Sat,May 30,2020 | 01:36:07am
HEADLINES:

Social

ਜਾਤੀਵਾਦ ਨੂੰ ਅੰਬੇਡਕਰਵਾਦੀ ਪੀੜ੍ਹੀ ਦੀ ਚੁਣੌਤੀ

ਜਾਤੀਵਾਦ ਨੂੰ ਅੰਬੇਡਕਰਵਾਦੀ ਪੀੜ੍ਹੀ ਦੀ ਚੁਣੌਤੀ

ਜਦੋਂ ਕੰਮਕਾਜੀ ਦਫਤਰਾਂ ਤੇ ਸਿੱਖਿਅਕ ਸੰਸਥਾਨਾਂ 'ਚ ਜਾਤੀ ਅਧਾਰਿਤ ਭੇਦਭਾਵ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸੇ ਸਮੇਂ ਭਾਰਤ ਦੇ ਦਲਿਤ ਨੌਜਵਾਨ ਭੇਦਭਾਵ ਵਾਲੀਆਂ ਪਰੰਪਰਾਵਾਂ ਨੂੰ ਚੁਣੌਤੀ ਵੀ ਦੇ ਰਹੇ ਹਨ। ਪਿਛਲੇ ਸਾਲ ਮਈ ਮਹੀਨੇ 'ਚ ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਦੇ ਧੋਰਾਜੀ ਇਲਾਕੇ 'ਚ ਸਮੂਹਿਕ ਵਿਆਹ ਸਮਾਗਮ 'ਚ 11 ਦਲਿਤ ਲਾੜੇ ਸ਼ਾਮਲ ਸਨ।

ਆਪਣੀ ਬਰਾਤ 'ਚ ਇਹ ਦਲਿਤ ਲੜਕੇ ਘੋੜੀਆਂ 'ਤੇ ਬੈਠੇ ਹੋਏ ਸਨ। ਛੋਟੇ ਪੱਧਰ 'ਤੇ ਹੀ ਸਹੀ, ਪਰ ਇਸ ਖੇਤਰ ਲਈ ਇਹ ਇੱਕ ਮਹੱਤਵਪੂਰਨ ਬਦਲਾਅ ਸੀ, ਕਿਉਂਕਿ ਹੁਣ ਤੱਕ ਇੱਥੇ ਬਰਾਤ 'ਚ ਘੋੜੀਆਂ 'ਤੇ ਬੈਠਣ ਦੀ ਪਰੰਪਰਾ ਸਿਰਫ ਉੱਚ ਜਾਤਾਂ 'ਚ ਹੀ ਸੀ। ਇਹੀ ਕਾਰਨ ਹੈ ਕਿ ਇਸ ਵਿਆਹ ਸਮਾਗਮ ਨੂੰ ਲੈ ਕੇ ਇਲਾਕੇ 'ਚ ਜਾਤੀਗਤ ਤਣਾਅ ਪੈਦਾ ਹੋ ਗਿਆ ਸੀ ਅਤੇ ਇਸ ਆਯੋਜਨ ਦੌਰਾਨ ਪੁਲਸ ਸੁਰੱਖਿਆ ਮੰਗੀ ਗਈ ਸੀ।

ਇਸ ਸਮੂਹਿਕ ਵਿਆਹ ਦੇ ਆਯੋਜਕਾਂ 'ਚ ਸ਼ਾਮਲ ਯੋਗੇਸ਼ ਨੇ ਕਿਹਾ ਕਿ ਦਲਿਤ ਸਮਾਜ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਹੁਣ ਕਿਸੇ ਤਰ੍ਹਾਂ ਦਾ ਭੇਦਭਾਵ ਬਰਦਾਸ਼ਤ ਨਹੀਂ ਕਰੇਗਾ। ਯੋਗੇਸ਼ ਮੁਤਾਬਕ ਧਾਰੋਜੀ ਇਲਾਕੇ ਦੇ ਜ਼ਿਆਦਾਤਰ ਦਲਿਤਾਂ ਨੇ ਚੰਗੀ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਹੁਤ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਇੰਜੀਨਿਅਰਿੰਗ, ਮੈਡੀਕਲ ਤੇ ਲਾਅ ਦੀ ਪੜ੍ਹਾਈ ਕੀਤੀ ਹੈ।

