੁੰਦਾ ਹੈ, ਉਸਦੇ ਲਈ ਸਿੱਖਿਅਕ ਮਾਹੌਲ ਦੀ ਕੀ ਮਹੱਤਤਾ ਹੁੰਦੀ ਹੈ, ਇਸਨੂੰ ਸਮਝਣ ਲਈ ਇਕਲਵਯ ਦੀ ਉਦਾਹਰਨ ਸਭ ਤੋਂ ਸਹੀ ਹੈ ਅਤੇ ਲੋਕਪ੍ਰਿਅ ਵੀ ਹੈ। ਹਿੰਦੂ ਗ੍ਰੰਥਾਂ 'ਚ ਇਕਲਵਯ ਵਰਗੇ ਕਈ ਪਾਤਰ ਹਨ। ਨਵੇਂ ਸਮੇਂ ਦੀ ਉਦਾਹਰਨ ਰੋਹਿਤ ਵੇਮੂਲਾ ਹੈ। ਇਕਲਵਯ ਤੇ ਰੋਹਿਤ ਵੀ ਕਿਵੇਂ ਇੱਕੋ ਜਿਹੇ ਪਾਤਰ ਹਨ, ਇਸਨੂੰ ਸਮਝਣਾ ਮੁਸ਼ਕਿਲ ਨਹੀਂ ਹੈ।

ਇਕਲਵਯ ਦੀ ਕਹਾਣੀ ਇਹ ਹੈ ਕਿ ਉਸ ਨੇ ਦ੍ਰੋਣਾਚਾਰਯ ਦੇ ਗੁਰੂਕੁਲ ਦੇ ਆਲੇ-ਦੁਆਲੇ ਘੁੰਮਦੇ ਹੋਏ ਪੜ੍ਹਾਈ ਪੂਰੀ ਕਰ ਲਈ। ਪੜ੍ਹਾਈ ਦਾ ਮਤਲਬ ਸਿਰਫ ਕਿਤਾਬਾਂ ਪੜ੍ਹਨਾ ਨਹੀਂ ਹੁੰਦਾ ਹੈ। ਹਰ ਸਮੇਂ ਦੀ ਅਲੱਗ-ਅਲੱਗ ਪੜ੍ਹਾਈ ਹੁੰਦੀ ਹੈ। ਦ੍ਰੋਣਾਚਾਰਯ ਦੇ ਸਮੇਂ ਧਨੁਸ਼ ਚਲਾਉਣ ਦੀ ਵਿੱਦਿਆ ਸਭ ਤੋਂ ਆਧੁਨਿਕ ਸਿੱਖਿਆ ਸੀ। ਉਸ ਸਮੇਂ ਸਭ ਤੋਂ ਵਿਕਸਿਤ ਹਥਿਆਰ ਧਨੁਸ਼ ਨੂੰ ਮੰਨਿਆ ਜਾਂਦਾ ਸੀ। ਜਿਨ੍ਹਾਂ 'ਤੇ ਹਮਲਾ ਕਰਕੇ ਆਪਣਾ ਰਾਜ ਕਾਇਮ ਕਰਨਾ ਹੈ, ਉਨ੍ਹਾਂ ਤੋਂ ਦੂਰ ਰਹਿ ਕੇ ਹੀ ਧਨੁਸ਼ ਨਾਲ ਹਮਲਾ ਕੀਤਾ ਜਾ ਸਕਦਾ ਹੈ। ਜਿਵੇਂ ਅਜੇ ਹਵਾਈ ਹਮਲੇ ਨੂੰ ਮੰਨਿਆ ਜਾਂਦਾ ਹੈ।

