Thu,Aug 22,2019 | 09:28:02am
HEADLINES:

Social

'ਪੁਰਸ਼ ਸੱਤਾ ਬਿਮਾਰੀ' ਦੇ ਲੱਛਣ ਜਾਣੋ, ਇਲਾਜ ਲਈ ਅੰਬੇਡਕਰ ਕੋਲ ਚੱਲੋ

'ਪੁਰਸ਼ ਸੱਤਾ ਬਿਮਾਰੀ' ਦੇ ਲੱਛਣ ਜਾਣੋ, ਇਲਾਜ ਲਈ ਅੰਬੇਡਕਰ ਕੋਲ ਚੱਲੋ

ਟਵਿਟਰ ਦੇ ਚੀਫ ਜੈਕ ਡੋਰਸੀ ਦਾ ਅਪਰਾਧ ਇਹ ਨਹੀਂ ਹੈ ਕਿ ਉਨ੍ਹਾਂ ਨੇ ਪੁਰਸ਼ ਸੱਤਾ ਖਿਲਾਫ ਪੋਸਟਰ ਫੜਿਆ। ਪੁਰਸ਼ ਸੱਤਾ ਦਾ ਵਿਰੋਧ ਇੱਕ ਸੌਖੀ ਚੀਜ਼ ਹੈ। ਕੋਈ ਵੀ ਪੜ੍ਹਿਆ-ਲਿਖਿਆ ਆਦਮੀ ਅਜਿਹਾ ਨਹੀਂ ਮਿਲੇਗਾ, ਜੋ ਕਿ ਕਹੇ ਕਿ ਉਹ ਪੁਰਸ਼ ਸੱਤਾ ਦਾ ਸਮਰਥਕ ਹੈ। ਇਹ ਲਗਭਗ ਉਸੇ ਤਰ੍ਹਾਂ ਦੀ ਗੱਲ ਹੈ ਕਿ ਸੱਚ ਬੋਲਣਾ ਚਾਹੀਦਾ ਹੈ। ਹਿੰਸਾ ਨਹੀਂ ਕਰਨੀ ਚਾਹੀਦੀ। ਬੋਲਦੇ ਸਾਰੇ ਹਨ, ਪਰ ਸਮਾਜ ਵਿੱਚ ਝੂਠ ਵੀ ਬੋਲਿਆ ਜਾਂਦਾ ਹੈ ਅਤੇ ਹਿੰਸਾ ਵੀ ਬਹੁਤ ਹੁੰਦੀ ਹੈ। 
 
ਜਿਹੜਾ ਆਦਮੀ ਨਿੱਜੀ ਜਾਂ ਸਮਾਜਿਕ ਜੀਵਨ ਵਿੱਚ ਪੁਰਸ਼ ਸੱਤਾ ਦੇ ਹਿਸਾਬ ਨਾਲ ਔਰਤਾਂ ਦੇ ਨਾਲ ਵਿਵਹਾਰ ਕਰਦਾ ਹੈ, ਉਹ ਆਦਮੀ ਵੀ ਮਜੇ ਨਾਲ ਪੁਰਸ਼ ਸੱਤਾ ਖਿਲਾਫ ਜਲੂਸ ਵਿੱਚ ਨਾਅਰੇ ਲਗਾ ਸਕਦਾ ਹੈ। ਬਹਿਸ ਪੁਰਸ਼ ਸੱਤਾ 'ਤੇ ਨਹੀਂ, ਸਗੋਂ ਇਸ ਗੱਲ ਨੂੰ ਲੈ ਕੇ ਹੈ ਕਿ ਡੋਰਸੀ ਨੇ ਪੁਰਸ਼ ਸੱਤਾ ਨੂੰ ਬ੍ਰਾਹਮਣਵਾਦੀ ਕਿਉਂ ਕਹਿ ਦਿੱਤਾ? ਸਮੱਸਿਆ ਪੁਰਸ਼ ਸੱਤਾ ਨੂੰ ਬ੍ਰਾਹਮਣਵਾਦੀ ਕਹੇ ਜਾਣ ਨਾਲ ਹੈ।
 
ਪੁਰਸ਼ ਸੱਤਾ ਅਤੇ ਖਾਸ ਤੌਰ 'ਤੇ ਬ੍ਰਾਹਮਣਵਾਦੀ ਪੁਰਸ਼ ਸੱਤਾ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਪੁਰਸ਼ ਸੱਤਾ ਵਾਲਾ ਪੋਸਟਰ ਹੱਥ ਵਿੱਚ ਲੈ ਕੇ ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਇੱਕ ਤਸਵੀਰ ਕੀ ਖਿਚਵਾਈ, ਕੁਝ ਲੋਕਾਂ ਦੇ ਦਿਮਾਗ ਵਿੱਚ ਅੱਗ ਜਿਹੀ ਲੱਗ ਗਈ, ਪਰ ਡੋਰਸੀ ਨੇ ਤੈਅ ਪ੍ਰੋਗਰਾਮ ਮੁਤਾਬਕ ਆਪਣਾ ਮੋਬਾਈਲ, ਲੈਪਟਾਪ ਆਦਿ ਜਮ੍ਹਾਂ ਕਰਾਇਆ ਅਤੇ ਸ਼ਾਂਤੀ ਦੀ ਭਾਲ ਵਿੱਚ ਚਲੇ ਗਏ।
 
