Wed,Apr 01,2020 | 07:48:24am
HEADLINES:

Social

ਗੁਜਰਾਤ 'ਚ ਦਲਿਤਾਂ ਨਾਲ ਹੁੰਦੀ ਹੈ 98 ਤਰ੍ਹਾਂ ਦੀ ਛੂਆਛਾਤ

ਗੁਜਰਾਤ 'ਚ ਦਲਿਤਾਂ ਨਾਲ ਹੁੰਦੀ ਹੈ 98 ਤਰ੍ਹਾਂ ਦੀ ਛੂਆਛਾਤ

ਇੱਧਰ ਨਿਰਭਯਾ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਤੈਅ ਕੀਤੀ ਗਈ, ਉੱਧਰ ਗੁਜਰਾਤ ਤੋਂ ਨਿਰਭਯਾ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ। ਫਰਕ ਸਿਰਫ ਇੰਨਾ ਹੈ ਕਿ ਗੁਜਰਾਤ ਦੀ ਪੀੜਤ ਲੜਕੀ ਦਲਿਤ ਹੈ। ਉਸਦੇ ਸਮਾਜ ਵਾਲੇ ਗੈਂਗਰੇਪ ਅਤੇ ਹੱਤਿਆ ਦੀ ਇਸ ਘਟਨਾ ਤੋਂ ਬਾਅਦ ਅਹਿਮਦਾਬਾਦ ਸਿਵਲ ਹਸਪਤਾਲ ਦੇ ਬਾਹਰ ਧਰਨੇ 'ਤੇ ਬੈਠੇ। ਉਨ੍ਹਾਂ ਨੇ ਪੁਲਸ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ। ਇਹ ਸਿਰਫ ਔਰਤ ਦੇ ਨਾਲ ਅੱਤਿਆਚਾਰ ਦਾ ਮਾਮਲਾ ਨਹੀਂ, ਦਲਿਤ ਅੱਤਿਆਚਾਰ ਦਾ ਵੀ ਹੈ।

ਉਂਜ ਇਹ ਮਾਮਲਾ ਗੁਜਰਾਤ ਦਾ ਹੈ। ਅਜਿਹਾ ਨਹੀਂ ਹੈ ਕਿ ਪੂਰੇ ਦੇਸ਼ 'ਚ ਦਲਿਤਾਂ 'ਤੇ ਅੱਤਿਆਚਾਰ ਨਹੀਂ ਹੁੰਦੇ, ਪਰ ਜਿਸਨੂੰ ਰਾਜਨੀਤੀ ਦੀ ਪ੍ਰਯੋਗਸ਼ਾਲਾ ਕਿਹਾ ਗਿਆ, ਵਿਕਾਸ ਦਾ ਮਾਡਲ ਦੱਸਿਆ ਗਿਆ, ਉਸ ਗੁਜਰਾਤ 'ਚ ਵੀ ਜੇਕਰ ਦਲਿਤਾਂ 'ਤੇ ਅੱਤਿਆਚਾਰ ਵਧਦੇ ਜਾਣ ਤਾਂ 'ਹਾਈਕਮਾਂਡ' 'ਤੇ ਸਵਾਲ ਤਾਂ ਖੜੇ ਹੁੰਦੇ ਹੀ ਹਨ।

ਗੁਜਰਾਤ 'ਚ ਦਲਿਤ ਅੱਤਿਆਚਾਰ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਪਿਛਲੇ ਸਾਲ ਗੁਜਰਾਤ ਦੇ ਇੱਕ ਆਰਟੀਆਈ ਵਰਕਰ ਕੌਸ਼ਿਕ ਪਰਮਾਰ ਨੇ ਪੁਲਸ ਦੇ ਅਨੁਸੂਚਿਤ ਜਾਤੀ-ਜਨਜਾਤੀ ਸੈੱਲ ਤੋਂ ਇਹ ਜਾਣਕਾਰੀ ਮੰਗੀ ਸੀ ਕਿ ਗੁਜਰਾਤ 'ਚ ਦਲਿਤਾਂ ਦੀ ਕੀ ਸਥਿਤੀ ਹੈ।

