Sat,Sep 19,2020 | 07:45:44am
HEADLINES:

Social

'ਜਦੋਂ ਤੱਕ ਜਾਤੀਵਾਦੀ ਵਿਵਸਥਾ ਬਣੀ ਰਹੇਗੀ, ਉਦੋਂ ਤੱਕ ਅਛੂਤਾਂ ਨਾਲ ਭੇਦਭਾਵ ਵੀ ਹੁੰਦਾ ਰਹੇਗਾ'

'ਜਦੋਂ ਤੱਕ ਜਾਤੀਵਾਦੀ ਵਿਵਸਥਾ ਬਣੀ ਰਹੇਗੀ, ਉਦੋਂ ਤੱਕ ਅਛੂਤਾਂ ਨਾਲ ਭੇਦਭਾਵ ਵੀ ਹੁੰਦਾ ਰਹੇਗਾ'

ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਪੂਰੇ ਆਜ਼ਾਦੀ ਅੰਦੋਲਨ ਦੇ ਅਜਿਹੇ ਨਾਇਕ ਹਨ, ਜੋ ਨਾ ਸਿਰਫ ਅੰਗ੍ਰੇਜ਼ੀ ਗੁਲਾਮੀ ਖਿਲਾਫ ਲੜੇ, ਸਗੋਂ ਭਾਰਤੀ ਸਮਾਜ ਵਿੱਚ ਡੂੰਘਾਈ ਤੱਕ ਮੌਜ਼ੂਦ ਗੁਲਾਮੀ, ਛੂਆਛਾਤ ਤੇ ਭੇਦਭਾਵ ਖਿਲਾਫ ਜੀਵਨ ਭਰ ਲੜਦੇ ਰਹੇ। ਸਮਾਜਿਕ ਮਾਮਲਿਆਂ 'ਤੇ ਉਨ੍ਹਾਂ ਦੇ ਲਿਖੇ ਲੇਖ ਅੱਜ ਵੀ ਉਨੇ ਪ੍ਰਭਾਵੀ ਹਨ, ਜਿਵੇਂ ਕਿ ਉਹ 21ਵੀਂ ਸਦੀ ਦੇ ਭਾਰਤ ਲਈ ਹੀ ਲਿਖ ਰਹੇ ਹੋਣ। ਪੜ੍ਹੋ 'ਭੇਦਭਾਵ ਦੀ ਸਮੱਸਿਆ' ਸਿਰਲੇਖ ਤਹਿਤ ਲਿਖਿਆ ਉਨ੍ਹਾਂ ਦਾ ਲੇਖ :-

ਅਛੂਤਾਂ ਨੂੰ ਜਿਨ੍ਹਾਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚ ਕ੍ਰਮਵਾਰ ਇਨਸਾਨਾਂ ਦਾ ਦਰਜਾ ਪਾਉਣ ਦੀ ਸਮੱਸਿਆ ਤੋਂ ਬਾਅਦ ਦੂਜੀ ਸਮੱਸਿਆ ਭੇਦਭਾਵਪੂਰਨ ਵਿਵਹਾਰ ਦੀ ਆਉਂਦੀ ਹੈ। ਅਛੂਤਾਂ ਦੇ ਨਾਲ ਹਿੰਦੂਆਂ ਵੱਲੋਂ ਕਿੰਨਾ ਭੇਦਭਾਵ ਕੀਤਾ ਜਾਂਦਾ ਹੈ, ਇਸਦੇ ਨਤੀਜੇ ਦੀ ਕਲਪਨਾ ਕਰਨਾ ਕਿਸੇ ਵਿਦੇਸ਼ੀ ਵਿਅਕਤੀ ਲਈ ਅਸੰਭਵ ਹੈ।