ਦੂਜੇ ਪਾਸੇ ਕਿਤਾਬਾਂ ਦੀ ਪੜ੍ਹਾਈ ਅੱਜ ਦੇ ਸਮੇਂ ਦੀ ਸਿੱਖਿਆ ਮੰਨੀ ਜਾਂਦੀ ਹੈ। ਅਸਲ 'ਚ ਪੜ੍ਹਾਈ ਹਾਸਲ ਕਰਨ ਦਾ ਮਤਲਬ ਜਿੱਤ ਪ੍ਰਾਪਤ ਕਰਨ ਦੇ ਦਾਅ-ਪੇਚ ਨੂੰ ਅਤੇ ਗੁਲਾਮੀ ਦੇ ਕਾਰਨਾਂ ਨੂੰ ਸਮਝ ਲੈਣਾ ਹੁੰਦਾ ਹੈ। ਇੱਕ ਇਨਸਾਨ ਦੇ ਤੌਰ 'ਤੇ ਆਪਣੇ ਅਧਿਕਾਰਾਂ ਨੂੰ ਜਾਣ-ਸਮਝ ਲੈਣਾ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਜਵਾਬ ਦੇਣ ਦੀ ਤਾਕਤ ਨਾਲ ਲੈਸ ਹੋਣਾ ਹੁੰਦਾ ਹੈ।

ਦ੍ਰੋਣਾਚਾਰਯ ਗੁਰੂ ਸਨ। ਉਹ ਸਿੱਖਿਆ ਦੀ ਤਾਕਤ ਨੂੰ ਜਾਣਦੇ ਸਨ, ਕਿਉਂਕਿ ਦਬਦਬਾ ਕਾਇਮ ਕਰਨ ਲਈ ਸਿੱਖਿਆ ਦੇ ਰਹੇ ਸਨ। ਉਸ ਦਬਦਬੇ 'ਚ ਇਹ ਵੀ ਸ਼ਾਮਲ ਸੀ ਕਿ ਜਿਨ੍ਹਾਂ ਨੂੰ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ, ਉਹੀ ਪ੍ਰਭਾਵ ਬਣਾ ਕੇ ਰੱਖਣ ਦੇ ਹੱਕਦਾਰ ਹਨ। ਇਕਲਵਯ ਸ਼ੂਦਰ ਸੀ ਅਤੇ ਪ੍ਰਭਾਵਸ਼ਾਲੀ ਵਿਵਸਥਾ 'ਚ ਉਹ ਗੁਲਾਮ ਸੀ। ਇਹ ਉਸਦੇ ਜੀਊਣ ਦੀ ਜ਼ਰੂਰੀ ਸ਼ਰਤ ਸੀ, ਪਰ ਇਕਲਵਯ ਨੇ ਉਸ ਸਮੇਂ ਦੀ ਚੁੱਪਚਾਪ ਆਧੁਨਿਕ ਸਿੱਖਿਆ ਪ੍ਰਾਪਤ ਕਰ ਲਈ।

ਇਕਲਵਯ ਨੇ ਕੋਈ ਕਲਾਸ 'ਚ ਟ੍ਰੇਨਿੰਗ ਨਹੀਂ ਲਈ। ਉਹ ਸਿੱਖਿਅਤ ਹੋਣਾ ਚਾਹੁੰਦਾ ਸੀ, ਜਿਸਦੀ ਚਾਹਤ ਕਿਸੇ ਵਾਂਝੇ ਤੇ ਦੱਬੇ-ਕੁਚਲੇ 'ਚ ਸਭ ਤੋਂ ਜ਼ਿਆਦਾ ਹੁੰਦੀ ਹੈ। ਇਕਲਵਯ ਨੇ ਗੁਰੂ ਦੀ ਕੋਈ ਸੇਵਾ ਸਿੱਧੀ ਨਹੀਂ ਲਈ, ਪਰ ਗੁਰੂ ਦ੍ਰੋਣਾਚਾਰਯ ਜਾਣਦੇ ਸਨ ਕਿ ਇਹ ਕਿਸੇ ਇੱਕ ਵਿਅਕਤੀ ਦੇ ਸਿੱਖਿਆ ਗ੍ਰਹਿਣ ਕਰਨ ਦੀ ਉਦਾਹਰਨ ਨਹੀਂ ਹੈ।

ਇਹ ਇਕਲਵਯ ਦੀ ਜਾਤੀ ਦੀ ਸਿੱਖਿਆ ਗ੍ਰਹਿਣ ਕਰ ਲੈਣ ਦੀ ਸਮਰੱਥਾ ਅਤੇ ਯੋਗਤਾ ਦੀ ਉਦਾਹਰਨ ਹੈ। ਇਸ ਲਈ ਉਨ੍ਹਾਂ ਨੇ ਆਪਣੀ ਪੂਰੀ ਸਿੱਖਿਆ ਵਿਵਸਥਾ ਨੂੰ ਬਚਾਉਣ ਲਈ ਪੂਰੀ ਜਾਤੀ ਨੂੰ ਚਿਤਾਵਨੀ ਦੇਣ ਦੇ ਇਰਾਦੇ ਨਾਲ ਇਕਲਵਯ ਦਾ ਅੰਗੂਠਾ ਕਟਵਾ ਲਿਆ।

ਅੱਜ ਦੇ ਸਿੱਖਿਆ ਸੰਸਥਾਨਾਂ 'ਚ ਉਹ ਕੌਣ ਲੋਕ ਹਨ, ਜੋ ਪਹਿਲੀ ਵਾਰ ਪੜ੍ਹਨ ਜਾ ਰਹੇ ਹਨ? ਰੋਹਿਤ ਵੇਮੁਲਾ ਤੋਂ ਇਕਲਵਯ ਦੇ ਅੰਗੂਠੇ ਵਾਂਗ ਉਸਦੀ ਜਾਨ ਕਿਉਂ ਮੰਗੀ ਗਈ? ਕਿਉਂਕਿ ਉਹ ਸੰਸਥਾਨ 'ਚ ਸਿਰਫ ਡਿਗਰੀ ਲਈ ਨਹੀਂ ਗਿਆ ਸੀ। ਸੰਸਥਾਨ 'ਚ ਕਲਾਸਾਂ ਲਗਦੀਆਂ ਹਨ, ਪਰ ਕਮਰੇ ਦੀਆਂ ਕਲਾਸਾਂ ਦੇ ਬਾਹਰ ਵੱਡੀਆਂ ਖੁੱਲੀਆਂ ਕਲਾਸਾਂ ਚਲਦੀਆਂ ਹਨ।

ਚਰਚਾਵਾਂ ਹੁੰਦੀਆਂ ਹਨ, ਤੱਥਾਂ ਦੇ ਵੱਖ-ਵੱਖ ਰਾਹ ਖੁੱਲਦੇ ਹਨ। ਸਾਂਝੇਦਾਰੀ ਦੀ ਸੰਸਕ੍ਰਿਤੀ ਦੀ ਤਾਕਤ ਦਾ ਅਹਿਸਾਸ ਹੁੰਦਾ ਹੈ। ਅਜਿਹੇ ਹੀ ਮਾਹੌਲ 'ਚ ਰੋਹਿਤ ਵੇਮੂਲਾ ਕਮਰੇ ਦੀ ਕਲਾਸ ਵਾਲੀ ਡਿਗਰੀ ਤੋਂ ਇਲਾਵਾ ਲੋਕਤੰਤਰ, ਧਰਮ ਨਿਰਪੱਖਤਾ ਦੀ ਡਿਗਰੀ ਵੀ ਆਪਣੇ ਸਾਥੀਆਂ ਵਿਚਕਾਰ ਹਾਸਲ ਕਰ ਰਿਹਾ ਸੀ। ਇਹੀ ਸਭ ਤੋਂ ਖਤਰਨਾਕ ਪੱਖ ਹੈ, ਕਿਉਂਕਿ ਲੋਕਤੰਤਰ, ਧਰਮ ਨਿਰਪੱਖਤਾ, ਬਰਾਬਰੀ ਦੀ ਸਿੱਖਿਆ, ਕਿਤਾਬਾਂ ਦੀ ਸਿੱਖਿਆ ਦੇ ਮਕਸਦ ਦੇ ਦਰਵਾਜੇ ਖੋਲਦੀ ਹੈ।