ਆਰਟੀਆਈ ਦੇ ਜਵਾਬ 'ਚ ਦੱਸਿਆ ਗਿਆ ਸੀ ਕਿ ਪਿਛਲੇ ਸਾਲ ਅਜਿਹੇ 1545 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ 2001 ਤੋਂ ਬਾਅਦ ਸਭ ਤੋਂ ਜ਼ਿਆਦਾ ਹਨ। ਇਸ 'ਚ ਹੱਤਿਆ ਦੀਆਂ 22, ਬਲਾਤਕਾਰ ਦੀਆਂ 104 ਘਟਨਾਵਾਂ ਸ਼ਾਮਲ ਹਨ। ਇੱਥੇ ਨਵਸਰਜਨ ਟਰੱਸਟ ਤੇ ਦਲਿਤ ਸ਼ਕਤੀ ਕੇਂਦਰ ਚਲਾਉਣ ਵਾਲੇ ਮਾਰਟਿਨ ਮੈਕਵੇਨ ਦੀ ਇੱਕ ਕਿਤਾਬ ਹੈ, 'ਭੇਦ ਭਾਰਤ'।

ਇਸ 'ਚ ਮੈਕਵੇਨ ਕਹਿੰਦੇ ਹਨ ਕਿ ਸੂਬੇ 'ਚ ਦਲਿਤਾਂ ਖਿਲਾਫ 'ਉੱਚ' ਜਾਤਾਂ ਦੇ ਲੋਕ 98 ਤਰ੍ਹਾਂ ਦੀ ਛੂਆਛਾਤ ਕਰਦੇ ਹਨ। ਜਿਵੇਂ ਅਲੱਗ ਭਾਂਡਿਆਂ 'ਚ ਭੋਜਨ ਦੇਣਾ, ਪੀਣ ਦੇ ਪਾਣੀ ਲਈ ਅਲੱਗ ਖੂਹ, ਅਲੱਗ ਸ਼ਮਸ਼ਾਨਘਾਟ, ਬੈਠਣ ਲਈ ਅਲੱਗ ਜਗ੍ਹਾ, ਸਮਾਜਿਕ ਬਾਇਕਾਟ, ਨਵੇਂ ਕੱਪੜੇ ਪਾਉਣ ਨਾ ਦੇਣਾ, ਮੁੱਛਾਂ ਰੱਖਣ ਤੋਂ ਰੋਕਣਾ, ਘੋੜੀ 'ਤੇ ਬੈਠਣ ਤੋਂ ਰੋਕਣਾ, ਨਾਈ ਦਾ ਵਾਲ ਨਾ ਕੱਟਣਾ ਆਦਿ, ਸੂਬੇ ਦੇ 90 ਫੀਸਦੀ ਮੰਦਰਾਂ 'ਚ ਦਲਿਤਾਂ ਦੇ ਦਾਖਲ ਹੋਣ 'ਤੇ ਪਾਬੰਦੀ ਹੈ। 92.3 ਫੀਸਦੀ ਮੰਦਰਾਂ 'ਚ ਉਨ੍ਹਾਂ ਨੂੰ ਪ੍ਰਸਾਦ ਵੀ ਨਹੀਂ ਦਿੱਤਾ ਜਾਂਦਾ।

ਇਹ ਚਿੰਤਾਜਨਕ ਹੈ ਕਿ ਗੁਜਰਾਤ 'ਚ ਦਲਿਤਾਂ-ਆਦੀਵਾਸੀਆਂ 'ਤੇ ਅੱਤਿਆਚਾਰ ਦੇ ਮਾਮਲਿਆਂ 'ਚ ਦੋਸ਼ ਸਾਬਿਤ ਮਤਲਬ ਕਨਵਿਕਸ਼ਨ ਦੀ ਦਰ ਬਹੁਤ ਘੱਟ ਹੈ। ਇਹ ਪੂਰੇ ਦੇਸ਼ 'ਚ ਆਮ ਹੈ ਕਿ ਦਲਿਤਾਂ-ਆਦੀਵਾਸੀਆਂ ਖਿਲਾਫ ਅੱਤਿਆਚਾਰ ਦੇ ਜ਼ਿਆਦਾਤਰ ਮਾਮਲੇ ਆਈਪੀਸੀ ਤਹਿਤ ਦਰਜ ਕੀਤੇ ਜਾਂਦੇ ਹਨ, ਜਦਕਿ ਇਨ੍ਹਾਂ ਲਈ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੋ) ਕਾਨੂੰਨ ਪਹਿਲਾਂ ਤੋਂ ਮੌਜ਼ੂਦ ਹੈ।