ਭੇਦਭਾਵ ਨੂੰ ਸਮਾਪਤ ਕਰਨ ਦੇ ਸੰਦੇਸ਼ ਦੇ ਨਾਲ ਹੀ ਅਸੀਂ ਸਮੂਹਿਕ ਬਰਾਤ ਕੱਢੀ ਸੀ। ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਪੂਰੇ ਭਾਰਤ 'ਚ ਅਜਿਹੇ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ, ਜਿੱਥੇ ਦਲਿਤ ਸਮਾਜ ਦੇ ਲੋਕ ਹਰ ਸੰਭਵ ਢੰਗ ਨਾਲ ਸਮਾਜ 'ਚ ਆਪਣੇ ਵਜੂਦ ਨੂੰ ਮਜ਼ਬੂਤੀ ਨਾਲ ਰੱਖ ਰਹੇ ਹਨ-ਚਾਹੇ ਉਹ ਘੋੜੀ 'ਤੇ ਚੜ੍ਹਨ ਜਾਂ ਫਿਰ ਮੁੱਛਾਂ ਰੱਖਣ ਵਰਗੀਆਂ ਆਮ ਦਿਖਣ ਵਾਲੀਆਂ ਘਟਨਾਵਾਂ ਹੀ ਕਿਉਂ ਨਾ ਹੋਣ।

ਦਲਿਤਾਂ 'ਚ ਵਧਦੀ ਸਵੈਮਾਣ ਦੀ ਭਾਵਨਾ ਕਰਕੇ ਵੀ ਦਲਿਤ ਤੇ ਉੱਚ ਜਾਤੀ ਵਰਗ ਵਿਚਕਾਰ ਸੰਘਰਸ਼ ਵਧ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚ ਜ਼ਿਆਦਾਤਰ ਲੋਕ ਪੜ੍ਹੇ-ਲਿਖੇ ਹਨ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਉਨ੍ਹਾਂ ਵਿਚਾਰਾਂ ਤੋਂ ਪ੍ਰਭਾਵਿਤ ਹਨ, ਜਿਸ 'ਚ ਉਨ੍ਹਾਂ ਨੇ ਸ਼ੋਸ਼ਿਤ ਸਮਾਜ ਨੂੰ ਸਿੱਖਿਅਤ ਹੋਣ, ਇੱਕਮੁੱਠ ਹੋਣ ਅਤੇ ਸਨਮਾਨਜਨਕ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨ ਦਾ ਸੰਦੇਸ਼ ਦਿੱਤਾ ਸੀ।

ਦਲਿਤ ਅਧਿਕਾਰ ਵਰਕਰ ਤੇ ਲੇਖਕ ਮਾਰਟਿਨ ਮੈਕਵਾਨ ਮੁਤਾਬਕ ਦਲਿਤਾਂ ਦਾ ਸੰਘਰਸ਼ ਇੱਕ ਤਰ੍ਹਾਂ ਨਾਲ ਸ਼ੋਸ਼ਿਤ ਵਰਗ ਦੇ ਲੋਕਾਂ ਵੱਲੋਂ ਮਿਲਣ ਵਾਲੀਆਂ ਚੁਣੌਤੀਆਂ ਦੀ ਸ਼ੁਰੂਆਤ ਵਾਂਗ ਹੈ। ਉਹ ਕਹਿੰਦੇ ਹਨ, ''ਅਜਿਹੇ ਮਾਮਲਿਆਂ ਦੀ ਸੰਖਿਆ ਵਧਦੀ ਜਾਵੇਗੀ, ਕਿਉਂਕਿ ਸਿੱਖਿਅਤ ਦਲਿਤ ਹੁਣ ਆਪਣੇ ਰੁਜ਼ਗਾਰ ਲਈ ਪਿੰਡ ਅਤੇ ਸ਼ਹਿਰ ਦੇ ਅਮੀਰ ਲੋਕਾਂ ਦੇ ਰਹਿਮ 'ਤੇ ਨਹੀਂ ਹਨ। ਉਨ੍ਹਾਂ ਦੀ ਨਿਰਭਰਤਾ ਹੁਣ ਸ਼ਹਿਰੀ ਖੇਤਰਾਂ ਦੇ ਕਿਰਤ ਬਜ਼ਾਰ 'ਤੇ ਟਿਕੀ ਹੈ।''

