Wed,Jun 03,2020 | 08:11:04pm
HEADLINES:

Social

ਆਯੂਸ਼ਮਾਨ ਖੁਰਾਣਾ ਦੀ ਫਿਲਮ 'ਆਰਟੀਕਲ 15' ਨਾਲ ਭਾਰਤ ਵਿੱਚ ਜਾਤੀਵਾਦ ਨੂੰ ਕੋਈ ਖ਼ਤਰਾ ਨਹੀਂ

ਆਯੂਸ਼ਮਾਨ ਖੁਰਾਣਾ ਦੀ ਫਿਲਮ 'ਆਰਟੀਕਲ 15' ਨਾਲ ਭਾਰਤ ਵਿੱਚ ਜਾਤੀਵਾਦ ਨੂੰ ਕੋਈ ਖ਼ਤਰਾ ਨਹੀਂ

ਅਨੁਭਵ ਸਿਨਹਾ ਸੰਵੇਦਨਸ਼ੀਲ ਫਿਲਮ ਨਿਰਮਾਤਾ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ 'ਮੁਲਕ' ਵਰਗੀ ਫਿਲਮ ਬਣਾਈ, ਜਿਸਨੂੰ ਫਿਲਮ ਸਮੀਖਿਕਾਂ ਨੇ ਕਾਫੀ ਤਰੀਫ ਕੀਤੀ। ਉਨ੍ਹਾਂ ਦੀ ਅਗਲੀ ਫਿਲਮ ਆਰਟੀਕਲ 15 ਹੈ, ਜੋ 28 ਜੂਨ 2019 ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਤੋਂ ਪਹਿਲਾਂ ਯੂ ਟਿਊਬ 'ਤੇ ਫਿਲਮ ਦਾ ਟੀਜ਼ਰ ਤੇ ਟਰੇਲਰ ਆਇਆ ਹੈ, ਜਿਸਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਫਿਲਮ ਸਮੀਖਿਅਕ ਇੱਕ ਵਾਰ ਫਿਰ ਅਨੁਭਵ ਸਿੰਨਹਾ 'ਤੇ ਖੁਸ਼ ਹਨ। 

ਫਿਲਮ ਦੇਖਣ ਤੋਂ ਪਹਿਲਾਂ ਹੀ ਕੋਈ ਇਸਨੂੰ ਜਾਤੀ ਦੀ ਕਰੂਰਤਾ ਨੂੰ ਉਜਾਗਰ ਕਰਨ ਵਾਲੀ ਫਿਲਮ ਦੱਸ ਰਿਹਾ ਹੈ ਤੇ ਕਿਸੇ ਅਨੁਸਾਰ ਤਾਂ ਇਸਨੇ ਭਾਰਤੀ ਜਾਤੀ ਵਿਵਸਥਾ ਦੀ ਸੱਚਾਈ ਨੂੰ ਸਾਹਮਣੇ ਲਿਆਂਦਾ ਹੈ ਤੇ ਕਿਸੇ ਨੂੰ ਲੱਗਦਾ ਹੈ ਕਿ ਇਹ ਫਿਲਮ ਜਾਤੀ ਭੇਦਭਾਵ ਦਾ ਮੁਕਾਬਲਾ ਕਰਦੀ ਹੈ।

