Sat,May 25,2019 | 01:19:34pm
HEADLINES:

Social

ਆਰਥਿਕ ਤੇ ਪਰਿਵਾਰਕ ਹੈਸੀਅਤ ਦਾ ਕਮਜ਼ੋਰ ਹੋਣਾ ਮਹਿਲਾਵਾਂ ਨੂੰ ਤੋਰਦਾ ਹੈ ਖੁਦਕੁਸ਼ੀ ਵੱਲ

ਆਰਥਿਕ ਤੇ ਪਰਿਵਾਰਕ ਹੈਸੀਅਤ ਦਾ ਕਮਜ਼ੋਰ ਹੋਣਾ ਮਹਿਲਾਵਾਂ ਨੂੰ ਤੋਰਦਾ ਹੈ ਖੁਦਕੁਸ਼ੀ ਵੱਲ

ਦੁਨੀਆ ਦੀ ਸਭ ਤੋਂ ਪ੍ਰਸਿੱਧ ਮੈਡੀਕਲ ਪੱਤ੍ਰਿਕਾ 'ਦ ਲਾਂਸੈਟ' ਦੀ ਇਸ ਸਟਡੀ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਹੈ ਕਿ ਦੁਨੀਆ ਵਿੱਚ ਖੁਦਕੁਸ਼ੀ ਕਰਨ ਵਾਲੀ ਹਰ ਤੀਜੀ ਮਹਿਲਾ ਭਾਰਤੀ ਹੈ। ਇਹ ਅੰਕੜੇ ਭਰੋਸੇ ਯੋਗ ਹਨ ਅਤੇ ਇਨ੍ਹਾਂ ਨੂੰ ਲੈ ਕੇ ਨਾ ਸਿਰਫ ਮੈਡੀਕਲ ਬਿਰਾਦਰੀ ਵਿੱਚ, ਸਗੋਂ ਨੀਤੀ ਨਿਰਮਾਤਾਵਾਂ ਤੋਂ ਲੈ ਕੇ ਸਮਾਜ ਵਿੱਚ ਵੱਡੇ ਪੱਧਰ 'ਤੇ ਚਿੰਤਾ ਹੈ। 
 
ਹਾਲਾਂਕਿ ਅਖਬਾਰਾਂ ਵਿੱਚ ਛਪੀਆਂ ਖਬਰਾਂ ਆਮ ਤੌਰ 'ਤੇ ਇਹ ਨਹੀਂ ਦੱਸ ਰਹੀਆਂ ਹਨ ਕਿ ਭਾਰਤ ਵਿੱਚ ਉਹ ਕਿਹੜੀਆਂ ਮਹਿਲਾਵਾਂ ਹਨ, ਜੋ ਕਿ ਖੁਦ ਆਪਣੀਆਂ ਜਾਨਾਂ ਲੈ ਰਹੀਆਂ ਹਨ। ਲਾਂਸੈਟ ਦੇ ਰਿਸਰਚ ਪੇਪਰ ਨੂੰ ਵਿਸਤਾਰ ਨਾਲ ਦੇਖਣ ਤੋਂ ਪਤਾ ਲਗਦਾ ਹੈ ਕਿ ਉਹ ਮਹਿਲਾਵਾਂ ਜ਼ਿਆਦਾਤਰ 39 ਸਾਲ ਤੋਂ ਘੱਟ ਉਮਰ ਦੀਆਂ ਹਨ। ਸਭ ਤੋਂ ਜ਼ਿਆਦਾ ਔਰਤਾਂ 15 ਤੋਂ 39 ਸਾਲ ਉਮਰ ਵਰਗ ਵਿੱਚ ਖੁਦਕੁਸ਼ੀ ਕਰਦੀਆਂ ਹਨ। ਆਮ ਤੌਰ 'ਤੇ ਅਜਿਹੀਆਂ ਮਹਿਲਾਵਾਂ ਵਿਆਹੁਤਾ ਹੁੰਦੀਆਂ ਹਨ।
 
ਅਜਿਹੀਆਂ ਜ਼ਿਆਦਾਤਰ ਮਹਿਲਾਵਾਂ ਦੇਸ਼ ਦੇ ਸਭ ਤੋਂ ਗਰੀਬ ਸੂਬਿਆਂ ਦੀਆਂ ਨਹੀਂ ਹਨ। ਕੁੱਲ ਖੁਦਕੁਸ਼ੀਆਂ ਵਿੱਚ ਮਹਿਲਾਵਾਂ ਦੀ ਗਿਣਤੀ ਬੇਸ਼ੱਕ ਘੱਟ ਹੈ, ਪਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀਆਂ ਮਹਿਲਾਵਾਂ ਦੀ ਗਿਣਤੀ ਪੁਰਸ਼ਾਂ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ।
 
ਭਾਰਤ ਵਿੱਚ ਖੁਦਕੁਸ਼ੀਆਂ ਵਧ ਰਹੀਆਂ ਹਨ। 1990 ਵਿੱਚ 1.64 ਲੱਖ ਲੋਕਾਂ ਦੇ ਮੁਕਾਬਲੇ 2016 ਵਿੱਚ ਭਾਰਤ ਵਿੱਚ 2.30 ਲੱਖ ਲੋਕਾਂ ਨੇ ਖੁਦਕੁਸ਼ੀ ਕੀਤੀ। ਪੂਰੀ ਦੁਨੀਆ ਵਿੱਚ ਜਿੰਨੀਆਂ ਔਰਤਾਂ ਖੁਦਕੁਸ਼ੀਆਂ ਕਰਦੀਆਂ ਹਨ। ਉਨ੍ਹਾਂ ਵਿੱਚੋਂ 36.2 ਫੀਸਦੀ ਭਾਰਤੀ ਹਨ। ਭਾਰਤੀ ਪੁਰਸ਼ਾਂ ਦਾ ਹਾਲ ਵੀ ਬਹੁਤ ਚੰਗਾ ਨਹੀਂ ਹੈ। ਦੁਨੀਆ ਵਿੱਚ ਪੁਰਸ਼ਾਂ ਦੀਆਂ ਖੁਦਕੁਸ਼ੀਆਂ ਵਿੱਚ 24.3 ਫੀਸਦੀ ਹਿੱਸਾ ਭਾਰਤੀ ਪੁਰਸ਼ਾਂ ਦਾ ਹੈ, ਮਤਲਬ ਖੁਦਕੁਸ਼ੀ ਕਰਨ ਵਾਲਾ ਹਰ ਚੌਥਾ ਪੁਰਸ਼ ਭਾਰਤੀ ਹੈ।
 
ਗਿਣਤੀ ਦੇ ਨਜ਼ਰੀਏ ਨਾਲ ਦੇਖੀਏ ਤਾਂ ਦੁਨੀਆ ਵਿੱਚ 5.59 ਲੱਖ ਪੁਰਸ਼ ਖੁਦਕੁਸ਼ੀਆਂ ਕਰਦੇ ਹਨ, ਜਿਨ੍ਹਾਂ ਵਿੱਚੋਂ 1.35 ਲੱਖ ਭਾਰਤੀ ਹਨ। ਦੂਜੇ ਪਾਸੇ ਦੁਨੀਆ ਵਿੱਚ ਖੁਦਕੁਸ਼ੀ ਕਰਨ ਵਾਲੀਆਂ 2.57 ਲੱਖ ਔਰਤਾਂ ਵਿੱਚੋਂ 94 ਹਜਾਰ ਤੋਂ ਜ਼ਿਆਦਾ ਭਾਰਤੀ ਹਨ। ਸਾਫ ਹੈ ਕਿ ਖੁਦਕੁਸ਼ੀ ਕੋਈ ਮਹਿਲਾ ਸਮੱਸਿਆ ਨਹੀਂ ਹੈ ਅਤੇ ਇਸਨੂੰ ਰੋਕਣ ਜਾਂ ਘੱਟ ਕਰਨ ਲਈ ਕੁਝ ਨੀਤੀਆਂ ਤਾਂ ਯੂਨੀਵਰਸਲ, ਮਤਲਬ ਹਰ ਕਿਸੇ ਲਈ ਹੋਣਗੀਆਂ, ਪਰ ਲਾਂਸੈਟ ਦੀ ਸਟਡੀ ਨੇ ਦੋ ਪੱਖਾਂ ਵੱਲ ਖਾਸ ਤੌਰ 'ਤੇ ਧਿਆਨ ਦਵਾਇਆ ਹੈ।
 
ਇੱਕ ਤਾਂ ਇਹ ਕਿ ਖੁਦਕੁਸ਼ੀ ਦੇ ਮਾਮਲੇ ਵਿੱਚ ਜਬਰਦਸਤ ਖੇਤਰੀ ਗੈਰਬਰਾਬਰੀ ਹੈ। ਕੁਝ ਸੂਬਿਆਂ ਵਿੱਚ ਖੁਦਕੁਸ਼ੀ ਦੀ ਦਰ ਬਹੁਤ ਜ਼ਿਆਦਾ ਹੈ। ਕਰਨਾਟਕ, ਤਮਿਲਨਾਡੂ, ਆਂਧਰ ਪ੍ਰਦੇਸ਼, ਪੱਛਮ ਬੰਗਾਲ ਤੇ ਤ੍ਰਿਪੁਰਾ ਵਰਗੇ ਸੂਬਿਆਂ ਵਿੱਚ ਖੁਦਕੁਸ਼ੀ ਦਰ ਜ਼ਿਆਦਾ ਹੈ। ਦੂਜਾ ਕਿ ਨੌਜਵਾਨਾਂ ਵਿੱਚ, ਮਤਲਬ 15 ਤੋਂ 39 ਸਾਲ ਵਰਗ ਵਿੱਚ ਮਹਿਲਾਵਾਂ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਖੁਦਕੁਸ਼ੀਆਂ ਕਰ ਰਹੀਆਂ ਹਨ।
 
ਖੁਦਕੁਸ਼ੀ ਦੇ ਕੁਝ ਕਾਰਨ ਔਰਤਾਂ ਤੇ ਪੁਰਸ਼ਾਂ ਦੋਨਾਂ 'ਤੇ ਲਾਗੂ ਹੁੰਦੇ ਹਨ। ਜਿਵੇਂ ਸਿਜੋਫ੍ਰੀਨੀਆ ਜਾਂ ਬਾਈਪੋਲਰ ਡਿਸਆਰਡਰ ਵਰਗੀਆਂ ਬਿਮਾਰੀਆਂ, ਡਿਪ੍ਰੈਸ਼ਨ, ਲੰਮੇ ਸਮੇਂ ਦੀ ਬੇਰੁਜ਼ਗਾਰੀ, ਕਈ ਮਾਮਲਿਆਂ ਵਿੱਚ ਗਰੀਬੀ, ਇਕੱਲਾਪਨ, ਕਈ ਦਿਨਾਂ ਤੋਂ ਭੋਜਨ ਨਾ ਮਿਲ ਪਾਉਣਾ ਆਦਿ। ਫਿਰ 15 ਤੋਂ 39 ਸਾਲ ਦੀਆਂ ਮਹਿਲਾਵਾਂ ਵਿੱਚ ਅਜਿਹਾ ਕੀ ਖਾਸ ਹੈ ਕਿ ਇਸ ਉਮਰ ਵਰਗ ਵਿੱਚ ਉਨ੍ਹਾਂ ਵਿੱਚ ਖੁਦਕੁਸ਼ੀ ਦੀ ਦਰ ਇੰਨੀ ਜ਼ਿਆਦਾ (71.2 ਫੀਸਦੀ) ਹੈ।
 
ਗਰੀਬੀ, ਭੁੱਖਮਰੀ ਜਾਂ ਬੇਰੁਜ਼ਗਾਰੀ ਉਹ ਕਾਰਨ ਨਹੀਂ ਹੈ, ਜੋ ਕਿ ਭਾਰਤੀ ਮਹਿਲਾਵਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਹੀ ਹੈ। ਇਸਦਾ ਕਾਰਨ ਸਮਾਜ, ਭਾਰਤੀ ਪਰਿਵਾਰ ਤੇ ਵਿਆਹ ਸੰਸਥਾ ਵਿੱਚ ਲੱਭਣ ਦੀ ਜ਼ਰੂਰਤ ਹੈ। ਦੁਨੀਆ ਦਾ ਅਨੁਭਵ ਹੈ ਕਿ ਵਿਆਹੁਤਾ ਮਹਿਲਾਵਾਂ ਘੱਟ ਖੁਦਕੁਸ਼ੀਆਂ ਕਰਦੀਆਂ ਹਨ, ਪਰ ਭਾਰਤ ਵਿੱਚ ਇਸਦਾ ਉਲਟ ਹੈ। ਇਸਦੇ ਕੁਝ ਕਾਰਨ ਹੋ ਸਕਦੇ ਹਨ :
 
-ਭਾਰਤ ਵਿੱਚ ਲੜਕੀਆਂ ਦਾ ਵਿਆਹ ਉਨ੍ਹਾਂ ਦੀ ਮਰਜ਼ੀ ਨਾਲ ਨਹੀਂ ਹੁੰਦਾ। ਪਿਤਾ ਜਾਂ ਰਿਸ਼ਤੇਦਾਰ ਉਸਨੂੰ ਕਿਸੇ ਦੇ ਨਾਲ ਵਿਆਹ ਵਿੱਚ ਬੰਨ ਦਿੰਦੇ ਹਨ।
 
-ਜ਼ਿਆਦਾਤਰ ਵਿਆਹ ਲੜਕੀਆਂ ਦੇ ਬਾਲਿਗ ਹੋਣ ਤੋਂ ਪਹਿਲਾਂ ਹੋ ਜਾਂਦੇ ਹਨ। ਦੁਨੀਆ ਦੇ ਇੱਕ ਤਿਹਾਈ ਬਾਲ ਵਿਆਹ ਭਾਰਤ ਵਿੱਚ ਹੁੰਦੇ ਹਨ।
 
-ਮਾਤਾ-ਪਿਤਾ ਦੇ ਪਰਿਵਾਰ ਵਿੱਚ ਵਿਅਕਤੀਤਵ ਦਾ ਵਿਕਾਸ ਹੋਣ ਤੋਂ ਪਹਿਲਾਂ ਹੀ ਲੜਕੀ ਸਹੂਰੇ ਤੇ ਪਤੀ ਦੇ ਕੰਟਰੋਲ ਵਿੱਚ ਆ ਜਾਂਦੀ ਹੈ ਅਤੇ ਬੁਢਾਪਾ ਬੇਟੇ ਤੇ ਨੂੰਹ ਦੇ ਕੰਟਰੋਲ ਵਿੱਚ ਬੀਤਦਾ ਹੈ।
 
-ਪਹਿਲਾ ਬੱਚਾ ਕਾਫੀ ਘੱਟ ਉਮਰ ਵਿੱਚ ਆ ਜਾਂਦਾ ਹੈ। ਮਤਲਬ, ਲੜਕੀਆਂ ਸਮੇਂ ਤੋਂ ਪਹਿਲਾਂ ਬੱਚੇ ਦੇ ਬੋਝ ਹੇਠਾਂ ਦੱਬ ਜਾਂਦੀਆਂ ਹਨ ਅਤੇ ਕਈ ਵਾਰ ਸਰੀਰਕ ਸਮੱਸਿਆਵਾਂ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ।
 
-ਪਰਿਵਾਰ ਵਿੱਚ ਸਿਹਤਮੰਦ ਭੋਜਨ 'ਤੇ ਪਹਿਲਾ ਹੱਕ ਪੁਰਸ਼ਾਂ ਦਾ ਹੁੰਦਾ ਹੈ। ਇਸ ਲਈ ਮਹਿਲਾਵਾਂ ਸਰੀਰਕ ਅਸਮਰੱਥਾਵਾਂ ਦਾ ਜ਼ਿਆਦਾ ਸ਼ਿਕਾਰ ਬਣਦੀਆਂ ਹਨ।
 
-ਲੜਕੀ ਦਾ ਸਹੂਰੇ ਪਰਿਵਾਰ ਵਿੱਚ ਕਿਸੇ ਜਾਇਦਾਦ ਵਿੱਚ ਕੋਈ ਹਿੱਸਾ ਨਹੀਂ ਹੁੰਦਾ। ਮਤਲਬ ਉਹ ਆਰਥਿਕ ਤੌਰ 'ਤੇ ਹਮੇਸ਼ਾ ਵਿਕਲਾਂਗ ਰਹਿ ਜਾਂਦੀਆਂ ਹਨ। ਪਰਿਵਾਰਕ ਜਾਇਦਾਦ 'ਤੇ ਉਸਦਾ ਕਾਨੂੰਨੀ ਹੱਕ ਹੈ, ਪਰ ਉਹ ਉਸਨੂੰ ਘੱਟ ਹੀ ਹਾਸਲ ਹੁੰਦਾ ਹੈ।
 
-ਪਰਿਵਾਰ ਦੇ ਅੰਦਰ ਹਿੰਸਾ ਇੱਕ ਆਮ ਗੱਲ ਹੈ, ਜਿਸਦੀ ਆਮ ਤੌਰ 'ਤੇ ਥਾਣੇ ਜਾਂ ਕੋਰਟ ਵਿੱਚ ਸ਼ਿਕਾਇਤ ਵੀ ਨਹੀਂ ਹੁੰਦੀ। ਹਾਲਾਂਕਿ 2005 ਤੋਂ ਭਾਰਤ ਵਿੱਚ ਡੋਮੈਸਟਿਕ ਵਾਇਲੈਂਸ ਖਿਲਾਫ ਕਾਨੂੰਨ ਹੈ, ਪਰ ਉਸਦਾ ਇਸਤੇਮਾਲ ਘੱਟ ਹੀ ਹੁੰਦਾ ਹੈ।
 
ਇਸ ਸਭ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤੀ ਵਿਆਹਾਂ ਨੂੰ ਆਮ ਤੌਰ 'ਤੇ ਸਵਰਗ ਵਿੱਚ ਬਣੀਆਂ ਜੋੜੀਆਂ ਮੰਨਿਆ ਜਾਂਦਾ ਹੈ ਅਤੇ ਕਲੇਸ਼ ਤੇ ਹਿੰਸਾ ਦੇ ਬਾਵਜੂਦ ਕੋਸ਼ਿਸ਼ ਹੁੰਦੀ ਹੈ ਕਿ ਵਿਆਹ ਨੂੰ ਟਿਕਾਏ ਰੱਖਿਆ ਜਾਵੇ। ਲੜਕੀ ਦੀ ਸਮੱਸਿਆ ਇਹ ਹੁੰਦੀ ਹੈ ਕਿ ਸਹੂਰੇ ਪਰਿਵਾਰ ਦੀ ਜਾਇਦਾਦ ਅਤੇ ਘਰ ਵਿੱਚ ਉਸਦਾ ਕੋਈ ਹਿੱਸਾ ਨਹੀਂ ਹੁੰਦਾ ਅਤੇ ਵਿਆਹ ਤੋਂ ਬਾਅਦ ਮਾਤਾ-ਪਿਤਾ ਵੀ ਉਸ ਨਾਲੋਂ ਆਪਣਾ ਪਿੱਛਾ ਛੁਡਾ ਲੈਂਦੇ ਹਨ।
 
ਪਰਿਵਾਰਕ ਜਾਇਦਾਦ ਵਿੱਚ ਲੜਕੀ ਨੂੰ ਹਿੱਸਾ ਦੇਣ ਦਾ ਕਾਨੂੰਨ ਤਾਂ ਬਣ ਗਿਆ ਹੈ, ਪਰ ਉਸਦਾ ਜ਼ਮੀਨੀ ਪੱਧਰ 'ਤੇ ਅਮਲ ਅਜੇ ਦਿਖਾਈ ਨਹੀਂ ਦਿੰਦਾ। ਕਾਨੂੰਨੀ ਹਿੱਸਾ ਮੰਗਣ ਵਾਲੀਆਂ ਲੜਕੀਆਂ ਨੂੰ ਖਲਨਾਇਕਾ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
 
ਅਜਿਹੇ ਵਿੱਚ ਵਿਆਹ ਟੁੱਟਣ ਅਤੇ ਅਲੱਗ ਹੋਣ ਦੀ ਸਥਿਤੀ ਵਿੱਚ ਇਸਦਾ ਖਦਸ਼ਾ ਜ਼ਿਆਦਾ ਹੈ ਕਿ ਮਹਿਲਾ ਨੂੰ ਬੇਘਰ ਹੋਣਾ ਪਵੇਗਾ ਜਾਂ ਫਿਰ ਬੋਝ ਬਣ ਕੇ ਮਾਤਾ-ਪਿਤਾ ਦੇ ਘਰ ਮੁੜਨਾ ਪਵੇਗਾ। ਪੱਛਮੀ ਦੇਸ਼ਾਂ ਵਿੱਚ ਵਿਗੜ ਚੁੱਕੇ ਵਿਆਹਿਕ ਰਿਸ਼ਤਿਆਂ ਵਿੱਚ ਲੋਕ ਨਹੀਂ ਰਹਿੰਦੇ। ਉੱਥੇ ਤਲਾਕ ਸੌਖਾ ਹੈ, ਕਿਉਂਕਿ ਉੱਥੇ ਭਾਰਤ ਵਰਗੀ ਗਰੀਬੀ ਨਹੀਂ ਹੈ ਅਤੇ ਮਹਿਲਾਵਾਂ ਤੇ ਪੁਰਸ਼ਾਂ ਦੀ ਆਰਥਿਕ ਹੈਸੀਅਤ ਵਿੱਚ ਫਰਕ ਨਹੀਂ ਹੈ।
 
ਜਿਨ੍ਹਾਂ ਕੇਸਾਂ ਵਿੱਚ ਆਰਥਿਕ ਹੈਸੀਅਤ ਵਿੱਚ ਫਰਕ ਹੈ, ਉੱਥੇ ਮਹਿਲਾਵਾਂ ਨੂੰ ਆਮ ਤੌਰ 'ਤੇ ਮੁਆਵਜ਼ੇ ਜਾਂ ਗੁਜਾਰੇ ਦੇ ਤੌਰ 'ਤੇ ਚੰਗੀ ਰਕਮ ਮਿਲ ਜਾਂਦੀ ਹੈ। ਬੇਮੇਲ ਵਿਆਹਾਂ ਵਿੱਚ ਅਪਮਾਨ ਤੇ ਹਿੰਸਾ ਦੇ ਬਾਵਜੂਦ ਬਣੇ ਰਹਿਣ ਦੀ ਮਜਬੂਰੀ ਮਹਿਲਾਵਾਂ ਵਿੱਚ ਖੁਦਕੁਸ਼ੀ ਦਾ ਵੱਡਾ ਕਾਰਨ ਹੋ ਸਕਦੀ ਹੈ। ਲਾਂਸੈਟ ਦੀ ਸਟਡੀ ਇਸ ਬਾਰੇ ਹੋਰ ਰਿਸਰਚ ਕਰਨ ਦੀ ਜ਼ਰੂਰਤ ਦੱਸਦੀ ਹੈ।
 