ਜੀਵਨ ਵਿੱਚ ਕੋਈ ਅਜਿਹਾ ਖੇਤਰ ਨਹੀਂ ਹੈ, ਜਿੱਥੇ ਅਛੂਤ ਤੇ ਹਿੰਦੂਆਂ ਦੀ ਇੱਕ-ਦੂਜੇ ਨਾਲ ਖਿੱਚੋਤਾਣ ਨਾ ਹੁੰਦੀ ਹੋਵੇ ਅਤੇ ਜਿਸ ਵਿੱਚ ਅਛੂਤਾਂ ਦੇ ਨਾਲ ਭੇਦਭਾਵ ਨਾ ਕੀਤਾ ਜਾਂਦਾ ਹੋਵੇ। ਇਹ ਭੇਦਭਾਵ ਬਹੁਤ ਹੀ ਬੇਦਰਦ ਢੰਗ ਨਾਲ ਹੁੰਦਾ ਹੈ। ਸਮਾਜਿਕ ਸਬੰਧ, ਜਿਵੇਂ ਖਾਣ-ਪੀਣ, ਖੇਡਣ ਅਤੇ ਪੂਜਾ-ਪਾਠ ਦੇ ਮਾਮਲੇ ਵਿੱਚ ਇਹ ਪਾਬੰਦੀ ਦਾ ਰੂਪ ਲੈ ਲੈਂਦਾ ਹੈ।

ਇਸ ਕਾਰਨ ਸਾਧਾਰਨ ਤੋਂ ਸਾਧਾਰਨ ਖੇਤਰ ਵਿੱਚ ਵੀ ਹਿੱਸਾ ਲੈਣ 'ਤੇ ਰੋਕ ਲਗ ਜਾਂਦੀ ਹੈ। ਜਨਤੱਕ ਸੁਵਿਧਾਵਾਂ ਦੇ ਖੇਤਰ ਵਿੱਚ ਇਹ ਭੇਦਭਾਵ ਅਛੂਤਾਂ ਨੂੰ ਸਕੂਲਾਂ, ਖੂਹਾਂ, ਮੰਦਰਾਂ ਤੇ ਯਾਤਾਯਾਤ ਤੋਂ ਵਾਂਝਾ ਕਰ ਦਿੰਦਾ ਹੈ। ਪ੍ਰਸ਼ਾਸਨ ਅਛੂਤਾਂ ਪ੍ਰਤੀ ਭੇਦਭਾਵ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਸਨੇ ਕਚਿਹਰੀਆਂ, ਸਰਕਾਰੀ ਵਿਭਾਗਾਂ, ਸਹਿਕਾਰੀ ਬੈਂਕਾਂ, ਵਿਸ਼ੇਸ਼ ਤੌਰ 'ਤੇ ਪੁਲਸ ਨੂੰ ਪ੍ਰਭਾਵਿਤ ਕੀਤਾ ਹੈ।

ਜ਼ਮੀਨ, ਕਰਜ਼ਾ ਅਤੇ ਨੌਕਰੀਆਂ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਤਾਂ ਇਹ ਭੇਦਭਾਵ ਖੁੱਲੇ ਤੌਰ 'ਤੇ ਦੇਖਣ ਨੂੰ ਮਿਲਦਾ ਹੈ। ਇਹ ਸਭ ਤੋਂ ਜ਼ਿਆਦਾ ਨੌਕਰੀਆਂ ਦੇ ਖੇਤਰ ਵਿੱਚ ਹੈ।

ਕੁਝ ਅਜਿਹੇ ਨਿਯਮ ਹਨ, ਜੋ ਕਿ ਨੌਕਰੀਆਂ ਵਿੱਚ ਅਛੂਤਾਂ ਦੇ ਦਾਖਲੇ ਅਤੇ ਉਨ੍ਹਾਂ ਦੀ ਤਰੱਕੀ ਨੂੰ ਕੰਟਰੋਲ ਕਰਦੇ ਹਨ। ਅਛੂਤਾਂ ਨੂੰ ਆਮ ਤੌਰ 'ਤੇ ਦਾਖਲਾ ਨਹੀਂ ਮਿਲਦਾ। ਇਨ੍ਹਾਂ ਲਈ ਸਾਰੇ ਵਿਭਾਗ ਬੰਦ ਹਨ। ਕੱਪੜਾ ਮਿੱਲਾਂ ਵਿੱਚ ਬੁਣਤੀ ਵਿਭਾਗ, ਸੈਨਾ ਦੇ ਸਾਰੇ ਅੰਗ ਅਛੂਤਾਂ ਲਈ ਬੰਦ ਹਨ।