ਗੁਜਰਾਤ ਦੇ ਲਹੋਰ ਪਿੰਡ ਦੇ ਮੇਹੁਲ ਪਰਮਾਰ ਦਾ ਉਦਾਹਰਨ ਲਓ, ਉਹ ਪਿਛਲੇ ਸਾਲ ਘੋੜੀ 'ਤੇ ਚੜ੍ਹ ਕੇ ਆਪਣੀ ਬਰਾਤ ਲੈ ਕੇ ਗਏ ਸਨ। ਮੇਹੁਲ ਪਿੰਡ 'ਚ ਰਹਿੰਦੇ ਹਨ, ਪਰ ਕੰਮ ਅਹਿਮਦਾਬਾਦ ਸ਼ਹਿਰ 'ਚ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜੇਕਰ ਅਸੀਂ ਲੋਕ ਕਮਾਉਂਦੇ ਹਾਂ ਅਤੇ ਵਿਆਹ 'ਚ ਘੋੜੀ ਦਾ ਖਰਚ ਚੁੱਕ ਸਕਦੇ ਹਾਂ ਤਾਂ ਅਸੀਂ ਕਿਉਂ ਨਹੀਂ ਘੋੜੀ 'ਤੇ ਬੈਠ ਸਕਦੇ?

ਮੇਹੁਲ ਆਪਣੇ ਪਿੰਡ ਦੇ ਦਲਿਤਾਂ 'ਚੋਂ ਪਹਿਲੇ ਅਜਿਹੇ ਦਲਿਤ ਹਨ, ਜੋ ਕਿ ਆਪਣੀ ਬਰਾਤ 'ਚ ਘੋੜੀ 'ਤੇ ਬੈਠ ਸਕੇ। ਅਜਿਹਾ ਹੀ ਇੱਕ ਮਾਮਲਾ ਪਿਛਲੇ ਸਾਲ ਮਈ ਮਹੀਨੇ 'ਚ ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ 'ਚ ਦੇਖਣ ਨੂੰ ਮਿਲਿਆ ਸੀ। 23 ਸਾਲ ਦੇ ਦਲਿਤ ਜਤਿੰਦਰ ਦਾਸ ਨੇ ਉੱਚ ਜਾਤੀ ਦੇ ਲੋਕਾਂ ਦੇ ਨਾਲ ਇੱਕ ਹੀ ਟੇਬਲ 'ਤੇ ਬੈਠ ਕੇ ਭੋਜਨ ਖਾਣ ਦੀ ਹਿੰਮਤ ਦਿਖਾਈ ਸੀ। ਉਨ੍ਹਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਤਿੰਦਰ ਦੀ ਮਾਂ ਅਤੇ ਭੈਣ, ਉਨ੍ਹਾਂ 'ਤੇ ਨਿਰਭਰ ਸਨ।

ਅਜਿਹੇ ਸੰਘਰਸ਼ ਵਧਣ ਦੇ 2 ਵੱਡੇ ਕਾਰਨ ਹੈ, ਦਲਿਤਾਂ 'ਚ ਸਿੱਖਿਆ ਦਾ ਪੱਧਰ ਵਧ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ 'ਚ ਉਨ੍ਹਾਂ ਦਾ ਐਕਸਪੋਜ਼ਰ ਵੀ ਵਧਿਆ ਹੈ। ਭਾਰਤ ਸਰਕਾਰ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ (ਐੱਮਐੱਚਆਰਡੀ) ਦੇ 2016 ਦੇ ਅੰਕੜਿਆਂ ਮੁਤਾਬਕ 2014-15 'ਚ ਪਹਿਲੀ ਤੋਂ 12ਵੀਂ ਕਲਾਸ ਤੱਕ 'ਚ ਰਜਿਸਟ੍ਰੇਸ਼ਨ 'ਚ ਦਲਿਤਾਂ ਦਾ ਅਨੁਪਾਤ ਰਾਸ਼ਟਰੀ ਅਨੁਪਾਤ ਤੋਂ ਜ਼ਿਆਦਾ ਸੀ। ਹਾਲਾਂਕਿ ਉੱਚ ਸਿੱਖਿਆ 'ਚ ਉਹ ਰਾਸ਼ਟਰੀ ਔਸਤ ਤੋਂ ਪਿੱਛੇ ਹਨ। ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਰਾਸ਼ਟਰੀ ਔਸਤ 24.3 ਹੈ, ਜਦਕਿ ਇਹ ਦਲਿਤਾਂ 'ਚ 19.1 ਹੈ।

