Mon,Aug 19,2019 | 06:21:23pm
HEADLINES:

Social

'ਦਲਿਤ' ਸ਼ਬਦ ਦੇ ਪ੍ਰਯੋਗ ਤੋਂ ਡਰ ਕਿਉਂ ਲਗਦਾ ਹੈ?

'ਦਲਿਤ' ਸ਼ਬਦ ਦੇ ਪ੍ਰਯੋਗ ਤੋਂ ਡਰ ਕਿਉਂ ਲਗਦਾ ਹੈ?

ਕੇਂਦਰ ਸਰਕਾਰ ਚਾਹੁੰਦੀ ਹੈ ਕਿ ਟੀਵੀ ਚੈਨਲ, ਸਰਕਾਰੀ ਅਧਿਕਾਰੀ ਅਤੇ ਅਖਬਾਰ 'ਦਲਿਤ' ਸ਼ਬਦ ਦਾ ਇਸਤੇਮਾਲ ਨਾ ਕਰਨ। ਸਰਕਾਰੀ ਵਿਭਾਗਾਂ ਤੇ ਟੀਵੀ ਚੈਨਲਾਂ ਨੂੰ ਇਸਦੇ ਲਈ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਪ੍ਰੈੱਸ ਕੌਂਸਲ ਵੀ ਇਸਦੇ ਲਈ ਐਡਵਾਈਜ਼ਰੀ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੀਡੀਆ ਸ਼ੈਡਿਊਲਡ ਕਾਸਟ ਨਾਲ ਜੁੜੇ ਲੋਕਾਂ ਦਾ ਜ਼ਿਕਰ ਕਰਦੇ ਸਮੇਂ 'ਦਲਿਤ' ਸ਼ਬਦ ਦੇ ਇਸਤੇਮਾਲ ਤੋਂ ਬਚ ਸਕਦਾ ਹੈ। ਅਜਿਹਾ ਕਰਨਾ ਬਾਂਬੇ ਹਾਈਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਹੋਵੇਗਾ। 
 
ਇਸਦੇ ਤਹਿਤ ਮੀਡੀਆ ਨੂੰ ਅੰਗ੍ਰੇਜ਼ੀ ਵਿੱਚ ਸ਼ੈਡਿਊਲਡ ਕਾਸਟ ਤੇ ਦੂਜੀਆਂ ਰਾਸ਼ਟਰੀ ਭਾਸ਼ਾਵਾਂ ਵਿੱਚ ਇਸਦੇ ਯੋਗ ਅਨੁਵਾਦ ਕੀਤੇ ਸ਼ਬਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਰਕਾਰ ਨੇ ਇਹ ਕਦਮ ਹਾਈਕੋਰਟ ਦੇ ਦੋ ਫੈਸਲਿਆਂ ਵਿੱਚ ਦਿੱਤੀ ਗਈ ਸਲਾਹ ਦੇ ਆਧਾਰ 'ਤੇ ਚੁੱਕਿਆ ਹੈ। ਕੋਰਟ ਨੇ ਇਸ ਸ਼ਬਦ ਦੇ ਇਸਤੇਮਾਲ 'ਤੇ ਕੋਈ ਜ਼ਰੂਰੀ ਪਾਬੰਦੀ ਨਹੀਂ ਲਗਾਈ ਹੈ। ਸਰਕਾਰ ਦੀ ਇਸ ਬਾਰੇ ਸਰਗਰਮੀ ਤੋਂ ਲਗਦਾ ਹੈ ਕਿ ਸਰਕਾਰ ਹੀ ਚਾਹੁੰਦੀ ਹੈ ਕਿ 'ਦਲਿਤ' ਸ਼ਬਦ ਦਾ ਇਸਤੇਮਾਲ ਬੰਦ ਹੋਵੇ। 
 