ਇਸੇ ਵਿਚਕਾਰ ਭਾਰਤੀ ਸਮਾਜ ਅਤੇ ਸਾਡਾ ਡਾਇਸਪੋਰਾ, ਮਤਲਬ ਵਿਦੇਸ਼ ਵਿੱਚ ਵਸੇ ਭਾਰਤੀਆਂ 'ਚੋਂ ਉੱਚ ਜਾਤੀ ਵਰਗ ਦੇ ਲੋਕ ਬਹੁਤ ਅਸ਼ਾਂਤ ਹੋ ਗਏ। ਟਵਿਟਰ ਦੇ ਭਾਰਤੀ ਅਧਿਕਾਰੀਆਂ ਨੇ ਘੁਮਾ-ਫਿਰਾ ਕੇ ਇਹ ਕਿਹਾ ਹੈ ਕਿ ਜੈਕ ਨੂੰ ਇਸ ਪੋਸਟਰ ਬਾਰੇ ਪਤਾ ਨਹੀਂ ਸੀ। 
 
ਭਾਰਤ ਯਾਤਰਾ ਦੇ ਪ੍ਰੋਗਰਾਮ ਤਹਿਤ ਉਨ੍ਹਾਂ ਨੂੰ ਕੁਝ ਮਹਿਲਾ ਐਕਟੀਵਿਸਟ ਨਾਲ ਮਿਲਣਾ ਸੀ। ਇਸੇ ਮੁਲਾਕਾਤ ਦੌਰਾਨ ਇੱਕ ਦਲਿਤ ਐਕਟੀਵਿਸਟ ਨੇ ਉਨ੍ਹਾਂ ਨੂੰ ਇਹ ਪੋਸਟਰ ਦਿੱਤਾ। ਇਸਨੂੰ ਕੁਝ ਲੋਕ ਮਾਫੀਨਾਮਾ ਕਹਿ ਰਹੇ ਹਨ ਤਾਂ ਕੁਝ ਲੋਕ ਕਹਿ ਰਹੇ ਹਨ ਕਿ ਮਾਫੀ ਤਾਂ ਜੈਕ ਨੂੰ ਮੰਗਣੀ ਹੋਵੇਗੀ, ਪਰ ਜੈਕ ਨੂੰ ਤਾਂ ਇਸ ਵਿਵਾਦ ਦੀ ਖਬਰ ਹੀ ਨਹੀਂ ਹੈ। ਕਹਿਣਾ ਮੁਸ਼ਕਿਲ ਹੈ ਕਿ ਜੈਕ ਇਸ ਬਾਰੇ ਕੋਈ ਵਿਅਕਤੀਗਤ ਬਿਆਨ ਦੇਣਗੇ ਜਾਂ ਨਹੀਂ।
 
ਅਸਲ ਵਿੱਚ ਅਰੁਣਾ ਸੰਘਪਾਲੀ ਲੋਹਿਤਾਕਸ਼ੀ ਨੇ ਇਹ ਪੋਸਟਰ ਜੈਕ ਨੂੰ ਫੜਾ ਕੇ ਇੱਕ ਗੁਰਿੱਲਾ ਯੁੱਧ ਵਾਲੀ ਕਾਰਵਾਈ ਕਰ ਦਿੱਤੀ ਹੈ। ਬਹੁਜਨ ਅੰਦੋਲਨ ਦੀ ਵਿਚਾਰਕ ਅਤੇ ਵਰਕਰ ਅਰੁਣਾ ਨੇ ਕਾਗਜ਼ ਦੇ ਇੱਕ ਟੁਕੜੇ ਨਾਲ ਪੂਰੀ ਦੁਨੀਆ ਵਿੱਚ ਉਹ ਬਹਿਸ ਪਹੁੰਚਾ ਦਿੱਤੀ ਹੈ, ਜਿਸਨੂੰ ਆਮ ਤੌਰ 'ਤੇ ਭਾਰਤ ਦੇ ਅੰਦਰ ਦਬਾ-ਲੁਕਾ ਕੇ ਰੱਖਿਆ ਜਾਂਦਾ ਸੀ। ਹੁਣ ਮਾਮਲਾ ਖੁੱਲ ਹੀ ਗਿਆ ਹੈ ਤਾਂ ਇਸ 'ਤੇ ਗੱਲ ਕਰ ਲੈਂਦੇ ਹਾਂ।
 
