Thu,Aug 22,2019 | 09:26:37am
HEADLINES:

Social

'ਆਧੁਨਿਕਤਾ' ਦੇ ਨਾਲ ਹੋਰ ਮਜ਼ਬੂਤ ਹੋ ਗਈ ਜਾਤੀ ਵਿਵਸਥਾ

'ਆਧੁਨਿਕਤਾ' ਦੇ ਨਾਲ ਹੋਰ ਮਜ਼ਬੂਤ ਹੋ ਗਈ ਜਾਤੀ ਵਿਵਸਥਾ

ਆਧੁਨਿਕਤਾ 'ਤੇ ਹੋਣ ਵਾਲੀ ਗੱਲਬਾਤ ਵਿੱਚ ਜਾਤਾਂ ਦੀ ਮਹੱਤਤਾ ਜਾਂ ਇਸ ਨਾਲ ਜੁੜੀ ਸਮੱਸਿਆ ਦੇ ਘੱਟ ਹੋਣ ਦਾ ਹਵਾਲਾ ਆਮ ਤੌਰ 'ਤੇ ਦਿੱਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਹੁਣ ਸਮਾਜਿਕ ਭੇਦਭਾਵ ਪੁਰਾਣੇ ਸਮੇਂ ਦੀ ਗੱਲ ਹੋ ਚੁੱਕਾ ਹੈ, ਪਰ ਕੀ ਜਾਤੀ ਬਣਤਰ ਅਤੇ ਇਸ ਨਾਲ ਜੁੜੇ ਤੱਤ ਸੱਚ ਵਿੱਚ ਇਸ 'ਆਧੁਨਿਕ' ਸਮੇਂ ਵਿੱਚ ਧੁੰਦਲੇ ਹੋ ਰਹੇ ਹਨ?

ਇਹ ਸਵਾਲ ਸਕੂਲ ਵਿੱਚ ਪੜ੍ਹ ਰਹੇ ਕਿਸੇ ਬੱਚੇ ਨੂੰ ਜੇਕਰ ਕੀਤਾ ਜਾਵੇ ਤਾਂ ਪੱਕੇ ਤੌਰ 'ਤੇ ਉਸਦਾ ਜਵਾਬ ਸਕਾਰਾਤਮਕ ਹੋਵੇਗਾ। ਆਖਰ ਉਨ੍ਹਾਂ ਦੇ ਸਕੂਲ ਦੀਆਂ ਕਿਤਾਬਾਂ ਵੀ ਇਹੀ ਦੱਸਦੀਆਂ ਹਨ, ਪਰ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਵੱਡੇ ਹੋਣ ਤੋਂ ਬਾਅਦ ਲੋਕ ਅਲੱਗ-ਅਲੱਗ ਜਾਤਾਂ ਦੇ ਦਾਇਰੇ ਵਿੱਚ ਜਿਉਂਦੇ ਹਨ, ਜਾਤਾਂ ਵਿੱਚ ਵੰਡੇ ਸੰਗਠਨ ਦੇ ਮੈਂਬਰ ਵੀ ਹੋ ਜਾਂਦੇ ਹਨ।

ਮੌਜ਼ੂਦਾ ਸਮਾਜਿਕ ਵਿਵਸਥਾ ਵਿੱਚ ਜਨਮ 'ਤੇ ਆਧਾਰਤ ਹੁੰਦੇ ਹੋਏ ਵੀ ਜਾਤੀ ਆਪਣੇ ਆਪ ਵਿੱਚ ਕੋਈ ਠਹਿਰਿਆ ਹੋਇਆ ਸ਼ਬਦ ਨਹੀਂ ਹੈ। ਇਸਦੀ ਗਤੀਸ਼ੀਲਤਾ ਅਲੱਗ-ਅਲੱਗ ਰੂਪ ਵਿੱਚ ਨਜ਼ਰ ਆਉਂਦੀ ਹੈ। ਜਿਹੜੀਆਂ ਜਾਤਾਂ ਪਰੰਪਰਾ ਦੇ ਤੌਰ 'ਤੇ ਜਾਤੀ ਬਣਤਰ ਵਿੱਚ ਉੱਪਰ ਸਮਝੀਆਂ ਜਾਂਦੀਆਂ ਹਨ ਜਾਂ ਸਮਾਜ ਸ਼ਾਸਤਰੀ ਐੱਮਐੱਨ ਸ਼੍ਰੀਨਿਵਾਸ ਦੇ ਵਿਚਾਰ ਮੁਤਾਬਕ, ਪ੍ਰਭਾਵਸ਼ਾਲੀ ਜਾਤ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ, ਉਹ ਸਮਾਜ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਾਉਣ ਲਈ ਨਵੇਂ-ਨਵੇਂ ਢੰਗ ਅਪਣਾ ਰਹੀਆਂ ਹਨ। 

ਦੋ ਨਵੀਆਂ ਚੀਜ਼ਾਂ ਸਾਫ ਦਿਖਾਈ ਦੇ ਰਹੀਆਂ ਹਨ। ਪਹਿਲੀ, ਇਨ੍ਹਾਂ ਜਾਤਾਂ ਨੇ ਆਪਣੀ-ਆਪਣੀ ਜਾਤ ਦੇ ਨਾਇਕਾਂ ਨੂੰ ਇਤਿਹਾਸ ਦੇ ਪੰਨਿਆਂ 'ਚੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਜਨਮ ਤਾਰੀਖ ਅਤੇ ਦੇਹਾਂਤ ਦੀ ਤਾਰੀਖ ਨੂੰ ਸਮਾਗਮ ਦੇ ਨਾਲ ਮਨਾਉਣ ਲੱਗੇ ਹਨ।

ਇਸਦਾ ਕਾਰਨ ਆਪਣੀ ਜਾਤ ਦੀ ਪਛਾਣ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇਣਾ ਹੈ, ਤਾਂਕਿ ਬਣਤਰ ਵਿੱਚ ਹੇਠਲੇ ਪੱਧਰ 'ਤੇ ਸਮਝੀਆਂ ਜਾਣ ਵਾਲੀਆਂ ਜਾਤਾਂ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਸਮਾਜਿਕ ਅਤੇ ਰਾਜਨੀਤਕ ਜਾਗਰੂਕਤਾ ਵਧਦੀ ਹੈ ਤਾਂ ਵੀ ਉਹ ਇਸ ਤਰ੍ਹਾਂ ਦੇ ਸਮਾਗਮ ਦੇ ਬਹਾਨੇ ਆਪਣੀ ਜਾਤ ਨੂੰ ਹੋਰ ਜ਼ਿਆਦਾ ਮਜ਼ਬੂਤ ਪਛਾਣ ਦੇ ਸਕਣਗੇ।

ਸ਼ਾਇਦ ਇਹ ਹੋ ਵੀ ਰਿਹਾ ਹੈ ਕਿ ਪੱਛੜੀ ਤੇ ਦਲਿਤ ਜਾਤੀਆਂ ਵਿਚਕਾਰ ਜਿਸ ਤਰ੍ਹਾਂ ਨਾਲ ਜਾਗਰੂਕਤਾ ਆ ਰਹੀ ਹੈ, ਉਸੇ ਤਰ੍ਹਾਂ ਨਾਲ ਉੱਚ ਕਹੀਆਂ ਜਾਣ ਵਾਲੀਆਂ ਜਾਤਾਂ ਅਤੇ ਪ੍ਰਭਾਵਸ਼ਾਲੀ ਜਾਤਾਂ ਦੇ ਨਵੇਂ-ਨਵੇਂ ਪ੍ਰਤੀਕ ਸਾਹਮਣੇ ਪ੍ਰਗਟ ਹੋ ਰਹੇ ਹਨ।