ਜੇਕਰ ਉਸ ਨੂੰ ਦਾਖਲਾ ਮਿਲ ਵੀ ਜਾਵੇ ਤਾਂ ਉੱਥੇ ਪਹਿਲਾਂ ਤੋਂ ਨਿਰਧਾਰਿਤ ਇੱਕ ਪੱਧਰ ਹੁੰਦਾ ਹੈ, ਜਿਸਦੇ ਬਾਅਦ ਅਛੂਤ ਅੱਗੇ ਉੱਠ ਨਹੀਂ ਸਕਦਾ, ਬੇਸ਼ੱਕ ਉਹ ਕਿੰਨਾ ਵੀ ਹੁਨਰਮੰਦ ਜਾਂ ਪੁਰਾਣਾ ਕਿਉਂ ਨਾ ਹੋਵੇ। ਜਿਸ ਸਿਧਾਂਤ ਦੀ ਆਮ ਤੌਰ 'ਤੇ ਪਾਲਣਾ ਕੀਤੀ ਜਾ ਰਹੀ ਹੈ, ਉਹ ਇਹ ਹੈ ਕਿ ਅਛੂਤਾਂ ਨੂੰ ਹਿੰਦੂਆਂ ਦੇ ਉੱਪਰ ਕੋਈ ਪ੍ਰਸ਼ਾਸਨਿਕ ਅਧਿਕਾਰ ਵਾਲਾ ਅਹੁਦਾ ਨਹੀਂ ਦਿੱਤਾ ਜਾਵੇਗਾ।

ਨੌਕਰੀ ਵਿੱਚ ਸਿਰਫ ਇੱਕ ਖੇਤਰ ਹੀ ਅਜਿਹਾ ਹੈ, ਜਿੱਥੇ ਅਛੂਤਾਂ ਦੇ ਨਾਲ ਕੋਈ ਭੇਦਭਾਵ ਨਹੀਂ ਹੈ ਅਤੇ ਉਹ ਹੈ ਸਫਾਈ ਦਾ ਕੰਮ। ਇਸ ਖੇਤਰ ਵਿੱਚ ਮੁਕਾਬਲੇ ਦੀ ਕੋਈ ਜ਼ਰੂਰਤ ਵੀ ਨਹੀਂ ਹੈ, ਕਿਉਂਕਿ ਸਾਰੀਆਂ ਪੋਸਟਾਂ ਅਛੂਤਾਂ ਲਈ ਹੁੰਦੀਆਂ ਹਨ ਅਤੇ ਇਸ ਖੇਤਰ ਵਿੱਚ ਹਿੰਦੂਆਂ ਦਾ ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ, ਪਰ ਇੱਥੇ ਵੀ ਉੱਚ ਪੋਸਟਾਂ ਦੇ ਭਰੇ ਜਾਣ ਦੇ ਮਾਮਲੇ ਵਿੱਚ ਭੇਦਭਾਵ ਕੀਤਾ ਜਾਂਦਾ ਹੈ। ਸਾਰੇ ਗੰਦੇ ਕੰਮ ਅਛੂਤਾਂ ਵੱਲੋਂ ਕੀਤੇ ਜਾਂਦੇ ਹਨ, ਪਰ ਸਾਰੀਆਂ ਸੁਪਰਵਾਈਜ਼ਰੀ ਪੋਸਟਾਂ ਜਿਨ੍ਹਾਂ ਦੀ ਤਨਖਾਹ ਜ਼ਿਆਦਾ ਹੁੰਦੀ ਹੈ ਅਤੇ ਜਿਨ੍ਹਾਂ ਦਾ ਗੰਦਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ, ਹਿੰਦੂਆਂ ਵੱਲੋਂ ਭਰੇ ਜਾਂਦੇ ਹਨ।

ਇਨ੍ਹਾਂ ਹਾਲਾਤ ਵਿੱਚ ਨਾਗਰਿਕਤਾ ਦੇ ਅਧਿਕਾਰ ਦਾ ਅਰਥ ਅਛੂਤਾਂ ਦੇ ਅਧਿਕਾਰ ਨਾਲ ਨਹੀਂ ਹੁੰਦਾ। ਜਨਤਾ ਦੀ ਸਰਕਾਰ ਅਤੇ ਜਨਤਾ ਲਈ ਸਰਕਾਰ ਦਾ ਅਰਥ ਅਛੂਤਾਂ ਲਈ ਸਰਕਾਰ ਨਾਲ ਨਹੀਂ ਹੁੰਦਾ, ਹਰ ਤਰ੍ਹਾਂ ਦੇ ਬਰਾਬਰ ਮੌਕਿਆਂ ਦਾ ਅਰਥ ਅਛੂਤਾਂ ਦੇ ਲਈ ਬਰਾਬਰ ਮੌਕੇ ਨਹੀਂ ਹੁੰਦਾ, ਬਰਾਬਰ ਅਧਿਕਾਰ ਦਾ ਮਤਲਬ ਅਛੂਤਾਂ ਲਈ ਬਰਾਬਰ ਅਧਿਕਾਰ ਦਾ ਨਹੀਂ ਹੁੰਦਾ।

ਸਾਰੇ ਦੇਸ਼ ਵਿੱਚ ਅਛੂਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਭੇਦਭਾਵ ਸਹਿਣਾ ਪੈਂਦਾ ਹੈ, ਉਨ੍ਹਾਂ ਦੇ ਨਾਲ ਅਨਿਆਂ ਹੁੰਦਾ ਹੈ, ਉਹ ਭਾਰਤ ਦੇ ਸਭ ਤੋਂ ਜ਼ਿਆਦਾ ਦੀਣ-ਹੀਣ ਲੋਕ ਹਨ। ਇਹ ਕਿੰਨਾ ਸੱਚ ਹੈ, ਇਹ ਸਿਰਫ ਅਛੂਤ ਜਾਣਦੇ ਹਨ, ਜਿਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਹਨ। ਇਹ ਭੇਦਭਾਵ ਅਛੂਤਾਂ ਦੀ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਹ ਉਨ੍ਹਾਂ ਨੂੰ ਉਭਰਨ ਨਹੀਂ ਦਿੰਦੀ।

ਇਸ ਕਰਕੇ ਉਨ੍ਹਾਂ ਨੂੰ ਹਰ ਸਮੇਂ ਕਿਸੇ ਨਾ ਕਿਸੇ ਦਾ, ਬੇਰੁਜ਼ਗਾਰੀ ਦਾ, ਮਾੜੇ ਵਤੀਰੇ ਦਾ, ਅੱਤਿਆਚਾਰ ਆਦਿ ਦਾ ਡਰ ਬਣਿਆ ਰਹਿੰਦਾ ਹੈ। ਇਹ ਅਸੁਰੱਖਿਆ ਦੀ ਜ਼ਿੰਦਗੀ ਹੁੰਦੀ ਹੈ।

ਭੇਦਭਾਵ ਦਾ ਇੱਕ ਹੋਰ ਰੂਪ ਵੀ ਹੈ, ਜੋ ਹਾਲਾਂਕਿ ਬਹੁਤ ਹੀ ਅਸਿੱਧਾ ਹੁੰਦਾ ਹੈ, ਫਿਰ ਵੀ ਇਹ ਬਹੁਤ ਹੀ ਔਂਕੜਾਂ ਭਰਿਆ ਹੁੰਦਾ ਹੈ। ਇਸਦੇ ਤਹਿਤ ਯੋਗਤਾ ਵਾਲੇ ਅਛੂਤਾਂ ਦੇ ਸਨਮਾਨ ਨੂੰ ਘੱਟ ਕਰਨ ਲਈ ਪੂਰੀ ਯੋਜਨਾ ਤਹਿਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇੱਕ ਹਿੰਦੂ ਨੇਤਾ ਨੂੰ ਇੱਕ ਮਹਾਨ ਭਾਰਤੀ ਨੇਤਾ ਦੱਸਿਆ ਜਾਂਦਾ ਹੈ।

ਕੋਈ ਉਸਨੂੰ ਕਸ਼ਮੀਰੀ ਬ੍ਰਾਹਮਣਾਂ ਦਾ ਨੇਤਾ ਨਹੀਂ ਕਹਿੰਦਾ, ਹਾਲਾਂਕਿ ਉਹ ਕਸ਼ਮੀਰੀ ਬ੍ਰਾਹਮਣ ਹੁੰਦਾ ਹੈ। ਜੇਕਰ ਕੋਈ ਨੇਤਾ ਅਛੂਤ ਜਾਤੀ ਦਾ ਹੁੰਦਾ ਹੈ, ਉਦੋਂ ਉਸਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹ ਵਿਅਕਤੀ ਅਛੂਤਾਂ ਦਾ ਨੇਤਾ ਹੈ। ਹਿੰਦੂ ਡਾਕਟਰ ਨੂੰ ਇੱਕ ਮਹਾਨ ਭਾਰਤੀ ਡਾਕਟਰ ਦੱਸਿਆ ਜਾਂਦਾ ਹੈ। ਕੋਈ ਉਸਨੂੰ ਅਯੰਗਾਰ ਨਹੀਂ ਕਹਿੰਦਾ, ਬੇਸ਼ੱਕ ਹੀ ਉਹ ਅਯੰਗਾਰ ਕਿਉਂ ਨਾ ਹੋਵੇ। ਜੇਕਰ ਕੋਈ ਡਾਕਟਰ ਅਛੂਤ ਜਾਤੀ ਦਾ ਹੈ, ਉਦੋਂ ਇਹ ਕਿਹਾ ਜਾਂਦਾ ਹੈ ਕਿ ਉਹ ਅਛੂਤ ਜਾਤੀ ਦਾ ਹੈ।

ਹਿੰਦੂ ਗਾਇਕ ਬਾਰੇ ਕੁਝ ਵੀ ਕਹਿੰਦੇ ਸਮੇਂ ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਮਹਾਨ ਭਾਰਤੀ ਗਾਇਕ ਹੈ। ਜੇਕਰ ਉਹੀ ਵਿਅਕਤੀ ਅਛੂਤ ਜਾਤੀ ਦਾ ਹੋਵੇ, ਉਦੋਂ ਉਸਨੂੰ ਅਛੂਤ ਜਾਤੀ ਵਾਲਾ ਗਾਇਕ ਕਿਹਾ ਜਾਂਦਾ ਹੈ। ਕਿਸੇ ਕੁਸ਼ਤੀ ਕਰਨ ਵਾਲੇ ਹਿੰਦੂ ਦਾ ਜ਼ਿਕਰ ਕਰਦੇ ਸਮੇਂ ਉਸਨੂੰ ਭਾਰਤ ਦਾ ਇੱਕ ਮਹਾਨ ਕੁਸ਼ਤੀਬਾਜ਼ ਕਿਹਾ ਜਾਂਦਾ ਹੈ। ਜੇਕਰ ਉਹ ਅਛੂਤ ਜਾਤੀ ਦਾ ਹੋਵੇ ਤਾਂ ਉਸਨੂੰ ਅਛੂਤ ਜਾਤੀ ਦਾ ਕੁਸ਼ਤੀਬਾਜ਼ ਦੱਸਿਆ ਜਾਂਦਾ ਹੈ।

ਇਸ ਤਰ੍ਹਾਂ ਦੇ ਭੇਦਭਾਵ ਦਾ ਮੂਲ ਹਿੰਦੂਆਂ ਦੀ ਇਸ ਵਿਚਾਰਧਾਰਾ ਵਿੱਚ ਹੈ ਕਿ ਅਛੂਤ ਲੋਕ ਹੀਣ ਹੁੰਦੇ ਹਨ ਅਤੇ ਉਹ ਚਾਹੇ ਜਿੰਨੇ ਯੋਗ ਹੋਣ, ਉਨ੍ਹਾਂ ਦੇ ਮਹਾਨ ਵਿਅਕਤੀ ਸਿਰਫ ਅਛੂਤਾਂ ਲਈ ਮਹਾਨ ਹਨ। ਉਹ ਉਨ੍ਹਾਂ ਵਿਅਕਤੀਆਂ ਤੋਂ ਮਹਾਨ ਨਹੀਂ ਹੋ ਸਕਦੇ ਅਤੇ ਨਾ ਉਨ੍ਹਾਂ ਦੇ ਬਰਾਬਰ ਹੋ ਸਕਦੇ ਹਨ, ਜੋ ਹਿੰਦੂਆਂ ਵਿੱਚ ਮਹਾਨ ਹਨ। ਇਸ ਤਰ੍ਹਾਂ ਭੇਦਭਾਵ ਬੇਸ਼ੱਕ ਸਮਾਜਿਕ ਹੁੰਦਾ ਹੈ, ਪਰ ਇਹ ਆਰਥਿਕ ਭੇਦਭਾਵ ਤੋਂ ਘੱਟ ਪੀੜਾਦਾਇਕ ਨਹੀਂ ਹੁੰਦਾ ਹੈ।

ਮੇਰਾ ਮਕਸਦ ਆਜ਼ਾਦੀ ਲਈ ਜ਼ਰੂਰੀ ਅਧਿਕਾਰਾਂ ਦੀ ਇੱਕ ਹੋਰ ਸੂਚੀ ਜੋੜਨ ਦਾ ਨਹੀਂ ਹੈ, ਕਿਉਂਕਿ ਇਨ੍ਹਾਂ ਦੀ ਸੂਚੀ ਤਾਂ ਪਹਿਲਾਂ ਤੋਂ ਹੀ ਮੌਜ਼ੂਦ ਹੈ, ਪਰ ਦੋ ਗੱਲਾਂ ਅਜਿਹੀਆਂ ਹਨ, ਜੋ ਇਨ੍ਹਾਂ ਸਾਰਿਆਂ 'ਤੇ ਲਾਗੂ ਹੁੰਦੀਆਂ ਹਨ। ਪਹਿਲੀ ਗੱਲ ਤਾਂ ਇਹ ਕਿ ਜੇਕਰ ਆਜ਼ਾਦੀ ਲਈ ਅਧਿਕਾਰਾਂ ਨੂੰ ਲਾਗੂ ਕੀਤਾ ਜਾਣਾ ਹੈ, ਉਦੋਂ ਉਹ ਇਸ ਤਰ੍ਹਾਂ ਨਾ ਬਣਾਏ ਜਾਣ, ਜਿਵੇਂ ਕਿ ਜਿਨ੍ਹਾਂ ਲੋਕਾਂ ਵਿੱਚ ਜ਼ਿਆਦਾ ਸਮਰੱਥਾ ਹੈ, ਉਹ ਸਾਰੇ ਰਿਟਜ਼ ਹੋਟਲ ਵਿੱਚ ਖਾ-ਪੀ ਸਕਦੇ ਹਨ।

ਉਹ ਅਜਿਹੇ ਹੋਣੇ ਚਾਹੀਦੇ ਹਨ ਕਿ ਜਦੋਂ ਕਦੇ ਪ੍ਰਯੋਗ ਕਰਨ ਦਾ ਮੌਕਾ ਆਵੇ, ਉਦੋਂ ਉਨ੍ਹਾਂ ਦਾ ਅਸਲ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕੇ। ਜੇਕਰ ਕਿਸੇ ਵਪਾਰ ਵਿੱਚ ਦਾਖਲ ਹੋਣ ਦਾ ਖਰਚਾ ਆਪਣੀ ਸ਼ਕਤੀ ਤੋਂ ਜ਼ਿਆਦਾ ਹੋਵੇ ਤਾਂ ਇਹ ਕਿਸੇ ਵਪਾਰ ਨੂੰ ਚੁਣਨ ਦਾ ਬੇਰੋਕ ਅਧਿਕਾਰ, ਜੇਕਰ ਕੋਈ ਗਰੀਬ ਆਦਮੀ ਨਿਆਂ ਦੀ ਕੀਮਤ ਨਾ ਦੇ ਸਕੇ, ਉਦੋਂ ਨਿਆਂ ਪਾਉਣ ਦਾ ਅਧਿਕਾਰ।

ਜੇਕਰ ਵਾਤਾਵਰਨ ਅਜਿਹਾ ਹੋਵੇ ਕਿ ਜਿਸ ਵਿੱਚ ਇਹ ਤੈਅ ਕਰ ਦਿੱਤਾ ਗਿਆ ਹੋਵੇ ਕਿ ਜਿੰਨੇ ਬੱਚੇ ਪੈਦਾ ਹੋਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਜਨਮ ਤੋਂ ਬਾਅਦ 12 ਮਹੀਨੇ ਵਿੱਚ ਮਰ ਜਾਣਗੇ, ਉਦੋਂ ਕੋਈ ਉਮੀਦ ਕਰਨੀ ਮੰਨੋ ਆਪਣੀ ਸਾਰੀ ਪੂੰਜੀ ਨੂੰ ਜੂਏ ਵਿੱਚ ਦਾਅ 'ਤੇ ਲਗਾ ਬੈਠਣਾ ਹੈ। ਦੂਜੀ ਗੱਲ ਇਹ ਹੈ ਕਿ ਜੋ ਅਧਿਕਾਰ ਆਜ਼ਾਦੀ ਲਈ ਜ਼ਰੂਰੀ ਹਨ, ਉਹ ਅਜਿਹੇ ਹੋਣੇ ਚਾਹੀਦੇ ਹਨ, ਜੋ ਨਾ ਸਿਰਫ ਧਾਰਮਿਕ ਘੱਟ ਗਿਣਤੀਆਂ ਨੂੰ, ਸਗੋਂ ਸਾਰਿਆਂ ਲਈ ਹਰੇਕ ਆਜ਼ਾਦੀ ਤੈਅ ਕਰ ਸਕਣ।

ਜ਼ਿਆਦਾਤਰ ਲੋਕਾਂ ਦਾ ਜੀਵਨ ਸਮੱਸਿਆਵਾਂ ਨਾਲ ਘਿਰਿਆ ਹੈ। ਪਤੀ-ਪਤਨੀ ਜੇਕਰ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਹਨ, ਉਦੋਂ ਵਿਆਹ ਰਾਸ਼ਟਰੀ ਸੰਸਥਾ ਨਹੀਂ ਕਿਹਾ ਜਾ ਸਕਦਾ। ਇਹ ਗੱਲ ਆਜ਼ਾਦੀ ਲਈ ਸੱਚ ਹੈ। ਜਿਸ ਸਮਾਜ ਵਿੱਚ ਕੁਝ ਵਰਗਾਂ ਦੇ ਲੋਕ ਜੋ ਕੁਝ ਚਾਹੁਣ ਉਹ ਸਭ ਕੁਝ ਕਰ ਸਕਣ ਅਤੇ ਬਾਕੀ ਉਹ ਸਭ ਵੀ ਨਾ ਕਰ ਸਕਣ, ਜੋ ਉਨ੍ਹਾਂ ਨੂੰ ਕਰਨੇ ਚਾਹੀਦੇ ਹਨ, ਉਸ ਸਮਾਜ ਦੇ ਆਪਣੇ ਗੁਣ ਹੁੰਦੇ ਹੋਣਗੇ, ਪਰ ਇਨ੍ਹਾਂ ਵਿੱਚ ਆਜ਼ਾਦੀ ਸ਼ਾਮਲ ਨਹੀਂ ਹੋਵੇਗੀ।