ਪੁਰਸ਼ ਸੱਤਾ ਅਸਲ ਵਿੱਚ ਇੱਕ ਬਿਮਾਰੀ ਹੈ। ਔਰਤ ਨੂੰ ਮਰਦ ਤੋਂ ਘੱਟ ਅਤੇ ਗੁਲਾਮ ਮੰਨਣ ਦਾ ਮਰਦਾਨਾ ਰੋਗ ਹੈ। ਇਸਦੇ ਕਈ ਰੂਪ ਹਨ। ਸਤੀ ਪ੍ਰਥਾ, ਮਤਲਬ ਪਤੀ ਦੇ ਮਰਨ 'ਤੇ ਵਿਧਵਾ ਨੂੰ ਜਿਊਂਦਾ ਸਾੜ ਦੇਣਾ ਪੁਰਸ਼ ਸੱਤਾ ਹੈ ਅਤੇ ਇਹ ਬਿਮਾਰੀ ਹੈ। ਵਿਧਵਾ ਵਿਆਹ 'ਤੇ ਪਾਬੰਦੀ, ਮਤਲਬ ਲੜਕੀ ਵਿਧਵਾ ਹੋ ਗਈ ਤਾਂ ਜ਼ਿੰਦਗੀ ਭਰ ਉਸਦਾ ਵਿਆਹ ਨਹੀਂ ਹੋ ਸਕਦਾ, ਇਹ ਪ੍ਰਥਾ ਪੁਰਸ਼ ਸੱਤਾ ਹੈ। ਬਾਲ ਵਿਆਹ ਪੁਰਸ਼ ਸੱਤਾ ਹੈ। ਔਰਤ ਨੂੰ ਪੜ੍ਹਨ ਤੋਂ ਰੋਕਣਾ ਜਾਂ ਉਸਨੂੰ ਮੰਦਰ ਵਿੱਚ ਜਾਣ ਤੋਂ ਰੋਕਣਾ ਪੁਰਸ਼ ਸੱਤਾ ਦੀ ਬਿਮਾਰੀ ਹੈ।
 
ਔਰਤਾਂ ਨੂੰ ਪੁਜਾਰੀ ਬਣਨ ਤੋਂ ਰੋਕਣਾ ਬਿਮਾਰੀ ਹੈ। ਬੇਟੀ ਨੂੰ ਜ਼ਾਇਦਾਦ ਵਿੱਚ ਹਿੱਸਾ ਨਾ ਦੇਣਾ ਇਸ ਬਿਮਾਰੀ ਦਾ ਇੱਕ ਮੁੱਖ ਲੱਛਣ ਹੈ। ਇਸ ਬਿਮਾਰੀ ਦੇ ਸ਼ਿਕਾਰ ਲੋਕ ਮੰਨਦੇ ਹਨ ਕਿ ਬਲਾਤਕਾਰ ਇਸ ਲਈ ਹੁੰਦੇ ਹਨ, ਕਿਉਂਕਿ ਲੜਕੀਆਂ ਭੜਕੀਲੇ ਕੱਪੜੇ ਪਾਉਂਦੀਆਂ ਹਨ ਜਾਂ ਦੇਰ ਰਾਤ ਤੱਕ ਘਰ ਦੇ ਬਾਹਰ ਰਹਿੰਦੀਆਂ ਹਨ। ਉਹ ਕਦੇ ਲੜਕੀਆਂ ਦੇ ਜੀਂਸ ਪਾਉਣ 'ਤੇ ਰੋਕ ਲਗਾਉਂਦੇ ਹਨ ਤੇ ਕਦੇ ਉਨ੍ਹਾਂ ਦੇ ਮੋਬਾਈਲ ਫੋਨ ਰੱਖਣ 'ਤੇ।
 
ਇਸ ਬਿਮਾਰੀ ਦੇ ਸ਼ਿਕਾਰ ਲੋਕਾਂ ਨੇ ਅੱਜ ਤੋਂ 150 ਸਾਲ ਪਹਿਲਾਂ ਅੰਗ੍ਰੇਜ਼ਾਂ ਨਾਲ ਬਹਿਸ ਕੀਤੀ ਸੀ ਕਿ ਲੜਕੀ ਨਾਲ ਕਿਸ ਉਮਰ ਵਿੱਚ ਸੈਕਸ ਕੀਤਾ ਜਾਵੇ, ਇਸਦੀ ਕੋਈ ਸੀਮਾ ਤੈਅ ਨਾ ਕੀਤੀ ਜਾਵੇ, ਕਿਉਂਕਿ ਕਿਸੇ ਵੀ ਉਮਰ ਦੀ ਲੜਕੀ ਨਾਲ ਸੈਕਸ ਕਰਨਾ ਉਨ੍ਹਾਂ ਦਾ ਅਧਿਕਾਰ ਹੈ।
 
ਵਿਆਹ ਮਾਹਵਾਰੀ ਆਉਣ ਤੋਂ ਪਹਿਲਾਂ ਕਰਨ ਦਾ ਧਾਰਮਿਕ ਕਾਨੂੰਨ ਪੁਰਸ਼ ਸੱਤਾ ਹੈ ਅਤੇ ਬਿਮਾਰੀ ਵੀ ਹੈ। ਇਹ ਬਿਮਾਰੀ ਜਿਨ੍ਹਾਂ ਲੋਕਾਂ ਨੂੰ ਲਗ ਜਾਂਦੀ ਹੈ, ਉਹ ਔਰਤਾਂ ਦੇ ਨਾਲ ਛੇੜਛਾੜ ਨੂੰ ਆਮ ਗੱਲ ਮੰਨਦੇ ਹਨ ਅਤੇ ਇਸਦੇ ਲਈ ਸਜ਼ਾ ਦਿੱਤੇ ਜਾਣ ਨੂੰ ਮਰਦਾਂ 'ਤੇ ਹੋਣ ਵਾਲੇ ਅੱਤਿਆਚਾਰ ਦੱਸਦੇ ਹਨ। ਇਸ ਬਿਮਾਰੀ ਤੋਂ ਪੀੜਤ ਲੋਕ ਆਪਣੀ ਪਤਨੀ ਨੂੰ ਆਪਣੀ ਜ਼ਾਇਦਾਦ ਮੰਨਦੇ ਹਨ, ਪਰ ਖੁਦ ਵਿਆਹ ਦੇ ਬਾਹਰ ਇੱਧਰ-ਉੱਧਰ ਸੈਕਸ ਕਰ ਆਉਂਦੇ ਹਨ ਅਤੇ ਇਸ ਵਿੱਚ ਉਨ੍ਹਾਂ ਨੂੰ ਕੋਈ ਬੁਰਾਈ ਨਹੀਂ ਦਿਖਾਈ ਦਿੰਦੀ।
 