ਗੁਜਰਾਤ 'ਚ ਵੀ ਇਹ ਬਹੁਤ ਆਮ ਹੈ। ਮਾਰਟਿਨ ਮੈਕਵੇਨ ਮੁਤਾਬਕ 1995-2007 ਦੌਰਾਨ ਦਲਿਤਾਂ-ਆਦੀਵਾਸੀਆਂ ਨਾਲ ਹੋਣ ਵਾਲੇ ਅੱਤਿਆਚਾਰਾਂ ਦੇ ਸਬੰਧ 'ਚ ਇੱਕ ਤਿਹਾਈ ਤੋਂ ਵੀ ਘੱਟ ਮਾਮਲੇ ਇਸ ਕਾਨੂੰਨ ਤਹਿਤ ਦਰਜ ਕੀਤੇ ਗਏ। ਨੈਸ਼ਨਲ ਕੈਂਪੇਨ ਆਨ ਦਲਿਤ ਹਿਊਮਨ ਰਾਈਟਸ ਦੇ ਪਾਲ ਦਿਵਾਕਰ ਦਾ ਕਹਿਣਾ ਹੈ ਕਿ ਇਹ ਟ੍ਰੈਂਡ ਹੁਣ ਵੀ ਜਾਰੀ ਹੈ।

ਸ਼ਹਿਰਾਂ 'ਚ ਵੀ ਦਲਿਤ ਅੱਤਿਆਚਾਰ ਦੇ ਸੈਕੜੇ ਮਾਮਲੇ ਸੁਣਨ 'ਚ ਆਉਂਦੇ ਹਨ। ਗੁਜਰਾਤ ਦੇ ਹੀ ਅਹਿਮਦਾਬਾਦ ਵਰਗੇ ਸ਼ਹਿਰ 'ਚ ਸਾਲ 2018 'ਚ ਦਲਿਤਾਂ 'ਤੇ ਅੱਤਿਆਚਾਰ ਦੇ ਕੁੱਲ 140 ਮਾਮਲੇ ਸਾਹਮਣੇ ਆਏ। ਇਹ ਪੂਰੇ ਸੂਬੇ 'ਚ ਸਭ ਤੋਂ ਜ਼ਿਆਦਾ ਹਨ। ਅਸਲ 'ਚ ਇਹ ਮਿੱਥ ਕਾਇਮ ਰਹਿੰਦਾ ਹੈ ਕਿ ਸ਼ਹਿਰਾਂ 'ਚ ਤੁਹਾਨੂੰ ਕਿਸੇ ਦੀ ਜਾਤ ਪਤਾ ਨਹੀਂ ਚੱਲਦੀ ਹੈ ਅਤੇ ਮੈਰਿਟ ਆਧਾਰ ਰਹਿੰਦਾ ਹੈ, ਪਰ ਜਾਤੀਗਤ ਭੇਦਭਾਵ ਕਈ ਦੂਜੇ ਢੰਗਾਂ ਨਾਲ ਵੀ ਹੁੰਦੇ ਹਨ।

ਪਿਛਲੇ ਸਾਲ ਪਾਇਲ ਤੜਵੀ ਵਰਗੀ ਆਦੀਵਾਸੀ ਡਾਕਟਰ ਨੇ ਇਸੇ ਭੇਦਭਾਵ ਕਰਕੇ ਖੁਦਕੁਸ਼ੀ ਕੀਤੀ ਸੀ। ਇਹ ਮੁੰਬਈ ਦੀ ਘਟਨਾ ਸੀ। ਇਸ ਤੋਂ ਪਹਿਲਾਂ ਹੈਦਰਾਬਾਦ 'ਚ ਰੋਹਿਤ ਵੇਮੂਲਾ ਨੇ ਵੀ ਇਹੀ ਕੀਤਾ ਸੀ।

ਨਿਊਯਾਰਕ ਦੀ ਕਾਰਨਿਲ ਯੂਨੀਵਰਸਿਟੀ ਨੇ ਇਸੇ ਸਬੰਧ 'ਚ ਇੱਕ ਵਰਕਿੰਗ ਪੇਪਰ ਪਬਲਿਸ਼ ਕੀਤਾ ਹੈ। ਇਸ ਪੇਪਰ ਨੂੰ ਲਿਖਣ ਵਾਲੇ ਨਵੀਨ ਭਾਰਤੀ, ਦੀਪਕ ਮਲਘਨ ਤੇ ਅੰਦਲੀਬ ਰਹਿਮਾਨ ਦਾ ਕਹਿਣਾ ਹੈ ਕਿ ਭਾਰਤ ਦੇ ਮੈਟਰੋਪਾਲੀਟਨ ਸ਼ਹਿਰਾਂ 'ਚ ਵੀ ਜਾਤੀ ਦੇ ਆਧਾਰ 'ਤੇ ਸੇਗ੍ਰੇਗੇਸ਼ਨ ਹੁੰਦਾ ਹੈ। ਦਲਿਤ ਤੇ ਆਦੀਵਾਸੀ ਖਾਸ ਇਲਾਕਿਆਂ 'ਚ ਰਹਿੰਦੇ ਹਨ। ਅਸਲ 'ਚ ਆਧੁਨਿਕੀਕਰਨ, ਵਿਕਾਸ ਤੇ ਉਦਾਰੀਕਰਨ ਨੇ ਜਾਤੀ ਵਿਵਸਥਾ ਨੂੰ ਖਤਮ ਨਹੀਂ ਕੀਤਾ ਹੈ।