ਕੀ ਹੈ 'ਦਲਿਤ' ਸ਼ਬਦ ਦਾ ਇਤਿਹਾਸ
'ਦਲਿਤ' ਸ਼ਬਦ ਭਾਰਤੀ ਭਾਸ਼ਾ ਸ਼ਾਸਤਰ ਤੇ ਡਿਕਸ਼ਨਰੀ ਵਿੱਚ ਕਾਫੀ ਦੇਰ ਤੋਂ ਆਇਆ ਹੈ। ਇਹ ਸ਼ਬਦ ਉਨ੍ਹਾਂ ਜਾਤੀ ਵਰਗਾਂ ਲਈ ਇਸਤੇਮਾਲ ਹੁੰਦਾ ਹੈ, ਜੋ ਕਿ ਅਛੂਤ, ਮਤਲਬ ਛੂਆਛਾਤ ਦੇ ਸ਼ਿਕਾਰ ਹਨ ਜਾਂ ਰਹੇ ਹਨ। ਭਾਰਤੀ ਸਮਾਜ ਵਿਵਸਥਾ ਵਿੱਚ ਚਾਰ ਵਰਣਾਂ ਦੀ ਵਿਵਸਥਾ ਹੈ। ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ। ਸ਼ਾਸਤਰਾਂ ਵਿੱਚ ਇਨ੍ਹਾਂ ਦੇ ਕੰਮ ਵੀ ਨਿਰਧਾਰਿਤ ਹਨ ਅਤੇ ਇਨ੍ਹਾਂ ਦੇ ਗੁਣ ਵੀ ਦੱਸੇ ਗਏ ਹਨ।
 
ਰਿਗਵੇਦ ਦੇ ਪੁਰਸ਼ ਸੁਕਤ ਤੋਂ ਲੈ ਕੇ ਗੀਤਾ ਦੇ 18ਵੇਂ ਪਾਠ ਤੇ ਕਈ ਲੇਖਾਂ ਵਿੱਚ ਇਹ ਸਭ ਵਿਸਤਾਰ ਨਾਲ ਹੈ। ਕਈ ਲੋਕ ਅਜਿਹੀ ਵਿਆਖਿਆ ਕਰਦੇ ਹਨ ਕਿ ਇਹ ਵਰਣ ਜਨਮ ਨਹੀਂ, ਕਰਮ ਦੇ ਆਧਾਰ 'ਤੇ ਹਨ, ਪਰ ਵਿਵਹਾਰ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਵੰਡ ਜਨਮ ਦੇ ਆਧਾਰ 'ਤੇ ਹੈ ਅਤੇ ਕਰਮ ਦੇ ਆਧਾਰ 'ਤੇ ਕਿਸੇ ਵਿਅਕਤੀ ਜਾਂ ਸਮੂਹ ਦੀ ਜਾਤੀ ਜਾਂ ਵਰਣ ਬਦਲ ਗਿਆ ਹੋਵੇ, ਅਜਿਹਾ ਕੋਈ ਉਦਾਹਰਨ ਮੌਜ਼ੂਦ ਨਹੀਂ ਹੈ। ਇਨ੍ਹਾਂ ਚਾਰ ਵਰਣਾਂ ਤੋਂ ਇਲਾਵਾ ਸਮਾਜ ਵਿੱਚ ਇੱਕ ਹੋਰ ਸਮੂਹ ਮੌਜ਼ੂਦ ਹੈ, ਜੋ ਕਿ ਚਾਰ ਵਰਣ ਵਿਵਸਥਾ ਵਿੱਚ ਸ਼ਾਮਲ ਨਹੀਂ ਹੈ।
 
ਉਨ੍ਹਾਂ ਨੂੰ ਅਛੂਤ, ਪੰਚਮ ਜਾਂ ਬਾਹਰੀ ਜਾਂ ਚੰਡਾਲ ਕਿਹਾ ਜਾਂਦਾ ਹੈ। ਭਾਰਤ ਵਿੱਚ ਅਜੇ ਜਿਹੜੀਆਂ ਦਲਿਤ ਜਾਤਾਂ ਹਨ, ਉਹ ਉਸੇ ਪੁਰਾਣੇ ਦੌਰ ਦੀਆਂ ਅਛੂਤ, ਚੰਡਾਲ ਜਾਂ ਪੰਚਮ ਜਾਤਾਂ ਹਨ। ਹੋਰ ਵਰਣਾਂ ਲਈ ਇਨ੍ਹਾਂ ਨੂੰ ਛੂਹਣ 'ਤੇ ਪਾਬੰਦੀ ਸੀ (ਸਿਵਿਲ ਰਾਈਟਸ ਐਕਟ ਤਹਿਤ ਹੁਣ ਅਜਿਹਾ ਕਰਨਾ ਅਪਰਾਧ ਹੈ)। ਇੱਥੇ ਤੱਕ ਕਿ ਇਨ੍ਹਾਂ ਦਾ ਪਰਛਾਵਾਂ ਵੀ ਬਾਕੀ ਜਾਤਾਂ ਨੂੰ ਅਸ਼ੁੱਧ ਕਰ ਸਕਦਾ ਸੀ।
 
