Sat,Sep 19,2020 | 07:11:26am
HEADLINES:

Social

ਜਾਤੀਵਾਦੀ ਨਫਰਤ : ਟੋਟੇ-ਟੋਟੇ ਕਰਕੇ ਮਾਰੇ ਜਾ ਰਹੇ ਨੇ ਪੰਜਾਬ ਦੇ ਦਲਿਤ

ਜਾਤੀਵਾਦੀ ਨਫਰਤ : ਟੋਟੇ-ਟੋਟੇ ਕਰਕੇ ਮਾਰੇ ਜਾ ਰਹੇ ਨੇ ਪੰਜਾਬ ਦੇ ਦਲਿਤ

ਦੇਸ਼ ਦੇ ਦੂਜੇ ਸੂਬਿਆਂ 'ਚ ਜਦੋਂ ਪੰਜਾਬ ਦਾ ਜ਼ਿਕਰ ਹੁੰਦਾ ਹੈ ਤਾਂ ਉਸਨੂੰ 'ਸੋਹਣਾ ਪੰਜਾਬ, 'ਹੱਸਦਾ-ਨੱਚਦਾ ਪੰਜਾਬ' ਤੇ 'ਖੁਸ਼ਹਾਲ ਪੰਜਾਬ' ਵਰਗੇ ਵਿਸ਼ੇਸ਼ਣਾਂ ਨਾਲ ਨਵਾਜ਼ਿਆ ਜਾਂਦਾ ਹੈ, ਪਰ ਜਦੋਂ ਅਸੀਂ ਇਸ ਦੀਆਂ ਸਮਾਜਿਕ ਜੜ੍ਹਾਂ ਵਿੱਚ ਜਾਂਦੇ ਹਾਂ ਤਾਂ ਇੱਕ ਹੋਰ ਤਸਵੀਰ ਵੀ ਸਾਹਮਣੇ ਆਉਂਦੀ ਹੈ। 'ਸੋਹਣੇ ਪੰਜਾਬ' ਨੂੰ ਜਾਤੀਵਾਦ ਦਾ ਦਾਗ ਲੱਗਾ ਦਿਖਾਈ ਦਿੰਦਾ ਹੈ, 'ਹੱਸਦੇ-ਨੱਚਦੇ' ਪੰਜਾਬ 'ਚ ਜ਼ੁਲਮ ਸਹਿੰਦੇ ਦਲਿਤਾਂ ਦੀਆਂ ਚੀਖਾਂ ਸੁਣਾਈ ਦਿੰਦੀਆਂ ਹਨ, 'ਖੁਸ਼ਹਾਲ ਪੰਜਾਬ' ਵਿੱਚ ਦੱਬੇ-ਕੁਚਲੇ ਵਰਗਾਂ ਦੀ ਬਦਹਾਲੀ ਨਜ਼ਰ ਆਉਂਦੀ ਹੈ।

ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਵਾਂਗ ਪੰਜਾਬ ਨੂੰ ਵੀ ਜਾਤੀਵਾਦ ਦਾ ਘੁਣ ਖਾ ਰਿਹਾ ਹੈ। ਇਸੇ ਜਾਤੀਵਾਦੀ ਵਿਵਸਥਾ ਕਾਰਨ ਇੱਥੇ ਦਾ ਦੱਬਿਆ-ਕੁਚਲਿਆ ਸਮਾਜ (ਦਲਿਤ) ਜ਼ੁਲਮ, ਨਫਰਤ ਤੇ ਗੈਰਬਰਾਬਰੀ ਦੀ ਅੱਗ ਵਿੱਚ ਸੜ ਰਿਹਾ ਹੈ। ਆਪਣੀ ਵੱਡੀ ਆਬਾਦੀ (ਕਰੀਬ 35 ਫੀਸਦੀ) ਦੇ ਬਾਵਜੂਦ ਪੰਜਾਬ ਦੇ ਦਲਿਤ ਰੋਜ਼ਾਨਾ ਜਾਤੀ ਭੇਦਭਾਵ ਤੇ ਅੱਤਿਆਚਾਰਾਂ ਦੇ ਸ਼ਿਕਾਰ ਹੁੰਦੇ ਹਨ।

