Tue,Jul 16,2019 | 12:36:57pm
HEADLINES:

Social

ਲੜਕੀਆਂ ਨੂੰ ਪੋਸ਼ਣ ਤੇ ਸਨਮਾਨ ਚਾਹੀਦਾ ਹੈ, ਬਾਲ ਵਿਆਹ ਨਹੀਂ

ਲੜਕੀਆਂ ਨੂੰ ਪੋਸ਼ਣ ਤੇ ਸਨਮਾਨ ਚਾਹੀਦਾ ਹੈ, ਬਾਲ ਵਿਆਹ ਨਹੀਂ

ਬਾਲ ਵਿਆਹ ਸਿਰਫ ਲੜਕੀਆਂ ਹੀ ਨਹੀਂ, ਸਗੋਂ ਲੜਕਿਆਂ ਦੇ ਜੀਵਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਬਾਲ ਵਿਆਹ ਕਾਰਨ ਬੱਚੇ ਪੂਰੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਨੂੰ ਹੁਨਰ ਵਿਕਾਸ ਦੇ ਮੌਕੇ ਨਹੀਂ ਮਿਲ ਪਾਉਂਦੇ। ਵਿਆਹ ਤੋਂ ਪੈਦਾ ਹੋਈਆਂ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਆਪਣੇ ਜੀਵਨ ਬਾਰੇ ਸੁਪਨੇ ਦੇਖਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੰਦੀਆਂ ਹਨ।
 
ਇਨ੍ਹਾਂ ਹਾਲਾਤ ਵਿੱਚ ਬੱਚਿਆਂ, ਖਾਸ ਤੌਰ 'ਤੇ ਲੜਕੀਆਂ ਦਾ ਯੌਨ ਸ਼ੋਸ਼ਣ ਵੀ ਹੁੰਦਾ ਹੈ। ਘੱਟ ਉਮਰ ਦੇ ਵਿਆਹ ਦਾ ਨਤੀਜਾ ਹੁੰਦਾ ਹੈ, ਘੱਟ ਉਮਰ ਵਿੱਚ ਗਰਭ ਅਤੇ ਘੱਟ ਉਮਰ ਵਿੱਚ ਗਰਭ ਠਹਿਰਣ ਦਾ ਨਤੀਜਾ ਹੁੰਦਾ ਹੈ ਲੜਕੀ ਦੇ ਮਰਨ ਦਾ ਜ਼ਿਆਦਾ ਖਦਸ਼ਾ, ਬੱਚਿਆਂ ਵਿੱਚ ਕੁਪੋਸ਼ਣ, ਵਿਕਲਾਂਗਤਾ ਤੇ ਬੱਚਾ ਮੌਤ ਦਰ 'ਚ ਵਾਧੇ ਦਾ ਖਦਸ਼ਾ।
 
2016 ਦੇ ਚੌਥੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਬਿਹਾਰ 'ਚ 39.1 ਫੀਸਦੀ ਵਿਆਹ ਕਾਨੂੰਨੀ ਉਮਰ ਤੋਂ ਪਹਿਲਾਂ ਹੀ ਹੋ ਜਾਂਦੇ ਹਨ। ਆਂਧਰ ਪ੍ਰਦੇਸ਼ ਵਿੱਚ 32.6 ਫੀਸਦੀ, ਗੁਜਰਾਤ 'ਚ 24.9 ਫੀਸਦੀ, ਮੱਧ ਪ੍ਰਦੇਸ਼ 'ਚ 30 ਫੀਸਦੀ, ਰਾਜਸਥਾਨ 'ਚ 35.4 ਫੀਸਦੀ, ਪੱਛਮ ਬੰਗਾਲ 'ਚ 40.7 ਫੀਸਦੀ ਤੇ ਪੂਰੇ ਭਾਰਤ 'ਚ 26.8 ਫੀਸਦੀ ਬਾਲ ਵਿਆਹ ਹੁੰਦੇ ਹਨ। ਰੂੜੀਵਾਦੀ, ਜਾਤੀਵਾਦੀ ਤੇ ਲਿੰਗ ਆਧਾਰਤ ਅੱਤਿਆਚਾਰ ਨੂੰ ਸਮਾਜਿਕ, ਸੰਸਕ੍ਰਿਤਕ ਮਾਨਤਾ ਦੇਣ ਵਾਲਾ ਸਮਾਜ ਬੱਚਿਆਂ ਦੇ ਹਿੱਤਾਂ 'ਤੇ ਸੰਵੇਦਨਸ਼ੀਲ ਰਿਹਾ ਹੀ ਨਹੀਂ ਹੈ।
 
