Sun,Sep 20,2020 | 05:58:40am
HEADLINES:

Social

ਰੋਜ਼ਾਨਾ 10 ਕਿਲੋਮੀਟਰ ਪੈਦਲ ਚੱਲ ਕੇ ਬੱਚਿਆਂ ਨੂੰ ਪੜ੍ਹਾਉਣ ਆਉਂਦੇ ਨੇ ਆਦੀਵਾਸੀ ਟੀਚਰ ਮੁੰਡਾ

ਰੋਜ਼ਾਨਾ 10 ਕਿਲੋਮੀਟਰ ਪੈਦਲ ਚੱਲ ਕੇ ਬੱਚਿਆਂ ਨੂੰ ਪੜ੍ਹਾਉਣ ਆਉਂਦੇ ਨੇ ਆਦੀਵਾਸੀ ਟੀਚਰ ਮੁੰਡਾ

ਝਾਰਖੰਡ ਦਾ ਸਾਰੰਡਾ ਸੰਘਣੇ ਜੰਗਲ ਵਾਲਾ ਖੇਤਰ ਹੈ। ਇਸ ਜੰਗਲੀ ਖੇਤਰ ਦਾ ਇੱਕ ਪਿੰਡ ਹੈ ਰਾਂਗਰਿੰਗ। ਇਸ ਆਦੀਵਾਸੀ ਇਲਾਕੇ 'ਚ ਪਹਿਲੀ ਵਾਰ ਸਕੂਲ ਖੁੱਲਿਆ ਹੈ। 10 ਬਾਈ 8 ਦਾ ਇਹ ਸਕੂਲ ਚਾਰੇ ਪਾਸਿਓਂ ਲੱਕੜੀ ਤੇ ਪਰਾਲੀ ਨਾਲ ਢਕਿਆ ਹੋਇਆ ਹੈ। ਪਰਾਲੀ ਦੇ ਉੱਪਰ ਲਿਫਾਫਾ ਲੱਗਾ ਹੈ, ਉਹ ਵੀ ਫਟਿਆ ਹੋਇਆ। ਬਰਸਾਤ ਹੋਣ 'ਤੇ ਤੁਰੰਤ ਸਕੂਲ ਬੰਦ ਕਰਨਾ ਪੈਂਦਾ ਹੈ।

ਬਾਵਜੂਦ ਪਹਿਲੀ ਵਾਰ ਇੱਥੇ ਬੱਚੇ ਪੜ੍ਹ ਰਹੇ ਹਨ। ਪਿੰਡ 'ਚ ਇਸ ਤੋਂ ਪਹਿਲਾਂ ਅੱਜ ਤੱਕ ਕੋਈ ਨਹੀਂ ਪੜ੍ਹਿਆ ਸੀ। ਟੀਨ ਦੇ ਡੱਬੇ 'ਤੇ ਟੀਚਰ ਫ੍ਰਾਂਸਿਸ ਮੁੰਡਾ ਬੈਠੇ ਹਨ। ਜ਼ਮੀਨ 'ਤੇ ਲਿਫਾਫਾ ਵਿਛਾ ਕੇ ਇਕੱਠੇ ਬੱਚੇ ਬੈਠੇ ਹਨ। ਇਹ ਕਿਸੇ ਕਲਾਸ 'ਚ ਨਹੀਂ, ਬੱਸ ਪੜ੍ਹ ਰਹੇ ਹਨ। ਬੀਤੇ 6 ਮਹੀਨਿਆਂ ਦੀ ਪੜ੍ਹਾਈ 'ਚ ਇਹ ਅੱਖਰ ਪਹਿਚਾਣ ਰਹੇ ਹਨ। ਪਹਾੜਾ ਸਿੱਖ ਚੁੱਕੇ ਹਨ। ਇੱਥੇ ਆਲੇ-ਦੁਆਲੇ ਦੇ 3 ਪਿੰਡਾਂ ਦੇ 62 ਬੱਚੇ ਪੜ੍ਹ ਰਹੇ ਹਨ।

ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 220 ਕਿਲੋਮੀਟਰ ਦੂਰ ਸੈਡਲ ਖੇਤਰ ਅਤੇ ਫਿਰ ਉੱਥੋਂ 15 ਕਿਲੋਮੀਟਰ ਸੁਨਸਾਨ ਤੇ ਪਹਾੜੀ ਰਾਹ ਤੋਂ ਹੁੰਦੇ ਹੋਏ ਤੁਸੀਂ ਸਕੂਲ ਪਹੁੰਚ ਸਕਦੇ ਹੋ। ਰਾਹ 'ਚ ਕਦੇ 5 ਤੇ ਕਦੇ 3 ਕਿਲੋਮੀਟਰ ਤੱਕ ਕੋਈ ਘਰ ਨਹੀਂ, ਬੱਸ ਜੰਗਲ ਦਿਖਾਈ ਦਿੰਦੇ ਹਨ। ਟੀਚਰ ਫ੍ਰਾਂਸਿਸ ਮੁੰਡਾ ਖੁਦ ਸਿਰਫ 10ਵੀਂ ਪਾਸ ਹਨ। ਉਹ ਦੱਸਦੇ ਹਨ ਕਿ ਮੈਂ ਹਰ ਦਿਨ ਸਵੇਰੇ 8 ਵਜੇ ਘਰ ਤੋਂ ਪੈਦਲ ਨਿਕਲਦਾ ਹਾਂ। ਪਹਾੜਾਂ-ਜੰਗਲਾਂ ਦੇ ਅੰਦਰ-ਅੰਦਰ 10 ਕਿਲੋਮੀਟਰ ਤੋਂ ਜ਼ਿਆਦਾ ਦਾ ਸਫਰ ਪੈਦਲ ਤੈਅ ਕਰਦਾ ਹਾਂ।

ਰਾਹ ਇੰਨੀ ਉਚਾਈ ਵਾਲੇ ਹਨ ਕਿ ਉਨ੍ਹਾਂ ਤੋਂ ਸਾਈਕਲ ਰਾਹੀਂ ਲੰਘਣਾ ਸੰਭਵ ਨਹੀਂ ਹੈ। ਇਸ ਲਈ ਜੰਗਲ ਤੋਂ ਪੈਦਲ ਚੱਲ ਕੇ ਹੀ ਸਕੂਲ ਪਹੁੰਚਣਾ ਪੈਂਦਾ ਹੈ। 2 ਸਥਾਨਾਂ 'ਤੇ ਕਰੀਬ ਇੱਕ ਕਿਲੋਮੀਟਰ ਦੀ ਚੜ੍ਹਾਈ ਹੈ, ਇਹ ਰਾਹ ਸਭ ਤੋਂ ਜ਼ਿਆਦਾ ਥਕਾ ਦਿੰਦਾ ਹੈ। ਦੁਪਹਿਰ 3 ਵਜੇ ਸਕੂਲ ਤੋਂ ਨਿਕਲਦਾ ਹਾਂ, ਫਿਰ ਪੈਦਲ ਹੀ 5 ਵਜੇ ਘਰ ਪਹੁੰਚਦਾ ਹਾਂ। ਅਜਿਹਾ ਉਹ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਕਰ ਰਹੇ ਹਨ।

ਪਿੰਡ 'ਚ ਬਿਜਲੀ ਨਹੀਂ ਹੈ। ਲੋਕ ਟੋਇਆਂ 'ਚ ਜਮ੍ਹਾਂ ਪਾਣੀ ਨਾਲ ਨਹਾਉਂਦੇ ਹਨ, ਉੱਥੇ ਹੀ ਕੱਪੜੇ ਧੋਂਦੇ ਹਨ ਅਤੇ ਉਹੀ ਪਾਣੀ ਪੀਂਦੇ ਵੀ ਹਨ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇੱਕ ਵੀ ਸਰਕਾਰੀ ਯੋਜਨਾ ਅੱਜ ਤੱਕ ਇੱਥੇ ਨਹੀਂ ਪਹੁੰਚੀ ਹੈ। ਪਿੰਡ ਦੇ ਲੋਕਾਂ ਦਾ ਮੁੱਖ ਪੇਸ਼ਾ ਖੇਤੀ ਅਤੇ ਕੇਂਦੂ ਪੱਤਾ ਤੋੜ ਕੇ ਉਸਨੂੰ ਵੇਚਣਾ ਹੈ।