ਮਾਨਸਾ ਦੇ ਪਿੰਡ ਬੁਰਜ ਝੱਬਰ ਦੇ ਬੰਤ ਸਿੰਘ ਦੇ ਜ਼ਿਮੀਂਦਾਰਾਂ ਵੱਲੋਂ ਹੱਥ-ਪੈਰ ਵੱਢ ਦੇਣਾ, ਅਬੋਹਰ ਵਿੱਚ ਭੀਮ ਟਾਂਕ ਨਾਂ ਦੇ ਦਲਿਤ ਨੌਜਵਾਨ ਦੇ ਹੱਥ-ਪੈਰ ਵੱਢ ਕੇ ਉਸਦੀ ਹੱਤਿਆ ਕਰਨਾ, ਫਿਰੋਜ਼ਪੁਰ ਵਿੱਚ ਖੇਤ 'ਚੋਂ ਛੱਲੀ ਤੋੜਨ 'ਤੇ ਦਲਿਤ ਨੌਜਵਾਨ ਸੁਖਦੇਵ ਨੂੰ ਗੋਲੀ ਮਾਰ ਕੇ ਜਾਨ ਲੈ ਲੈਣਾ, ਲੁਧਿਆਣਾ ਦੇ ਦੋ ਐੱਸਸੀ ਭਰਾਵਾਂ ਹਰਿੰਦਰ ਤੇ ਜਤਿੰਦਰ ਨੂੰ ਫਰਜ਼ੀ ਪੁਲਸ ਐਨਕਾਉਂਟਰ ਵਿੱਚ ਗੋਲੀਆਂ ਮਾਰ ਦੇਣਾ, ਮਾਨਸਾ ਦੇ ਦਲਿਤ ਨੌਜਵਾਨ ਸੁਖਚੈਨ ਦਾ ਕਤਲ ਕਰਕੇ ਉਸਦੀ ਲੱਤ ਵੱਢ ਕੇ ਕਾਤਲਾਂ ਵੱਲੋਂ ਨਾਲ ਲੈ ਜਾਣਾ, ਸ੍ਰੀ ਮੁਕਤਸਰ ਸਾਹਿਬ ਵਿੱਚ ਦਲਿਤ ਨੌਜਵਾਨ ਅਜੈ ਕੁਮਾਰ ਦਾ ਸਿਰ ਕੱਟ ਦੇਣਾ, ਸੰਗਰੂਰ ਦੇ ਜਗਮੇਲ ਸਿੰਘ ਨੂੰ ਤਸ਼ੱਦਦ ਦਿੰਦੇ ਹੋਏ ਉਸਦਾ ਕਤਲ, ਸੰਗਰੂਰ ਜ਼ਿਲ੍ਹੇ ਵਿੱਚ ਹੀ ਜ਼ਮੀਨ ਲਈ ਸੰਘਰਸ਼ ਕਰ ਰਹੇ ਦਲਿਤਾਂ 'ਤੇ ਜਾਨਲੇਵਾ ਹਮਲਾ ਅਤੇ ਬਜ਼ੁਰਗ ਮਹਿਲਾ ਦੀ ਹੱਤਿਆ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਸੂਬੇ ਵਿੱਚ ਦਲਿਤਾਂ ਦੇ ਹਾਲਾਤ ਕੀ ਹਨ। ਇਹ ਖੌਫਨਾਕ ਘਟਨਾਵਾਂ ਉਨ੍ਹਾਂ 'ਤੇ ਹੋਣ ਵਾਲੇ ਜ਼ੁਲਮ ਦੀ ਗਵਾਹੀ ਭਰਦੀਆਂ ਹਨ।