ਇਸ ਬਿਮਾਰੀ ਤੋਂ ਪੀੜਤ ਵਿਅਕਤੀ ਹਰ ਸਾਲ ਹੋਣ ਵਾਲੀਆਂ ਕਰੀਬ 10 ਹਜ਼ਾਰ ਦਾਜ ਹੱਤਿਆਵਾਂ 'ਤੇ ਦੁਖੀ ਨਹੀਂ ਹੁੰਦਾ, ਪਰ ਇਸ ਗੱਲ ਦੀ ਸ਼ਿਕਾਇਤ ਬਹੁਤ ਕਰਦਾ ਹੈ ਕਿ ਕਿਸ ਤਰ੍ਹਾਂ ਲੋਕ ਦਾਜ ਰੋਕੋ ਕਾਨੂੰਨ ਵਿੱਚ ਗਲਤ ਫਸ ਗਏ। ਇਸ ਬਿਮਾਰੀ ਦੇ ਹੋ ਜਾਣ 'ਤੇ ਆਦਮੀ ਔਰਤਾਂ ਤੋਂ ਇੱਕ ਖਾਸ ਤਰ੍ਹਾਂ ਦੇ ਦੱਬ ਕੇ ਰਹਿਣ ਵਾਲੇ ਵਿਵਹਾਰ ਦੀ ਉਮੀਦ ਕਰਨ ਲਗਦਾ ਹੈ ਅਤੇ ਆਜ਼ਾਦ ਹੈਸੀਅਤ ਵਾਲੀਆਂ ਔਰਤਾਂ ਉਸਦੇ ਲਈ 'ਰੰਡੀ' ਹੋ ਜਾਂਦੀਆਂ ਹਨ।
 
ਪੁਰਸ਼ ਸੱਤਾ ਨੂੰ ਕਿਹਾ ਜਾਂਦਾ ਹੈ ਬ੍ਰਾਹਮਣਵਾਦੀ ਵਿਚਾਰ
ਪੁਰਸ਼ ਸੱਤਾ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ। ਕਿਸੇ ਵੀ ਧਰਮ, ਜਾਤੀ, ਸੂਬੇ ਦਾ ਆਦਮੀ, ਸ਼ਹਿਰ ਤੋਂ ਲੈ ਕੇ ਪਿੰਡ ਅਤੇ ਪੜ੍ਹੇ-ਲਿਖੇ ਤੋਂ ਲੈ ਕੇ ਅਨਪੜ੍ਹ ਤੱਕ ਨੂੰ ਇਹ ਬਿਮਾਰੀ ਹੋ ਸਕਦੀ ਹੈ। ਅਜਿਹੇ ਵਿੱਚ ਬ੍ਰਾਹਮਣਵਾਦੀ ਪੁਰਸ਼ ਸੱਤਾ ਜਾਂ ਬ੍ਰਾਹਮਣੀਕਲ ਪੈਟ੍ਰਿਆਕੀ ਨੂੰ ਖਤਮ ਕਰਨ ਦੀ ਗੱਲ ਕਿਉਂ ਹੋ ਰਹੀ ਹੈ? ਦਲਿਤ ਜਾਂ ਓਬੀਸੀ ਦੀ ਪੁਰਸ਼ ਸੱਤਾ ਵੀ ਤਾਂ ਓਨੀ ਹੀ ਖਤਰਨਾਕ ਹੈ। ਇਹ ਸਹੀ ਵੀ ਹੈ।
 
ਪੁਰਸ਼ ਸੱਤਾ ਦੀ ਜਾਤੀ ਨਹੀਂ ਹੁੰਦੀ। ਇੱਕ ਓਬੀਸੀ ਆਦਮੀ ਜਦੋਂ ਆਪਣੀ ਭੈਣ ਨੂੰ ਪਰਿਵਾਰਕ ਜ਼ਾਇਦਾਦ ਵਿੱਚੋਂ ਹਿੱਸਾ ਨਹੀਂ ਦਿੰਦਾ ਤਾਂ ਉਹ ਵੀ ਉਸੇ ਤਰ੍ਹਾਂ ਪੁਰਸ਼ ਸੱਤਾ ਵਾਲਾ ਵਿਵਹਾਰ ਕਰਦਾ ਹੈ, ਜਿਵੇਂ ਕਿ ਇੱਕ ਬ੍ਰਾਹਮਣ ਜਾਂ ਠਾਕੁਰ ਕਰਦਾ ਹੈ। ਇੱਕ ਦਲਿਤ ਜੇਕਰ ਆਪਣੇ ਬੇਟੇ ਨੂੰ ਪੜ੍ਹਾਉਂਦਾ ਹੈ ਅਤੇ ਬੇਟੀ ਤੋਂ ਆਪਣੇ ਲਈ ਭੋਜਨ ਬਣਵਾਉਂਦਾ ਹੈ ਤਾਂ ਇਹ ਓਨਾ ਹੀ ਮਾੜਾ ਹੈ, ਜਿੰਨਾ ਕਿ ਬ੍ਰਾਹਮਣ ਵੱਲੋਂ ਕੀਤਾ ਗਿਆ ਇਹੀ ਕੰਮ। 
 