ਇੱਕ ਫਿਲਮ ਸਮੀਖਿਅਕ ਤਾਂ ਇਸਨੂੰ ਜ਼ਰੂਰ ਦੇਖਣ ਜਾਣ ਦੀ ਸਲਾਹ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਦੇਸ਼ ਦੇ ਪੇਂਡੂ ਇਲਾਕਿਆਂ 'ਚ ਸਮਾਜਿਕ ਅਸਮਾਨਤਾ ਨਾਲ ਜਿਨ੍ਹਾਂ ਦਾ ਸਾਹ ਘੁੱਟ ਰਿਹਾ ਹੈ, ਇਹ ਉਨ੍ਹਾਂ ਦੀ ਆਵਾਜ਼ ਹੈ। ਉਂਝ ਤਾਂ ਕਿਸੇ ਫਿਲਮ ਦੀ ਸਮੀਖਿਆ ਫਿਲਮ ਦੇਖਣ ਦੇ ਬਾਅਦ ਹੋਣੀ ਚਾਹੀਦੀ ਹੈ, ਪਰ ਫਿਲਮ ਨੂੰ ਲੈ ਕੇ ਟਰੇਲਰ ਦੇ ਬਾਅਦ ਹੀ ਜਿਸ ਤਰ੍ਹਾਂ ਨਾਲ ਮੀਡੀਆ 'ਚ ਚਰਚਾ ਛਿੜ ਗਈ ਹੈ, ਉਸਨੂੰ ਦੇਖਦੇ ਹੋਏ ਹੀ ਇਹ ਲੇਖ ਬਿਨਾਂ ਫਿਲਮ ਦੇਖੇ ਹੀ ਲਿਖਿਆ ਜਾ ਰਿਹਾ ਹੈ।

ਇਸ ਫਿਲਮ ਦਾ ਅਧਾਰ ਉਹੀ ਟਰੇਲਰ ਹੈ, ਜਿਸਨੂੰ ਦੇਖ ਕੇ ਫਿਲਮ ਦੀਆਂ ਤਾਰੀਫਾਂ ਹੀ ਲਿਖੀਆਂ ਜਾ ਰਹੀਆਂ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਾਤੀ ਵਿਵਸਥਾ ਤੇ ਜਾਤੀ ਭੇਦਭਾਵ ਦੀ ਹੋਂਦ ਨੂੰ ਸਵੀਕਾਰ ਕਰਨਾ ਆਪਣੇ ਆਪ 'ਚ ਇੱਕ ਪ੍ਰਗਤੀਸ਼ੀਲ ਤੇ ਕ੍ਰਾਂਤੀਕਾਰੀ ਗੱਲ ਹੈ, ਕਿਉਂਕਿ ਜਾਤੀ ਦੇ ਜੋ ਸਭ ਤੋਂ ਸ਼ੈਤਾਨ ਸਮਰਥਕ ਹਨ, ਉਹ ਜਾਤੀ 'ਚ ਪੂਰੀ ਤਰ੍ਹਾਂ ਡੁੱਬੇ ਹੋਣ ਦੇ ਬਾਵਜੂਦ ਜਾਤੀ ਦੀ ਗੱਲ ਨਹੀਂ ਕਰਦੇ ਤੇ ਜਾਤੀ ਦੀ ਹੋਂਦ ਤੋਂ ਇਨਕਾਰ ਕਰਦੇ ਹਨ।

ਜਾਤੀ ਨੂੰ ਸਮਾਪਤ ਕਰਨ ਲਈ ਜਾਤੀ ਨੂੰ ਦੇਖਣਾ ਤੇ ਉਸਦੀ ਹੋਂਦ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਨੇ ਐਨੀਹਿਲੇਸ਼ਨ ਆਫ ਕਾਸਟ ਭਾਸ਼ਣ 'ਚ ਲਿਖਿਆ ਸੀ ਕਿ ਜਾਤੀ ਇੱਕ ਅਜਿਹਾ ਰਾਕਸ਼ਕ ਹੈ, ਜਿਸ ਨਾਲ ਤੁਸੀਂ ਚਾਹੋ ਤਾਂ ਜਿਸ ਵੀ ਦਿਸ਼ਾ 'ਚ ਜਾਓ, ਬਚ ਨਹੀਂ ਸਕਦੇ। ਇਸ ਰਾਕਸ਼ਸ਼ ਨੂੰ ਮਾਰੇ ਬਿਨਾਂ ਤੁਸੀਂ ਨਾ ਤਾਂ ਸਿਆਸੀ ਸੁਧਾਰ ਕਰ ਸਕਦੇ ਹੋ ਤੇ ਨਾ ਹੀ ਆਰਥਿਕ ਸੁਧਾਰ।