ਨੈਸ਼ਨਲ ਸੈਂਪਲ ਸਰਵੇ ਆਫਿਸ (ਐੱਨਐੱਸਐੱਸਓ) ਵੱਲੋਂ 2014 'ਚ ਛਾਪੇ ਗਏ 71ਵੇਂ ਰਾਉਂਡ ਦੀ ਪੜਤਾਲ ਦੇ ਮੁਤਾਬਕ 7 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ ਰਾਸ਼ਟਰੀ ਸਾਖਰਤਾ ਦਰ 75.8 ਫੀਸਦੀ ਹੈ, ਜਦਕਿ ਇਸੇ ਵਰਗ 'ਚ ਦਲਿਤ ਵਿਦਿਆਰਥੀਆਂ ਦੀ ਸਾਖਰਤਾ ਦਰ 68.8 ਫੀਸਦੀ ਹੈ। ਇਸ ਸਰਵੇਖਣ ਦਾ ਜ਼ਿਕਰ ਕਰਦੇ ਹੋਏ ਲੇਖਕ ਮਾਰਟਿਨ ਮੈਕਵਾਨ ਕਹਿੰਦੇ ਹਨ ਕਿ ਹਾਸ਼ੀਏ ਦੇ ਦੂਜੇ ਵਰਗਾਂ ਦੇ ਮੁਕਾਬਲੇ ਦਲਿਤਾਂ 'ਚ ਸਾਖਰਤਾ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ। ਇਸੇ ਕਰਕੇ ਉਹ ਜਾਤੀਵਾਦੀ ਪਰੰਪਰਾਵਾਂ ਨੂੰ ਚੁਣੌਤੀ ਦੇ ਰਹੇ ਹਨ।

ਅੱਤਿਆਚਾਰ ਦੇ ਮਾਮਲੇ ਵੀ ਵਧਣਗੇ
ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਦਲਿਤਾਂ 'ਤੇ ਅੱਤਿਆਚਾਰ ਦੇ ਮਾਮਲਿਆਂ ਦੀ ਗਿਣਤੀ ਵੀ ਵਧੇਗੀ। ਲੇਖਕ ਮਾਰਟਿਨ ਮੈਕਵਾਨ ਕਹਿੰਦੇ ਹਨ ਕਿ ਦਲਿਤਾਂ ਦਾ ਇੱਕ ਵੱਡਾ ਵਰਗ ਅਜੇ ਵੀ ਸਿੱਖਿਆ ਤੋਂ ਵਾਂਝਾ ਹੈ। ਕੁਝ ਰਾਜਨੀਤਕ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅਜਿਹੀਆਂ ਘਟਨਾਵਾਂ ਦਾ ਇਸਤੇਮਾਲ ਸਿਰਫ ਰਾਜਨੀਤਕ ਲਾਭ ਲਈ ਕੀਤਾ ਜਾਂਦਾ ਹੈ।