ਭਾਰਤ ਵਿੱਚ ਪੁਰਸ਼ ਸੱਤਾ ਨੂੰ ਬ੍ਰਾਹਮਣਵਾਦੀ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸਦਾ ਸਰੋਤ ਧਾਰਮਿਕ ਗ੍ਰੰਥ ਤੇ ਸਮ੍ਰਿਤੀਆਂ ਹਨ। ਇਹ ਸਾਰੇ ਬ੍ਰਾਹਮਣ ਗ੍ਰੰਥ ਹਨ। ਜਿਸ ਗ੍ਰੰਥ ਵਿੱਚ ਔਰਤਾਂ ਨੂੰ ਕੰਟਰੋਲ ਕਰਨ ਦੀ ਗੱਲ ਹੈ, ਉਸੇ ਧਰਮ ਵਿੱਚ ਬ੍ਰਾਹਮਣਾਂ ਦੇ ਸਭ ਤੋਂ ਉੱਪਰ ਹੋਣ ਅਤੇ ਸ਼ੂਦਰਾਂ ਨੂੰ ਦਬਾਉਣ ਦੀ ਗੱਲ ਹੈ। ਭਾਰਤ ਵਿੱਚ ਪੁਰਸ਼ ਸੱਤਾ ਜਾਤੀ ਸੱਤਾ ਦੇ ਨਾਲ ਕਦਮ ਮਿਲਾ ਕੇ ਚੱਲਦੀ ਹੈ।
 
ਜਾਤੀ ਨੂੰ ਬਣਾਏ ਰੱਖਣ ਲਈ ਪੁਰਸ਼ ਸੱਤਾ ਦਾ ਮਜ਼ਬੂਤ ਹੋਣਾ ਜ਼ਰੂਰੀ ਸ਼ਰਤ ਹੈ। ਜੇਕਰ ਔਰਤ ਦਾ ਆਪਣੇ ਸਰੀਰ 'ਤੇ ਅਧਿਕਾਰ ਹੋਵੇ ਅਤੇ ਉਹ ਆਪਣੀ ਮਰਜ਼ੀ ਨਾਲ ਆਪਣੇ ਪਸੰਦ ਦੇ ਆਦਮੀ ਨਾਲ ਵਿਆਹ ਕਰੇ ਅਤੇ ਆਪਣੀ ਪਸੰਦ ਦੇ ਮਰਦ ਦੇ ਨਾਲ ਬੱਚੇ ਪੈਦਾ ਕਰੇ ਤਾਂ ਜਾਤੀ ਸੰਸਥਾ ਦਾ ਨਾਸ਼ ਹੋ ਜਾਵੇਗਾ।

ਪੁਰਸ਼ ਸੱਤਾ ਦਾ ਇਨਫੈਕਸ਼ਨ ਕਿੱਥੋਂ ਆਉਂਦਾ ਹੈ?
ਪੁਰਸ਼ ਸੱਤਾ ਨੂੰ ਕ੍ਰੋਨਿਕ, ਮਤਲਬ ਲੰਮੀ ਚੱਲਣ ਵਾਲੀ ਬਿਮਾਰੀ ਮੰਨਿਆ ਜਾਂਦਾ ਹੈ। ਆਸਾਨੀ ਨਾਲ ਠੀਕ ਵੀ ਨਹੀਂ ਹੁੰਦੀ। ਇਹ ਪੀੜ੍ਹੀ ਦਰ ਪੀੜ੍ਹੀ ਲੱਗ ਜਾਂਦੀ ਹੈ, ਕਿਉਂਕਿ ਆਲੇ-ਦੁਆਲੇ ਦੇ ਮਾਹੌਲ ਵਿੱਚ ਇਸਦੇ ਵਾਇਰਸ ਫੈਲੇ ਹੁੰਦੇ ਹਨ। ਇਹ ਛੂਹਣ ਨਾਲ ਵੀ ਫੈਲਦੀ ਹੈ। ਇੱਕ-ਦੂਜੇ ਨੂੰ ਦੇਖ ਕੇ ਤੇ ਖਾਸ ਤੌਰ 'ਤੇ ਸਮਾਜ ਦੇ ਉਪਰਲੇ ਦਰਜੇ ਦੇ ਇਲੀਟ ਲੋਕਾਂ ਨੂੰ ਦੇਖ ਕੇ ਹੇਠਲੇ ਲੋਕ ਇਸਦੀ ਨਕਲ ਕਰਦੇ ਹਨ।
 