ਨਾਲ ਹੀ ਜੰਗਲੀ ਜੜੀ-ਬੂਟੀ ਵੀ ਵੇਚਦੇ ਹਨ। ਸਕੂਲ ਦੀ ਵਿਦਿਆਰਥਣ ਨੰਦੀ ਗਗਰਾਈ ਕਹਿੰਦੀ ਹੈ ਕਿ ਉਸਦੇ ਮਾਤਾ-ਪਿਤਾ ਦੋਵੇਂ ਹੀ ਜੰਗਲ 'ਚ ਪੱਤੇ ਤੋੜਨ ਦਾ ਕੰਮ ਕਰਦੇ ਹਨ। ਸਕੂਲ 'ਚ ਮੰਗਲਵਾਰ ਤੇ ਸ਼ਨੀਵਾਰ ਨੂੰ ਬੱਚਿਆਂ ਦੀ ਹਾਜ਼ਰੀ ਥੋੜੀ ਘੱਟ ਹੁੰਦੀ ਹੈ, ਕਿਉਂਕਿ ਜ਼ਿਆਦਾਤਰ ਬੱਚੇ ਆਪਣੇ ਮਾਤਾ-ਪਿਤਾ ਦੇ ਨਾਲ ਜੰਗਲ 'ਚ ਕੇਂਦੂ ਪੱਤਾ ਤੋੜਨ ਅਤੇ ਫਿਰ ਉਸਨੂੰ ਵੇਚਣ ਚਲੇ ਜਾਂਦੇ ਹਨ। ਕਮਾਈ ਦਾ ਇੱਕੋ ਇੱਕ ਸਾਧਨ ਇਹੀ ਹੈ।

ਫ੍ਰਾਂਸਿਸ ਕਹਿੰਦੇ ਹਨ ਕਿ ਉਹ ਬੱਚਿਆਂ ਨੂੰ ਇੰਨਾ ਪੜ੍ਹਾਉਣਾ ਚਾਹੁੰਦੇ ਹਨ ਕਿ ਉਹ ਮਿਡਲ ਤੇ ਹਾਈ ਸਕੂਲ ਤੱਕ ਪਹੁੰਚਣ ਦੇ ਯੋਗ ਹੋ ਜਾਣ। ਬੀਤੇ ਸਾਲ 15 ਨਵੰਬਰ ਨੂੰ ਬਹੁਜਨ ਸਮਾਜ ਦੇ ਮਹਾਪੁਰਖ ਬਿਰਸਾ ਮੁੰਡਾ ਦੀ ਜੈਯੰਤੀ 'ਤੇ ਇਨ੍ਹਾਂ ਬੱਚਿਆਂ ਲਈ ਪ੍ਰਤੀਯੋਗਿਤਾ ਕਰਵਾਈ ਗਈ ਸੀ, ਪਰ ਪੈਸੇ ਦੀ ਕਮੀ ਕਰਕੇ ਅੱਜ ਤੱਕ ਐਵਾਰਡ ਨਹੀਂ ਦਿੱਤਾ ਜਾ ਸਕਿਆ, ਉਨ੍ਹਾਂ ਨੂੰ ਇਸਦਾ ਦੁੱਖ ਹੈ। ਉਨ੍ਹਾਂ ਦੱਸਿਆ ਕਿ ''ਮੈਂ 10ਵੀਂ ਪਾਸ ਹਾਂ। ਮਾਤਾ-ਪਿਤਾ ਦੇ ਦੇਹਾਂਤ ਤੋਂ ਬਾਅਦ ਅੱਗੇ ਦੀ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ। ਇਸਦੇ ਬਾਅਦ ਮਜ਼ਦੂਰੀ ਕਰਨ ਲੱਗਾ। ਇਸ ਵਿਚਕਾਰ ਪੰਚਾਇਤ ਚੋਣ ਵੀ ਲੜੀ, ਪਰ ਹਾਰ ਗਿਆ।'' ਉਹ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਖਿਲਾਫ ਵੀ ਆਵਾਜ਼ ਚੁੱਕਦੇ ਰਹੇ ਹਨ।