ਜਦੋਂ ਤੱਕ ਦਲਿਤਾਂ ਦਾ ਸੰਘਰਸ਼ ਵੱਡਾ ਅੰਦੋਲਨ ਨਹੀਂ ਬਣੇਗਾ, ਉਦੋਂ ਤੱਕ ਇਸ ਸਮਾਜ ਨੂੰ ਕੋਈ ਲਾਭ ਨਹੀਂ ਹੋਵੇਗਾ। ਦੂਜੇ ਪਾਸੇ ਦਲਿਤ ਐਕਟੀਵਿਸਟ ਪਾਲ ਦਿਵਾਕਰ ਕਹਿੰਦੇ ਹਨ ਕਿ ਬਿਹਾਰ ਵਰਗੇ ਸੂਬਿਆਂ 'ਚ ਦਲਿਤਾਂ 'ਤੇ ਹੋਣ ਵਾਲੇ ਅੱਤਿਆਚਾਰ ਦੇ ਖਿਲਾਫ ਸੰਘਰਸ਼ ਤਾਂ ਲੰਮੇ ਸਮੇਂ ਤੋਂ ਹੋ ਰਹੇ ਹਨ, ਪਰ ਉਹ ਮੀਡੀਏ 'ਚ ਜਗ੍ਹਾ ਨਹੀਂ ਬਣਾ ਪਾਉਂਦੇ ਸਨ। ਪਾਲ ਦਿਵਾਕਰ ਕਹਿੰਦੇ ਹਨ ਕਿ ਹੁਣ ਤਾਂ ਸ਼ੋਸ਼ਿਤ ਸਮਾਜ ਦੇ ਲੋਕ ਵੀ ਮੀਡੀਆ 'ਚ ਆ ਗਏ ਹਨ। ਇਸ ਲਈ ਅਜਿਹੇ ਮਾਮਲੇ ਮੀਡੀਏ 'ਚ ਜਗ੍ਹਾ ਬਣਾ ਰਹੇ ਹਨ। ਇਹ ਵੀ ਦਲਿਤਾਂ 'ਚ ਸਿੱਖਿਆ ਕਰਕੇ ਸੰਭਵ ਹੋ ਸਕਿਆ ਹੈ।

ਦਿਵਾਕਰ ਮੁਤਾਬਕ ਦਲਿਤਾਂ ਦਾ ਇੱਕ ਵੱਡਾ ਵਰਗ ਹੁਣ ਇਹ ਮੰਨ ਰਿਹਾ ਹੈ ਕਿ ਉਨ੍ਹਾਂ ਦੀ ਖਰਾਬ ਸਥਿਤੀ ਦਾ ਕਾਰਨ ਉਨ੍ਹਾਂ ਦੀ 'ਕਿਸਮਤ' ਨਹੀਂ ਹੈ, ਇਸ ਲਈ ਹਰ ਜਗ੍ਹਾ ਤੋਂ ਪੁਰਾਣੇ ਰੀਤੀ-ਰਿਵਾਜ਼ਾਂ ਨੂੰ ਰੱਦ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਤੋਂ ਇਲਾਵਾ ਦਲਿਤ ਸਮਾਜ ਦਾ ਪਲਾਇਨ ਪਿੰਡਾਂ ਤੋਂ ਸ਼ਹਿਰਾਂ ਵੱਲ ਹੋ ਰਿਹਾ ਹੈ। ਦਿਵਾਕਰ ਕਹਿੰਦੇ ਹਨ, ਜਦੋਂ ਇਹ ਲੋਕ ਆਪਣੇ ਪਿੰਡ 'ਚ ਮੁੜਦੇ ਹਨ ਤਾਂ ਉਨ੍ਹਾਂ ਕੋਲ ਕੁਝ ਨਵੇਂ ਵਿਚਾਰ ਹੁੰਦੇ ਹਨ, ਨਵੀਂ ਸੋਚ ਹੁੰਦੀ ਹੈ। ਇਸ ਨਾਲ ਉਨ੍ਹਾਂ ਨੂੰ ਭੇਦਭਾਵ ਨੂੰ ਹੱਲਾਸ਼ੇਰੀ ਦੇਣ ਵਾਲੀ ਪਰੰਪਰਾਵਾਂ ਨੂੰ ਰੱਦ ਕਰਨ ਦੀ ਪ੍ਰੇਰਣਾ ਮਿਲਦੀ ਹੈ।