ਆਧੁਨਿਕਤਾ ਅਤੇ ਲੋਕਤੰਤਰ ਦੇ ਨਾਲ ਇਸਦੇ ਕੁਝ ਲੱਛਣ ਕਮਜ਼ੋਰ ਪਏ ਹਨ। ਜਿਵੇਂ ਸਤੀ ਪ੍ਰਥਾ ਅਤੇ ਬਾਲ ਵਿਆਹ 'ਤੇ ਰੋਕ ਲੱਗੀ ਹੈ, ਪਰ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਇਸਦੇ ਵਾਇਰਸ ਸਭ ਤੋਂ ਜ਼ਿਆਦਾ ਧਾਰਮਿਕ ਗ੍ਰੰਥਾਂ ਵਿੱਚ ਹੁੰਦੇ ਹਨ, ਜੋ ਕਿ ਕਿੱਸਿਆਂ-ਕਹਾਣੀਆਂ ਦੀ ਸ਼ਕਲ ਵਿੱਚ ਬੱਚਿਆਂ ਦੇ ਦਿਮਾਗ ਵਿੱਚ ਪਾ ਦਿੱਤੇ ਜਾਂਦੇ ਹਨ। ਕਿਤਾਬਾਂ, ਟੀਵੀ ਸੀਰੀਅਲ ਅਤੇ ਫਿਲਮਾਂ ਰਾਹੀਂ ਇਹ ਰੋਗ ਦਿਮਾਗ ਨੂੰ ਬਿਮਾਰ ਕਰ ਸਕਦਾ ਹੈ।
 
ਜਿਵੇਂ ਇੱਕ ਬੱਚਾ ਜੇਕਰ ਬਚਪਨ ਵਿੱਚ ਦੇਖਦਾ ਹੈ ਕਿ ਮਾਤਾਵਾਂ ਬੇਟਿਆਂ ਲਈ ਤਾਂ ਵਰਤ ਕਰਦੀਆਂ ਹਨ, ਪਰ ਇਸ ਗੱਲ ਲਈ ਚਿੰਤਾ ਵਿੱਚ ਰਹਿੰਦੀਆਂ ਹਨ ਕਿ ਕਿਤੇ ਬੱਚੀ ਨਾ ਪੈਦਾ ਹੋ ਜਾਵੇ, ਤਾਂ ਫਿਰ ਉਹ ਔਰਤ ਅਤੇ ਮਰਦ ਨੂੰ ਆਸਾਨੀ ਨਾਲ ਬਰਾਬਰ ਕਿਵੇਂ ਮੰਨ ਸਕੇਗਾ। ਜੇਕਰ ਬੱਚਾ ਪਰਿਵਾਰ ਵਿੱਚ ਇਹ ਦੇਖੇ ਕਿ ਔਰਤਾਂ ਤਾਂ ਪਤੀਆਂ ਦੇ ਲੰਮੇ ਜੀਵਨ ਲਈ ਵਰਤ ਕਰਦੀਆਂ ਹਨ, ਪਰ ਪਤੀ ਆਪਣੀ ਪਤਨੀ ਲਈ ਅਜਿਹਾ ਕੁਝ ਨਹੀਂ ਕਰਦਾ ਤਾਂ ਅਜਿਹਾ ਬੱਚਾ ਵੱਡਾ ਹੋ ਕੇ ਆਸਾਨੀ ਨਾਲ ਇੱਕ ਬਰਾਬਰੀ ਵਾਲਾ ਵਿਚਾਰ ਰੱਖਣ ਵਾਲਾ ਆਦਮੀ ਨਹੀਂ ਬਣ ਸਕੇਗਾ।
 
ਜੇਕਰ ਇੱਕ ਬੱਚੀ ਬਚਪਨ ਤੋਂ ਸੁਣੇ ਕਿ ਉਹ ਤਾਂ ਬੇਗਾਨਾ ਧਨ ਹੈ, ਜਿਸਦਾ ਕੰਨਿਆ 'ਦਾਨ' ਹੋਣਾ ਹੈ ਤਾਂ ਉਹ ਮਾਨਸਿਕ ਤੌਰ 'ਤੇ ਕਮਜ਼ੋਰ ਤਾਂ ਹੋ ਹੀ ਜਾਵੇਗੀ। ਇਕੱਠਿਆਂ ਪੜ੍ਹਨ ਵਾਲੇ ਬੇਟਿਆਂ ਤੇ ਬੇਟੀਆਂ ਵਿੱਚੋਂ ਜਦੋਂ ਸਿਰਫ ਬੇਟਿਆਂ ਨੂੰ ਮਹਿੰਗੀ ਕੋਚਿੰਗ ਲਈ ਭੇਜਿਆ ਜਾਂਦਾ ਹੈ, ਉਸ ਦਿਨ ਤੈਅ ਹੋ ਜਾਂਦਾ ਹੈ ਕਿ ਪਰਿਵਾਰ ਪੁਰਸ਼ ਸੱਤਾ ਦੇ ਵਿਚਾਰ ਨਾਲ ਚੱਲ ਰਿਹਾ ਹੈ।

ਸਰਪਲੱਸ ਔਰਤਾਂ ਦੀ ਸਮੱਸਿਆ
ਜਾਤੀਵਾਦ ਨੂੰ ਬਚਾਏ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਔਰਤ ਦੀ ਸੈਕਸੂਐਲਿਟੀ ਨੂੰ ਕੰਟਰੋਲ ਕੀਤਾ ਜਾਵੇ ਅਤੇ ਖਾਸ ਤੌਰ 'ਤੇ ਉਸਦਾ ਵਿਆਹ ਜਾਤੀ ਦੇ ਅੰਦਰ ਕੀਤਾ ਜਾਵੇ ਅਤੇ ਉਸਦਾ ਬੱਚਾ ਹਰ ਹਾਲ ਵਿੱਚ ਆਪਣੀ ਹੀ ਜਾਤ ਦੇ ਮਰਦ ਤੋਂ ਪੈਦਾ ਹੋਵੇ। ਖੂਨ ਦੀ ਸ਼ੁੱਧਤਾ ਬਿਨਾਂ ਜਾਤੀ ਨਹੀਂ ਚੱਲ ਸਕਦੀ। ਜੇਕਰ ਕਿਸੇ ਔਰਤ ਦਾ ਪਤੀ ਮਰ ਜਾਵੇ ਤਾਂ ਜਾਤੀ ਵਿਵਸਥਾ ਨੂੰ ਬਹੁਤ ਸਮੱਸਿਆ ਹੁੰਦੀ ਹੈ।
 