ਸਭ ਤੋਂ ਗੰਦੇ ਕੰਮ ਇਨ੍ਹਾਂ ਲਈ ਨਿਰਧਾਰਿਤ ਸਨ। ਇਨ੍ਹਾਂ ਨੂੰ ਕੋਈ ਮਨੁੱਖੀ ਅਧਿਕਾਰ ਹਾਸਲ ਨਹੀਂ ਸਨ ਅਤੇ ਇਨ੍ਹਾਂ ਨੂੰ ਮਾਰ ਦੇਣ 'ਤੇ ਵੀ ਸਿਰਫ ਨਾਂ ਦੀ ਹੀ ਸਜ਼ਾ ਦੀ ਵਿਵਸਥਾ ਸ਼ਾਸਤਰਾਂ ਵਿੱਚ ਹੈ। ਸੰਵਿਧਾਨ ਵਿੱਚ ਛੂਆਛਾਤ 'ਤੇ ਪਾਬੰਦੀ ਲਗਾਈ ਗਈ ਹੈ, ਪਰ ਸਮਾਜ ਵਿੱਚੋਂ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਭਾਰਤੀ ਆਧੁਨਿਕਤਾ ਦੇ ਦਾਰਸ਼ਨਿਕ ਮਹਾਤਮਾ ਜੋਤੀਬਾ ਫੂਲੇ ਇਸ ਸਮੂਹ ਲਈ 'ਅਤਿ ਸ਼ੂਦਰ' ਸ਼ਬਦ ਦਾ ਇਸਤੇਮਾਲ ਕਰਦੇ ਹਨ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇਸਦੇ ਲਈ 'ਡਿਪ੍ਰੈਸਡ ਕਲਾਸੇਸ' ਸ਼ਬਦ ਦਾ ਇਸਤੇਮਾਲ ਕੀਤਾ।
 
ਸਾਹਿਬ ਕਾਂਸ਼ੀਰਾਮ ਇਨ੍ਹਾਂ ਨੂੰ 'ਆਪ੍ਰੈਸਡ ਕਲਾਸੇਸ' ਕਹਿੰਦੇ ਸਨ ਅਤੇ ਉਨ੍ਹਾਂ ਨੇ 'ਆਪ੍ਰੈਸਡ ਇੰਡੀਅਨ' ਨਾਂ ਦੀ ਪੱਤ੍ਰਿਕਾ ਵੀ ਕੱਢੀ। 'ਦਲਿਤ' ਸ਼ਬਦ ਡਿਪ੍ਰੈਸਡ ਜਾਂ ਆਪ੍ਰੈਸਡ ਦੇ ਆਲੇ-ਦੁਆਲੇ ਦਾ ਸ਼ਬਦ ਹੈ।
 
ਮੋਹਨ ਦਾਸ ਕਰਮਚੰਦ ਗਾਂਧੀ ਨੇ ਇਸ ਸਮੂਹ ਲਈ 'ਹਰੀਜਨ' ਸ਼ਬਦ ਦੀ ਵਰਤੋਂ ਕੀਤੀ, ਜਿਸਨੂੰ ਇਸ ਸਮਾਜ ਨੇ ਹੀ ਅਪਮਾਨਜਨਕ ਦੱਸ ਕੇ ਰੱਦ ਕਰ ਦਿੱਤਾ। ਹੁਣ ਇਸ ਸ਼ਬਦ ਦਾ ਪ੍ਰਯੋਗ ਕੋਈ ਨਹੀਂ ਕਰਦਾ। 'ਦਲਿਤ' ਸ਼ਬਦ ਨੂੰ ਲੋਕਪ੍ਰਿਅ ਬਣਾਉਣ ਵਿੱਚ ਮਹਾਰਾਸ਼ਟਰ ਦੇ 70 ਦੇ ਦਹਾਕੇ ਦੇ ਦਲਿਤ ਪੈਂਥਰ ਅੰਦੋਲਨ ਦਾ ਵੀ ਕਾਫੀ ਯੋਗਦਾਨ ਹੈ।
 