ਦਲਿਤ ਨੌਜਵਾਨਾਂ 'ਚ ਪੈਦਾ ਹੁੰਦੀ ਨਵੀਂ ਸੋਚ ਦਾ ਜ਼ਿਕਰ ਕਰਦੇ ਹੋਏ ਦਲਿਤ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟ੍ਰੀਜ਼ (ਡਿੱਕੀ) ਦੇ ਚੇਅਰਮੈਨ ਮਿਲਿੰਦ ਕਾਂਬਲੇ ਦੱਸਦੇ ਹਨ ਕਿ ਦੇਸ਼ ਭਰ 'ਚ ਆਰਥਿਕ ਵਿਕਾਸ ਦਾ ਲਾਭ ਦਲਿਤਾਂ ਨੂੰ ਵੀ ਹੋਇਆ ਹੈ। ਕਾਂਬਲੇ ਦੱਸਦੇ ਹਨ, ਦਲਿਤ ਨੌਜਵਾਨਾਂ ਦੀਆਂ ਉਮੀਦਾਂ ਵਧੀਆਂ ਹਨ, ਉਹ ਸਨਮਾਨ ਦੇ ਨਾਲ ਜਿਊਣਾ ਚਾਹੁੰਦੇ ਹਨ ਅਤੇ ਆਰਥਿਕ ਵਿਕਾਸ 'ਚ ਬਰਾਬਰ ਦੀ ਹਿੱਸੇਦਾਰੀ ਚਾਹੁੰਦੇ ਹਨ।

ਕਾਂਬਲੇ ਮੁਤਾਬਕ ਦਲਿਤਾਂ ਦੀ ਸਫਲਤਾ ਨਾਲ ਵੀ ਉੱਚ ਜਾਤੀ ਦੇ ਲੋਕਾਂ 'ਚ ਅਸੁਰੱਖਿਆ ਦੀ ਭਾਵਨਾ ਵਧੀ ਹੈ ਅਤੇ ਇਸ ਕਰਕੇ ਵੀ ਦਲਿਤਾਂ 'ਤੇ ਅੱਤਿਆਚਾਰ ਦੇ ਮਾਮਲੇ ਵਧੇ ਹਨ। ਮਿਲਿੰਦ ਕਾਂਬਲੇ ਇਹ ਵੀ ਦੱਸਦੇ ਹਨ ਕਿ ਇਸਦੇ ਬਾਵਜੂਦ ਕਾਰੋਬਾਰੀ ਦੁਨੀਆ 'ਚ ਦਲਿਤਾਂ ਦੀ ਮੌਜ਼ੂਦਗੀ ਬਹੁਤ ਘੱਟ ਹੈ।

ਲੇਖਕ ਮਾਰਟਿਨ ਮੈਕਵਾਨ ਨੇ ਹਾਲ ਹੀ 'ਚ ਦਲਿਤਾਂ ਤੇ ਆਦੀਵਾਸੀਆਂ 'ਤੇ ਅੱਤਿਆਚਾਰ ਦੇ ਮਾਮਲਿਆਂ ਦੀ ਭਾਰਤੀ ਮੀਡੀਆ 'ਚ ਛਪੀਆਂ ਰਿਪੋਰਟਾਂ 'ਤੇ ਇੱਕ ਕਿਤਾਬ ਦਾ ਸੰਪਾਦਨ ਕੀਤਾ ਹੈ। ਇਸ 'ਚ ਕਈ ਮਾਮਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਮੈਕਵਾਨ ਖਾਸ ਤੌਰ 'ਤੇ ਰਾਜਸਥਾਨ ਦੇ 36 ਸਾਲ ਦੇ ਬਾਬੂ ਰਾਮ ਚੌਹਾਨ ਦਾ ਜ਼ਿਕਰ ਕਰਦੇ ਹਨ। ਬਾਬੂ ਰਾਮ ਇੱਕ ਦਲਿਤ ਆਰਟੀਆਈ ਐਕਟੀਵਿਸਟ ਹਨ।

ਉਨ੍ਹਾਂ ਨੇ ਆਰਟੀਆਈ ਰਾਹੀਂ ਦਲਿਤਾਂ ਦੀ ਉਸ ਜ਼ਮੀਨ 'ਤੇ ਮੁੜ ਤੋਂ ਦਾਅਵਾ ਕੀਤਾ ਸੀ, ਜਿਸ 'ਤੇ ਉੱਚ ਜਾਤੀ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਸੀ। ਮੈਕਵਾਨ ਕਹਿੰਦੇ ਹਨ ਕਿ ਦਲਿਤ ਸਮਾਜ 'ਚ ਜ਼ਮੀਨ ਨੂੰ ਲੈ ਕੇ ਜਾਗਰੂਕਤਾ ਨਾਲ ਉੱਚ ਜਾਤੀ ਦੇ ਲੋਕ ਪਰੇਸ਼ਾਨ ਹੋਏ ਅਤੇ ਬਾਬੂ ਰਾਮ 'ਤੇ ਹਮਲਾ ਕੀਤਾ ਗਿਆ।