ਅਨੁਭਵ ਸਿੰਨਹਾ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਮੰਨਿਆ ਕਿ ਜਾਤੀ ਇੱਕ ਸਮੱਸਿਆ ਹੈ ਤੇ ਇਸਨੂੰ ਲੈ ਕੇ ਉਹ ਇੱਕ ਫਿਲਮ ਬਣਾ ਰਹੇ ਹਨ। ਪਰ ਜੇਕਰ ਟਰੇਲਰ ਨੂੰ ਦੇਖ ਕੇ ਅਨੁਮਾਨ ਲਗਾਉਣ ਨੂੰ ਕਿਹਾ ਜਾਵੇ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਫਿਲਮ ਜਾਤੀ ਨਾਲ ਭਿੜਨ ਦੀ ਕੋਸ਼ਿਸ਼ ਨਹੀਂ ਹੈ, ਸਗੋਂ ਇਹ ਜਾਤੀ ਸਬੰਧੀ ਧਾਰਨਾਵਾਂ ਤੇ ਸੋਚ ਨੂੰ ਹੀ ਪੁਸ਼ਟ ਕਰੇਗੀ।

ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਹੈ? ਫਿਲਮ ਦਾ ਟਰੇਲਰ ਸਾਨੂੰ ਦੱਸਦਾ ਹੈ ਕਿ ਇਸ ਫਿਲਮ ਦਾ ਮੁੱਖ ਕਿਰਦਾਰ ਬ੍ਰਾਹਮਣ ਆਈਪੀਐੱਸ ਬਣੇ ਆਯੂਸ਼ਮਾਨ ਖੁਰਾਣਾ ਨੇ ਨਿਭਾਇਆ ਹੈ। ਅਫਸਰ ਦੀ ਜਾਤ ਲੁਕੀ ਵੀ ਹੈ ਤੇ ਜ਼ਾਹਿਰ ਵੀ ਹੈ। ਇਹੀ ਅਫਸਰ ਦਲਿਤਾਂ ਵਿਚਾਲੇ ਮਸੀਹਾ ਵਜੋਂ ਹੈ ਤੇ ਉਨ੍ਹਾਂ ਨੂੰ ਇਸ ਅੱਤਿਆਚਾਰ ਤੋਂ ਮੁਕਤੀ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ। ਯਾਨੀ ਜੋ ਦਲਿਤ ਸੈਂਕੜੇ ਸਾਲਾਂ ਤੋਂ ਜਾਤੀ ਤੋਂ ਮੁਕਤੀ ਦੀ ਆਪਣੀ ਲੜਾਈ ਪਸੀਨਾ ਤੇ ਖੂਨ ਬਹਾ ਕੇ ਲੜ ਰਹੇ ਹਨ ਤੇ ਜਿਨ੍ਹਾਂ ਨੇ ਇਸੇ ਲੜੀ ਤਹਿਤ ਕਈ ਜਿੱਤਾਂ ਵੀ ਦਰਜ ਕੀਤੀਆਂ ਹਨ, ਉਹ ਇਸ ਫਿਲਮ 'ਚ ਇੱਕ ਮਾਸੂਮ ਪ੍ਰਾਣੀ ਹੈ ਤੇ ਉਨ੍ਹਾਂ ਦੀ ਲੜਾਈ ਕੋਈ ਹੋਰ ਲੜ ਰਿਹਾ ਹੈ।

ਉਨ੍ਹਾਂ ਦਾ ਮੁਕਤੀ ਦਾਤਾ ਉਸ ਬ੍ਰਾਹਮਣ ਸਮਾਜ ਤੋਂ ਹੈ, ਜਿਨ੍ਹਾਂ ਦੇ ਬਾਰੇ ਬਾਬਾ ਸਾਹਿਬ ਕੋਲੰਬੀਆ ਯੂਨੀਵਰਸਿਟੀ ਦੇ ਸੋਸ਼ਲਿਓਆਜੀ ਵਿਭਾਗ 'ਚ ਪੇਸ਼ ਕੀਤੇ ਗਏ ਸੈਮੀਨਾਰ ਪੇਪਰ 'ਚ ਲਿਖਿਆ ਸੀ ਕਿ ਜਾਤੀ ਬ੍ਰਾਹਮਣਾਂ ਨੇ ਬਣਾਈ ਹੈ। ਇਹ ਕੁਝ ਅਜਿਹੀ ਗੱਲ ਹੋ ਗਈ, ਜਿਸਨੂੰ ਮੁਹੰਮਦ ਰਫੀ ਤੇ ਗੀਤਾ ਦੱਤ ਨੇ ਗਾਇਆ ਹੈ- ਤੁਮ ਨੇ ਹੀ ਦਰਦ ਦਿਆ ਹੈ, ਤੁਮ ਹੀ ਦਵਾ ਦੇਨਾ।

ਫਿਲਮ ਦਾ ਟਰੇਲਰ ਦੱਸਦਾ ਹੈ ਕਿ ਜਾਤੀਵਾਦ ਪਿੰਡਾਂ 'ਚ ਹੈ। ਗਰੀਬ ਅਸੱਭਿਅਕ ਤੇ ਘੱਟ ਪੜ੍ਹੇ ਲਿਖੇ ਲੋਕ ਹੀ ਜਾਤੀਵਾਦ ਨੂੰ ਮੰਨਦੇ ਹਨ। ਸ਼ਹਿਰਾਂ 'ਚ ਪਲਿਆ ਹੀਰੋ ਪਹਿਲੀ ਵਾਰ ਜਾਤੀ ਨੂੰ ਪਿੰਡ 'ਚ ਜਾ ਕੇ ਦੇਖਦਾ ਹੈ। ਇਸ ਤੋਂ ਪਹਿਲਾਂ ਉਸਨੂੰ ਪਤਾ ਵੀ ਨਹੀਂ ਕਿ ਜਾਤੀ ਕੀ ਹੁੰਦੀ ਹੈ।

ਇਸ ਫਿਲਮ ਦੇ ਸ਼ਹਿਰੀ ਦਰਸ਼ਕਾਂ ਨੂੰ ਇਹ ਜਾਣ ਕੇ ਬਹੁਤ ਵਧੀਆ ਲੱਗੇਗਾ ਕਿ ਜਾਤੀ ਦੀ ਸਮੱਸਿਆ ਉਨ੍ਹਾਂ ਵਿੱਚ ਨਹੀਂ, ਕਿਸੇ ਹੋਰ ਤਰ੍ਹਾਂ ਦੇ ਲੋਕਾਂ ਵਿੱਚ ਹੈ। ਫਿਲਮ 'ਚ ਮੁਕਤੀਦਾਤਾ ਦਾ ਇਹ ਰੋਲ ਸ਼ਹਿਰੀ ਬ੍ਰਾਹਮਣ ਪਾਤਰ ਤੋਂ ਕਰਵਾਇਆ ਗਿਆ ਹੈ। ਫਿਲਮ 'ਚ ਜੋ ਹੀਰੋ ਹੈ, ਉਸਦੀ ਜਾਤੀ ਤਾਂ ਹੈ, ਪਰ ਉਸਨੂੰ ਆਪਣੀ ਜਾਤੀ ਦਾ ਪਤਾ ਨਹੀਂ ਹੈ। ਉਹ ਆਪਣੇ ਜੂਨੀਅਰ ਪੁਲਿਸ ਮੁਲਾਜ਼ਮਾਂ ਨੂੰ ਪੁੱਛਦਾ ਹੈ ਕਿ-ਮੈਂ ਕਿਸ ਜਾਤੀ ਦਾ ਹਾਂ। ਉਦੋਂ ਜਾ ਕੇ ਇੱਕ ਪੁਲਿਸ ਵਾਲਾ ਉਸਨੂੰ ਦੱਸਦਾ ਹੈ ਕਿ ਉਹ ਬ੍ਰਾਹਮਣ ਹੈ। ਉਥੇ ਮੌਜੂਦ ਜਾਟਵ ਪੁਲਿਸ ਵਾਲੇ ਨੂੰ ਪਤਾ ਲੱਗਦਾ ਹੈ ਕਿ ਜਾਟਵ ਹੈ।

ਇਥੋਂ ਤੱਕ ਕੇ ਕਾਯਸਥ ਨੂੰ ਪਤਾ ਹੈ ਕਿ ਉਹ ਕਾਯਸਥ ਹੈ, ਪਰ ਬ੍ਰਾਹਮਣ ਆਈਪੀਐੱਸ ਨੂੰ ਪਤਾ ਨਹੀਂ ਹੈ ਕਿ ਉਹ ਬ੍ਰਾਹਮਣ ਹੈ। ਜਦੋਂਕਿ ਅਸਲ 'ਚ ਜੀਵਨ 'ਚ ਅਜਿਹੇ ਕਿਸੇ ਕਿਰਦਾਰ ਨੂੰ ਕਈ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰ ਜਨਮ ਦੇ ਸੰਯੋਗ ਤੋਂ ਹੀ ਪ੍ਰਾਪਤ ਹੁੰਦੇ ਹਨ।

ਜਾਤੀ ਮੁਕਤੀ ਦੀ ਗੱਲ ਕਰਨਾ (ਕਾਸਟਲੈੱਸਨੈੱਸ) ਜਾਂ ਜਾਤੀ ਨੂੰ ਨਾ ਦੇਖਣਾ (ਕਾਸਟ ਬਲਾਇੰਡ) ਵਰਗੀਆਂ ਸੁਵਿਧਾਵਾਂ ਦਾ ਉਪਭੋਗ ਉੱਚ ਜਾਤੀ ਵਾਲੇ ਹੀ ਕਰ ਸਕਦੇ ਹਨ। ਉਨ੍ਹਾਂ ਦੀ ਜਾਤੀ ਉਨ੍ਹਾਂ ਦੀ ਸਮੱਸਿਆ ਨਹੀਂ ਹੈ, ਸੁਵਿਧਾ ਹੈ। ਇਸ ਲਈ ਜਾਤੀ ਤੋਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ ਤੇ ਉਹ ਜਾਤੀ ਦਾ ਜ਼ਿਕਰ ਕੀਤੇ ਵਗੈਰ ਵੀ ਰਹਿ ਸਕਦੇ ਹਨ, ਕਿਉਂਕਿ ਇਸ ਨਾਲ ਜੁੜੇ ਵਿਸ਼ੇਸ਼ ਅਧਿਕਾਰ ਤੇ ਸੰਸਕ੍ਰਿਤਕ ਤੇ ਸਮਾਜਿਕ ਪੂੰਜੀ ਤਾਂ ਉਨ੍ਹਾਂ ਨੂੰ ਮਿਲਦੀ ਹੀ ਰਹਿੰਦੀ ਹੈ।

ਕੁਲ ਮਿਲਾ ਕੇ ਇਹ ਫਿਲਮ ਉੱਚ ਜਾਤੀ ਦੀ ਸੰਵੇਦਨਾ ਨਾਲ ਬਣਾਈ ਗਈ ਲੱਗਦੀ ਹੈ। ਇਸ 'ਚ ਜਾਤੀ ਦੀ ਸਮੱਸਿਆ ਨੂੰ ਉੱਚ ਜਾਤੀ ਦੇ ਨਜ਼ਰੀਏ ਨਾਲ ਦੇਖਿਆ ਗਿਆ ਹੈ। ਇਸ ਮਾਇਨੇ 'ਚ ਇਹ ਫਿਲਮ ਉੱਚ ਜਾਤੀ ਦੇ ਦਰਸ਼ਕਾਂ ਨੂੰ ਪਸੰਦ ਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਦੇਖ ਕੇ ਵਧੀਆ ਲੱਗੇਗਾ ਕਿ ਉਨ੍ਹਾਂ ਵਿੱਚੋਂ ਹੀ ਇੱਕ ਆਦਮੀ ਦਲਿਤਾਂ ਦਾ ਉਦਾਰਕ ਹੈ। ਪਰ ਇਹ ਫਿਲਮ ਉਨ੍ਹਾਂ ਨੂੰ ਜਾਤੀ ਅਧਾਰਤ ਅੱਤਿਆਚਾਰ ਕਰਨ ਤੋਂ ਰੋਕਣ ਲਈ ਪ੍ਰੇਰਿਤ ਨਹੀਂ ਕਰਦੀ।

-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply