Sat,May 25,2019 | 01:17:34pm
HEADLINES:

Social

ਜਾਤੀ ਭੇਦਭਾਵ : ਭੋਜਨ ਬਣਾਉਣ ਤੇ ਖਿਲਾਉਣ ਦੇ ਬਿਜ਼ਨੈੱਸ 'ਚ ਦਲਿਤ ਨਹੀਂ

ਜਾਤੀ ਭੇਦਭਾਵ : ਭੋਜਨ ਬਣਾਉਣ ਤੇ ਖਿਲਾਉਣ ਦੇ ਬਿਜ਼ਨੈੱਸ 'ਚ ਦਲਿਤ ਨਹੀਂ

ਕੁਝ ਸਾਲ ਪਹਿਲਾਂ ਕੈਲਾਸ਼ ਚੰਦਰ ਚੌਹਾਨ ਦੀ ਇੱਕ ਕਹਾਣੀ ਆਈ ਸੀ, 'ਹਾਈਵੇ 'ਤੇ ਸੰਜੀਵ ਦਾ ਢਾਬਾ।' ਇਸ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਦਲਿਤ ਸਮਾਜ ਦਾ ਇੱਕ ਨੌਜਵਾਨ ਪਿੰਡ ਦੇ ਜਾਤੀ ਦੇ ਜਾਲ ਤੋਂ ਦੁਖੀ ਹੋ ਕੇ ਹਾਈਵੇ 'ਤੇ ਢਾਬਾ ਖੋਲਦਾ ਹੈ ਅਤੇ ਸਫਲਤਾਪੂਰਵਕ ਉਸਨੂੰ ਚਲਾਉਂਦਾ ਹੈ। ਉਸਨੇ ਭੋਜਨ ਬਣਾਉਣ ਤੇ ਗਾਹਕਾਂ ਨੂੰ ਭੋਜਨ ਦੇਣ ਦੇ ਕੰਮ 'ਤੇ ਪਿੰਡ ਦੇ ਦਲਿਤਾਂ ਨੂੰ ਰੱਖਿਆ ਹੈ। ਕਹਾਣੀ ਦੱਸਦੀ ਹੈ ਕਿ ਬ੍ਰਾਹਮਣ ਸਮੇਤ ਹਰ ਜਾਤੀ ਦੇ ਲੋਕ ਉਸਦੇ ਢਾਬੇ 'ਤੇ ਭੋਜਨ ਖਾਂਦੇ ਹਨ, ਜਦਕਿ ਪਿੰਡ ਵਿੱਚ ਉਹੀ ਲੋਕ ਸੰਜੀਵ ਦਾ ਛੂਹ ਜਾਣਾ ਵੀ ਪਸੰਦ ਨਹੀਂ ਕਰਦੇ।

ਅਜਿਹੀ ਇੱਕ ਅਸਲ ਘਟਨਾ ਸਪੇਨ ਵਿੱਚ ਹੋਈ ਹੈ। ਇਸਦੀ ਜਾਣਕਾਰੀ ਡਾਕਟਰ ਕੌਸ਼ਲ ਪੰਵਾਰ ਨੇ ਸ਼ੇਅਰ ਕੀਤੀ ਹੈ। ਡਾ. ਕੌਸ਼ਲ ਪੰਵਾਰ ਦਿੱਲੀ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਦੀ ਅਸਿਸਟੈਂਟ ਪ੍ਰੋਫੈਸਰ ਹਨ। ਉਨ੍ਹਾਂ ਨੇ ਭਾਰਤੀ ਧਰਮ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ। ਇਸੇ ਵਿਸ਼ੇ 'ਤੇ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ ਹੈ।