ਇਸਦਾ ਸਬੂਤ ਹਿੰਦੀ ਸੂਬਿਆਂ ਵਿੱਚ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ। ਕਰੀਬ ਹਰ ਦਿਨ ਕਿਸੇ ਨਾ ਕਿਸੇ ਜਾਤੇ ਵਿਸ਼ੇਸ਼ ਨਾਲ ਜੁੜੇ ਨਾਇਕ ਦੀ ਖਬਰ ਸਾਨੂੰ ਪੜ੍ਹਨ ਨੂੰ ਮਿਲ ਜਾਂਦੀ ਹੈ। ਜਾਤੀ ਸੰਗਠਨ ਜ਼ਿਆਦਾ ਸਰਗਰਮ ਹੋ ਕੇ ਸਾਹਮਣੇ ਆਉਣ ਲੱਗੇ ਹਨ। 

ਦੂਜੀ ਗੱਲ ਇਹ ਹੈ ਕਿ ਅੱਜ ਕੱਲ ਕਈ ਲੋਕ ਆਪਣੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ 'ਤੇ ਆਪਣੀ ਜਾਤ ਦਾ ਨਾਂ ਲਿਖਵਾ ਰਹੇ ਹਨ। ਪਿੰਡਾਂ-ਮੁਹੱਲਿਆਂ ਤੋਂ ਲੈ ਕੇ ਦਿੱਲੀ ਵਰਗੇ ਮਹਾਨਗਰਾਂ ਦੀਆਂ ਸੜਕਾਂ 'ਤੇ ਦੌੜਨ ਵਾਲੀਆਂ ਗੱਡੀਆਂ 'ਤੇ ਬ੍ਰਾਹਮਣ, ਕਸ਼ੱਤਰੀ, ਜਾਟ, ਗੁਰਜਰ ਆਦਿ ਸ਼ਬਦ ਦੇਖੇ ਜਾ ਸਕਦੇ ਹਨ। ਇਸ ਤੋਂ ਸਾਫ ਹੈ ਕਿ ਜਾਤੀ ਆਧਾਰਤ ਪਛਾਣ ਤੇ 'ਆਧੁਨਿਕਤਾ' ਨਾਲ-ਨਾਲ ਚੱਲ ਰਹੀਆਂ ਹਨ।

ਜਾਤ ਸਾਡੇ ਅੰਦਰ ਘੁਲੀ ਹੋਈ ਹੈ ਅਤੇ ਇੱਕ ਵੱਡੀ ਪਛਾਣ ਦੇ ਰੂਪ ਵਿੱਚ ਹਮੇਸ਼ਾ ਸਭ ਤੋਂ ਅੱਗੇ ਖੜੀ ਰਹਿੰਦੀ ਹੈ। ਮੌਜ਼ੂਦਾ ਸਮੇਂ 'ਚ ਜਾਤੀ ਆਧਾਰਤ ਵਿਵਸਥਾ ਸਮਾਜ 'ਚ ਨਵੇਂ ਰੂਪ ਵਿੱਚ ਜ਼ਿਆਦਾ ਮਜ਼ਬੂਤ ਹੋ ਰਹੀ ਹੈ। ਜੇਕਰ ਜਾਤੀ ਵਿਵਸਥਾ ਨਾਲ ਸਮਾਜ ਵਿੱਚ ਪੈ ਰਹੇ ਮਾੜੇ ਪ੍ਰਭਾਵ ਨੂੰ ਘੱਟ ਜਾਂ ਖਤਮ ਕਰਨਾ ਹੈ ਤਾਂ ਆਉਣ ਵਾਲੀ ਪੀੜ੍ਹੀ ਨਾਲ ਇਸ ਮੁੱਦੇ 'ਤੇ ਖੁੱਲੇ ਦਿਮਾਗ ਨਾਲ ਗੱਲ ਕਰਨੀ ਹੋਵੇਗੀ, ਨਾ ਕਿ ਆਪਣਾ ਮੂੰਹ ਲੁਕਾਉਣਾ ਹੋਵੇਗਾ।

-ਅਨਿਲ ਚਮੜੀਆ

Comments

Leave a Reply