ਇਸ ਸਕੂਲ ਨੇ ਪਿੰਡ ਵਾਲਿਆਂ ਦੀਆਂ ਉਮੀਦਾਂ ਜਗਾਈਆਂ ਹਨ। ਪਿੰਡ ਦੇ ਪ੍ਰਧਾਨ ਵਿਜੇ ਅੰਗਰੀਆ ਕਹਿੰਦੇ ਹਨ, ਉਹ ਖੁਦ ਤਾਂ ਕਦੇ ਪੜ੍ਹ ਨਹੀਂ ਸਕੇ, ਬੱਚੇ ਸੁਧਰ ਜਾਣਗੇ ਇਹੀ ਕਾਫੀ ਰਾਹਤ ਦੇਣ ਵਾਲੀ ਗੱਲ ਹੋਵੇਗੀ। ਗੀਤਾ ਗਗਰਾਈ ਕਹਿੰਦੀ ਹੈ, ਉਨ੍ਹਾਂ ਕੋਲ ਕੱਪੜੇ ਖਰੀਦਣ ਤੱਕ ਲਈ ਪੈਸੇ ਨਹੀਂ ਹਨ। ਜੇਕਰ ਬੱਚੇ ਪੜ੍ਹ ਜਾਣਗੇ ਤਾਂ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਏ। ਫ੍ਰਾਂਸਿਸ ਮੁੰਡਾ ਖੁਦ ਮੇਗਾਹਾਤੂਬੁਰੂ 'ਚ ਰਹਿੰਦੇ ਹਨ। ਇੱਥੇ ਸਟੀਲ ਅਥਾਰਿਟੀ ਆਫ ਇੰਡੀਆ (ਸੇਲ) ਆਇਰਨ ਵੱਲੋਂ ਮਾਈਨਿੰਗ ਦਾ ਕੰਮ ਕਰਦੇ ਹਨ।

ਉੱਥੋਂ ਰਾਂਗਰਿੰਗ ਹਰ ਦਿਨ ਆਉਂਦੇ ਹਨ। ਚਾਹੇ ਹਾਲਾਤ ਕਿਹੋ ਜਿਹੇ ਹੋਣ। ਉਹ ਕਹਿੰਦੇ ਹਨ, ''ਜੰਗਲ 'ਚ ਉਂਜ ਤਾਂ ਕੋਈ ਪਰੇਸ਼ਾਨੀ ਨਹੀਂ ਹੁੰਦੀ, ਬੱਸ ਜਾਨਵਰਾਂ ਦਾ ਡਰ ਰਹਿੰਦਾ ਹੈ। ਇਸ 6 ਮਹੀਨੇ 'ਚ ਕਈ ਵਾਰ ਭਾਲੂ ਨੇ ਘੇਰਿਆ ਹੈ, ਪਰ ਉਹ ਬਚ-ਬਚਾ ਕੇ ਕਿਸੇ ਤਰ੍ਹਾਂ ਸਕੂਲ ਅਤੇ ਫਿਰ ਉੱਥੋਂ ਘਰ ਪਹੁੰਚ ਹੀ ਜਾਂਦੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਜਿਸ ਦਿਨ ਸਕੂਲ ਦਾ ਪੱਕਾ ਭਵਨ ਬਣ ਜਾਵੇਗਾ, ਉਹ ਆਪਣੇ ਪੈਸੇ ਨਾਲ ਪਿੰਡ ਵਾਲਿਆਂ ਨੂੰ ਭੋਜਨ ਕਰਾਉਣਗੇ।''

ਇੰਨੇ ਦੂਰ ਦੇ ਇਲਾਕੇ 'ਚ ਆ ਕੇ ਕਿਉਂ ਪੜ੍ਹਾ ਰਹੇ ਹੋ? ਇਸ ਸਵਾਲ ਦੇ ਜਵਾਬ 'ਚ ਟੀਚਰ ਫ੍ਰਾਂਸਿਸ ਕਹਿੰਦੇ ਹਨ ਕਿ ਇੱਕ ਸਮਾਜ ਸੇਵੀ ਸੰਸਥਾ ਹੈ, ਜਿੱਥੇ ਉਹ ਕੰਮ ਕਰਦੇ ਹਨ। ਉਹ ਉਨ੍ਹਾਂ ਨੂੰ ਇਸ ਕੰਮ ਦੇ ਬਦਲੇ 6 ਹਜ਼ਾਰ ਰੁਪਏ ਮਹੀਨਾ ਦਿੰਦੀ ਹੈ। 31 ਮਾਰਚ ਤੱਕ ਦਾ ਕਾਂਟ੍ਰੈਕਟ ਹੈ। ਉਹ ਚਲਦਾ ਰਹੇ ਜਾਂ ਫਿਰ ਖਤਮ ਹੋ ਜਾਵੇ, ਇਨ੍ਹਾਂ 3 ਪਿੰਡਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਛੱਡਣਗੇ। ਅਸਰ ਸੰਸਥਾ ਦੀ ਇੱਕ ਰਿਪੋਰਟ ਮੁਤਾਬਕ ਝਾਰਖੰਡ 'ਚ 5ਵੀਂ ਤੱਕ ਦੇ 34 ਫੀਸਦੀ ਬੱਚੇ ਹੀ ਦੂਜੀ ਕਲਾਸ ਦੇ ਪਾਠ ਪੜ੍ਹ ਪਾਉਂਦੇ ਹਨ।