ਉਹ ਦੇਸ਼ ਅਤੇ ਦੁਨੀਆ ਦੀਆਂ ਦਰਜਨਾਂ ਯੂਨੀਵਰਸਿਟੀਆਂ ਵਿੱਚ ਪੇਪਰ ਪੇਸ਼ ਕਰ ਚੁੱਕੇ ਹਨ। ਆਮਿਰ ਖਾਨ ਨੇ ਸੱਤਯਮੇਵ ਜਯਤੇ ਪ੍ਰੋਗਰਾਮ ਵਿੱਚ ਜਦੋਂ ਜਾਤੀਵਾਦ ਦਾ ਮੁੱਦਾ ਚੁੱਕਿਆ ਤਾਂ ਉਨ੍ਹਾਂ ਦੀ ਗੈਸਟ ਡਾ. ਕੌਸ਼ਲ ਪੰਵਾਰ ਸਨ। ਹਾਲ ਹੀ ਵਿੱਚ ਉਨ੍ਹਾਂ ਦੇ ਮਾਂ ਦਾ ਪਰਿਨਿਰਵਾਣ ਹੋਇਆ ਹੈ ਅਤੇ ਉਹ ਇਸ ਸਮੇਂ ਸੋਗ ਵਿੱਚ ਹਨ।

ਪਿਛਲੇ ਦਿਨੀਂ ਉਨ੍ਹਾਂ ਦੀ ਲਿਖੀ ਇੱਕ ਫੇਸਬੁੱਕ ਪੋਸਟ 'ਤੇ ਅਚਾਨਕ ਨਜ਼ਰ ਰੁਕ ਗਈ। ਉਨ੍ਹਾਂ ਲਿਖਿਆ, ''ਵਾਲਮੀਕਿ ਸਮਾਜ ਦਾ ਰੈਸਟੋਰੈਂਟ ਬਾਰਸੀਲੋਨਾ ਸਪੇਨ ਵਿੱਚ। ਝਾੜੂ ਤੋਂ ਉੱਪਰ ਉੱਠ ਕੇ ਜਤਿੰਦਰ (ਬਿੱਲਾ) ਤੇ ਉਨ੍ਹਾਂ ਦੇ ਸਪੈਨਿਸ਼ ਪਤਨੀ ਸਾਰਿਆਂ ਨੂੰ ਭੋਜਨ ਖਿਲਾ ਰਹੇ ਹਨ। ਦੋਵੇਂ ਮਿਲ ਕੇ ਸ਼ਾਨਦਾਰ ਹੋਟਲ ਚਲਾ ਰਹੇ ਹਨ। ਬਹੁਤ-ਬਹੁਤ ਵਧਾਈ। 