ਮੈਕਵਾਨ ਇਹ ਵੀ ਕਹਿੰਦੇ ਹਨ ਕਿ ਪੁਰਾਣੀ ਪੀੜ੍ਹੀ ਦੇ ਦਲਿਤ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਸ਼ੋਸ਼ਿਤ ਰਹੇ ਸਨ, ਪਰ ਨਵੀਂ ਪੀੜ੍ਹੀ ਦੇ ਦਲਿਤ ਕਿਤੇ ਜ਼ਿਆਦਾ ਸਰਗਰਮ, ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਅਤੇ ਅੰਬੇਡਕਰ ਦੇ ਸਮਾਜਵਾਦੀ ਸਿਧਾਂਤਾਂ ਤੋਂ ਪ੍ਰੇਰਿਤ ਹਨ। ਮੈਕਵਾਨ ਕਹਿੰਦੇ ਹਨ, ਅੰਬੇਡਕਰ ਦਾ ਸਮਾਜਵਾਦ ਤੇ ਸਮਾਨਤਾ ਦਾ ਵਿਚਾਰ ਕਈ ਦਲਿਤ ਨੌਜਵਾਨਾਂ ਦੇ ਜੀਵਨ 'ਚ ਮੁੱਖ ਤੱਤ ਹੈ।

ਮੈਕਵਾਨ ਨੈਸ਼ਨਲ ਸੈਂਪਲ ਸਰਵੇ ਆਰਗਨਾਈਜੇਸ਼ਨ ਦੇ 2014 'ਚ ਛਪੀ ਸਾਖਰਤਾ ਦਰ ਦੀ ਪੜਤਾਲ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਗੁਜਰਾਤ 'ਚ ਦਲਿਤਾਂ 'ਤੇ ਅੱਤਿਆਚਾਰ ਦੇ ਮਾਮਲੇ ਵੀ ਜ਼ਿਆਦਾ ਹੁੰਦੇ ਹਨ, ਜਦਕਿ ਸੂਬੇ 'ਚ ਦਲਿਤਾਂ 'ਚ ਸਿੱਖਿਆ ਦੀ ਦਰ ਵੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਜ਼ਿਆਦਾ ਹੋਣ ਨਾਲ ਹੀ ਭੇਦਭਾਵ ਕਰਨ ਵਾਲੀ ਪਰੰਪਰਾਵਾਂ ਦਾ ਜ਼ਿਆਦਾ ਵਿਰੋਧ ਦੇਖਣ ਨੂੰ ਮਿਲਦਾ ਹੈ।

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਇੱਕ ਮਹੱਤਵਪੂਰਨ ਵਿਚਾਰ ਹੈ-ਸਮਾਜਿਕ ਅੱਤਿਆਚਾਰ ਦੇ ਮੁਕਾਬਲੇ ਰਾਜਨੀਤਕ ਅੱਤਿਆਚਾਰ ਕੁਝ ਵੀ ਨਹੀਂ ਹੈ ਅਤੇ ਸਮਾਜ ਨੂੰ ਚੁਣੌਤੀ ਦੇਣ ਵਾਲਾ ਵਿਅਕਤੀ ਸਰਕਾਰ ਨੂੰ ਚੁਣੌਤੀ ਦੇਣ ਵਾਲੇ ਨੇਤਾ ਤੋਂ ਕਿਤੇ ਜ਼ਿਆਦਾ ਹਿੰਮਤੀ ਆਦਮੀ ਹੁੰਦਾ ਹੈ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਭੇਦਭਾਵ ਵਾਲੀਆਂ ਪਰੰਪਰਾਵਾਂ ਨੂੰ ਚੁਣੌਤੀ ਦੇਣ ਵਾਲੀਆਂ ਛੋਟੀਆਂ-ਛੋਟੀਆਂ ਘਟਨਾਵਾਂ ਹੀ ਆਉਣ ਵਾਲੇ ਦਿਨਾਂ 'ਚ ਵੱਡੇ ਬਦਲਾਅ ਦਾ ਆਧਾਰ ਬਣਨਗੀਆਂ।