ਸਿੱਖਿਅਕ ਮਾਹੌਲ ਹੀ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ। ਦ੍ਰੋਣਾਚਾਰਯ ਨੇ ਇੱਕ ਪਾਸੇ ਇਕਲਵਯ ਦਾ ਅੰਗੂਠਾ ਲੈ ਕੇ ਵਾਂਝੀਆਂ ਜਾਤਾਂ ਨੂੰ ਚਿਤਾਵਨੀ ਦਿੱਤੀ ਸੀ ਤਾਂ ਦਬਦਬਾ ਬਣਾਏ ਰੱਖਣ ਵਾਲੇ ਸ਼ਾਸਕਾਂ ਨੂੰ ਵੀ ਨਸੀਹਤ ਦਿੱਤੀ ਸੀ ਕਿ ਸਿੱਖਿਅਕ ਮਾਹੌਲ ਦੇ ਆਲੇ-ਦੁਆਲੇ ਵੀ ਉਨ੍ਹਾਂ ਨੂੰ ਆਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਉੱਪਰ ਰਾਜ ਪੁੱਤਰਾਂ ਨੂੰ ਆਪਣਾ ਰਾਜ ਚਲਾਉਣਾ ਹੈ।

ਅੱਜ ਜਿਨ੍ਹਾਂ ਲੋਕਾਂ ਨੂੰ ਜੇਲ੍ਹ 'ਚ ਸੁੱਟਿਆ ਗਿਆ ਹੈ, ਉਨ੍ਹਾਂ ਦੀ ਭੂਮਿਕਾ 'ਤੇ ਨਜ਼ਰ ਪਾਓ। ਉਹ ਲੋਕ ਉਸ ਸਮਾਜ ਦਾ ਹਿੱਸਾ ਹਨ, ਜਿਨ੍ਹਾਂ ਨੂੰ ਪੀੜਤ, ਵਾਂਝਾ ਤੇ ਦੱਬਿਆ-ਕੁਚਲਿਆ ਮੰਨਿਆ ਜਾਂਦਾ ਹੈ। ਇਨ੍ਹਾਂ 'ਚ ਦੋ ਤਰ੍ਹਾਂ ਦੇ ਮੈਂਬਰ ਹਨ। ਇੱਕ ਉਹ ਹਨ, ਜੋ ਕਿ ਵਾਂਝੇ ਤੇ ਸ਼ੋਸ਼ਿਤ ਲੋਕਾਂ ਲਈ ਆਪਣੀ ਸਿੱਖਿਆ ਦਾ ਇਸਤੇਮਾਲ ਕਰ ਰਹੇ ਸਨ।

ਉਹ ਚਾਹੇ ਲੇਖਕ ਦੇ ਰੂਪ 'ਚ ਹੋਣ ਜਾਂ ਕਵੀ, ਪ੍ਰੋਫੈਸਰ, ਵਕੀਲ, ਚਿੰਤਕ ਜਾਂ ਉਨ੍ਹਾਂ ਨਾਲ ਸਰੋਕਾਰ ਰੱਖਣ ਵਾਲੇ ਬੁੱਧੀਜੀਵੀਆਂ ਦੇ ਰੂਪ 'ਚ। ਦੂਜੇ ਉਹ ਹਨ, ਜੋ ਕਿ ਸਿੱਖਿਆ ਸੰਸਥਾਨਾਂ 'ਚ ਸਿੱਖਿਅਕ ਮਾਹੌਲ ਅਤੇ ਵੱਡੀਆਂ ਕਲਾਸਾਂ ਲਈ ਪੀੜਤ ਤੇ ਵਾਂਝੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਸਨ।