ਅੱਜ ਦੀ ਸਥਿਤੀ ਵਿੱਚ ਵੀ ਭਾਰਤ 'ਚ ਕਰੀਬ 35 ਲੱਖ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ। ਬਾਲ ਵਿਆਹ ਤੇ ਮਹਿਲਾਵਾਂ ਦੇ ਨਾਲ ਸ਼ੋਸ਼ਣ ਇਸਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ। ਜਦੋਂ ਤੁਸੀਂ ਬਾਲ ਵਿਆਹ ਦਾ ਸਮਰਥਨ ਕਰਦੇ ਹੋ ਤਾਂ ਤੁਸੀਂ ਇਹ ਵੀ ਸਾਬਿਤ ਕਰਦੇ ਹੋ ਕਿ ਲੱਖਾਂ ਨਵਜਨਮੇ ਬੱਚਿਆਂ ਦੀ ਮੌਤ ਤੁਹਾਡੀ ਸੋਚ ਨੂੰ ਝਿੰਜੋੜਦੀ ਨਹੀਂ ਹੈ। 
 
ਭਾਰਤ ਵਿੱਚ 50.3 ਫੀਸਦੀ ਗਰਭਵਤੀ ਮਹਿਲਾਵਾਂ ਖੂਨ ਦੀ ਕਮੀ ਦੀਆਂ ਸ਼ਿਕਾਰ ਹੁੰਦੀਆਂ ਹਨ। ਕਰੀਬ 70 ਫੀਸਦੀ ਨਾਬਾਲਿਗ ਲੜਕੀਆਂ ਖੂਨ ਦੀ ਕਮੀ ਦੀਆਂ ਸ਼ਿਕਾਰ ਹਨ। ਉਨ੍ਹਾਂ ਨੂੰ ਭੋਜਨ, ਪੋਸ਼ਣ, ਸਿੱਖਿਆ ਤੇ ਸਨਮਾਨ ਚਾਹੀਦਾ ਹੈ, ਬਾਲ ਵਿਆਹ ਨਹੀਂ। ਅਸਲ ਵਿੱਚ ਸਮਾਜ ਲੜਕੀਆਂ ਨੂੰ ਸਿਰਫ ਯੌਨ ਉਪਨਿਵੇਸ਼ ਦੇ ਨਜ਼ਰੀਏ ਤੋਂ ਮਹਿਸੂਸ ਕਰਦਾ ਹੈ, ਤਾਂਕਿ ਉਹ ਆਪਣੇ ਮਰਦਪੁਣੇ ਨੂੰ ਭੋਗ ਸਕੇ। ਚੌਥੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਭਾਰਤ ਵਿੱਚ ਸਿਰਫ 54 ਫੀਸਦੀ ਮਹਿਲਾਵਾਂ ਇਕੱਲਿਆਂ ਬਾਹਰ ਜਾ ਸਕਦੀਆਂ ਹਨ, 50 ਫੀਸਦੀ ਇਕੱਲਿਆਂ ਸਿਹਤ ਕੇਂਦਰ ਜਾ ਸਕਦੀਆਂ ਹਨ, 48 ਫੀਸਦੀ ਹੀ ਸਿਰਫ ਪਿੰਡ ਜਾਂ ਸਮਾਜ ਦੇ ਬਾਹਰ ਜਾ ਸਕਦੀਆਂ ਹਨ।
 
ਇਨ੍ਹਾਂ ਤਿੰਨਾਂ ਸਥਾਨਾਂ 'ਤੇ ਇਕੱਲੇ ਜਾਣ ਦਾ ਅਧਿਕਾਰ ਸਿਰਫ 41 ਫੀਸਦੀ ਮਹਿਲਾਵਾਂ ਨੂੰ ਦਿੱਤਾ ਗਿਆ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਸੀਂ ਅੱਜ ਵੀ ਦਾਸ ਪ੍ਰਥਾ ਵਿੱਚ ਵਿਸ਼ਵਾਸ ਰੱਖਣ ਵਾਲੇ ਸਮਾਜ ਵਿੱਚ ਜੀਅ ਰਹੇ ਹਾਂ, ਜਿਸ ਵਿੱਚ ਮਹਿਲਾਵਾਂ ਦੇ ਚਰਿੱਤਰ ਦਾ ਨਿਰਧਾਰਣ, ਯੌਨਿਕਤਾ ਤੇ ਉਨ੍ਹਾਂ ਦੇ ਦੈਨਿਕ ਵਿਵਹਾਰ 'ਤੇ ਮਰਦ ਦਾ ਕਬਜ਼ਾ ਹੈ। ਇਸ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 31 ਫੀਸਦੀ ਮਹਿਲਾਵਾਂ ਭਾਵਨਾਤਮਕ, ਸਰੀਰਕ ਤੇ ਯੌਨ ਹਿੰਸਾ ਦਾ ਸਾਹਮਣਾ ਕਰਦੀਆਂ ਹਨ।
 
ਜਿਹੜਾ ਸਮਾਜ ਇਹ ਤਰਕ ਦਿੰਦਾ ਹੈ ਕਿ ਘੱਟ ਉਮਰ ਵਿੱਚ ਵਿਆਹ ਨਾਲ ਸਮਾਜ ਦੇ ਨੈਤਿਕ ਪੈਮਾਨੇ ਮਜ਼ਬੂਤ ਹੁੰਦੇ ਹਨ, ਉਸਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕੁਝ ਮਾਮਲਿਆਂ 'ਚ ਵਿਆਹ ਪੁਰਸ਼ਾਂ ਨੂੰ ਔਰਤਾਂ 'ਤੇ ਹਿੰਸਾ ਕਰਨ ਦਾ ਸਮਾਜਿਕ ਅਧਿਕਾਰ ਵੀ ਦੇ ਦਿੰਦਾ ਹੈ। ਸਾਲ 2016 ਦੇ ਅੰਕੜਿਆਂ ਮੁਤਾਬਕ, 100 'ਚੋਂ 29 ਮਹਿਲਾਵਾਂ ਪਤੀ ਵੱਲੋਂ ਸਰੀਰਕ ਜਾਂ ਯੌਨ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਹਨ। 
 
ਬਾਲ ਵਿਆਹ ਇਸ ਹਿੰਸਾ ਦਾ ਵੱਡਾ ਕਾਰਨ ਇਸ ਲਈ ਵੀ ਹੈ ਕਿਉਂਕਿ ਇਹ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਕਰ ਦਿੰਦਾ ਹੈ। ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਜਿਨ੍ਹਾਂ ਮਹਿਲਾਵਾਂ ਨੇ ਬਿਲਕੁਲ ਵੀ ਸਕੂਲੀ ਸਿੱਖਿਆ ਹਾਸਲ ਨਹੀਂ ਕੀਤੀ, ਉਨ੍ਹਾਂ 'ਚੋਂ 38 ਫੀਸਦੀ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਹਨ, ਜਦਕਿ 12 ਸਾਲ ਜਾਂ ਇਸ ਤੋਂ ਘੱਟ ਉਮਰ ਤੱਕ ਦੀ ਸਿੱਖਿਆ ਹਾਸਲ ਕਰਨ ਵਾਲੀਆਂ ਮਹਿਲਾਵਾਂ 'ਚ 12 ਫੀਸਦੀ ਨੇ ਹਿੰਸਾ ਦਾ ਸਾਹਮਣਾ ਕੀਤਾ।
 
ਮਤਲਬ, ਹਿੰਸਾ ਤੋਂ ਮੁਕਤੀ ਲਈ ਸਿੱਖਿਆ ਜ਼ਰੂਰੀ ਹੈ ਤੇ ਬਾਲ ਵਿਆਹ ਬੱਚਿਆਂ ਤੋਂ ਸਿੱਖਿਅਤ ਹੋਣ ਦਾ ਹੱਕ ਖੋਹ ਲੈਂਦਾ ਹੈ। ਅੱਜ ਜਿਨ੍ਹਾਂ ਨੂੰ ਅਸੀਂ ਆਪਣਾ ਨੁਮਾਇੰਦਾ ਚੁਣਦੇ ਹਾਂ ਅਤੇ ਵਿਵਸਥਾ ਬਣਾਉਣ ਦੀ ਜ਼ਿੰਮੇਵਾਰੀ ਦਿੰਦੇ ਹਾਂ, ਉਨ੍ਹਾਂ ਨੂੰ ਇਸ ਗੱਲ 'ਚ ਬਿਲਕੁਲ ਵਿਸ਼ਵਾਸ ਨਹੀਂ ਹੈ ਕਿ ਮਹਿਲਾਵਾਂ ਨੂੰ ਹਿੰਸਾ ਤੋ ਮੁਕਤ ਸਨਮਾਨਜਨਕ ਜ਼ਿੰਦਗੀ ਦਾ ਹੱਕ ਮਿਲਣਾ ਚਾਹੀਦਾ ਹੈ।  
-ਸਚਿਨ ਕੁਮਾਰ

 

Comments

Leave a Reply