ਦਲਿਤਾਂ ਨੂੰ ਲੰਮੇ ਸਮੇਂ ਤੱਕ ਦਬਾਇਆ ਨਹੀਂ ਜਾ ਸਕੇਗਾ
ਮਾਹਿਰਾਂ ਮੁਤਾਬਕ ਦਲਿਤ ਸਮਾਜ ਦੀ ਨੌਜਵਾਨ ਪੀੜ੍ਹੀ ਹੁਣ ਇਹ ਬਿਲਕੁੱਲ ਨਹੀਂ ਮੰਨਦੀ ਕਿ ਭੇਦਭਾਵ ਤੇ ਅਪਮਾਨ ਉਨ੍ਹਾਂ ਦੇ 'ਲੇਖਾਂ 'ਚ ਲਿਖਿਆ' ਹੈ। ਦਲਿਤ ਸਰਕਾਰੀ ਨੌਕਰੀਆਂ 'ਚ ਜਗ੍ਹਾ ਬਣਾ ਰਹੇ ਹਨ, ਨਾਲ ਹੀ ਉਹ ਛੋਟਾ-ਮੋਟਾ ਕਾਰੋਬਾਰ ਖੜਾ ਕਰ ਰਹੇ ਹਨ, ਸਟਾਰਟਅਪਸ ਚਲਾ ਰਹੇ ਹਨ। ਦਲਿਤ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟ੍ਰੀਜ਼ (ਡਿੱਕੀ) ਨੇ ਕਈ ਦਲਿਤ ਨੌਜਵਾਨਾਂ ਨੂੰ ਵਪਾਰ ਸਬੰਧੀ ਟ੍ਰੇਨਿੰਗ ਦਿੱਤੀ ਹੈ ਅਤੇ ਉਨ੍ਹਾਂ ਨੂੰ ਨਵੇਂ ਉਦਯੋਗ ਧੰਦੇ 'ਚ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਹੈ।

ਡਿੱਕੀ ਦੇ ਚੇਅਰਮੈਨ ਮਿਲਿੰਦ ਕਾਂਬਲੇ ਕਹਿੰਦੇ ਹਨ ਕਿ ਦਲਿਤਾਂ ਨੇ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਸੰਘਰਸ਼ ਦੀਆਂ ਅਜਿਹੀਆਂ ਘਟਨਾਵਾਂ ਬੇੜੀਆਂ ਨੂੰ ਤੋੜਨ ਦਾ ਆਖਰੀ ਦੌਰ ਸਾਬਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਉੱਚ ਜਾਤੀਆਂ ਹੁਣ ਦਲਿਤਾਂ ਨੂੰ ਜ਼ਿਆਦਾ ਲੰਮੇ ਸਮੇਂ ਤੱਕ ਦਬਾਏ ਰੱਖਣ 'ਚ ਸਮਰੱਥ ਨਹੀਂ ਹੋਣਗੀਆਂ, ਕਿਉਂਕਿ ਦਲਿਤ ਜ਼ਿਆਦਾ ਤੋਂ ਜ਼ਿਆਦਾ ਸੰਘਰਸ਼ ਕਰਨਗੇ। ਆਉਣ ਵਾਲੇ ਦਿਨਾਂ 'ਚ ਜ਼ਿਆਦਾ ਦਲਿਤ ਘੋੜੀਆਂ 'ਤੇ ਬੈਠਣਗੇ, ਜ਼ਿਆਦਾ ਦਲਿਤ ਉੱਚ ਜਾਤੀਆਂ ਦੇ ਸਾਹਮਣੇ ਬੈਠ ਕੇ ਭੋਜਨ ਖਾਣਗੇ, ਕਿਉਂਕਿ ਬਹੁਤ ਸਾਰੇ ਦਲਿਤ ਸਿੱਖਿਆ ਪ੍ਰਾਪਤ ਕਰ ਰਹੇ ਹਨ।
-ਰਾਕਸੀ ਗਾਗੇਦਕਰ/ਬੀਬੀਸੀ

Comments

Leave a Reply