ਡਾ. ਪੰਵਾਰ ਅਸਲ ਵਿੱਚ ਸਪੇਨ ਦੇ ਬਾਰਸੀਲੋਨਾ ਵਿਖੇ ਅਬਾਟ ਓਲੀਵਾ ਯੂਨੀਵਰਸਿਟੀ 'ਚ ਧਰਮ ਸ਼ਾਸਤਰਾਂ ਵਿੱਚ ਜਾਤੀ ਵਿਵਸਥਾ ਵਿਸ਼ੇ 'ਤੇ ਭਾਸ਼ਣ ਦੇਣ ਗਏ ਸਨ ਅਤੇ ਖਾਲੀ ਸਮੇਂ ਵਿੱਚ ਉਹ ਜਤਿੰਦਰ ਦੇ ਰੈਸਟੋਰੈਂਟ ਵਿੱਚ ਪਹੁੰਚ ਗਏ। ਇਸ ਰੈਸਟੋਰੈਂਟ ਦਾ ਨਾਂ ਵੇਜ ਵਰਲਡ ਇੰਡੀਆ ਹੈ ਅਤੇ ਇਹ ਬਾਰਸੀਲੋਨਾ ਵਿੱਚ ਇੰਡੀਅਨ ਫੂਡ ਦਾ ਲੋਕਪ੍ਰਿਅ ਸੈਂਟਰ ਹੈ, ਜਿੱਥੇ ਆਉਣ ਵਾਲਿਆਂ ਵਿੱਚ ਵੱਡੀ ਗਿਣਤੀ ਯੂਰੋਪੀਅਨ ਲੋਕਾਂ ਦੀ ਹੈ। ਇਸ ਹੋਟਲ ਦਾ ਮੈਨਯੂ ਬਹੁਤ ਇੰਟਰੇਸਟਿੰਗ ਹੈ ਅਤੇ ਇੱਥੇ ਬੈਠ ਕੇ ਤੁਹਾਨੂੰ ਇਹ ਫੀਲਿੰਗ ਆ ਸਕਦੀ ਹੈ ਕਿ ਤੁਸੀਂ ਦਿੱਲੀ ਜਾਂ ਜੈਪੁਰ ਜਾਂ ਲਖਨਊ ਦੇ ਕਿਸੇ ਰੈਸਟੋਰੈਂਟ ਵਿੱਚ ਬੈਠੇ ਹੋ। ਹਾਲਾਂਕਿ ਇਸਦੀ ਸਜਾਵਟ ਅੰਤਰਰਾਸ਼ਟਰੀ ਪੱਧਰ ਦੀ ਹੈ। ਕੀ ਇਹ ਕੋਈ ਖਾਸ ਗੱਲ ਹੈ ਕਿ ਵਾਲਮੀਕਿ  ਸਮਾਜ ਦਾ ਇੱਕ ਵਿਅਕਤੀ ਦੇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਪੇਨ ਦੇ ਬਾਰਸੀਲੋਨਾ ਵਿੱਚ ਆਪਣਾ ਰੈਸਟੋਰੈਂਟ ਚਲਾ ਰਿਹਾ ਹੈ? ਇਸ ਬਾਰੇ ਚਰਚਾ ਕਿਉਂ ਹੋਣੀ ਚਾਹੀਦੀ ਹੈ? ਆਖਿਰ ਇਸ ਵਿੱਚ ਅਜਿਹਾ ਕੀ ਖਾਸ ਹੈ ਕਿ ਡਾ. ਕੌਸ਼ਲ ਪੰਵਾਰ ਇਸ ਗੱਲ ਦਾ ਅਲੱਗ ਤੋਂ ਜ਼ਿਕਰ ਕਰ ਰਹੇ ਹਨ ਕਿ ਅੱਜ ਆਪਣੇ ਸਮਾਜ ਦੇ ਹੋਟਲ ਵਿੱਚ ਭੋਜਨ ਖਾਧਾ? ਜਾਂ ਕਿ ਜਤਿੰਦਰ ਕਿਸ ਤਰ੍ਹਾਂ ਝਾੜੂ ਤੋਂ ਉੱਪਰ ਉੱਠ ਕੇ ਅੱਜ ਹਜ਼ਾਰਾਂ ਲੋਕਾਂ ਨੂੰ ਭੋਜਨ ਖਿਲਾ ਰਹੇ ਹਨ?

ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕਿੰਨੀ ਖਾਸ ਗੱਲ ਹੈ। ਭਾਰਤ ਵਿੱਚ 2018 ਵਿੱਚ ਵੀ ਅਜਿਹੇ ਈਟਿੰਗ ਪੁਆਇੰਟ ਸ਼ਾਇਦ ਹੀ ਹੋਣਗੇ, ਜਿਨ੍ਹਾਂ ਦਾ ਮਾਲਕ ਦਲਿਤ ਤੇ ਉਸ ਵਿੱਚ ਵੀ ਵਾਲਮੀਕਿ ਸਮਾਜ ਦੇ ਹੋਣ ਅਤੇ ਉਨ੍ਹਾਂ ਨੇ ਇਹ ਗੱਲ ਲੁਕਾਈ ਨਾ ਹੋਵੇ ਅਤੇ ਹਰ ਸਮਾਜ ਦੇ ਲੋਕ ਉੱਥੇ ਭੋਜਨ ਕਰਦੇ ਹੋਣ। ਭੋਜਨ ਬਣਾਉਣ ਅਤੇ ਖਿਲਾਉਣ ਦੇ ਬਿਜ਼ਨੈੱਸ ਵਿੱਚ ਦਲਿਤਾਂ ਦਾ ਹੋਣਾ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ।