ਸਾਫ ਹੈ ਕਿ ਖੁਦਕੁਸ਼ੀਆਂ ਹੁਣ ਮਹਾਮਾਰੀ ਦੀ ਸ਼ਕਲ ਲੈ ਰਹੀਆਂ ਹਨ। ਇਹ ਸਥਿਤੀ ਕਿਸੇ ਵੀ ਸਮਾਜ ਲਈ ਖਤਰਨਾਕ ਹੈ। ਮਹਿਲਾਵਾਂ ਦੀਆਂ ਖੁਦਕੁਸ਼ੀਆਂ ਰੋਕਣ ਦੇ ਮਾਮਲੇ ਵਿੱਚ ਚੀਨ ਦੀ ਪਰਫਾਰਮੈਂਸ ਸ਼ਾਨਦਾਰ ਰਹੀ ਹੈ। ਉੱਥੇ ਸਾਲ 1990 ਤੋਂ 2016 ਵਿਚਕਾਰ ਮਹਿਲਾਵਾਂ ਦੀਆਂ ਖੁਦਕੁਸ਼ੀਆਂ ਵਿੱਚ 70 ਫੀਸਦੀ ਦੀ ਕਮੀ ਆਈ ਹੈ। ਚੀਨ ਨੇ ਇਹ ਕਿਵੇਂ ਕੀਤਾ ਅਤੇ ਕੀ ਉਸ ਅਨੁਭਵ ਨਾਲ ਭਾਰਤ ਵੀ ਸਿੱਖ ਸਕਦਾ ਹੈ, ਇਸ 'ਤੇ ਪੜਤਾਲ ਹੋਣੀ ਚਾਹੀਦੀ ਹੈ।

ਔਰਤਾਂ ਨੂੰ ਘਰ ਅੰਦਰ ਬੰਦ ਰੱਖਣ ਦੀ ਕੋਸ਼ਿਸ਼
ਭਾਰਤੀ ਨੌਜਵਾਨ ਮਹਿਲਾਵਾਂ ਵਿੱਚ ਜ਼ਿਆਦਾ ਖੁਦਕੁਸ਼ੀਆਂ ਦਾ ਇੱਕ ਹੋਰ ਸੰਭਾਵਿਤ ਕਾਰਨ ਇਹ ਹੋ ਸਕਦਾ ਹੈ ਕਿ ਨਵੇਂ ਦੌਰ ਦੇ ਨਾਲ ਮਹਿਲਾਵਾਂ ਅਭਿਲਾਸ਼ੀ ਹੋ ਰਹੀਆਂ ਹਨ, ਪਰ ਪਰਿਵਾਰ ਤੇ ਸਮਾਜ ਦਾ ਪੁਰਾਣਾ ਢਾਂਚਾ ਉਨ੍ਹਾਂ ਦੀਆਂ ਅਭਿਲਾਸ਼ਾਵਾਂ ਦੇ ਰਾਹ 'ਚ ਰੋੜਾ ਬਣ ਰਿਹਾ ਹੈ। ਲਾਂਸੈਟ ਦੀ ਰਿਸਰਚ ਇਸ ਵੱਲ ਵੀ ਇਸ਼ਾਰਾ ਕਰਦੀ ਹੈ। ਭਾਰਤੀ ਮਹਿਲਾਵਾਂ ਦੀ ਵਰਕ ਫੋਰਸ ਵਿੱਚ ਹਿੱਸੇਦਾਰੀ ਲਗਾਤਾਰ ਘਟੀ ਹੈ ਅਤੇ ਪਰਿਵਾਰ ਦੀ ਆਰਥਿਕ ਹੈਸੀਅਤ ਵਧਦੇ ਹੀ ਮਹਿਲਾਵਾਂ ਨੂੰ ਘਰ ਦੇ ਅੰਦਰ ਬੰਦ ਰੱਖਣ ਦੀ ਕੋਸ਼ਿਸ਼ ਹੁੰਦੀ ਹੈ। ਮਹਿਲਾਵਾਂ ਵਿੱਚ ਘੁਟਣ ਦਾ ਇਹ ਵੀ ਇੱਕ ਕਾਰਨ ਹੋ ਸਕਦਾ ਹੈ।  
-ਗੀਤਾ ਯਾਦਵ
ਲੇਖਿਕਾ ਭਾਰਤੀ ਸੂਚਨਾ ਸੇਵਾ ਵਿੱਚ ਅਫਸਰ ਹਨ।

 

Comments

Leave a Reply