ਇਸ ਤੋਂ ਇਲਾਵਾ 70 ਫੀਸਦੀ ਵਿਦਿਆਰਥੀ ਤੀਜੀ ਤੱਕ ਨਹੀਂ ਪੜ੍ਹ ਪਾਉਂਦੇ। 8ਵੀਂ ਕਲਾਸ ਤੱਕ ਦੇ 56 ਫੀਸਦੀ ਬੱਚਿਆਂ ਨੂੰ ਭਾਗ ਦੇਣਾ ਨਹੀਂ ਆਉਂਦਾ। ਕੇਂਦਰੀ ਬਜਟ 2020 'ਚ ਸਿੱਖਿਆ ਲਈ 99,300 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਉਸ 'ਚ ਰਾਂਗਰਿੰਗ ਵਰਗੇ ਪਿੰਡ ਕਿੱਥੇ ਆਉਂਦੇ ਹਨ, ਇਹ ਤਾਂ ਸੋਧ ਦਾ ਵਿਸ਼ਾ ਹੈ। ਦੇਸ਼ ਦੇ ਕਈ ਅਜਿਹੇ ਇਲਾਕੇ ਹਨ, ਜਿੱਥੇ ਸਕੂਲ ਹੀ ਨਹੀਂ ਖੁੱਲੇ ਹਨ। ਅਜਿਹੇ ਹਾਲਾਤ 'ਚ ਉੱਥੇ ਸਿੱਖਿਆ ਦਾ ਅਧਿਕਾਰ ਵਰਗੇ ਕਾਨੂੰਨ ਵੀ ਘਿਸੜਦੇ ਨਜ਼ਰ ਆਉਂਦੇ ਹਨ।

ਇਹੋ ਜਿਹੇ ਹਾਲਾਤ 'ਚ ਰਾਂਗਰਿੰਗ ਵਰਗੇ ਪਿੰਡ 'ਚ ਸਕੂਲ ਦਾ ਪਹਿਲੀ ਵਾਰ ਪਹੁੰਚਣਾ ਅਤੇ ਉੱਥੇ ਫ੍ਰਾਂਸਿਸ ਮੁੰਡਾ ਵਰਗੇ ਟੀਚਰਾਂ ਦਾ ਸਮਰਪਣ ਹੀ ਇਸ ਸੂਬੇ 'ਚ ਸਿੱਖਿਆ ਦੀ ਸਥਿਤੀ ਨੂੰ ਬੇਹਤਰ ਬਣਾ ਸਕਦਾ ਹੈ। ਰਾਂਗਰਿੰਗ ਪਿੰਡ ਦੀ ਤਸਵੀਰ ਬਦਲਣ ਵੱਲ ਕਦਮ ਵਧਾ ਚੁੱਕਾ ਇਹ ਸਕੂਲ ਫਿਲਹਾਲ ਕੋਵਿਡ-19 ਕਰਕੇ ਬੰਦ ਚੱਲ ਰਿਹਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕੋਵਿਡ ਦੇ ਬਾਅਦ ਦੀ ਦੁਨੀਆ 'ਚ ਇਨ੍ਹਾਂ ਪਿੰਡਾਂ ਦੇ ਬੱਚਿਆਂ ਲਈ ਵੀ ਨਵੀਂ ਸਵੇਰ ਹੋਵੇਗੀ।
-ਆਨੰਦ ਦੱਤਾ

Comments

Leave a Reply