Tue,Jul 16,2019 | 12:34:18pm
HEADLINES:

Social

ਦਲਿਤ-ਆਦੀਵਾਸੀ ਔਰਤਾਂ ਨਾਲ ਬਲਾਤਕਾਰ ਪਿੱਛੇ ਜਾਤੀ ਵਿਵਸਥਾ!

ਦਲਿਤ-ਆਦੀਵਾਸੀ ਔਰਤਾਂ ਨਾਲ ਬਲਾਤਕਾਰ ਪਿੱਛੇ ਜਾਤੀ ਵਿਵਸਥਾ!

ਭਾਰਤ ਵਿੱਚ ਬਲਾਤਕਾਰ ਨਾਲ ਜੁੜੇ ਮਾਮਲੇ ਚਰਚਾ ਵਿੱਚ ਬਣੇ ਹੋਣ ਹਨ। ਦੇਸ਼ ਭਰ ਵਿੱਚ ਇਨ੍ਹਾਂ ਮਾਮਲਿਆਂ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ, ਪਰ ਮਾਹਿਰ ਯੌਨ ਅਪਰਾਧਾਂ ਲਈ ਜਾਤੀ ਵਿਵਸਥਾ ਨੂੰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਮੰਨਦੇ ਹਨ।
 
ਆਧੁਨਿਕਤਾ ਦੇ ਬਾਵਜੂਦ ਅੱਜ ਵੀ ਭਾਰਤ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਤੀ ਵਿਵਸਥਾ ਦੀ ਤਸਵੀਰ ਸਾਫ ਨਜ਼ਰ ਆਉਂਦੀ ਹੈ। ਆਮ ਲੋਕਾਂ ਦੀ ਜ਼ਿੰਦਗੀ ਵੀ ਕਿਤੇ ਨਾ ਕਿਤੇ ਇਸ ਤੋਂ ਪ੍ਰਭਾਵਿਤ ਹੈ ਅਤੇ ਕਈ ਵਾਰ ਤਾਂ ਮਹਿਲਾਵਾਂ ਨੂੰ ਇਸਦੇ ਸਭ ਤੋਂ ਭਿਆਨਕ ਰੂਪ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਕਈ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਮਹਿਲਾਵਾਂ ਖਿਲਾਫ ਹੋਣ ਵਾਲੀ ਹਿੰਸਾ ਵਿੱਚ ਜਾਤੀ ਆਧਾਰਿਤ ਦੁਸ਼ਮਣੀ ਮੁੱਖ ਰਹੀ ਹੈ।
 
ਹਾਲਾਂਕਿ ਕਈ ਮਾਮਲਿਆਂ ਵਿੱਚ ਅੰਤਰ ਧਾਰਮਿਕ ਕਾਰਨ ਵੀ ਸਾਹਮਣੇ ਆਏ ਹਨ। ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੀ ਜੰਮੂ-ਕਸ਼ਮੀਰ ਵਿੱਚ 8 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਦੇ ਪਿੱਛੇ ਵੀ ਜਾਤੀ ਕਾਰਨ ਮੰਨੇ ਜਾ ਰਹੇ ਹਨ। ਮਾਹਿਰ ਮੰਨਦੇ ਹਨ ਕਿ ਸਮਾਜ ਵਿੱਚ ਹਾਸ਼ੀਏ 'ਤੇ ਰਹਿਣ ਵਾਲੇ ਦਲਿਤ ਤੇ ਆਦੀਵਾਸੀ ਵਰਗਾਂ ਦੀਆਂ ਮਹਿਲਾਵਾਂ ਦੇ ਨਾਲ ਹੋਣ ਵਾਲੇ ਅਪਰਾਧਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ।
 
ਮਾਹਿਰ ਕਹਿੰਦੇ ਹਨ ਕਿ ਅੱਜ ਉੱਚ ਜਾਤੀ ਦੇ ਪੁਰਸ਼, ਪੱਛੜੀ ਜਾਤੀ ਦੀਆਂ ਮਹਿਲਾਵਾਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਨਤੀਜੇ ਵੱਜੋਂ, ਮਹਿਲਾਵਾਂ ਬਲਾਤਕਾਰ, ਯੌਨ ਹਿੰਸਾ ਵਰਗੇ ਮਾਮਲਿਆਂ ਦੀਆਂ ਸ਼ਿਕਾਰ ਬਣਦੀਆਂ ਹਨ। ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿੱਚ ਇੱਕ ਦਲਿਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਕਈ ਮਹੀਨਿਆਂ ਤੱਕ ਉੱਚ ਜਾਤੀ ਦੇ ਤਿੰਨ ਲੜਕਿਆਂ ਨੇ ਰੇਪ ਕੀਤਾ। 
 
ਛੱਤੀਸਗੜ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਿੱਥੇ 22 ਸਾਲ ਦੀ ਇੱਕ ਮਹਿਲਾ ਨੇ ਇੱਕ ਪੰਡਤ 'ਤੇ ਕਥਿਤ ਤੌਰ 'ਤੇ ਰੇਪ ਦਾ ਦੋਸ਼ ਲਗਾਇਆ। ਅਜਿਹੇ ਮਾਮਲਿਆਂ ਦੀ ਇੱਕ ਲੰਮੀ ਲਿਸਟ ਹੈ। ਮਾਹਿਰਾਂ ਮੁਤਾਬਕ, ਦੇਸ਼ ਵਿੱਚ ਯੌਨ ਹਿੰਸਾ ਨੂੰ ਹੁਣ ਉੱਚ ਵਰਗ ਦੇ ਲੋਕ ਹੇਠਲੀਆਂ ਜਾਤਾਂ ਖਿਲਾਫ ਇੱਕ ਹਥਿਆਰ ਵਾਂਗ ਇਸਤੇਮਾਲ ਕਰਨ ਲੱਗੇ ਹਨ। ਜਿਸਦਾ ਮਕਸਦ ਦਬਦਬਾ ਸਥਾਪਿਤ ਕਰਨਾ ਹੈ।
 
ਸੈਂਟਰ ਫਾਰ ਸੋਸ਼ਲ ਰਿਸਰਚ ਦੇ ਡਾਇਰੈਕਟਰ ਰੰਜਨਾ ਕੁਮਾਰੀ ਕਹਿੰਦੇ ਹਨ, ''ਅਸੀਂ ਇਹ ਰੋਜ਼ਾਨਾ ਦੇਖਦੇ ਹਾਂ। ਹਾਲਾਂਕਿ ਯੌਨ ਅਪਰਾਧਾਂ ਨੂੰ ਲੈ ਕੇ ਕੋਈ ਜਾਤੀ ਆਧਾਰਿਤ ਅੰਕੜੇ ਨਹੀਂ ਹਨ, ਪਰ ਇਹ ਹੁਣ ਨਜ਼ਰ ਆਉਂਦਾ ਹੈ। ਇੱਥੇ ਤੱਕ ਕਿ ਉਨ੍ਹਾਂ ਮਹਿਲਾਵਾਂ ਨੂੰ ਵੀ ਜ਼ਿਆਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਨ੍ਹਾਂ ਦੇ ਪਰਿਵਾਰ ਵਾਲੇ ਕੰਮ ਦੀ ਭਾਲ ਵਿੱਚ ਬਾਹਰ ਆ ਗਏ ਹਨ।''
 
ਮਾਹਿਰਾਂ ਦਾ ਮੰਨਣਾ ਹੈ ਕਿ ਜਿੱਥੇ ਜਾਤੀ ਆਧਾਰਿਤ ਟਕਰਾਅ ਦੀ ਸਥਿਤੀ ਬਣਦੀ ਹੈ, ਉੱਥੇ ਬਲਾਤਕਾਰ ਜਾਂ ਯੌਨ ਹਿੰਸਾ ਦੀ ਲੜਾਈ ਦਾ ਹਥਿਆਰ ਬਣਾ ਲਿਆ ਜਾਂਦਾ ਹੈ। ਇਸਦਾ ਇੱਕ ਉਦਾਹਰਨ ਸਾਲ 2016 ਵਿੱਚ ਹੋਏ ਜਾਟ ਅੰਦੋਲਨ ਦੌਰਾਨ ਵੀ ਨਜ਼ਰ ਆਉਂਦਾ ਹੈ। ਫਰਵਰੀ 2016 ਵਿੱਚ ਜਾਟ ਸਮਾਜ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਮੰਗ ਕਰ ਰਿਹਾ ਸੀ। ਇਸ ਅੰਦੋਲਨ ਕਾਰਨ ਦਿੱਲੀ ਨਾਲ ਲਗਦੇ ਰਾਜ ਹਰਿਆਣਾ ਵਿੱਚ ਆਮ ਜੀਵਨ ਕਾਫੀ ਪ੍ਰਭਾਵਿਤ ਹੋਇਆ ਸੀ। ਇਸੇ ਦੌਰਾਨ ਹੋਈ ਹਿੰਸਾ ਵਿੱਚ 9 ਮਹਿਲਾਵਾਂ ਨਾਲ ਗੈਂਗਰੇਪ ਕੀਤਾ ਗਿਆ।
 
ਕੁਝ ਅਜਿਹੇ ਹੀ ਮਾਮਲੇ ਤਮਿਲਨਾਡੂ ਵਿੱਚ ਵੀ ਸਾਹਮਣੇ ਆਏ ਸਨ। ਰਿਪੋਰਟ ਮੁਤਾਬਕ, ਦੇਸ਼ ਵਿੱਚ ਸਭ ਤੋਂ ਜ਼ਿਆਦਾ ਗੰਭੀਰ ਅਪਰਾਧ ਉੱਤਰ ਪ੍ਰਦੇਸ਼ ਵਿੱਚ ਹੁੰਦੇ ਹਨ। ਇੱਥੇ ਮਹਿਲਾਵਾਂ ਖਿਲਾਫ ਹੋਣ ਵਾਲੇ ਅਪਰਾਧਾਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਹੈ। ਕੁੱਲ ਅਪਰਾਧਾਂ ਵਿੱਚ ਉੱਤਰ ਪ੍ਰਦੇਸ਼ ਤੋਂ ਬਾਅਦ ਬਿਹਾਰ ਦਾ ਨੰਬਰ ਆਉਂਦਾ ਹੈ, ਪਰ ਮਹਿਲਾਵਾਂ ਖਿਲਾਫ ਹੋਣ ਵਾਲੇ ਅਪਰਾਧ ਉੱਤਰ ਪ੍ਰਦੇਸ਼ ਤੋਂ ਬਾਅਦ ਪੱਛਮ ਬੰਗਾਲ ਵਿੱਚ ਸਭ ਤੋਂ ਜ਼ਿਆਦਾ ਹੁੰਦੇ ਹਨ।
 
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਡਾਟਾ ਮੁਤਾਬਕ, ਸਾਲ 2016 ਵਿੱਚ ਦਰਜ ਅਪਰਾਧਿਕ ਮਾਮਲੇ ਦੱਸਦੇ ਹਨ ਕਿ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਅਸੁਰੱਖਿਅਤ ਸੂਬਾ ਹੈ। ਨਾਲ ਹੀ ਸ਼ਹਿਰੀ ਖੇਤਰਾਂ ਵਿੱਚ ਦਲਿਤਾਂ ਖਿਲਾਫ ਹੋਣ ਵਾਲੇ ਅੱਤਿਆਚਾਰ ਵਧ ਰਹੇ ਹਨ।
 
ਹਾਲਾਂਕਿ ਹਾਸ਼ੀਏ 'ਤੇ ਰਹਿਣ ਵਾਲੇ ਇਨ੍ਹਾਂ ਵਰਗਾਂ ਦੀਆਂ ਮਹਿਲਾਵਾਂ ਖਿਲਾਫ ਵਧਦੀ ਹਿੰਸਾ ਲਈ ਕਈ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਸਕਦਾ ਹੈ। ਜਿਵੇਂ ਪੇਂਡੂ ਖੇਤਰਾਂ ਵਿੱਚ ਪੁਰਸ਼ ਕੰਮ ਦੀ ਭਾਲ ਵਿੱਚ ਵੱਡੇ ਸ਼ਹਿਰਾਂ ਵੱਲੇ ਚਲੇ ਜਾਂਦੇ ਹਨ। ਅਜਿਹੇ ਵਿੱਚ ਪਿੰਡਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਘਰਾਂ ਵਿੱਚ ਇਕੱਲੀਆਂ ਰਹਿ ਜਾਂਦੀਆਂ ਹਨ। ਮਹਿਲਾਵਾਂ ਨੂੰ ਕਮਜ਼ੋਰ ਅਤੇ ਇਕੱਲਾ ਸਮਝ ਕੇ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਦਲਿਤ ਵਰਗ ਵਿੱਚ ਵੀ ਰਾਜਨੀਤਕ ਜਾਗਰੂਕਤਾ ਆ ਰਹੀ ਹੈ, ਜੋ ਕਿ ਇਨ੍ਹਾਂ 'ਤੇ ਵਧਦੇ ਹਮਲਿਆਂ ਦਾ ਕਾਰਨ ਵੀ ਹੈ।
 