ਇੱਕ ਮੀਡੀਆ ਰਿਪੋਰਟ ਮੁਤਾਬਕ, ਪੰਜਾਬ ਦੇ ਐੱਸਸੀ ਕਮਿਸ਼ਨ ਦਾ ਰਿਕਾਰਡ ਦੱਸਦਾ ਹੈ ਕਿ ਸਾਲ 2007 ਤੋਂ 2016 ਵਿਚਕਾਰ ਪੰਜਾਬ ਵਿੱਚ ਦਲਿਤਾਂ ਖਿਲਾਫ ਅੱਤਿਆਚਾਰਾਂ ਦੀਆਂ 8058 ਘਟਨਾਵਾਂ ਹੋਈਆਂ। ਦਲਿਤਾਂ ਨਾਲ ਭੇਦਭਾਵ ਤੇ ਹੋਰ ਜ਼ਿਆਦਤੀਆਂ ਹੋਣ ਦੀਆਂ ਹੋਰ 5 ਹਜ਼ਾਰ ਤੋਂ ਜ਼ਿਆਦਾ ਘਟਨਾਵਾਂ ਨੂੰ ਅਲੱਗ ਤੌਰ 'ਤੇ ਦਰਜ ਕੀਤਾ ਗਿਆ। ਇਨ੍ਹਾਂ ਘਟਨਾਵਾਂ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਅੱਤਿਆਚਾਰ ਦੀਆਂ ਕਈ ਅਜਿਹੀਆਂ ਘਟਨਾਵਾਂ ਵੀ ਹੋਈਆਂ, ਜੋ ਕਿ ਪੁਲਸ ਤੱਕ ਪਹੁੰਚੀਆਂ ਹੀ ਨਹੀਂ ਜਾਂ ਫਿਰ ਦਬਾਅ ਬਣਾ ਕੇ ਸ਼ਿਕਾਇਤਾਂ ਦਬਾ ਦਿੱਤੀਆਂ ਗਈਆਂ।

ਰਿਕਾਰਡ ਮੁਤਾਬਕ, ਸਾਲ 2004 ਵਿੱਚ ਦਲਿਤਾਂ ਖਿਲਾਫ ਅੱਤਿਆਚਾਰ ਦੇ 236, ਸਾਲ 2005 ਵਿੱਚ 329 ਅਤੇ ਸਾਲ 2006 ਵਿੱਚ 573 ਮਾਮਲੇ ਸਾਹਮਣੇ ਆਏ। ਸਾਲ 2007 ਵਿੱਚ ਦਲਿਤਾਂ 'ਤੇ ਅੱਤਿਆਚਾਰ ਦੇ 473, 2008 ਵਿੱਚ 322, ਸਾਲ 2009 ਵਿੱਚ 517, 2010 ਵਿੱਚ 788, 2011 ਵਿੱਚ 745 ਮਾਮਲੇ ਦਰਜ ਹੋਏ।

2012 ਤੋਂ ਦਲਿਤਾਂ ਖਿਲਾਫ ਜ਼ੁਲਮ ਦੀਆਂ ਘਟਨਾਵਾਂ ਹੋਰ ਵਧ ਗਈਆਂ। 2012 ਵਿੱਚ 1055, 2013 ਵਿੱਚ 1299, 2014 ਵਿੱਚ 1234 ਤੇ ਸਾਲ 2015 ਵਿੱਚ ਦਲਿਤਾਂ 'ਤੇ ਅੱਤਿਆਚਾਰ ਦੀਆਂ 1278 ਘਟਨਾਵਾਂ ਦਰਜ ਹੋਈਆਂ। ਇੱਕ ਅੰਗ੍ਰੇਜ਼ੀ ਅਖਬਾਰ ਦੀ ਖਬਰ ਮੁਤਾਬਕ, ਪੰਜਾਬ ਸਟੇਟ ਸ਼ੈਡਿਊਲਡ ਕਾਸਟਸ ਕਮਿਸ਼ਨ ਦਾ ਡਾਟਾ ਦੱਸਦਾ ਹੈ ਕਿ ਪੰਜਾਬ ਵਿੱਚ ਦਲਿਤਾਂ ਖਿਲਾਫ ਅੱਤਿਆਚਾਰ ਦੀਆਂ ਰੋਜ਼ਾਨਾ 6 ਘਟਨਾਵਾਂ ਹੁੰਦੀਆਂ ਹਨ।

ਇਹ ਮਾਮਲੇ ਉਹ ਹਨ, ਜੋ ਕਿ ਪੰਜਾਬ ਸਟੇਟ ਸ਼ੈਡਿਊਲਡ ਕਾਸਟਸ ਕਮਿਸ਼ਨ ਵੱਲੋਂ ਰਿਕਾਰਡ ਕੀਤੇ ਗਏ ਹਨ। ਕਮਿਸ਼ਨ ਵੱਲੋਂ ਇਕੱਠੇ ਕੀਤੇ ਗਏ ਡਾਟਾ ਮੁਤਾਬਕ, 2004 ਤੋ 2019 ਵਿਚਕਾਰ ਦਲਿਤਾਂ ਖਿਲਾਫ ਅੱਤਿਆਚਾਰ/ ਭੇਦਭਾਵ ਦੀਆਂ ਕਰੀਬ 22,000 ਘਟਨਾਵਾਂ ਹੋਈਆਂ।

ਇਸ ਸਬੰਧ ਵਿੱਚ ਅੰਬੇਡਕਰ ਸੈਂਟਰ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸਾਬਕਾ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਆਪਣੇ ਲੇਖ ਵਿੱਚ ਲਿਖਦੇ ਹਨ ਕਿ ਪੰਜਾਬ ਵਿੱਚ ਜਾਤੀ ਦੀਆਂ ਜੜ੍ਹਾਂ ਧਰਮਾਂ ਤੇ ਹੋਰ ਮਾਨਵਤਾਵਾਦੀ ਲਹਿਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਡੂੰਘੀਆਂ ਅਤੇ ਉਲਝਣਾਂ ਭਰੀਆਂ ਹਨ। ਇਹੀ ਕਾਰਨ ਹੈ ਕਿ ਸੂਬੇ ਦੇ ਪਿੰਡਾਂ ਵਿੱਚ ਜਾਤੀਆਂ ਦੇ ਆਧਾਰ 'ਤੇ ਬਣੇ ਗੁਰਦੁਆਰੇ ਵੱਡੀ ਗਿਣਤੀ ਵਿੱਚ ਦਿਖਾਈ ਦੇਣ ਲੱਗੇ ਹਨ। ਕਈ ਪਿੰਡ ਅਜਿਹੇ ਹਨ, ਜਿੱਥੇ ਜੰਜਘਰ ਜਾਂ ਸ਼ਮਸ਼ਾਨਘਾਟ ਵੀ ਜਾਤੀ ਦੇ ਆਧਾਰ 'ਤੇ ਹਨ। ਇਸ ਤੋਂ ਸਾਫ ਹੈ ਕਿ ਜਾਤੀਵਾਦ ਪੰਜਾਬ ਵਿੱਚ ਮਜ਼ਬੂਤੀ ਨਾਲ ਮੌਜ਼ੂਦ ਹੈ।

ਸੂਬੇ ਦੇ ਪੇਂਡੂ ਖੇਤਰਾਂ ਵਿੱਚ ਦਲਿਤਾਂ ਦੀ ਆਬਾਦੀ 37 ਫੀਸਦੀ ਹੈ, ਜਦਕਿ 40 ਫੀਸਦੀ ਪਿੰਡ ਅਜਿਹੇ ਹਨ, ਜਿੱਥੇ ਦਲਿਤਾਂ ਦੀ ਆਬਾਦੀ 40 ਫੀਸਦੀ ਤੋਂ ਜ਼ਿਆਦਾ ਹੈ। ਦਲਿਤਾਂ ਦੀ ਵੱਡੀ ਆਬਾਦੀ ਦੀ ਜ਼ਿੰਦਗੀ ਗੁਲਾਮਾਂ ਵਰਗੀ ਹੈ। ਇਸਦਾ ਮੁੱਖ ਕਾਰਨ ਮਨੂੰਵਾਦੀ ਵਿਚਾਰਧਾਰਾ ਦਾ ਸਾਡੇ ਸਮਾਜ ਵਿੱਚ ਜੜ੍ਹਾਂ ਜਮਾਉਣਾ ਹੈ।