ਲੋਕ ਕੰਮ ਤੇ ਪੜ੍ਹਾਈ ਦੇ ਸਿਲਸਿਲੇ 'ਚ ਕਸਬਿਆਂ, ਛੋਟੇ ਸ਼ਹਿਰਾਂ ਤੋਂ ਬਾਹਰ ਨਿਕਲੇ ਹਨ ਤਾਂ ਸ਼ਹਿਰਾਂ 'ਚ ਵੀ ਸਮਾਜਿਕ ਤੇ ਆਰਥਿਕ ਸੱਚ ਨੂੰ ਲੈ ਕੇ ਪਹੁੰਚੇ ਹਨ। ਅਹਿਮਦਾਬਾਦ 'ਚ ਹੀ ਤੁਹਾਨੂੰ ਇਸਦਾ ਉਦਾਹਰਨ ਮਿਲ ਜਾਵੇਗਾ। ਉੱਥੇ ਅਲੱਗ-ਅਲੱਗ ਵਰਗਾਂ ਦੀਆਂ ਰਿਹਾਇਸ਼ੀ ਕਲੋਨੀਆਂ ਹਨ। ਮੁਸਲਮਾਨਾਂ ਲਈ ਜੂਹਾਪੁਰਾ ਹੈ। ਦਲਿਤਾਂ ਲਈ ਆਜ਼ਾਦਨਗਰ ਫਤੇਹਵਾਦੀ। ਉੱਥੇ ਦਲਿਤ ਬਿਲਡਰ ਹੀ ਆਪਣੇ ਸਮਾਜ ਦੇ ਲੋਕਾਂ ਲਈ ਸਸਤੇ ਘਰ ਬਣਾ ਰਹੇ ਹਨ। ਕਿਉਂਕਿ ਦੂਜੇ ਸਮਾਜ ਦੇ ਲੋਕ ਦਲਿਤਾਂ ਨੂੰ ਕਿਰਾਏ 'ਤੇ ਘਰ ਨਹੀਂ ਦਿੰਦੇ, ਇਸ ਲਈ ਉਨ੍ਹਾਂ ਲਈ ਉਨ੍ਹਾਂ ਦੇ ਇਲਾਕੇ ਬਸਾਏ ਗਏ ਹਨ।

ਇਸ ਅੱਤਿਆਚਾਰ ਦਾ ਜਵਾਬ ਦੇਣ ਦਾ ਸਮਾਂ ਆ ਗਿਆ ਹੈ ਅਤੇ ਖੁਦ ਦਲਿਤ ਇਸਦਾ ਜਵਾਬ ਦੇ ਰਹੇ ਹਨ। 2016 'ਚ ਊਨਾ 'ਚ ਜਦੋਂ ਗਊ ਰੱਖਿਅਕਾਂ ਨੇ ਮਰੀ ਗਾਂ ਦਾ ਚਮੜਾ ਉਤਾਰਦੇ ਹੋਏ ਦਲਿਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਤਾਂ ਇਸ ਘਟਨਾ ਤੋਂ ਬਾਅਦ ਪੂਰੇ ਗੁਜਰਾਤ 'ਚ ਦਲਿਤਾਂ ਦਾ ਗੁੱਸਾ ਭੜਕ ਗਿਆ ਸੀ। ਉਹ ਗੱਡੀਆਂ ਭਰ ਕੇ ਮਰੀਆਂ ਹੋਈਆਂ ਗਾਂਵਾ ਲਿਆਏ ਤੇ ਸੜਕਾਂ 'ਤੇ ਸੁੱਟ ਦਿੱਤਾ। ਮਿਊਨਿਸੀਪੈਲਿਟੀ ਦੇ ਫੋਨ 'ਤੇ ਫੋਨ ਆਉਂਦੇ ਰਹੇ ਪਰ ਦਲਿਤਾਂ ਨੇ ਉਨ੍ਹਾਂ ਗਾਂਵਾਂ ਨੂੰ ਹੱਥ ਲਗਾਉਣ ਤੋਂ ਇਨਕਾਰ ਕਰ ਦਿੱਤਾ। ਦਲਿਤ ਅੱਜ ਭਾਰਤੀ ਜਨਤੰਤਰ ਦਾ ਸਭ ਤੋਂ ਊਰਜਾ ਵਾਲਾ ਸਮਾਜ ਹੈ। ਜਨਤੰਤਰ ਦਾ ਅਰਥ ਇਤਿਹਾਸਕ ਅਨਿਆਂ ਤੇ ਗੈਰਬਰਾਬਰੀ ਦਾ ਮੁਕਾਬਲਾ ਵੀ ਹੈ।

ਜੇਲ੍ਹਾਂ 'ਚ ਬੰਦ ਕੁੱਲ ਕੈਦੀਆਂ 'ਚੋਂ 23.4% ਦਲਿਤ
ਗੁਜਰਾਤ 'ਚ ਦਲਿਤਾਂ 'ਤੇ ਹੋਣ ਵਾਲੇ ਜ਼ੁਲਮਾਂ ਤੋਂ ਇਲਾਵਾ ਇੱਕ ਦੂਜੇ ਕਿਸਮ ਦਾ ਅੱਤਿਆਚਾਰ ਵੀ ਉਨ੍ਹਾਂ 'ਤੇ ਹੁੰਦਾ ਹੈ। ਉਨ੍ਹਾਂ ਨੂੰ ਮੁਕੱਦਮਿਆਂ 'ਚ ਫਸਾਇਆ ਜਾਂਦਾ ਹੈ। ਜੇਲ੍ਹਾਂ 'ਚ ਬੰਦ ਕੀਤਾ ਜਾਂਦਾ ਹੈ। ਕਿਤਾਬ 'ਭੇਦ ਭਾਰਤ' ਦੱਸਦੀ ਹੈ ਕਿ ਗੁਜਰਾਤ ਦੀਆਂ ਜੇਲ੍ਹਾਂ 'ਚ ਅੰਡਰ ਟ੍ਰਾਇਲਸ 'ਚ 23.4 ਫੀਸਦੀ ਦਲਿਤ ਹਨ, ਜਦਕਿ ਉਨ੍ਹਾਂ ਦੀ ਆਬਾਦੀ ਸੂਬੇ 'ਚ 6.7 ਫੀਸਦੀ ਹੀ ਹੈ।

ਦਲਿਤ ਮਹਿਲਾਵਾਂ ਨਾਲ ਬਲਾਤਕਾਰ ਦੇ ਮਾਮਲੇ ਵੀ ਬਹੁਤ ਜ਼ਿਆਦਾ ਹਨ। ਸੂਬੇ 'ਚ ਦਲਿਤ ਤੇ ਆਦੀਵਾਸੀ ਮਹਿਲਾਵਾਂ ਦੇ ਨਾਲ ਬਲਾਤਕਾਰ ਦੇ ਮਾਮਲਿਆਂ 'ਚ 7 ਗੁਣਾ ਵਾਧਾ ਹੋਇਆ ਹੈ। 2001 'ਚ ਜਿੱਥੇ ਅਜਿਹੇ 14 ਮਾਮਲੇ ਸਾਹਮਣੇ ਆਏ ਸਨ, 2018 'ਚ 104 ਮਾਮਲੇ ਦਰਜ ਕੀਤੇ ਗਏ। ਸੂਬੇ ਦੇ 11 ਜ਼ਿਲ੍ਹਿਆਂ 'ਚ ਅਜਿਹੇ ਮਾਮਲੇ ਸਭ ਤੋਂ ਵੱਧ ਹਨ, ਜਿਵੇਂ ਰਾਜਕੋਟ, ਜੂਨਾਗੜ੍ਹ, ਬਨਾਸਕਾਂਠਾ, ਮੇਹਸਾਣਾ, ਪਾਟਨ, ਆਣੰਦ, ਗਾਂਧੀਨਗਰ, ਭਾਵਨਗਰ, ਸੁਰਿੰਦਰ ਨਗਰ, ਕੱਛ ਤੇ ਅਹਿਮਦਾਬਾਦ।
-ਮਾਸ਼ਾ
(ਉੱਪਰ ਲਿਖੇ ਵਿਚਾਰ ਲੇਖਕ ਦੇ ਨਿੱਜੀ ਹਨ)

Comments

Leave a Reply