ਇਹ ਅੰਦੋਲਨ ਅਮਰੀਕੀ ਕਾਲੇ ਲੋਕਾਂ ਦੇ ਬਲੈਕ ਪੈਂਥਰ ਅੰਦੋਲਨ ਤੋਂ ਪ੍ਰੇਰਿਤ ਸੀ ਅਤੇ ਇਸਨੇ ਕਾਫੀ ਘੱਟ ਸਮੇਂ ਵਿੱਚ ਪ੍ਰਸਿੱਧੀ ਹਾਸਲ ਕੀਤੀ ਅਤੇ ਕਾਫੀ ਵਿਦਰੋਹੀ ਸਾਹਿੱਤ ਤੇ ਗੀਤ ਤਿਆਰ ਕੀਤੇ। ਭਾਰਤੀ ਸੰਵਿਧਾਨ ਦੀ ਧਾਰਾ 341 ਵਿੱਚ ਇਨ੍ਹਾਂ ਵਰਗਾਂ ਲਈ 'ਸ਼ੈਡਿਊਲਡ ਕਾਸਟ' ਸ਼ਬਦ ਦਾ ਪ੍ਰਯੋਗ ਕੀਤਾ ਗਿਆ, ਜਿਸਦਾ ਹਿੰਦੀ ਵਿੱਚ ਅਨੁਵਾਦ ਅਨੁਸੂਚਿਤ ਜਾਤੀਆਂ ਹੈ।
ਦਲਿਤ ਸ਼ਬਦ ਵਿੱਚ ਖਾਸ ਕੀ ਹੈ?
 
ਦਲਿਤ ਸ਼ਬਦ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਹ ਸ਼ਬਦ ਦਲਿਤਾਂ ਨੇ ਖੁਦ ਨੂੰ ਦਿੱਤਾ ਹੈ ਅਤੇ ਇਹੀ ਗੱਲ ਇਸ ਜਾਤੀ ਸਮੂਹ ਲਈ ਇਸਤੇਮਾਲ ਕੀਤੇ ਜਾਣ ਵਾਲੇ ਬਾਕੀ ਸ਼ਬਦਾਂ ਤੋਂ 'ਦਲਿਤ' ਸ਼ਬਦ ਨੂੰ ਅਲੱਗ ਕਰਦੀ ਹੈ। ਉਨ੍ਹਾਂ ਨੂੰ ਅਛੂਤ ਕਿਸੇ ਹੋਰ ਨੇ ਕਿਹਾ। ਉਨ੍ਹਾਂ ਨੂੰ ਚੰਡਾਲ ਕਿਸੇ ਹੋਰ ਨੇ ਕਿਹਾ। ਉਨ੍ਹਾਂ ਨੂੰ ਪੰਚਮ ਕਿਸੇ ਹੋਰ ਨੇ ਕਿਹਾ, ਪਰ ਦਲਿਤਾਂ ਨੂੰ 'ਦਲਿਤ' ਖੁਦ ਦਲਿਤਾਂ ਨੇ ਕਿਹਾ।
 