ਪਰੰਪਰਾਗਤ ਭਾਰਤੀ ਸਮਾਜ ਵਿਵਸਥਾ ਸ਼ੁੱਧ ਤੇ ਅਸ਼ੁੱਧ ਦੀ ਬਾਈਨਰੀ ਵਿੱਚ ਚੱਲਦੀ ਹੈ। ਕੌਣ ਕਿਸਨੂੰ ਛੂਹ ਸਕਦਾ ਹੈ, ਕੌਣ ਕਿਸਦਾ ਛੋਹਿਆ ਖਾ ਸਕਦਾ ਹੈ, ਕਿਸਦਾ ਦਿੱਤਾ ਹੋਇਆ ਕੱਚਾ ਭੋਜਨ ਸ਼ੁੱਧ ਹੈ ਅਤੇ ਕਿਸਦੇ ਹੱਥ ਦਾ ਬਣਿਆ ਭੋਜਨ ਸ਼ੁੱਧ ਹੈ, ਇਸ ਬਾਰੇ ਉਹ ਬਹੁਤ ਪੱਕੇ ਨਿਯਮ ਹਨ, ਜਿਨ੍ਹਾਂ ਨੂੰ ਧਰਮ ਸ਼ਾਸਤਰਾਂ ਦੀ ਮਾਨਤਾ ਪ੍ਰਾਪਤ ਹੈ।

ਵਾਲਮੀਕਿ ਸਮਾਜ ਨੂੰ ਹਿੰਦੂ ਸਮਾਜ ਦੀ ਜਾਤੀ ਵਿਵਸਥਾ ਵਿੱਚ ਸਭ ਤੋਂ ਹੇਠਲੇ ਦਰਜੇ 'ਤੇ ਰੱਖਿਆ ਗਿਆ ਹੈ ਅਤੇ ਇਸ ਲਈ ਵਾਲਮੀਕਿ ਜਾਤੀ ਦੇ ਕਿਸੇ ਨੌਜਵਾਨ ਦਾ ਰੈਸਟੋਰੈਂਟ ਚਲਾਉਣਾ ਇਸ ਸਮਾਜਿਕ ਵਿਵਸਥਾ ਨੂੰ ਬਹੁਤ ਵੱਡੀ ਚੁਣੌਤੀ ਹੈ। ਦੁਖਦਾਇਕ ਗੱਲ ਹੈ ਕਿ ਅਜਿਹੀ ਚੁਣੌਤੀ ਦੇਣ ਦਾ ਮਾਹੌਲ ਹੁਣ ਤੱਕ ਦੇਸ਼ ਦੇ ਅੰਦਰ ਨਹੀਂ ਬਣ ਸਕਿਆ ਹੈ।

ਦਲਿਤਾਂ ਲਈ ਵਿਦੇਸ਼ ਵਿੱਚ ਰਾਹ ਆਸਾਨ
ਸਵਾਲ ਇਹ ਵੀ ਹੈ ਕਿ ਜਤਿੰਦਰ ਨੇ ਜਿਹੜਾ ਰੈਸਟੋਰੈਂਟ ਬਾਰਸੀਲੋਨਾ ਵਿੱਚ ਖੋਲਿਆ ਹੈ ਅਤੇ ਜਿੱਥੇ ਉਹ ਇੱਕ ਸਫਲ ਉਦਯੋਗਪਤੀ ਹਨ, ਕੀ ਉਹ ਆਪਣੀ ਪਛਾਣ ਦੱਸ ਕੇ ਅਜਿਹਾ ਹੀ ਰੈਸਟੋਰੈਂਟ ਦਿੱਲੀ, ਬੈਂਗਲੁਰੂ, ਮੁੰਬਈ ਜਾਂ ਜੈਪੁਰ ਵਰਗੇ ਕਿਸੇ ਸ਼ਹਿਰ ਵਿੱਚ ਚਲਾ ਸਕਦੇ ਹਨ? 