ਉਸ 'ਫਾਲਤੂ' (ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਇਸਦੇ ਲਈ ਸਰਪਲੱਸ ਸ਼ਬਦ ਦਾ ਇਸਤੇਮਾਲ ਕਰਦੇ ਹਨ) ਔਰਤ ਦਾ ਕੀ ਕੀਤਾ ਜਾਵੇ? ਰਾਹ ਇਹ ਹੈ ਕਿ ਜਾਂ ਤਾਂ ਉਸਨੂੰ ਸਾੜ ਕੇ ਮਾਰ ਦਿੱਤਾ ਜਾਵੇ, ਜੋ ਸਤੀ ਪ੍ਰਥਾ ਦੇ ਰੂਪ ਵਿੱਚ ਅੰਗ੍ਰੇਜ਼ਾਂ ਦੇ ਸ਼ਾਸਨ ਤੱਕ ਜਾਰੀ ਸੀ। ਦੂਜਾ ਢੰਗ ਇਹ ਹੈ ਕਿ ਉਸਨੂੰ ਜਿਊਂਦਾ ਛੱਡ ਦਿੱਤਾ ਜਾਵੇ। ਹਾਲਾਂਕਿ ਇਸ ਨਾਲ ਖਤਰਾ ਹੈ ਕਿ ਉਹ ਸਮਾਜ ਵਿੱਚ ਪ੍ਰਦੂਸ਼ਣ ਫੈਲਾਵੇਗੀ। ਉਸ ਜਿਊਂਦੀ ਔਰਤ ਨੂੰ ਜੇਕਰ ਵਿਆਹ ਕਰਨ ਦੀ ਮਨਜ਼ੂਰੀ ਦੇ ਦਿੱਤੀ ਜਾਵੇ ਤਾਂ ਜਾਤੀ ਦੇ ਅੰਦਰ ਵਿਆਹ ਕਰਕੇ ਆਪਣੀ ਜਾਤੀ ਦੀ ਇੱਕ ਵਿਆਹ ਯੋਗ ਕੰਨਿਆ ਦੇ ਵਿਆਹ ਦਾ ਮੌਕਾ ਘੱਟ ਕਰ ਦੇਵੇਗੀ।
 
ਜਾਤੀ ਤੋਂ ਬਾਹਰ ਉਹ ਵਿਆਹ ਕਰੇ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ, ਪਰ ਇਸਦੀ ਮਨਜ਼ੂਰੀ ਨਹੀਂ ਹੈ। ਤੀਜਾ ਰਾਹ ਹੈ ਕਿ ਉਸਨੂੰ ਜ਼ਿੰਦਗੀ ਭਰ ਵਿਧਵਾ ਰੱਖਿਆ ਜਾਵੇ ਅਤੇ ਉਸਨੂੰ ਸੈਕਸ ਤੋਂ ਵਾਂਝਾ ਰੱਖਿਆ ਜਾਵੇ। ਇਹੀ ਸਭ ਤੋਂ ਸੌਖਾ ਢੰਗ ਹੈ। ਹਾਲਾਂਕਿ ਇਸ ਨਾਲ ਸਮਾਜ ਵਿੱਚ ਅਨੈਤਿਕਤਾ ਫੈਲਦੀ ਹੈ, ਪਰ ਇਸਨੂੰ ਬਰਦਾਸ਼ਤ ਕਰ ਲਿਆ ਜਾਂਦਾ ਹੈ। ਇਸ ਲਈ ਵਿਧਵਾ ਔਰਤਾਂ ਦੇ ਸ਼ਿੰਗਾਰ 'ਤੇ ਰੋਕ ਹੈ। ਕਈ ਇਲਾਕਿਆਂ ਵਿੱਚ ਉਨ੍ਹਾਂ ਨੂੰ ਗੰਜਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਸੋਗ ਦੇ ਕੱਪੜੇ ਜ਼ਿੰਦਗੀ ਭਰ ਪਾਉਣੇ ਪੈਂਦੇ ਹਨ ਜਾਂ ਫਿਰ ਆਸ਼ਰਮਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। (ਦੇਖੋ ਕਿਤਾਬ ਕਾਸਟਸ ਇਨ ਇੰਡੀਆ, ਲੇਖਕ-ਡਾ. ਭੀਮ ਰਾਓ ਅੰਬੇਡਕਰ)

ਸਮੱਸਿਆ ਦਾ ਹੱਲ ਕੀ ਹੈ?
ਭਾਰਤ ਵਿੱਚ ਔਰਤ ਨੂੰ ਦਬਾ ਕੇ ਰੱਖੇ ਜਾਣ ਦੀ ਵਿਵਸਥਾ ਨੂੰ ਧਾਰਮਿਕ ਆਧਾਰ ਉਹ ਗ੍ਰੰਥ ਦਿੰਦੇ ਹਨ, ਜਿਨ੍ਹਾਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਗੰ੍ਰਥਾਂ ਦੇ ਪੂਜਣ ਯੋਗ ਬਣੇ ਹੋਣ ਦੀ ਸਥਿਤੀ ਵਿੱਚ ਨਾ ਤਾਂ ਜਾਤੀ ਵਿਵਸਥਾ ਦਾ ਅੰਤ ਹੋਵੇਗਾ ਅਤੇ ਨਾ ਹੀ ਬ੍ਰਾਹਮਣ ਪੁਰਸ਼ ਸੱਤਾ ਦਾ। ਕੀ ਅਸੀਂ ਇਸ ਮਾਮਲੇ ਵਿੱਚ ਇਸ ਰਾਹ 'ਤੇ ਚੱਲ ਸਕਦੇ ਹਾਂ, ਜੋ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਅਪਣਾਈ ਸੀ?
 
ਬਾਬਾ ਸਾਹਿਬ ਅੰਬੇਡਕਰ ਨੇ 25 ਦਸੰਬਰ, 1927 ਨੂੰ ਜਨਤੱਕ ਤੌਰ 'ਤੇ ਮਨੂੰਸਮ੍ਰਿਤੀ ਸਾੜੀ ਸੀ, ਜੋ ਕਿ ਅਛੂਤਾਂ ਅਤੇ ਮਹਿਲਾਵਾਂ ਦੀ ਗੁਲਾਮੀ ਨੂੰ ਵਿਚਾਰਕ ਆਧਾਰ ਦਿੰਦੀ ਹੈ। ਬਾਬਾ ਸਾਹਿਬ ਨੇ ਹਿੰਦੂ ਕੋਡ ਬਿੱਲ ਬਣਾ ਕੇ ਇਸ ਬਿਮਾਰੀ ਦਾ ਪੂਰਾ ਇਲਾਜ ਦੱਸਿਆ ਸੀ, ਪਰ ਮਰੀਜ਼ ਨਾਰਾਜ਼ ਹੋ ਗਿਆ ਅਤੇ ਡਾਕਟਰ ਨੂੰ ਹਸਪਤਾਲ ਛੱਡਣਾ ਪੈ ਗਿਆ। ਇਸੇ ਗੱਲ 'ਤੇ ਬਾਬਾ ਸਾਹਿਬ ਨੂੰ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇਣਾ ਪਿਆ ਸੀ।
 
ਵਿਰੋਧੀਆਂ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਹਿੰਦੂ ਧਰਮ ਖਤਮ ਹੋ ਜਾਵੇਗਾ, ਪਰ ਇਲਾਜ ਦੇ ਬਿਨਾਂ ਵੀ ਤਾਂ ਮਰੀਜ ਮਰ ਜਾਵੇਗਾ। ਜਾਂ ਫਿਰ ਆਪਣੀ ਬਿਮਾਰੀ ਫੈਲਾਉਂਦਾ ਰਹੇਗਾ। (ਐਨੀਹਿਲੇਸ਼ਨ ਆਫ ਕਾਸਟ, ਲੇਖਕ-ਡਾ. ਭੀਮ ਰਾਓ ਅੰਬੇਡਕਰ) 
 
ਮਤਲਬ ਇਲਾਜ ਤਾਂ ਕਰਾਉਣਾ ਪਵੇਗਾ। ਇਹੀ ਰਾਹ ਹੈ। ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਸਮੱਸਿਆ ਨੂੰ ਅੰਤਰ ਰਾਸ਼ਟਰੀ ਬਣਾ ਦਿੱਤਾ ਹੈ। ਮਰੀਜ ਸਖਤ ਨਾਰਾਜ਼ ਹੈ, ਪਰ ਇਲਾਜ ਕੀਤਾ ਗਿਆ ਤਾਂ ਉਸਦੀ ਬਿਮਾਰੀ ਠੀਕ ਵੀ ਹੋ ਸਕਦੀ ਹੈ। ਕਿਰਪਾ ਕਰਕੇ ਮਰੀਜ ਤੋਂ ਨਾਰਾਜ਼ ਨਾ ਹੋਵੋ। ਉਹ ਹਮਦਰਦੀ ਦਾ ਹੱਕਦਾਰ ਹੈ। ਕਿਸੇ ਵੀ ਪੁਰਾਣੀ ਬਿਮਾਰੀ ਵਾਂਗ ਪੁਰਸ਼ ਸੱਤਾ ਦਾ ਇਲਾਜ ਲੰਮਾ ਚਲੇਗਾ। ਇਸ ਵਿੱਚ ਡਾਕਟਰ ਅਤੇ ਮਰੀਜ਼ ਦੋਨਾਂ ਨੂੰ ਹੌਸਲੇ ਨਾਲ ਕੰਮ ਲੈਣ ਦੀ ਜ਼ਰੂਰਤ ਪਵੇਗੀ। ਕਾਹਲੀ ਵਿੱਚ ਮਾਮਲਾ ਵਿਗੜ ਸਕਦਾ ਹੈ। ਦਵਾ ਵਿਚਕਾਰ ਵਿੱਚ ਬੰਦ ਕਰਨਾ ਖਤਰਨਾਕ ਹੋਵੇਗਾ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਤੇ ਸਮਾਜ ਸ਼ਾਸਤਰੀ ਹਨ)

 

Comments

Leave a Reply