Wed,Jun 03,2020 | 08:46:01pm
HEADLINES:

Social

ਦਲਿਤਾਂ ਦੇ ਘਰ ਪਿੰਡੋਂ ਬਾਹਰ, ਪਾਣੀ ਭਰਨ ਸਮੇਂ ਵੀ ਵਿਤਕਰਾ

ਦਲਿਤਾਂ ਦੇ ਘਰ ਪਿੰਡੋਂ ਬਾਹਰ, ਪਾਣੀ ਭਰਨ ਸਮੇਂ ਵੀ ਵਿਤਕਰਾ

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਦੋ ਦਲਿਤ ਬੱਚਿਆਂ ਦੀ ਖੁੱਲੇ ਮੈਦਾਨ ਵਿੱਚ ਜੰਗਲ ਪਾਣੀ ਜਾਣ 'ਤੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨੇ ਜਾਤੀ ਪ੍ਰਥਾ ਦੇ ਬੇਰਹਿਮ ਸੱਚ ਨੂੰ ਸਾਹਮਣੇ ਲਿਆਂਦਾ। ਸ਼ਿਵਪੁਰੀ ਦੇ ਨਾਲ ਲਗਦੇ ਬੁੰਦੇਲਖੰਡ ਖੇਤਰ ਵਿੱਚ ਸਮਾਜਿਕ ਭੇਦਭਾਵ ਆਮ ਹੈ।

ਡੇਲੀ ਹੰਟ ਦੀ ਖਬਰ ਮੁਤਾਬਕ, ਇੱਥੇ ਪਾਣੀ ਨੂੰ ਲੈ ਕੇ ਹੋਣ ਵਾਲੇ ਭੇਦਭਾਵ ਪ੍ਰੇਮਚੰਦ ਦੀ ਕਹਾਣੀ 'ਠਾਕੁਰ ਦਾ ਕੂਆਂ' (ਠਾਕੁਰ ਦਾ ਖੂਹ) ਦੀ ਯਾਦ ਕਰਾਉਂਦੇ ਹਨ। ਉੱਚ ਜਾਤੀ ਦੇ ਲੋਕ ਆਪਣੇ ਖੂਹ ਤੋਂ ਦਲਿਤਾਂ ਨੂੰ ਪਾਣੀ ਭਰਨ ਨਹੀਂ ਦਿੰਦੇ। ਬੁੰਦੇਲਖੰਡ ਦੇ ਪਿੰਡਾਂ ਵਿੱਚ ਦਲਿਤਾਂ ਦੇ ਘੱਟ ਤੋਂ ਘੱਟ 46 ਤਰ੍ਹਾਂ ਦੇ ਬਾਇਕਾਟ ਹੁੰਦੇ ਹਨ। ਇਨ੍ਹਾਂ ਵਿੱਚ ਟਾਇਲਟ ਜਾਣ, ਪਾਣੀ ਭਰਨ ਤੋਂ ਲੈ ਕੇ ਮੰਦਰਾਂ ਵਿੱਚ ਦਾਖਲ ਹੋਣ ਤੱਕ ਸ਼ਾਮਲ ਹਨ।

ਸਫਾਈ ਦਾ ਕੰਮ ਕਰਨ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁੰਦੇਲਖੰਡ ਵਿੱਚ ਮੁੱਖ ਤੌਰ 'ਤੇ ਅਹੀਰਵਾਰ, ਗੌਤਮ, ਡੋਮਾਰ, ਜਾਟਵ, ਚਮਾਰ, ਵਾਲਮੀਕੀ, ਛੋੜਾ ਆਦਿ ਜਾਤਾਂ ਦਲਿਤ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਵਾਲਮੀਕੀ, ਚਮਾਰ ਤੇ ਡੋਮ ਜਾਤਾਂ ਦੇ ਨਾਲ ਜ਼ਿਆਦਾ ਭੇਦਭਾਵ ਹੁੰਦਾ ਹੈ। ਇਨ੍ਹਾਂ ਜਾਤਾਂ ਦੇ ਘਰ ਆਮ ਤੌਰ 'ਤੇ ਪਿੰਡ ਤੋਂ ਬਾਹਰ ਹੁੰਦੇ ਹਨ।