ਜੇਕਰ ਉਹ ਆਪਣੇ ਪਿੰਡ ਵਿੱਚ ਚਾਹ ਦੀ ਦੁਕਾਨ ਚਲਾਉਣਾ ਚਾਹੁੰਦੇ ਤਾਂ ਕੀ ਹਰ ਜਾਤੀ ਤੇ ਸਮਾਜ ਦੇ ਲੋਕ ਉਨ੍ਹਾਂ ਦੀ ਦੁਕਾਨ ਵਿੱਚ ਚਾਹ ਪੀਣ ਆਉਂਦੇ? ਸ਼ਾਇਦ ਨਹੀਂ। ਇਸ ਲਈ ਤੁਸੀਂ ਦੇਸ਼ ਵਿੱਚ ਲਗਭਗ ਹਰ ਜਾਤੀ ਸਰਨੇਮ ਦਾ ਰੈਸਟੋਰੈਂਟ-ਢਾਬਾ ਦੇਖੋਗੇ। ਸ਼ੁਕਲਾ ਰੈਸਟੋਰੈਂਟ ਤੋਂ ਲੈ ਕੇ ਯਾਦਵ ਰੈਸਟੋਰੈਂਟ-ਢਾਬਾ ਜਾਂ ਤੋਮਰ ਢਾਬਾ, ਪਰ ਤੁਹਾਨੂੰ ਅਨੁਸੂਚਿਤ ਜਾਤੀ ਨਾਲ ਸਬੰਧਤ ਜਾਤਾਂ ਜਿਵੇਂ ਜਾਟਵ ਢਾਬਾ-ਰੈਸਟੋਰੈਂਟ, ਖਟੀਕ ਕੈਂਟੀਨ, ਪਾਸੀ ਰੈਸਟੋਰੈਂਟ ਨਹੀਂ ਮਿਲਣਗੇ। ਇਹੀ ਭਾਰਤੀ ਸਮਾਜ ਦਾ ਕੌੜਾ ਸੱਚ ਹੈ। ਭਾਰਤੀ ਸੰਵਿਧਾਨ ਹਰ ਵਿਅਕਤੀ ਨੂੰ ਆਪਣੀ ਪਸੰਦ ਦਾ ਰੁਜ਼ਗਾਰ ਕਰਨ ਦੀ ਆਜ਼ਾਦੀ ਦਿੰਦਾ ਹੈ, ਪਰ ਭਾਰਤੀ ਸਮਾਜ ਅਜਿਹੀ ਛੋਟ ਦੇਣ ਲਈ ਅੱਜ ਵੀ ਤਿਆਰ ਨਹੀਂ ਹੈ।

ਜਤਿੰਦਰ ਵਰਗੇ ਲੋਕ ਜਦੋਂ ਭਾਰਤ ਵਿੱਚ ਵਾਲਮੀਕਿ ਰੈਸਟੋਰੈਂਟ ਚਲਾਉਣ ਅਤੇ ਹਰ ਜਾਤੀ ਦੇ ਲੋਕ ਆਰਾਮ ਨਾਲ ਉੱਥੇ ਆਉਣ ਤੇ ਭੋਜਨ ਖਾਣ, ਤਾਂ ਹੀ ਸਮਾਜ ਨੂੰ ਆਧੁਨਿਕ ਮੰਨਿਆ ਜਾਵੇਗਾ। ਇਹ ਸਫਰ ਬਹੁਤ ਲੰਮਾ ਹੈ। ਇਸਦੇ ਮੁਕਾਬਲੇ ਜਤਿੰਦਰ ਦਾ ਸਪੇਨ ਪਹੁੰਚਣਾ ਤੇ ਉੱਥੇ ਰੈਸਟੋਰੈਂਟ ਚਲਾਉਣ ਦਾ ਸਫਰ ਆਸਾਨ ਸਾਬਿਤ ਹੋਇਆ। ਇਸ ਲਈ ਜਤਿੰਦਰ ਦਾ ਰੈਸਟੋਰੈਂਟ ਬਾਰਸੀਲੋਨਾ ਵਿੱਚ ਹੈ, ਦਿੱਲੀ ਵਿੱਚ ਨਹੀਂ।