ਇਹ ਸਮਾਜ ਉੱਥੇ ਤੱਕ ਹੀ ਆਜ਼ਾਦ ਹੈ, ਜਿੱਥੇ ਤੱਕ ਇਸ ਸੰਗਠਿਤ ਕਰਨ ਵਾਲੇ ਸਾਰੇ ਤੱਤ ਅਸਲ ਵਿੱਚ ਸਿਰਫ ਸਿਧਾਂਤ ਵਿੱਚ ਹੀ ਨਹੀਂ, ਆਪਣੀ ਸ਼ਕਤੀ ਦਾ ਅਧਿਕਾਰਕ ਇਸਤੇਮਾਲ ਕਰ ਸਕਦੇ ਹਨ, ਆਪਣਾ ਪੂਰਾ ਵਿਕਾਸ ਕਰ ਸਕਦੇ ਹਨ, ਉਹ ਸਭਕੁਝ ਕਰ ਸਕਦੇ ਹਨ, ਜਿਸਨੂੰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਜੇਕਰ ਇਨਸਾਨਾਂ ਦੇ ਮੁਤਾਬਕ ਜਿਊਣ ਦੀ ਸੁਵਿਧਾ ਕੁਝ ਲੋਕਾਂ ਤੱਕ ਹੀ ਸੀਮਤ ਹੈ, ਸੁਵਿਧਾ ਨੂੰ ਆਮ ਤੌਰ 'ਤੇ ਆਜ਼ਾਦੀ ਕਿਹਾ ਜਾਂਦਾ ਹੈ, ਉਸਨੂੰ ਵਿਸ਼ੇਸ਼ ਅਧਿਕਾਰ ਕਹਿਣਾ ਜ਼ਿਆਦਾ ਸਹੀ ਹੋਵੇਗਾ।

ਅਛੂਤਾਂ ਪ੍ਰਤੀ ਭੇਦਭਾਵ ਹਿੰਦੂਆਂ ਦੀ ਉਨ੍ਹਾਂ ਗੰਭੀਰ ਤੇ ਅਪਮਾਨ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ, ਜੋ ਕਾਨੂੰਨ ਤੇ ਪ੍ਰਸ਼ਾਸਨ ਵਿੱਚ ਵੀ ਮਿਲਦਾ ਹੈ। ਇਹ ਕਾਨੂੰਨ ਅਤੇ ਪ੍ਰਸ਼ਾਸਨ ਅਛੂਤਾਂ ਖਿਲਾਫ ਹਿੰਦੂਆਂ ਅਤੇ ਉਨ੍ਹਾਂ ਵਿੱਚ ਭੇਦਭਾਵ ਨੂੰ ਸਹੀ ਦੱਸਦਾ ਹੈ। ਇਸ ਭੇਦਭਾਵ ਦਾ ਮੂਲ ਹਿੰਦੂਆਂ ਦੇ ਦਿਲਾਂ ਵਿੱਚ ਬੈਠੇ ਉਸ ਡਰ ਵਿੱਚ ਮੌਜ਼ੂਦ ਹੈ ਕਿ ਮੁਕਤ ਸਮਾਜ ਵਿੱਚ ਅਛੂਤ ਆਪਣੀ ਨਿਰਧਾਰਤ ਸਥਿਤੀ ਤੋਂ ਉੱਪਰ ਉੱਠ ਜਾਣਗੇ ਅਤੇ ਹਿੰਦੂ ਸਮਾਜਿਕ ਵਿਵਸਥਾ ਲਈ ਖਤਰਾ ਬਣ ਜਾਣਗੇ, ਜਿਸਦਾ ਮੁੱਢਲਾ ਆਦਰਸ਼ ਅਛੂਤਾਂ ਦੇ ਮੁਕਾਬਲੇ ਹਿੰਦੂਆਂ ਦੇ ਦਬਦਬੇ ਨੂੰ ਬਣਾਏ ਰੱਖਣਾ ਹੈ। ਜਦੋਂ ਤੱਕ ਇਹ ਹਿੰਦੂ ਸਮਾਜਿਕ ਵਿਵਸਥਾ ਬਣੀ ਰਹੇਗੀ, ਉਦੋਂ ਤੱਕ ਅਛੂਤਾਂ ਪ੍ਰਤੀ ਭੇਦਭਾਵ ਵੀ ਬਣਿਆ ਰਹੇਗਾ।  
-ਡਾ. ਭੀਮ ਰਾਓ ਅੰਬੇਡਕਰ

Comments

Leave a Reply