ਇਸ ਲਈ ਇਸ ਵਰਗ ਦੇ ਲੋਕਾਂ ਨੂੰ ਪਿੰਡ ਦੇ ਅੰਦਰ ਦੇ ਹੈਂਡਪੰਪਾਂ ਤੋਂ ਪਾਣੀ ਲੈਣ ਦੀ ਮਨਜ਼ੂਰੀ ਨਹੀਂ ਹੈ। ਦਲਿਤਾਂ ਨੂੰ ਹੈਂਡਪੰਪ ਠੀਕ ਕਰਨ ਲਈ ਕਿਸੇ ਆਪਣੇ ਵਰਗੇ ਹੀ ਦਲਿਤ ਮੈਕੇਨਿਕ ਨੂੰ ਲੱਭਣਾ ਪੈਂਦਾ ਹੈ। ਦਲਿਤਾਂ ਦਾ ਇੱਕ ਹੈਂਡਪੰਪ ਠੀਕ ਕਰਨ ਵਿੱਚ ਕਈ-ਕਈ ਦਿਨ ਲਗ ਜਾਂਦੇ ਹਨ। ਉਦੋਂ ਤੱਕ ਇਨ੍ਹਾਂ ਨੂੰ ਪਿੰਡ ਦੇ ਸਰਕਾਰੀ ਸਕੂਲੋਂ ਪਾਣੀ ਭਰਨਾ ਪੈਂਦਾ ਹੈ।

ਬੁੰਦੇਲਖੰਡ ਦੇ ਸੋਸ਼ਲ ਐਕਟੀਵਿਸਟ ਕੁਲਦੀਪ ਬੋਧ ਕਹਿੰਦੇ ਹਨ ਕਿ ਬੁੰਦੇਲਖੰਡ ਵਿੱਚ 66 ਅਨੁਸੂਚਿਤ ਜਾਤੀ ਤੇ ਜਨਜਾਤੀਆਂ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਹਨ। ਚਿੱਤਰਕੂਟ ਦੇ ਕਰਬੀ ਬਲਾਕ ਦੇ ਪਤੌੜਾ ਪਿੰਡ ਦੇ ਕੈਲਾਸ਼ ਦੱਸਦੇ ਹਨ ਕਿ ਪਿੰਡ ਵਿੱਚ ਦਲਿਤਾਂ ਵਿਚਕਾਰ ਕਈ-ਕਈ ਉਪਜਾਤਾਂ ਹਨ। 4 ਹਜ਼ਾਰ ਦੀ ਆਬਾਦੀ ਵਾਲੇ ਪਤੌੜਾ ਪਿੰਡ ਵਿੱਚ ਕਰੀਬ 1800 ਵੋਟਰ ਹਨ।

ਪਿੰਡ ਵਿੱਚ 65 ਫੀਸਦੀ ਯਾਦਵ, 20 ਫੀਸਦੀ ਦਲਿਤ ਤੇ ਬਾਕੀ ਹੋਰ ਜਾਤਾਂ ਹਨ। ਇੱਥੇ ਕਰੀਬ ਇੱਕ ਦਰਜਨ ਵਾਲਮੀਕੀ ਪਰਿਵਾਰ ਹਨ, ਜਿਨ੍ਹਾਂ ਨੂੰ ਪਿੰਡੋਂ ਬਾਹਰ ਰਹਿਣ ਨੂੰ ਜਗ੍ਹਾ ਮਿਲੀ ਹੈ। ਉਹ ਪਿੰਡ ਦੇ ਪਾਣੀ ਦਾ ਇਸਤੇਮਾਲ ਨਹੀਂ ਕਰ ਸਕਦੇ। ਉਨ੍ਹਾਂ ਲਈ ਇੱਕ ਹੈਂਡਪੰਪ ਤੇ ਇੱਕ ਖੂਹ ਹੈ। ਜੇਕਰ ਖੂਹ ਸੁੱਕ ਜਾਂਦਾ ਹੈ ਤਾਂ ਹੈਂਡਪੰਪ ਵੀ ਸੁੱਕ ਜਾਂਦਾ ਹੈ।

ਅਜਿਹੇ ਵਿੱਚ ਉਨ੍ਹਾਂ ਨੂੰ ਨਹਿਰ ਦੇ ਪਾਣੀ 'ਤੇ ਨਿਰਭਰ ਰਹਿਣਾ ਪੈਂਦਾ ਹੈ। ਬਾਂਦਾ ਦੇ ਬਦੌਖਰ ਖੁਰਦ ਬਲਾਕ ਦੇ ਮੋਹਨਪੁਰਵਾ ਪਿੰਡ ਦੀ ਆਬਾਦੀ 5320 ਹੈ। ਪਿੰਡ ਦੇ ਰਾਮਕਿਸ਼ਨ ਦੱਸਦੇ ਹਨ ਕਿ ਕਈ ਦਹਾਕਿਆਂ ਤੋਂ ਇੱਥੇ ਉੱਚ ਜਾਤੀ ਦੇ ਲੋਕ ਹੀ ਸਰਪੰਚ ਬਣਦੇ ਆ ਰਹੇ ਹਨ। ਪਿੰਡ ਵਿੱਚ 15 ਖੂਹ ਤੇ ਕਰੀਬ 90 ਹੈਂਡਪੰਪ ਹਨ। ਇਨ੍ਹਾਂ 'ਚੋਂ 14 ਖੂਬ ਹਮੇਸ਼ਾ ਸੁੱਕੇ ਰਹਿੰਦੇ ਹਨ। 50 ਤੋਂ ਜ਼ਿਆਦਾ ਹੈਂਡਪੰਪ ਹਮੇਸ਼ਾ ਖਰਾਬ ਰਹਿੰਦੇ ਹਨ। ਦਲਿਤਾਂ ਦੇ ਮੁਹੱਲੇ 'ਚ 2 ਹੈਂਡਪੰਪ ਹਨ, ਜਿਨ੍ਹਾਂ ਤੋਂ ਪੂਰਾ ਸਮਾਜ ਪਾਣੀ ਭਰਦਾ ਹੈ।

ਸੰਦੀਪ ਦੱਸਦੇ ਹਨ ਕਿ ਅਸੀਂ ਕਦੇ ਵੀ ਉੱਚ ਜਾਤਾਂ ਦੇ ਖੂਹ ਤੋਂ ਪਾਣੀ ਨਹੀਂ ਲੈਂਦੇ। 'ਜਲ ਜਨ ਜੋੜੋ ਮੁਹਿਮ' ਦੇ ਰਾਸ਼ਟਰੀ ਕਨਵੀਨਰ ਸੰਜੈ ਸਿੰਘ ਕਹਿੰਦੇ ਹਨ ਕਿ ਬੁੰਦੇਲਖੰਡ ਵਿੱਚ ਪਾਣੀ ਨੂੰ ਲੈ ਕੇ ਦਲਿਤਾਂ ਦੇ ਨਾਲ ਅੱਤਿਆਚਾਰ ਆਮ ਹੈ। ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਕਰਨ ਦੀ ਰਾਹ ਵਿੱਚ ਸਾਡੇ ਲਈ ਜਾਤੀ ਪ੍ਰਥਾ ਖਿਲਾਫ ਲੜਾਈ ਵੀ ਸ਼ਾਮਲ ਹੈ।

Comments

Leave a Reply