ਸਮਾਜਿਕ ਵਰਕਰ ਪਾਲ ਦਿਵਾਕਰ ਕਹਿੰਦੇ ਹਨ, ''ਦਲਿਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਨਾਲ ਜੁੜਿਆ ਸਰਕਾਰ ਦਾ ਦਾਅਵਾ ਖੋਖਲਾ ਹੈ। ਜਾਤੀ ਸਮੀਕਰਨਾਂ ਨੂੰ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ। ਨਾਲ ਹੀ ਨੀਤੀਆਂ ਅਤੇ ਫੈਸਲੇ ਤੈਅ ਕਰਦੇ ਹੋਏ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇੱਕ ਇਤਿਹਾਸਕ ਸਮੱਸਿਆ ਨਾਲ ਟੱਕਰ ਖਾ ਰਹੇ ਹਾਂ।''
 
ਜਾਗਰੂਕ ਨਜ਼ਰ ਆ ਰਿਹਾ ਹੈ ਦਲਿਤ ਸਮਾਜ
ਲਮੇਂ ਸਮੇਂ ਤੱਕ ਹਾਸ਼ੀਏ 'ਤੇ ਰਿਹਾ ਦਲਿਤ ਸਮਾਜ ਹੁਣ ਰਾਜਨੀਤਕ ਤੌਰ 'ਤੇ ਜਾਗਰੂਕ ਨਜ਼ਰ ਆਉਣ ਲੱਗਾ ਹੈ। ਪਿਛਲੇ ਕੁਝ ਸਮੇਂ ਵਿੱਚ ਅਜਿਹੇ ਕਈ ਮੌਕੇ ਆਏ, ਜਦੋਂ ਦਲਿਤਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ।  

ਰੋਜ਼ਾਨਾ 4 ਦਲਿਤ ਔਰਤਾਂ ਨਾਲ ਰੇਪ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ, ਭਾਰਤ 'ਚ ਦਲਿਤ ਮਹਿਲਾਵਾਂ ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਹੈ। ਰੋਜ਼ਾਨਾ ਕਰੀਬ 4 ਦਲਿਤ ਮਹਿਲਾਵਾਂ ਰੇਪ ਦਾ ਸ਼ਿਕਾਰ ਹੁੰਦੀਆਂ ਹਨ। ਸੈਕਸ ਐਕਸਪਰਟਸ ਕਹਿੰਦੇ ਹਨ ਕਿ ਕੁਝ ਅਪਰਾਧੀ ਯੌਨ ਅਪਰਾਧ ਪੀੜਤਾਂ ਨੂੰ ਡਰਾਉਣ ਲਈ ਵੀ ਕਰਦੇ ਹਨ। ਕਈ ਮਾਮਲਿਆਂ 'ਚ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਸਜ਼ਾ ਤੋਂ ਬਚ ਸਕਦੇ ਹਨ।
 
ਪੇਂਡੂ ਖੇਤਰਾਂ 'ਚ ਜੇਕਰ ਕੋਈ ਦਲਿਤ ਜਾਂ ਆਦੀਵਾਸੀ ਪਰਿਵਾਰ ਕਿਸੇ ਜਾਤੀ ਸਬੰਧੀ ਪਰੰਪਰਾ ਨੂੰ ਤੋੜਦਾ ਹੈ ਜਾਂ ਬਦਲਾਅ ਕਰਦਾ ਹੈ ਤਾਂ ਸਜ਼ਾ ਦੇਣ ਲਈ ਉਸ ਪਰਿਵਾਰ ਦੀਆਂ ਮਹਿਲਾਵਾਂ ਨੂੰ ਚੁਣਿਆ ਜਾਂਦਾ ਹੈ। ਸਮਾਜਿਕ ਵਰਕਰ ਸ਼ਬਨਮ ਹਾਸ਼ਮੀ ਕਹਿੰਦੇ ਹਨ, ''ਸਜ਼ਾ ਦੇਣ ਦਾ ਇੱਕ ਢੰਗ ਪ੍ਰਾਪਰਟੀ ਸਾੜ ਦੇਣਾ, ਲੁੱਟ-ਖੋਹ ਕਰਨਾ ਹੈ ਤਾਂ ਦੂਜਾ ਢੰਗ ਔਰਤਾਂ ਨਾਲ ਰੇਪ ਕਰਨਾ, ਉਨ੍ਹਾਂ ਨੂੰ ਨੰਗਾ ਕਰਕੇ ਸੜਕਾਂ 'ਤੇ ਘੁਮਾਉਣਾ ਮੰਨਿਆ ਜਾਂਦਾ ਹੈ।''

ਬਲਾਤਕਾਰ ਤਾਕਤ ਨਾਲ ਜੁੜਿਆ ਮਾਮਲਾ
ਅਜਿਹਾ ਵੀ ਨਹੀਂ ਹੈ ਕਿ ਯੌਨ ਅਪਰਾਧ ਅਤੇ ਬਲਾਤਕਾਰ ਨਾਲ ਜੁੜੇ ਮਾਮਲੇ ਸਿਰਫ ਪੇਂਡੂ ਖੇਤਰਾਂ ਵਿੱਚ ਹੀ ਸਾਹਮਣੇ ਆ ਰਹੇ ਹਨ। ਹੈਦਰਾਬਾਦ ਦੇ ਅਪਰਾਧਿਕ ਅੰਕੜੇ ਦੱਸਦੇ ਹਨ ਕਿ ਪਿਛਲੇ ਤਿੰਨ ਸਾਲ ਵਿੱਚ ਸ਼ਹਿਰ ਦੀਆਂ ਕਰੀਬ 37 ਦਲਿਤ ਤੇ ਆਦੀਵਾਸੀ ਮਹਿਲਾਵਾਂ ਦੇ ਨਾਲ ਰੇਪ ਕੀਤਾ ਗਿਆ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਦੋਸ਼ ਉੱਚ ਜਾਤੀ ਦੇ ਪੁਰਸ਼ਾਂ 'ਤੇ ਹੀ ਲਗਾਏ ਗਏ ਹਨ।
 
ਸਮਾਜ ਸ਼ਾਸਤਰੀ ਸੰਜੈ ਨੇ ਕਿਹਾ, ''ਬਲਾਤਕਾਰ ਤਾਕਤ ਨਾਲ ਜੁੜਿਆ ਮਾਮਲਾ ਹੈ। ਜਦੋਂ ਉੱਚ ਜਾਤੀ ਦਾ ਕੋਈ ਵਿਅਕਤੀ ਕਿਸੇ ਦਲਿਤ ਮਹਿਲਾ ਨਾਲ ਬਲਾਤਕਾਰ ਕਰਦਾ ਹੈ ਤਾਂ ਉਸਨੂੰ ਸ਼ਕਤੀ ਪ੍ਰਦਰਸ਼ਨ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਦਲਿਤ ਜਾਤੀ ਦੇ ਪੁਰਸ਼ ਮਹਿਲਾਵਾਂ ਦੀ ਸੁਰੱਖਿਆ ਕਰਨ ਵਿੱਚ ਸਮਰੱਥ ਨਹੀਂ ਹਨ। ਇਸ ਲਈ ਰੇਪ, ਪੁਰਸ਼ਾਂ ਵਿਚਕਾਰ ਇੱਕ ਮੁਕਾਬਲਾ ਵੀ ਹੈ।''
(ਸਰੋਤ : ਡੀਡਬਲਯੂ)

 

Comments

Leave a Reply