ਇਸ ਤੱਥ ਨੂੰ ਸਾਹਮਣੇ ਰੱਖੀਏ ਕਿ ਕਿਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ 'ਤੇ ਹਮਲੇ ਹੋਏ ਹਨ। ਉਨ੍ਹਾਂ ਯੂਨੀਵਰਸਿਟੀਆਂ 'ਤੇ ਹਮਲੇ ਹੋਏ ਹਨ, ਜਿੱਥੇ ਕਮਰੇ ਦੀਆਂ ਕਲਾਸਾਂ ਤੋਂ ਇਲਾਵਾ ਵੱਡੀਆਂ ਤੇ ਖੁੱਲੀਆਂ ਕਲਾਸਾਂ 24 ਘੰਟੇ ਤੇ 7 ਦਿਨ ਚਲਦੀਆਂ ਰਹਿੰਦੀਆਂ ਹਨ। ਉਹ ਹਮਲੇ ਕਿਸੇ ਉਸ ਯੂਨੀਵਰਸਿਟੀ 'ਚ ਨਹੀਂ ਹੋਏ, ਜਿੱਥੇ ਲੱਖਾਂ ਰੁਪਏ ਦੀ ਫੀਸ 'ਤੇ ਸਮਾਜ 'ਤੇ ਦਬਦਬਾ ਰੱਖਣ ਵਾਲੇ ਲੋਕਾਂ ਦੇ ਲਾਡਲੇ ਜਾਂਦੇ ਹਨ ਅਤੇ ਏਅਰਕੰਡੀਸ਼ੰਡ ਕਲਾਸਾਂ 'ਚ ਗੁਲਾਮ ਬਣਾਉਣ ਦੀ ਟ੍ਰੇਨਿੰਗ ਲੈਂਦੇ ਹਨ। ਜਿਨ੍ਹਾਂ ਯੂਨੀਵਰਸਿਟੀਆਂ 'ਤੇ ਹਮਲੇ ਹੋਏ ਉਨ੍ਹਾਂ 'ਚ ਵਾਂਝੇ ਸਮਾਜ ਵਿਚਕਾਰ ਦੇ ਪ੍ਰਤੀਨਿਧੀ ਮੈਂਬਰਾਂ ਨੇ ਸਿੱਖਿਅਤ ਹੋਣ ਦੀ ਸ਼ੁਰੂਆਤ ਕੀਤੀ ਹੈ।

ਪਿਛਲੇ ਕੁਝ ਸਾਲਾਂ 'ਚ ਸਮਾਜ 'ਚ ਵੱਡੀ ਹਲਚਲ ਮਚੀ ਹੈ, ਜਦੋਂ ਤੋਂ ਦੱਬੇ-ਕੁਚਲੇ ਤੇ ਵਾਂਝੇ ਸਮਾਜ ਦੇ ਵਿਚਕਾਰ ਦੇ ਪ੍ਰਤੀਨਿਧੀ ਮੈਂਬਰ ਸਿੱਖਿਅਤ ਹੋਣ ਦੇ ਮਕਸਦ ਨੂੰ ਪੂਰਾ ਕਰਨ ਲਈ ਯੂਨੀਵਰਸਿਟੀਆਂ 'ਚ ਸਰਗਰਮ ਹੋਏ ਹਨ। ਧਾਰਮਿਕ ਘੱਟ ਗਿਣਤੀ ਸੰਸਥਾਨਾਂ 'ਤੇ ਤਰ੍ਹਾਂ-ਤਰ੍ਹਾਂ ਦੇ ਹਮਲੇ ਹੋਏ ਹਨ, ਕਿਉਂਕਿ ਉੱਥੇ ਦੇ ਸਿੱਖਿਆ ਦੇ ਮਾਹੌਲ 'ਚ ਸਾਂਝੇਦਾਰੀ ਦੀ ਸੰਸਕ੍ਰਿਤੀ ਘੁਲਦੇ-ਮਿਲਦੇ ਦਿਖਾਈ ਦੇਣ ਲੱਗੀ ਸੀ।

ਉਨ੍ਹਾਂ ਨੂੰ ਹਰ ਪੱਧਰ 'ਤੇ ਕਮਜ਼ੋਰ ਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਸਲ 'ਚ ਪਿਛਲੇ ਕੁਝ ਸਾਲਾਂ 'ਚ ਜੋ ਸਿੱਖਿਅਕ ਮਾਹੌਲ ਤਿਆਰ ਹੋਇਆ ਹੈ, ਉਹ ਦਬਦਬਾ ਰੱਖਣ ਵਾਲੀ ਵਿਚਾਰਧਾਰਾ ਲਈ ਸਭ ਤੋਂ ਵੱਡੀ ਚੁਣੌਤੀ ਦੇ ਰੂਪ 'ਚ ਸਾਹਮਣੇ ਆਇਆ ਹੈ। ਉਹ ਵਿਚਾਰਧਾਰਾ ਦ੍ਰੋਣਾਚਾਰਯ ਵਾਂਗ ਉਨ੍ਹਾਂ ਵਾਂਝੇ ਤੇ ਦੱਬੇ-ਕੁਚਲੇ ਲੋਕਾਂ ਨੂੰ ਇੱਕ ਚਿਤਾਵਨੀ ਦੇਣਾ ਚਾਹੁੰਦੀ ਹੈ।

