Sat,Sep 19,2020 | 09:01:11am
HEADLINES:

Social

ਜਾਤੀਵਾਦ ਤੋਂ ਮੁਕਤੀ ਦੀ ਦਿਸ਼ਾ ਵੱਲ ਵਧੇ ਭਾਰਤੀ ਸਮਾਜ

ਜਾਤੀਵਾਦ ਤੋਂ ਮੁਕਤੀ ਦੀ ਦਿਸ਼ਾ ਵੱਲ ਵਧੇ ਭਾਰਤੀ ਸਮਾਜ

ਦੇਸ਼ ਵਿੱਚ ਦਲਿਤਾਂ ਖਿਲਾਫ ਅੱਤਿਆਚਾਰ ਦੀਆਂ ਘਟਨਾਵਾਂ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੇ ਅੰਕੜੇ ਇਸਦੀ ਗਵਾਹੀ ਭਰਦੇ ਹਨ। ਹਾਲਾਂਕਿ ਇਨ੍ਹਾਂ ਘਟਨਾਵਾਂ ਦਾ ਇੱਕ ਸਕਾਰਾਤਮਕ ਪੱਖ ਇਹ ਹੈ ਕਿ ਦਲਿਤ ਹੁਣ ਆਪਣੇ ਖਿਲਾਫ ਹੋਣ ਵਾਲੇ ਜ਼ੁਲਮ ਦੇ ਵਿਰੋਧ ਵਿੱਚ ਆਵਾਜ਼ ਚੁੱਕ ਰਹੇ ਹਨ।

ਹੈਦਰਾਬਾਦ ਦਾ ਰੋਹਿਤ ਵੇਮੂਲਾ ਕਾਂਡ, ਗੁਜਰਾਤ ਦਾ ਊਨਾ ਕਾਂਡ, ਉੱਤਰ ਪ੍ਰਦੇਸ਼ ਦਾ ਸਹਾਰਨਪੁਰ ਕਾਂਡ, ਮਹਾਰਾਸ਼ਟਰ ਦੀ ਵਿਦਿਆਰਥਣ ਡਾ. ਪਾਇਲ ਤੜਵੀ ਖੁਦਕੁਸ਼ੀ ਤੇ ਭੀਮਾ ਕੋਰੇਗਾਓਂ 'ਚ ਦਲਿਤ ਬਹੁਜਨ ਸਮਾਜ 'ਤੇ ਹਮਲਾ ਆਦਿ ਅਜਿਹੇ ਮਾਮਲੇ ਹਨ, ਜਿਨ੍ਹਾਂ ਵਿੱਚ ਦਲਿਤਾਂ ਨੇ ਨਾ ਸਿਰਫ ਸਖਤ ਵਿਰੋਧ ਕੀਤਾ, ਸਗੋਂ ਦੇਸ਼ਭਰ ਵਿੱਚ ਆਪਣੇ ਵੱਡੇ ਅੰਦੋਲਨ ਵੀ ਖੜੇ ਕੀਤੇ। ਆਪਣੇ ਖਿਲਾਫ ਹੋਣ ਵਾਲੇ ਅੱਤਿਆਚਾਰਾਂ ਖਿਲਾਫ ਦਲਿਤ ਪੁਲਸ ਕੋਲ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ, ਹਾਲਾਂਕਿ ਅਜੇ ਵੀ ਕਈ ਮਾਮਲੇ ਅਜਿਹੇ ਹਨ, ਜੋ ਕਿ ਪੁਲਸ ਰਿਕਾਰਡ ਵਿੱਚ ਦਰਜ ਨਹੀਂ ਹੋ ਪਾਉਂਦੇ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੀ 2017 ਦੀ ਰਿਪੋਰਟ ਮੁਤਾਬਕ ਉਸ ਸਾਲ ਦਲਿਤਾਂ 'ਤੇ ਅੱਤਿਆਚਾਰ ਦੇ 43,203 ਮਾਮਲੇ ਦਰਜ ਕੀਤੇ ਗਏ। ਸਾਲ 2016 ਦੇ ਮੁਕਾਬਲੇ ਇਹ 6 ਫੀਸਦੀ ਜ਼ਿਆਦਾ ਸਨ। ਰਾਜਸਥਾਨ, ਮੱਧ ਪ੍ਰਦੇਸ਼ ਤੇ ਬਿਹਾਰ ਵਿੱਚ ਇਹ ਅਪਰਾਧ ਸਭ ਤੋਂ ਜ਼ਿਆਦਾ ਰਿਕਾਰਡ ਕੀਤੇ ਗਏ। 5,775 ਕੇਸਾਂ ਵਿੱਚ ਸਿਰਫ ਐੱਸਸੀ-ਐੱਸਟੀ ਐਕਟ ਲਗਾਇਆ ਗਿਆ, ਜਿਨ੍ਹਾਂ ਵਿੱਚ 55 ਫੀਸਦੀ ਮਾਮਲੇ ਅਜਿਹੇ ਸਨ, ਜਿਹੜੇ ਜਾਤੀਵਾਦੀ ਆਧਾਰ 'ਤੇ ਬੇਇੱਜ਼ਤੀ ਕਰਨ ਦੇ ਮਾਮਲੇ ਸਨ।

ਦਲਿਤਾਂ ਦੇ ਸਮਾਜਿਕ ਬਾਈਕਾਟ ਦੇ 63 ਅਤੇ ਉਨ੍ਹਾਂ ਨੂੰ ਜਨਤਕ ਅਸਥਾਨ ਵਰਤਣ ਤੋਂ ਮਨ੍ਹਾ ਕਰਨ ਦੇ 12 ਮਾਮਲੇ ਦਰਜ ਹੋਏ। ਇਰਾਦਤਨ ਬੇਇੱਜ਼ਤੀ ਕਰਨ ਦੇ ਸਭ ਤੋਂ ਜ਼ਿਆਦਾ ਮਾਮਲੇ ਕਰਨਾਟਕ ਵਿੱਚ ਦਰਜ ਹੋਏ ਅਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ। ਦਲਿਤਾਂ ਤੋਂ ਜ਼ਮੀਨ ਖੋਹਣ ਦੇ 47 ਮਾਮਲੇ ਦਰਜ ਕੀਤੇ ਗਏ। ਦਲਿਤਾਂ ਖਿਲਾਫ ਅਪਰਾਧਾਂ 'ਚ ਵਾਧਾ ਸਭ ਤੋਂ ਜ਼ਿਆਦਾ ਹਰਿਆਣਾ ਤੇ ਮੱਧ ਪ੍ਰਦੇਸ਼ 'ਚ ਹੋਇਆ।

ਸਦੀਆਂ ਤੋਂ ਚੱਲੀ ਆ ਰਹੀ ਜਾਤੀਵਾਦੀ ਵਿਵਸਥਾ ਅੱਜ ਦੇ ਦੌਰ ਵਿੱਚ ਵੀ ਬਣੀ ਹੋਈ ਹੈ। ਇਸਦੇ ਤਹਿਤ ਹੀ ਦਲਿਤਾਂ ਦਾ ਸ਼ੋਸ਼ਣ ਹੋ ਰਿਹਾ ਹੈ। ਜਾਤੀਵਾਦ ਲੋਕਾਂ ਦੇ ਮਨਾਂ ਵਿੱਚ ਇੰਨੀ ਡੂੰਘੀ ਤਰ੍ਹਾਂ ਨਾਲ ਘਰ ਕਰ ਚੁੱਕਾ ਹੈ ਕਿ ਤਥਾਕਥਿਤ ਉੱਚੀਆਂ ਜਾਤਾਂ ਦੇ ਲੋਕ ਆਪਣਾ ਸਮਾਜਿਕ ਦਾਬਾ ਹਰ ਹੀਲੇ ਕਾਇਮ ਰੱਖਣਾ ਚਾਹੁੰਦੇ ਹਨ।

ਰਾਜਸੀ ਆਗੂ ਇਨ੍ਹਾਂ ਸਮਾਜਿਕ ਵੰਡੀਆਂ ਦਾ ਸਿਆਸੀ ਲਾਹਾ ਉਠਾਉਂਦੇ ਹੋਏ ਜ਼ਿਆਦਾ ਵਾਰ ਤਥਾਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਦੇ ਹੱਕ 'ਚ ਭੁਗਤਦੇ ਹਨ, ਕਿਉਂਕਿ ਉਹ ਖੁਦ ਤਥਾਕਥਿਤ ਉੱਚੀਆਂ ਜਾਤਾਂ ਦੀਆਂ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਹਨ।

ਆਪਣੇ ਆਪ ਨੂੰ ਆਧੁਨਿਕ ਅਖਵਾਉਣ ਦੇ ਬਾਵਜੂਦ ਸਾਡਾ ਸਮਾਜ ਜਾਤੀਵਾਦ ਦਾ ਗੰਦ ਆਪਣੇ ਸਿਰ 'ਤੇ ਢੋਹ ਰਿਹਾ ਹੈ। ਜਾਤ-ਪਾਤ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਮਾਨਸਿਕ ਗੰਢਾਂ ਏਨੀਆਂ ਡੂੰਘੀਆਂ ਹਨ ਕਿ ਇਸ ਪ੍ਰਥਾ ਤੋਂ ਛੁਟਕਾਰਾ ਪਾਉਣ ਲਈ ਸਮਾਜ ਨੂੰ ਲੰਮਾ ਚਿਰ ਸੰਘਰਸ਼ ਕਰਨਾ ਪਵੇਗਾ। ਇਸ ਸਬੰਧ 'ਚ ਦਲਿਤ ਬਹੁਜਨ ਸਮਾਜ ਨੂੰ ਹੋਰ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।

ਬੇਸ਼ੱਕ ਜਾਤੀ ਭੇਦਭਾਵ ਖਿਲਾਫ ਸਖਤ ਕਾਨੂੰਨ ਹੈ, ਇਸਦੇ ਬਾਵਜੂਦ ਇਹ ਵਿਤਕਰਾ ਜਾਰੀ ਹੈ। ਇਸ ਸਮੱਸਿਆ ਦੇ ਪੱਕੇ ਹੱਲ ਲਈ ਲੋਕਾਂ ਵਿੱਚ ਆਪਸੀ ਭਾਈਚਾਰਾ ਕਾਇਮ ਕਰਨ ਦੇ ਨਾਲ-ਨਾਲ ਸਰਕਾਰਾਂ ਨੂੰ ਵੀ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ  ਬਹੁਜਨ ਸਮਾਜ ਦੀ ਰਾਜਨੀਤਕ ਧਿਰ ਸੱਤਾ 'ਤੇ ਕਾਬਿਜ਼ ਹੋਵੇ ਤੇ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਸਮਾਜ ਨੂੰ ਇਸ ਤੋਂ ਮੁਕਤੀ ਦਿਵਾਉਣ ਦੀ ਦਿਸ਼ਾ ਵੱਲ ਕਦਮ ਵਧਾਏ।

Comments

Leave a Reply