ਉਹ ਲਿਖਦੇ ਹਨ ਕਿ ਬੀਤੇ ਸਮੇਂ ਦੌਰਾਨ ਦਲਿਤ ਨੌਜਵਾਨਾਂ ਦੇ ਜੋ ਕਤਲ ਹੋਏ, ਬੇਸ਼ੱਕ ਉਹ ਲੁਧਿਆਣਾ ਦੇ ਦੋ ਦਲਿਤ ਭਰਾਵਾਂ ਨੂੰ ਗੋਲੀ ਮਾਰਨ ਦੀ ਘਟਨਾ ਹੋਵੇ ਜਾਂ ਅਬੋਹਰ ਵਿੱਚ ਭੀਮ ਟਾਂਕ ਨੂੰ ਟੋਟੇ-ਟੋਟੇ ਕਰਕੇ ਮਾਰਨਾ ਹੋਵੇ ਜਾਂ ਘਰਾਂਗਨਾ ਵਿੱਚ ਸੁਖਚੈਨ ਸਿੰਘ ਪਾਲੀ ਦੀਆਂ ਲੱਤਾਂ ਵੱਢ ਕੇ ਮਾਰ ਦੇਣ ਦੀ ਦਿਲ ਕੰਬਾ ਦੇਣ ਵਾਲੀ ਘਟਨਾ ਹੋਵੇ, ਇਨ੍ਹਾਂ ਸਾਰੇ ਮਾਮਲਿਆਂ ਵਿੱਚ ਉੱਚ ਜਾਤੀ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਆਪਣੇ ਰਾਜਨੀਤਕ ਪ੍ਰਭਾਵ ਦਾ ਇਸਤੇਮਾਲ ਕਰਕੇ ਇੰਨਾ ਵੱਡਾ ਜ਼ੁਲਮ ਕਰਨ ਦੀ ਹਿੰਮਤ ਕੀਤੀ।

ਪੰਜਾਬ ਦੇ ਦਲਿਤਾਂ ਵਿੱਚ ਅਣਖੀ ਨੌਜਵਾਨਾਂ ਦੀ ਇੱਕ ਪੀੜ੍ਹੀ ਵੀ ਉਭਰ ਕੇ ਸਾਹਮਣੇ ਆਈ ਹੈ। ਬੇਸ਼ੱਕ ਇਹ ਨੌਜਵਾਨ ਆਰਥਿਕ ਤੌਰ 'ਤੇ ਕਮਜ਼ੋਰ ਹਨ, ਪਰ ਉਹ ਉੱਚ ਜਾਤੀਆਂ ਦੀ ਧੌਂਸ ਨੂੰ ਚੁਣੌਤੀ ਦੇਣ ਦਾ ਹੌਸਲਾ ਕਰਕੇ ਬੈਠੇ ਹਨ। ਇਨ੍ਹਾਂ ਸਾਰੀਆਂ ਹੱਤਿਆਵਾਂ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਉੱਚ ਜਾਤੀਆਂ ਦੇ ਲੋਕ ਦਲਿਤ ਨੌਜਵਾਨਾਂ ਦੇ ਪ੍ਰਭਾਵ ਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ।

ਇਹੀ ਕਾਰਨ ਹੈ ਕਿ ਉਨ੍ਹਾਂ ਨੇ ਦਲਿਤ ਨੌਜਵਾਨਾਂ ਨੂੰ ਇੰਨੀ ਬੇਰਹਿਮੀ ਨਾਲ ਟੋਟੇ-ਟੋਟੇ ਕਰਕੇ ਮਾਰਿਆ, ਤਾਂਕਿ ਬਾਕੀਆਂ ਵਿੱਚ ਦਹਿਸ਼ਤ ਫੈਲਾਈ ਜਾ ਸਕੇ। ਦੁੱਖਦਾਇਕ ਪੱਖ ਇਹ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ ਸਦਕਾ ਮਿਲੇ ਰਾਖਵੇਂਕਰਨ ਦੇ ਹੱਕ ਦਾ ਰਾਜਨੀਤਕ ਲਾਭ ਲੈ ਕੇ ਐੱਮਐੱਲਏ, ਐੱਮਪੀ, ਮੰਤਰੀ ਬਣਨ ਵਾਲੇ ਨੇਤਾਵਾਂ ਦੀ ਇਸ ਜ਼ੁਲਮ ਖਿਲਾਫ ਜੋ ਜ਼ੋਰਦਾਰ ਆਵਾਜ਼ ਉੱਠਣੀ ਚਾਹੀਦੀ ਸੀ, ਉਹ ਉੱਠ ਨਹੀਂ ਸਕੀ।