ਇੱਕ ਹੀ ਸ਼ਬਦ ਵੱਖ-ਵੱਖ ਸਥਿਤੀਆਂ ਵਿੱਚ ਅਲੱਗ ਅਰਥ ਤੇ ਅਸਰ ਪੈਦਾ ਕਰਦੇ ਹਨ। 'ਚਮਾਰ' ਸ਼ਬਦ ਦਾ ਇਸਤੇਮਾਲ ਜੇਕਰ ਕੋਈ ਉੱਚ ਜਾਤੀ ਦਾ ਵਿਅਕਤੀ ਨਫਰਤ ਦੇ ਨਾਲ ਕਰੇ ਤਾਂ ਇਸਦਾ ਅਰਥ ਗਾਲ੍ਹ ਹੈ। ਦੂਜੇ ਪਾਸੇ 'ਚਮਾਰ' ਜਾਤ ਦਾ ਕੋਈ ਵਿਅਕਤੀ ਆਪਣੀ ਕਾਰ ਦੇ ਸ਼ੀਸ਼ੇ 'ਤੇ ਮਾਣ ਨਾਲ 'ਚਮਾਰ ਦਾ ਮੁੰਡਾ' ਲਿਖਦਾ ਹੈ ਤਾਂ ਇਸਦਾ ਅਰਥ ਬਦਲ ਜਾਂਦਾ ਹੈ। 'ਦਲਿਤ' ਸ਼ਬਦ ਦਾ ਇਸਤੇਮਾਲ ਜਦੋਂ ਦਲਿਤ ਖੁਦ ਲਈ ਕਰਦੇ ਹਨ ਤਾਂ ਇਹ ਅਪਮਾਨਜਨਕ ਸ਼ਬਦ ਨਹੀਂ ਰਹਿ ਜਾਂਦਾ।
 
ਜਦੋਂ ਕੋਈ ਖੁਦ ਨੂੰ ਦਲਿਤ ਕਹਿੰਦਾ ਹੈ ਤਾਂ ਇਸ ਵਿੱਚ ਉਸਦੇ ਖੁਦ ਦੇ ਪੀੜਤ ਹੋਣ ਦੀ ਗੱਲ ਨੂੰ ਸਵੀਕਾਰ ਕਰਨ ਦੇ ਨਾਲ ਹੀ ਇਸ ਸਥਿਤੀ ਤੋਂ ਮੁਕਤ ਹੋਣ ਦੀ ਚਾਹਤ ਵੀ ਦਰਜ ਹੁੰਦੀ ਹੈ। ਦਲਿਤ ਹੋਣਾ ਇੱਕ ਅੰਦੋਲਨਕਾਰੀ ਸਥਿਤੀ ਹੈ, ਜਦਕਿ ਅਨੁਸੂਚਿਤ ਜਾਤੀ ਇੱਕ ਪ੍ਰਸ਼ਾਸਨਿਕ ਸ਼ਬਦ ਹੈ, ਜਿਸ ਨਾਲ ਸਿਰਫ ਇਹ ਪਤਾ ਲਗਦਾ ਹੈ ਕਿ ਕਿਹੜੀ ਜਾਤਾਂ ਇੱਕ ਖਾਸ ਅਨੁਸੂਚੀ ਵਿੱਚ ਦਰਜ ਹਨ।
 
ਇਸ ਸਾਲ 2 ਅਪ੍ਰੈਲ ਦੇ ਭਾਰਤ ਬੰਦ ਤੋਂ ਬਾਅਦ 'ਦਲਿਤ' ਸ਼ਬਦ ਅਜਿਹੀ ਪਛਾਣ ਬਣ ਚੁੱਕਾ ਹੈ, ਜਿਸਨੂੰ ਹੁਣ ਕੋਈ ਨਕਾਰ ਨਹੀਂ ਸਕਦਾ। ਪਿਛਲੇ ਦੋ ਦਹਾਕਿਆਂ ਵਿੱਚ ਇੰਨਾ ਵੱਡਾ ਰਾਸ਼ਟਰੀ ਅੰਦੋਲਨ ਹੋਰ ਕੋਈ ਸਮੂਹ ਨਹੀਂ ਕਰ ਸਕਿਆ। ਇਹ ਸ਼ਬਦ ਨੀਚ ਹੋਣ ਦਾ ਅਹਿਸਾਸ ਨਹੀਂ ਕਰਾਉਂਦਾ। ਜਿਵੇਂ ਕਿ ਲੇਖਕ ਸਿਧਾਰਥ ਰਾਮੂ ਕਹਿੰਦੇ ਹਨ, ''ਦਲਿਤ ਸ਼ਬਦ ਦਲਿਤਾਂ ਦੀ ਬਰਾਬਰੀ ਦੀ ਭਾਵਨਾ, ਸਮੂਹਿਕਤਾ ਦੀ ਭਾਵਨਾ, ਅਨਿਆਂ ਦੇ ਖਿਲਾਫ ਜਾਗਰੂਕਤਾ, ਕ੍ਰਾਂਤੀਕਾਰੀ ਚਿੰਤਨ, ਬ੍ਰਾਹਮਣਵਾਦ ਨੂੰ ਚੁਣੌਤੀ ਦੇਣ ਦੀ ਭਾਵਨਾ ਦਾ ਪ੍ਰਤੀਕ ਬਣ ਚੁੱਕਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦਲਿਤ ਚੇਤਨਾ ਅੰਬੇਡਕਰਵਾਦੀ ਚੇਤਨਾ ਦਾ ਪ੍ਰਤੀਕ ਬਣ ਚੁੱਕੀ ਹੈ।''
 