ਇਸ ਤਰ੍ਹਾਂ ਦੀ ਹਲਚਲ ਉਦੋਂ ਵੀ ਹੋਈ ਸੀ, ਜਦੋਂ ਅੰਗ੍ਰੇਜ਼ਾਂ ਦੇ ਸ਼ਾਸਨ 'ਚ ਵਾਂਝੇ ਤੇ ਦੱਬੇ-ਕੁਚਲੇ ਵਰਗਾਂ ਦੇ ਘਰਾਂ ਦੇ ਬੱਚੇ ਸਕੂਲਾਂ 'ਚ ਪੜ੍ਹਨ ਲਈ ਨਿਕਲੇ ਸਨ। ਉਦੋਂ ਉਸ ਸਮੇਂ ਦੇ ਇੱਕ ਪ੍ਰਸਿੱਧ ਅਖਬਾਰ 'ਸੰਵਾਦ ਭਾਸਕਰ' ਨੇ ਇਸਨੂੰ ਇੱਕ ਸਮਾਜਿਕ ਸਮੱਸਿਆ ਵਾਂਗ ਪੇਸ਼ ਕੀਤਾ ਸੀ।

ਉਸਨੇ 20 ਸਤੰਬਰ 1856 ਨੂੰ ਲਿਖਿਆ ''ਅੰਗ੍ਰੇਜ਼ੀ ਸਿੱਖਿਆ ਕਾਰਨ ਨਵੀਂ ਤਰ੍ਹਾਂ ਦੀ ਇਹ ਸਮਾਜਿਕ ਸਮੱਸਿਆ ਬਣ ਰਹੀ ਹੈ ਕਿ ਨੀਚ ਜਾਤਾਂ 'ਚ ਅੰਗ੍ਰੇਜ਼ੀ ਸਿੱਖਣ ਦਾ ਰੁਝਾਨ ਵਧ ਰਿਹਾ ਹੈ ਅਤੇ ਨਾਈ, ਧੋਬੀ, ਭੰਗੀ ਜਾਤਾਂ ਦੇ ਪਰਿਵਾਰਾਂ ਦੇ ਲੜਕੇ ਅੰਗ੍ਰੇਜ਼ੀ ਸਿੱਖ ਕੇ ਕਲਰਕ, ਬਿੱਲ ਸਰਕਾਰ, ਏਜੰਟ ਆਦਿ ਪੋਸਟਾਂ 'ਤੇ ਨੌਕਰੀਆਂ ਪਾ ਰਹੇ ਹਨ। ਉਹ ਆਪਣਾ ਪਰਿਵਾਰਕ ਕੰਮ ਛੱਡ ਰਹੇ ਹਨ ਅਤੇ ਇਸ ਨਾਲ ਇੱਕ ਨਵੀਂ ਸਮਾਜਿਕ ਸਮੱਸਿਆ ਪੈਦਾ ਹੋ ਰਹੀ ਹੈ।''

ਅੰਗ੍ਰੇਜ਼ ਸ਼ਾਸਕਾਂ ਦੇ ਸਮੇਂ 'ਚ ਉਨ੍ਹਾਂ ਦੀ ਭਾਸ਼ਾ ਅੰਗ੍ਰੇਜ਼ੀ ਜਾਨਣਾ ਸਿੱਖਿਆ ਦਾ ਆਧੁਨਿਕ ਰੂਪ ਸੀ। ਭਾਰਤ ਦੇ ਰਾਜਨੀਤਕ ਇਤਿਹਾਸ 'ਚ ਕਈ ਵਾਰ ਅਜਿਹੀਆਂ ਉਦਾਹਰਨਾਂ ਦੇਖਣ ਨੂੰ ਮਿਲਦੀਆਂ ਹਨ, ਜਦੋਂ ਸਮਾਜ ਦੇ ਪੜ੍ਹੇ-ਲਿਖੇ ਲੋਕ ਦੱਬੇ-ਕੁਚਲੇ ਤੇ ਵਾਂਝੇ ਵਰਗਾਂ ਦੇ ਢਾਂਚੇ ਖਿਲਾਫ ਲੋਕਾਂ ਨੂੰ ਇੱਕਮੁਠ ਕਰਨ ਦੀਆਂ ਕੋਸ਼ਿਸ਼ਾਂ 'ਚ ਲਗਦੇ ਹਨ ਤਾਂ ਉਨ੍ਹਾਂ ਦੇ ਦਬਦਬੇ ਨੂੰ ਬਣਾਏ ਰੱਖਣ ਵਾਲੀ ਸੱਤਾ ਹਰ ਪੱਧਰ 'ਤੇ ਕੁਚਲਣ ਦੀਆਂ ਕੋਸ਼ਿਸ਼ਾਂ ਕਰਦੀ ਹੈ।

ਅਜੇ ਤਾਂ ਦਲਿਤ, ਆਦੀਵਾਸੀ, ਮੁਸਲਮਾਨ, ਜੋ ਖੁਦ ਨੂੰ ਸ਼ੋਸ਼ਿਤ ਮਹਿਸੂਸ ਕਰਦੇ ਹਨ, ਵਿਚਕਾਰ ਦੇ ਪ੍ਰਤੀਨਿਧੀਆਂ ਨੇ ਅਜਿਹਾ ਸਿੱਖਿਅਕ ਮਾਹੌਲ ਤਿਆਰ ਕਰ ਦਿੱਤਾ ਹੈ, ਜਿਸ 'ਚ ਔਰਤ ਤੇ ਪੁਰਸ਼ ਦੋਵੇਂ ਹਨ। ਇਹ ਦਬਦਬਾ ਬਣਾਏ ਰੱਖਣ ਵਾਲੀ ਵਿਚਾਰਧਾਰਾ, ਮਤਲਬ ਦ੍ਰੋਣਾਚਾਰਯ ਲਈ ਵੱਡਾ ਚੁਣੌਤੀਪੂਰਨ ਸਮਾਂ ਹੈ। ਕਦੋਂ, ਕਿਵੇਂ ਅਤੇ ਕਿਸਦਾ ਅੰਗੂਠਾ ਕਿਸ ਤਰ੍ਹਾਂ ਨਾਲ ਕੱਟਿਆ ਜਾ ਸਕਦਾ ਹੈ, ਇਹ ਵਹੁਤ ਔਖਾ ਕੰਮ ਉਸਦੇ ਸਾਹਮਣੇ ਹੈ।

ਸਿੱਖਿਅਕ ਮਾਹੌਲ ਨੂੰ ਖਤਮ ਕਰਨਾ ਉਸਦੀ ਪਹਿਲ 'ਚ ਹੈ। ਇਸੇ ਲਈ ਸਿੱਖਿਆ ਸੰਸਥਾਨਾਂ ਨੂੰ ਸੰਸਥਾਨਾਂ ਦੀ ਸੰਸਕ੍ਰਿਤੀ ਦੇ ਉਲਟ ਸੋਚ ਵਾਲਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਤਰਕ ਅਤੇ ਵਿਗਿਆਨ ਨੂੰ ਭੀੜ ਦੇ ਹਵਾਲੇ ਕੀਤਾ ਜਾ ਰਿਹਾ ਹੈ। ਅੱਜ ਇਹ ਜੇਲ੍ਹਾਂ 'ਚ ਬੰਦ ਕਰ ਦੇਣਾ, ਅੰਗੂਠਾ ਕੱਟਣਾ ਵੀ ਹੈ।

-ਅਨਿਲ ਚਮੜੀਆ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

Comments

Leave a Reply