ਦਿਲ ਕੰਬਾ ਦੇਣ ਵਾਲੀਆਂ ਹਨ ਦਲਿਤਾਂ ਦੇ ਕਤਲੇਆਮ ਦੀਆਂ ਘਟਨਾਵਾਂ
ਸਾਲ 2014 ਵਿੱਚ ਲੁਧਿਆਣਾ ਦੇ ਪਿੰਡ ਜਮਾਲਪੁਰ ਵਿੱਚ ਕਬੱਡੀ ਖਿਡਾਰੀ ਦੋ ਦਲਿਤ ਭਰਾਵਾਂ ਹਰਿੰਦਰ (23) ਤੇ ਜਤਿੰਦਰ (25) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਪੁਲਸ 'ਤੇ ਫਰਜ਼ੀ ਐਨਕਾਉਂਟਰ ਕਰਨ ਦਾ ਦੋਸ਼ ਲੱਗਾ। ਇਸ ਹੱਤਿਆ ਕੇਸ ਵਿੱਚ ਉਸ ਸਮੇਂ ਦੀ ਸੱਤਾਧਾਰੀ ਪਾਰਟੀ ਅਕਾਲੀ ਦਲ ਦੇ ਇੱਕ ਆਗੂ 'ਤੇ ਵੀ ਸ਼ਾਮਲ ਹੋਣ ਦੇ ਦੋਸ਼ ਲੱਗੇ। ਇਨ੍ਹਾਂ ਖਿਲਾਫ ਪੁਲਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ। ਫਿਰੋਜ਼ਪੁਰ ਵਿੱਚ ਵੀ ਦਲਿਤ ਖਿਲਾਫ ਬੇਰਹਿਮੀ ਦੀ ਇੱਕ ਭਿਆਨਕ ਘਟਨਾ ਹੋਈ।

ਇੱਥੇ ਦੇ ਪਿੰਡ ਈਸ਼ੇਵਾਲਾ ਦੇ ਰਹਿਣ ਵਾਲੇ ਸੁਖਦੇਵ (18) ਦੀ ਮਈ 2016 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨੌਜਵਾਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਇੱਕ ਖੇਤ |'ਚੋਂ ਛੱਲੀ ਤੋੜ ਲਈ ਸੀ। ਖੇਤ ਦੇ ਮਾਲਕ ਜ਼ਿਮੀਂਦਾਰ ਨੇ ਜਦੋਂ ਉਸਨੂੰ ਅਜਿਹਾ ਕਰਦੇ ਦੇਖਿਆ ਤਾਂ ਉਸਨੇ ਉਸਨੂੰ ਗੋਲੀ ਮਾਰ ਦਿੱਤੀ। ਸੁਖਦੇਵ ਦਲਿਤ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ।

ਸਾਲ 2015 ਦੇ ਦਸੰਬਰ ਮਹੀਨੇ ਵਿੱਚ ਪੰਜਾਬ ਨੂੰ ਹਿਲਾ ਦੇਣ ਵਾਲੀ ਘਟਨਾ ਅਬੋਹਰ ਵਿੱਚ ਹੋਈ। ਇੱਥੇ ਅਕਾਲੀ ਨੇਤਾ ਡੋਡਾ ਦੇ ਫਾਰਮ ਹਾਊਸ ਵਿੱਚ ਦਲਿਤ ਨੌਜਵਾਨ ਭੀਮ ਟਾਂਕ ਦੀ ਹੱਥ-ਪੈਰ ਵੱਢ ਕੇ ਬੇਰਹਿਮੀ ਨਾਲ ਹੱਤਿਆ ਕੀਤੀ ਗਈ। ਭੀਮ ਟਾਂਕ ਪਹਿਲਾਂ ਸ਼ਰਾਬ ਕਾਰੋਬਾਰੀ ਅਕਾਲੀ ਆਗੂ ਦੇ ਕੋਲ ਕੰਮ ਕਰਦਾ ਸੀ, ਪਰ ਬਾਅਦ ਵਿੱਚ ਉਸਨੇ ਇੱਥੇ ਕੰਮ ਕਰਨਾ ਛੱਡ ਦਿੱਤਾ ਸੀ।

ਦੋਸ਼ ਸੀ ਕਿ ਇਸੇ ਰੰਜਿਸ਼ ਵਿੱਚ ਉਸਦਾ ਕਤਲ ਕੀਤਾ ਗਿਆ। ਮਾਨਸਾ ਦੇ ਪਿੰਡ ਘਰਾਂਗਨਾ ਵਿੱਚ ਵੀ ਉੱਚ ਜਾਤੀ ਦੇ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਦਲਿਤ 'ਤੇ ਜ਼ੁਲਮ ਦੀ ਦਿਲ ਕੰਬਾ ਦੇਣ ਵਾਲੀ ਘਟਨਾ ਹੋਈ। 10 ਅਕਤੂਬਰ 2016 ਦੀ ਰਾਤ ਨੂੰ ਦਲਿਤ ਨੌਜਵਾਨ ਸੁਖਚੈਨ ਸਿੰਘ (20) ਨੂੰ ਕਿਡਨੈਪ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ।

ਕੁੱਲ 6 ਦੋਸ਼ੀਆਂ ਵਿੱਚੋਂ 2 ਦੋਸ਼ੀ ਅਕਾਲੀ ਆਗੂਆਂ ਦੇ ਨਜ਼ਦੀਕੀ ਦੱਸੇ ਗਏ, ਜੋ ਕਿ ਸੁਖਚੈਨ ਦੀ ਲੱਤ ਨੂੰ ਵੱਢ ਕੇ ਨਾਲ ਲੈ ਗਏ। ਦੱਸਿਆ ਜਾਂਦਾ ਹੈ ਕਿ ਸ਼ਰਾਬ ਤਸਕਰੀ ਕਰਨ ਵਾਲੇ ਦੋਸ਼ੀਆਂ ਨੂੰ ਸ਼ੱਕ ਸੀ ਕਿ ਸੁਖਚੈਨ ਉਨ੍ਹਾਂ ਦੇ ਗੈਰਕਾਨੂੰਨੀ ਧੰਦੇ ਦੀ ਖਬਰ ਪੁਲਸ ਨੂੰ ਦਿੰਦਾ ਹੈ, ਜਿਸ 'ਤੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਸ੍ਰੀ ਮੁਕਤਸਰ ਸਾਹਿਬ ਦੇ ਦਲਿਤ ਨੌਜਵਾਨ ਅਜੈ (18) ਨਾਲ ਵੀ ਇਸੇ ਤਰ੍ਹਾਂ ਬੇਰਹਿਮੀ ਹੋਈ। 7 ਅਕਤੂਬਰ 2016 ਨੂੰ ਬੂੜਾ ਗੁੱਜਰ ਰੋਡ 'ਤੇ ਉਸਦੀ ਲਾਸ਼ ਮਿਲੀ। ਉਸਦਾ ਸਿਰ ਸਰੀਰ ਤੋਂ ਅਲੱਗ ਕਰ ਦਿੱਤਾ ਗਿਆ ਸੀ ਤੇ ਹੱਥਾਂ ਦੀਆਂ ਉਂਗਲੀਆਂ ਵੀ ਵੱਢੀਆਂ ਹੋਈਆਂ ਸਨ। ਦੋਸ਼ ਹੈ ਕਿ ਇੱਕ ਨੇਤਾ ਦੇ ਕਰੀਬੀ ਕੁਝ ਲੋਕ ਅਜੈ ਨੂੰ ਨਾਜਾਇਜ਼ ਸ਼ਰਾਬ ਵੇਚਣ ਲਈ ਮਜਬੂਰ ਕਰਦੇ ਸਨ। ਅਜੈ ਵੱਲੋਂ ਸ਼ਰਾਬ ਵੇਚਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ।

ਮਾਨਸਾ ਦੇ ਪਿੰਡ ਬੁਰਜ ਝੱਬਰ ਪਿੰਡ ਦੇ ਰਹਿਣ ਵਾਲੇ ਦਲਿਤ ਬੰਤ ਸਿੰਘ ਦੀ ਕਹਾਣੀ ਵੀ ਦਿਲ ਕੰਬਾ ਦੇਣ ਵਾਲੀ ਹੈ। ਸਾਲ 2000 ਵਿੱਚ ਬੰਤ ਸਿੰਘ ਦੀ ਲੜਕੀ ਨਾਲ ਜ਼ਿਮੀਂਦਾਰਾਂ ਵੱਲੋਂ ਜਬਰ ਜਿਨਾਹ ਕੀਤਾ ਗਿਆ ਸੀ। ਬੰਤ ਸਿੰਘ ਨੇ ਆਪਣੀ ਬੇਟੀ ਦੇ ਇਨਸਾਫ ਲਈ ਲੰਮੀ ਲੜਾਈ ਲੜੀ ਤੇ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਈ। ਦੋਸ਼ ਹੈ ਕਿ ਇਸੇ ਰੰਜਿਸ਼ ਵਿੱਚ ਜਨਵਰੀ 2006 ਨੂੰ ਪ੍ਰਭਾਵਸ਼ਾਲੀ ਵਰਗ ਦੇ ਜ਼ਿਮੀਂਦਾਰਾਂ ਨੇ ਉਸ 'ਤੇ ਜਾਨਲੇਵਾ ਹਮਲਾ ਕੀਤਾ ਅਤੇ ਉਸਦੀਆਂ ਦੋਵੇਂ ਬਾਂਹਾਂ ਤੇ ਇੱਕ ਲੱਤ ਵੱਢ ਦਿੱਤੀ।

ਹਮਲਾ ਕਰਨ ਵਾਲੇ ਬੰਤ ਸਿੰਘ ਨੂੰ ਮਰਿਆ ਹੋਇਆ ਸਮਝ ਕੇ ਛੱਡ ਕੇ ਚਲੇ ਗਏ, ਪਰ ਕਿਸੇ ਤਰ੍ਹਾਂ ਬੰਤ ਸਿੰਘ ਦੀ ਜਾਨ ਬਚ ਗਈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲੂਰ ਵਿੱਚ ਪੰਚਾਇਤੀ ਜ਼ਮੀਨ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਲਈ ਲੜਨ ਵਾਲੇ ਦਲਿਤਾਂ 'ਤੇ ਵੀ 5 ਅਕਤੂਬਰ 2016 ਨੂੰ ਜ਼ਿਮੀਂਦਾਰਾਂ ਵੱਲੋਂ ਹਮਲਾ ਕੀਤਾ ਗਿਆ। ਇਸੇ ਦੌਰਾਨ 70 ਸਾਲ ਦੀ ਇੱਕ ਦਲਿਤ ਮਹਿਲਾ ਗੁਰਦੇਵ ਕੌਰ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਪਿੰਡ ਦੇ ਦਲਿਤ ਖੌਫ ਕਾਰਨ ਇੱਥੋਂ ਆਪਣੇ ਘਰ ਛੱਡ ਕੇ ਚਲੇ ਗਏ। ਸੰਗਰੂਰ ਵਿੱਚ ਹੀ ਨਵੰਬਰ 2019 ਨੂੰ ਦਲਿਤ ਮਜਦੂਰ ਜਗਮੇਲ ਸਿੰਘ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੰਜਾਬ ਵਿੱਚ ਦਲਿਤਾਂ 'ਤੇ ਜ਼ੁਲਮ ਦੀਆਂ ਅਜਿਹੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਸਮਾਜਿਕ ਬਾਇਕਾਟ ਦੇ ਮਾਮਲੇ ਦੱਸਦੇ ਹਨ ਕਿ 21ਵੀਂ ਸਦੀ ਵਿੱਚ ਵੀ ਉਨ੍ਹਾਂ ਨੂੰ ਸ਼ੋਸ਼ਣ ਤੋਂ ਮੁਕਤ ਤੇ ਬਰਾਬਰੀ 'ਤੇ ਆਧਾਰਿਤ ਮਾਹੌਲ ਨਹੀਂ ਮਿਲ ਸਕਿਆ ਹੈ।

Comments

Leave a Reply