ਅਸਲ ਵਿੱਚ ਦਲਿਤ ਅੰਦੋਲਨ ਨੂੰ ਲੈ ਕੇ ਸਰਕਾਰ ਅਤੇ ਸਮਾਜਿਕ ਸੱਤਾ ਅਸਹਿਜ ਹਨ। ਇਹ ਅੰਦੋਲਨ ਰਾਸ਼ਟਰ ਪੱਧਰੀ ਸ਼ਕਲ ਲੈ ਚੁੱਕਾ ਹੈ। ਹੈਦਰਾਬਾਦ ਵਿੱਚ ਰੋਹਿਤ ਵੇਮੂਲਾ ਦੀ ਸੰਸਥਾਨਕ ਹੱਤਿਆ ਹੋਵੇ ਜਾਂ ਊਨਾ ਵਿੱਚ ਮਰੀ ਗਾਂ ਦੀ ਚਮੜੀ ਉਤਾਰ ਰਹੇ ਦਲਿਤਾਂ 'ਤੇ ਅੱਤਿਆਚਾਰ ਜਾਂ ਰਾਜਸਥਾਨ ਵਿੱਚ ਦਲਿਤ ਲੜਕੀ ਡੇਲਟਾ ਮੇਘਵਾਲ ਦੀ ਹੱਤਿਆ ਜਾਂ ਫਿਰ ਸਹਾਰਨਪੁਰ ਵਿੱਚ ਦਲਿਤ ਵਿਰੋਧੀ ਹਿੰਸਾ, ਇਨ੍ਹਾਂ ਸਾਰੀਆਂ ਘਟਨਾਵਾਂ ਦੀ ਹੁਣ ਰਾਸ਼ਟਰੀ ਪੱਧਰ 'ਤੇ ਪ੍ਰਤੀਕਿਰਿਆ ਹੁੰਦੀ ਹੈ। ਇਹ ਪੂਰੇ ਭਾਰਤੀ ਸਮਾਜ ਦੇ ਲੋਕਤੰਤਰਿਕ ਤੇ ਆਧੁਨਿਕ ਬਣਨ ਦੇ ਪੜਾਅ ਵਿੱਚ ਹੋ ਰਿਹਾ ਹੈ। 
 
ਦਲਿਤਾਂ ਨੂੰ ਦਲਿਤ ਦੀ ਜਗ੍ਹਾ ਕੁਝ ਹੋਰ ਕਹਿਣ ਨਾਲ ਹੀ ਇਹ ਅੰਦੋਲਨ ਖਤਮ ਨਹੀਂ ਹੋ ਜਾਵੇਗਾ। ਜ਼ਰੂਰੀ ਹੈ ਕਿ ਨਾ ਸਿਰਫ ਸਰਕਾਰ, ਸਗੋਂ ਪੂਰਾ ਸਮਾਜ ਸਵੀਕਾਰ ਕਰੇ ਕਿ ਦਲਿਤਾਂ ਦੇ ਨਾਲ ਅੱਤਿਆਚਾਰ ਤੇ ਅਨਿਆਂ ਹੋਇਆ ਹੈ ਅਤੇ ਵਿਸ਼ੇਸ਼ ਮੌਕਿਆਂ ਦੇ ਸਿਧਾਂਤ ਦੀ ਇਮਾਨਦਾਰੀ ਨਾਲ ਪਾਲਣਾ ਰਾਹੀਂ ਹੀ ਇਨ੍ਹਾਂ ਦੇ ਅਸੰਤੋਸ਼ ਨੂੰ ਖਤਮ ਕੀਤਾ ਜਾ ਸਕਦਾ ਹੈ। ਪੂਰਾ ਸਮਾਜ ਜਦੋਂ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਲੋਕਤੰਤਰਿਕ ਵਿਵਹਾਰ 'ਤੇ ਚੱਲਣ ਲੱਗੇਗਾ, ਤਾਂ ਹੀ ਸਮਾਜ ਵਿੱਚ ਏਕਤਾ ਆਵੇਗੀ। ਨਹੀਂ ਤਾਂ ਨਾਂ ਵਿੱਚ ਕੀ ਰੱਖਿਆ ਹੈ? ਦਲਿਤ ਕਹੋ ਜਾਂ ਵਾਂਝੇ।

ਦਲਿਤਾਂ ਦੀ ਸਥਿਤੀ ਨੂੰ ਪ੍ਰਗਟ ਕਰਦਾ 'ਦਲਿਤ' ਸ਼ਬਦ
'ਦਲਿਤ' ਸ਼ਬਦ ਦੀ ਖਾਸ ਗੱਲ ਇਹ ਹੈ ਕਿ ਇਹ ਜਾਤੀ ਵਿਵਸਥਾ ਵਿੱਚ ਉਨ੍ਹਾਂ ਦੀ ਸਥਿਤੀ ਨੂੰ ਪ੍ਰਗਟ ਕਰਦਾ ਹੈ। ਦੱਬੇ ਜਾਣ ਤੋਂ ਬਣਿਆ ਸ਼ਬਦ ਦਲਿਤ ਇਹ ਪ੍ਰਗਟ ਕਰਦਾ ਹੈ ਕਿ ਕਿਸੇ ਨੇ ਇਨ੍ਹਾਂ ਨੂੰ ਦਬਾਇਆ ਹੈ ਜਾਂ ਇਨ੍ਹਾਂ ਦਾ ਸ਼ੋਸ਼ਣ ਕੀਤਾ ਹੈ। ਬਾਬਾ ਸਾਹਿਬ ਅੰਬੇਡਕਰ 1918 ਦੇ ਕੋਲੰਬੀਆ ਯੂਨੀਵਰਸਿਟੀ ਦੇ ਆਪਣੇ ਪੇਪਰ ਕਾਸਟਸ ਇਨ ਇੰਡੀਆ ਵਿੱਚ ਲਿਖਦੇ ਹਨ ਕਿ ਜਾਤੀ ਇੱਕਵਚਨ, ਮਤਲਬ ਸਿੰਗੂਲਰ ਵਿੱਚ ਇਸਤੇਮਾਲ ਨਹੀਂ ਹੋ ਸਕਦੀ।
 
ਹਮੇਸ਼ਾ ਬਹੁਵਚਨ ਵਿੱਚ ਪ੍ਰਯੋਗ ਹੁੰਦੀ ਹੈ। ਕਈ ਜਾਤਾਂ ਹਨ ਅਤੇ ਉਹ ਇੱਕ-ਦੂਜੇ ਤੋਂ ਉੱਪਰ ਜਾਂ ਹੇਠਾਂ ਹਨ, ਤਾਂ ਹੀ ਜਾਤਾਂ ਦਾ ਵਜੂਦ ਹੈ। 'ਦਲਿਤ' ਸ਼ਬਦ ਇਸ ਅਰਥ ਵਿੱਚ ਜਾਤੀ ਵਿਵਸਥਾ ਦੇ ਸੱਚ ਨੂੰ ਬਿਆਨ ਕਰਦਾ ਹੈ। 'ਦਲਿਤ' ਸ਼ਬਦ ਬਾਇਨਰੀ ਵਿੱਚ ਹੈ। ਕੋਈ ਦਲਿਤ ਹੈ ਤਾਂ ਕੋਈ 'ਸਵਰਣ' ਵੀ ਹੈ। ਜਿਵੇਂ ਕਿ ਕੋਈ ਨੀਚ ਹੈ ਤਾਂ ਕੋਈ ਉੱਚ ਵੀ ਹੈ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

 

 

 

 

Comments

Leave a Reply