ਪੁਰਾਣੇ ਯੁੱਗ 'ਚ ਜੀਅ ਰਿਹਾ ਹੈ ਸਮਾਜ
ਭਾਰਤ ਨੇ ਸੰਵਿਧਾਨ ਲਾਗੂ ਹੋਣ ਦੇ ਦਿਨ ਤੋਂ ਬੇਸ਼ੱਕ ਛੂਆਛਾਤ ਦਾ ਕਾਨੂੰਨੀ ਤੌਰ 'ਤੇ ਅੰਤ ਕਰ ਦਿੱਤਾ ਹੈ ਅਤੇ ਛੂਆਛਾਤ ਰੋਕਣ ਲਈ ਬੇਸ਼ੱਕ ਦੇਸ਼ ਵਿੱਚ ਸਿਵਿਲ ਰਾਈਟਸ ਐਕਟ ਹੈ, ਪਰ ਐਕਟ ਬਣਾ ਕੇ ਕਿਸੇ ਨੂੰ ਕਿਸੇ ਦੇ ਰੈਸਟੋਰੈਂਟ ਵਿੱਚ ਖਾਣ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਮਨੁੱਖ ਨੂੰ ਮਨੁੱਖ ਦੇ ਬਰਾਬਰ ਸਮਝਣ ਦੀ ਚੇਤਨਾ ਤੇ ਸਮਝਦਾਰੀ ਤਾਂ ਸਮਾਜ ਨੂੰ ਖੁਦ ਵਿਕਸਿਤ ਕਰਨੀ ਹੋਵੇਗੀ।

ਦੁਖਦਾਇਕ ਗੱਲ ਹੈ ਕਿ ਇਹ ਸਮਝਦਾਰੀ ਹੁਣ ਤੱਕ ਵਿਕਸਿਤ ਨਹੀਂ ਹੋਈ ਹੈ। ਭਾਰਤੀ ਸਮਾਜ ਕਈ ਮਾਮਲਿਆਂ ਵਿੱਚ ਪੁਰਾਣੇ ਯੁੱਗ ਵਿੱਚ ਹੀ ਜੀਅ ਰਿਹਾ ਹੈ। ਅਜੇ ਵੀ ਕਈ ਮੰਦਰਾਂ ਦੇ ਦਰਵਾਜੇ ਦਲਿਤਾਂ ਲਈ ਨਹੀਂ ਖੁੱਲੇ ਹਨ। ਕਿਸੇ ਵੀ ਮੰਦਰ ਦਾ ਗਰਭ ਗ੍ਰਹਿ ਦਲਿਤਾਂ ਲਈ ਨਹੀਂ ਖੁੱਲਿਆ ਹੈ। ਕਰਮਕਾਂਡ ਕਰਾਉਣ ਦਾ ਉਨ੍ਹਾਂ ਦਾ ਅਧਿਕਾਰ ਨਹੀਂ ਹੈ। ਵਿਆਹ ਸਮੇਂ ਘੋੜੀ ਚੜ੍ਹਨ 'ਤੇ ਹਿੱਸਾ ਦੀਆਂ ਘਟਨਾਵਾਂ ਹੁਣ ਵੀ ਹੋ ਰਹੀਆਂ ਹਨ।

ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਇੱਕ ਦਲਿਤ ਲਾੜੇ ਨੂੰ ਹੈਲਮੇਟ ਪਾ ਕੇ ਘੋੜੀ 'ਤੇ ਸਵਾਰ ਹੋਣਾ ਪਿਆ ਤਾਂ ਯੂਪੀ ਦੇ ਕਾਸਕੰਜ ਵਿੱਚ ਜਦੋਂ ਇੱਕ ਦਲਿਤ ਨੌਜਵਾਨ ਦੀ ਬਰਾਤ ਘੋੜੀ 'ਤੇ ਨਿੱਕਲੀ ਤਾਂ ਪਿੰਡ ਦੇ ਉੱਚ ਜਾਤੀ ਦੇ ਲੋਕ ਆਪਣੇ ਘਰ ਬੰਦ ਕਰਕੇ ਚਲੇ ਗਏ। ਅਜਿਹੀਆਂ ਘਟਨਾਵਾਂ 'ਤੇ ਰੋਕ ਨਹੀਂ ਲਗ ਸਕੀ ਹੈ, ਕਿਉਂਕਿ ਸਮਾਜ ਅਜਿਹੀ ਸੋਚ ਤੋਂ ਮੁਕਤ ਨਹੀਂ ਹੋ ਪਾ ਰਿਹਾ ਹੈ ਕਿ ਕੁਝ ਲੋਕ ਸ਼ੁੱਧ ਹਨ ਤੇ ਕੁਝ ਅਸ਼ੁੱਧ ਹਨ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply