Fri,Jan 18,2019 | 10:09:10pm
HEADLINES:

Social

ਅੰਬੇਡਕਰਵਾਦੀ ਨਿਆਂ ਦਾ ਆਧਾਰ ਆਜ਼ਾਦੀ, ਬਰਾਬਰੀ ਤੇ ਭਾਈਚਾਰਾ

ਅੰਬੇਡਕਰਵਾਦੀ ਨਿਆਂ ਦਾ ਆਧਾਰ ਆਜ਼ਾਦੀ, ਬਰਾਬਰੀ ਤੇ ਭਾਈਚਾਰਾ

ਸ਼ੋਸ਼ਿਤ ਬਹੁਜਨ ਸਮਾਜ ਦੇ ਮਸੀਹਾ, ਨਾਰੀ ਦੇ ਮੁਕਤੀ ਦਾਤਾ ਅਤੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪਰਿਨਿਰਵਾਣ ਨੂੰ ਬੇਸ਼ੱਕ 60 ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ, ਪਰ ਸਮਾਜ ਵਿੱਚ ਉਨ੍ਹਾਂ ਦੇ ਵਿਚਾਰਾਂ ਦਾ ਅੱਜ ਵੀ ਡੂੰਘਾ ਪ੍ਰਭਾਵ ਕਾਇਮ ਹੈ।
 
ਜ਼ਿੰਦਗੀ ਵਿੱਚ ਜੋ ਕੁਝ ਵੀ ਉਨ੍ਹਾਂ ਨੇ ਪ੍ਰਾਪਤ ਕੀਤਾ, ਉਸਦੇ ਲਈ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਵਿਚੋਂ ਲੰਘਣਾ ਪਿਆ। ਇੱਕ ਵਕੀਲ ਤੇ ਅਰਥ ਸ਼ਾਸਤਰੀ ਦੇ ਰੂਪ ਵਿੱਚ ਮੁਕਾਮ ਹਾਸਲ ਕਰਨ ਲਈ ਬਾਬਾ ਸਾਹਿਬ ਅੰਬੇਡਕਰ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸਦਾ ਕਾਰਨ ਇਹ ਸੀ ਕਿ ਜਿਸ ਸਮਾਜ ਵਿੱਚ ਉਨ੍ਹਾਂ ਨੇ ਜਨਮ ਲਿਆ ਸੀ, ਉਸ ਵਿੱਚ ਸਮਾਜਿਕ ਗੈਰਬਰਾਬਰੀ ਮੌਜ਼ੂਦ ਸੀ।
 
ਇਸ ਚੀਜ਼ ਨੇ ਉਨ੍ਹਾਂ ਨੂੰ ਇਹ ਅਹਿਸਾਸ ਕਰਾਇਆ ਕਿ ਰਾਜਨੀਤਕ ਤੇ ਆਰਥਿਕ ਨਿਆਂ ਪਾਖੰਡ ਹੀ ਬਣਿਆ ਰਹੇਗਾ, ਜੇਕਰ ਉਸ ਤੋਂ ਪਹਿਲਾਂ ਸਮਾਜਿਕ ਨਿਆਂ ਪ੍ਰਾਪਤ ਨਾ ਕਰ ਲਿਆ ਜਾਵੇ। ਉਹ ਹੋਰ ਸਾਰੇ ਤਰ੍ਹਾਂ ਦੇ ਕ੍ਰਾਂਤੀਕਾਰੀ ਬਦਲਾਅ ਤੋਂ ਪਹਿਲਾਂ ਇਕ ਬੁਨਿਆਦੀ ਬਦਲਾਅ ਲਿਆਉਣ ਵਾਲੀ ਸਮਾਜਿਕ ਕ੍ਰਾਂਤੀ ਚਾਹੁੰਦੇ ਸਨ। ਹੋਰ ਤਰ੍ਹਾਂ ਦੇ ਕ੍ਰਾਂਤੀਕਾਰੀ ਬਦਲਾਅ ਵਿੱਚ ਰਾਜਨੀਤਕ ਤੇ ਆਰਥਿਕ ਬਦਲਾਅ ਵੀ ਸ਼ਾਮਲ ਹਨ।
 
ਵਲੇਰੀਅਨ ਰੋਡ੍ਰਿਗਸ ਦਾ ਇੱਕ ਲੇਖ 'ਅੰਬੇਡਕਰ ਐਜ਼ ਅ ਪਾਲੀਟਿਕਲ ਫਿਲਾਸਫਰਸ' ਹੈ। ਇਸ ਵਿੱਚ ਉਹ ਬਾਬਾ ਸਾਹਿਬ ਅੰਬੇਡਕਰ ਨੂੰ ਇੱਕ ਰਾਜਨੀਤਕ ਫਿਲਾਸਫਰ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਰੋਡ੍ਰਿਗਸ ਉਨ੍ਹਾਂ ਮੁੱਦਿਆਂ ਨੂੰ ਉਜਾਗਰ ਕਰਦੇ ਹਨ, ਜਿਨ੍ਹਾਂ ਲਈ ਜ਼ਿੰਦਗੀ ਭਰ ਡਾ. ਅੰਬੇਡਕਰ ਸੰਘਰਸ਼ ਕਰਦੇ ਰਹੇ। ਇਨ੍ਹਾਂ ਮੁੱਦਿਆਂ ਵਿੱਚ ਨਿਆਂ, ਆਜ਼ਾਦੀ, ਬਰਾਬਰੀ, ਲੋਕਤੰਤਰ, ਸੱਤਾ ਹੈ।
 
ਅੰਬੇਡਕਰ ਦੇ ਸਮਾਜਿਕ ਨਿਆਂ ਦੇ ਵਿਚਾਰ ਨੇ ਆਪਣੇ ਵਿੱਚ ਰਾਜਨੀਤਕ ਤੇ ਆਰਥਿਕ ਨਿਆਂ ਨੂੰ ਵੀ ਸ਼ਾਮਲ ਕੀਤਾ ਹੋਇਆ ਹੈ। ਅੰਬੇਡਕਰ ਸਭ ਤੋਂ ਪਹਿਲਾਂ ਵਾਂਝੇ ਲੋਕਾਂ ਦੇ ਸਮਾਜਿਕ ਵਿਕਾਸ ਨੂੰ ਪਹਿਲ ਦੇਣਾ ਚਾਹੁੰਦੇ ਸਨ। ਦਲਿਤਾਂ, ਧਾਰਮਿਕ ਘੱਟ ਗਿਣਤੀਆਂ, ਮਹਿਲਾਵਾਂ ਤੇ ਮਜ਼ਦੂਰਾਂ ਨੂੰ ਅੰਬੇਡਕਰ ਸਭ ਤੋਂ ਵਾਂਝੇ ਵਰਗਾਂ ਵਿਚ ਸ਼ਾਮਲ ਕਰਦੇ ਸਨ। 
 
ਉਨ੍ਹਾਂ ਦਾ ਮੰਨਣਾ ਸੀ ਕਿ ਜਾਤੀ ਵਿਵਸਥਾ, ਸੰਪ੍ਰਦਾਇਕਤਾ, ਪੁਰਸ਼ ਸੱਤਾ ਅਤੇ ਮਜ਼ਦੂਰਾਂ ਦਾ ਉਦਯੋਗਿਕ ਸ਼ੋਸ਼ਣ ਗੈਰਬਰਾਬਰੀ ਪੈਦਾ ਕਰਦੇ ਹਨ ਅਤੇ ਸਮਾਜਿਕ ਨਿਆਂ ਦੇ ਰਾਹ ਵਿੱਚ ਮੁਸ਼ਕਿਲਾਂ ਖੜੀਆਂ ਕਰਦੇ ਹਨ। ਗੈਰਬਰਾਬਰੀ ਦੇ ਇਨ੍ਹਾਂ ਸਰੋਤਾਂ ਦੇ ਲਗਾਤਾਰ ਬਣੇ ਰਹਿਣ ਕਾਰਨ ਡਾ. ਅੰਬੇਡਕਰ ਸੁਝਾਅ ਦਿੰਦੇ ਹਨ ਕਿ ਗੈਰਬਰਾਬਰੀ ਦੇ ਸ਼ਿਕਾਰ ਲੋਕਾਂ ਨੂੰ ਮਜ਼ਬੂਤ ਬਣਾਉਣ ਲਈ ਸੂਬੇ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅੰਬੇਡਕਰਵਾਦੀ ਨਿਆਂ ਦਾ ਆਧਾਰ ਆਜ਼ਾਦੀ, ਬਰਾਬਰੀ ਤੇ ਭਾਈਚਾਰਾ ਹੈ।
 
ਨਿਆਂ ਤੇ ਜਾਤੀ ਵਿਵਸਥਾ
ਬਾਬਾ ਸਾਹਿਬ ਡਾ. ਅੰਬੇਡਕਰ ਜ਼ੋਰਦਾਰ ਢੰਗ ਨਾਲ ਜਾਤੀ ਵਿਵਸਥਾ ਦਾ ਵਿਰੋਧ ਕਰਦੇ ਹਨ। ਇਸ ਵਿਸ਼ੇ 'ਤੇ ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਕਿਤਾਬ  'ਜਾਤ-ਪਾਤ ਦਾ ਬੀਜਨਾਸ਼' ਹੈ। ਹਰੇਕ ਜਾਤੀ ਦਾ ਆਪਣਾ ਪੁਸ਼ਤੈਨੀ ਪੇਸ਼ਾ ਹੁੰਦਾ ਹੈ। ਕਿਸੇ ਜਾਤੀ ਵਿਸ਼ੇਸ਼ ਦੇ ਇੱਕ ਮੈਂਬਰ ਨੂੰ ਕਿਸੇ ਦੂਜੀ ਜਾਤੀ ਵਿਸ਼ੇਸ਼ ਦੇ ਪੇਸ਼ੇ ਨੂੰ ਅਪਣਾਉਣ ਦੀ ਮੰਜ਼ੂਰੀ ਨਹੀਂ ਹੈ। ਇੱਕ ਜਾਤੀ ਦਾ ਦੂਜੀ ਜਾਤੀ ਵਿੱਚ ਵਿਆਹ ਕਰਨ ਅਤੇ ਖਾਣ-ਪੀਣ 'ਤੇ ਰੋਕ ਹੈ।
 
ਬ੍ਰਾਹਮਣ ਨੂੰ ਸਿੱਖਿਆ ਪਾਉਣ, ਸਿੱਖਿਆ ਦੇਣ ਅਤੇ ਮੰਦਰਾਂ ਦੀਆਂ ਰਸਮਾਂ ਕਰਾਉਣ ਦਾ ਹੱਕ ਹੈ। ਜਾਤੀ ਵਿਵਸਥਾ ਨੂੰ ਧਰਮ ਸ਼ਾਸਤਰਾਂ ਦਾ ਪੂਰੀ ਤਰ੍ਹਾਂ ਸਮਰਥਨ ਪ੍ਰਾਪਤ ਹੈ। ਇਸੇ ਕਰਕੇ ਅੰਬੇਡਕਰ ਨੇ ਕਿਹਾ ਸੀ, ''ਜਿਨ੍ਹਾਂ ਧਾਰਮਿਕ ਵਿਚਾਰਾਂ 'ਤੇ ਜਾਤੀ ਵਿਵਸਥਾ ਟਿਕੀ ਹੈ, ਉਨ੍ਹਾਂ ਦਾ ਨਾਸ਼ ਕੀਤੇ ਬਿਨਾਂ ਜਾਤੀ ਵਿਵਸਥਾ ਨੂੰ ਤੋੜਨਾ ਸੰਭਵ ਨਹੀਂ ਹੈ।''
 
ਜਾਤੀ ਵਿਵਸਥਾ ਸਾਫ ਤੌਰ 'ਤੇ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ। ਇਹ ਇੱਕ ਵਿਅਕਤੀ ਤੋਂ ਆਪਣੇ ਲਈ ਆਪਣਾ ਖੁਦ ਦਾ ਪੇਸ਼ਾ ਚੁਣਨ ਦਾ ਅਧਿਕਾਰ ਖੋਹ ਲੈਂਦੀ ਹੈ। ਇੱਕ ਵਿਅਕਤੀ ਦੀ ਉਸੇ ਜਾਤ ਪ੍ਰਤੀ ਵਫ਼ਾਦਾਰੀ ਹੁੰਦੀ ਹੈ, ਜਿਸ ਵਿੱਚ ਉਹ ਜਨਮ ਲੈਂਦਾ ਹੈ ਜਾਂ ਲੈਂਦੀ ਹੈ। ਜਾਤੀ ਵਿਵਸਥਾ ਅੰਦਰ ਹਮਦਰਦੀ ਅਤੇ ਪਿਆਰ ਲਈ ਕੋਈ ਸਥਾਨ ਨਹੀਂ ਹੁੰਦਾ। ਜਾਤੀ ਵਿਵਸਥਾ ਅੰਦਰ ਨਿਰਪੱਖ ਢੰਗ ਨਾਲ ਵਿਵਹਾਰ ਕਰਨ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ। ਇਸੇ ਕਾਰਨ ਡਾ. ਅੰਬੇਡਕਰ ਰਾਖਵੇਂਕਰਨ ਨੂੰ ਸਮਾਜਿਕ ਸਸ਼ਕਤੀਕਰਨ ਦਾ ਇਕ ਉਪਾਅ ਦੱਸਦੇ ਹਨ।
 
ਭੇਦਭਾਵ ਆਧਾਰਿਤ ਧਰਮ ਨਿਆਂ 'ਚ ਰੋੜਾ
ਅੰਬੇਡਕਰ ਧਰਮ ਦੇ ਖਿਲਾਫ ਨਹੀਂ ਸਨ। ਉਨ੍ਹਾਂ ਨੇ ਧਰਮ ਦਾ ਪੱਖ ਲੈਂਦੇ ਹੋਏ ਐਡਮੰਡ ਬਰਕ ਦਾ ਹਵਾਲਾ ਦਿੱਤਾ ਹੈ। ਐਡਮੰਡ ਬਰਕ ਕਹਿੰਦੇ ਹਨ ਕਿ ਇੱਕ ਸੱਚਾ ਧਰਮ ਸਮਾਜ ਦਾ ਆਧਾਰ ਹੁੰਦਾ ਹੈ। ਇਸ 'ਤੇ ਸਾਰੀਆਂ ਸੱਚੀਆਂ ਸੱਭਿਅਤਾਵਾਂ ਟਿਕੀਆਂ ਹੁੰਦੀਆਂ ਹਨ, ਪਰ ਹਿੰਦੂ ਧਰਮ ਨੂੰ ਅੰਬੇਡਕਰ ਇੱਕ ਧਰਮ ਨਹੀਂ ਮੰਨਦੇ ਸਨ, ਕਿਉਂਕਿ ਇਹ ਜਾਤੀ ਵਿਵਸਥਾ 'ਤੇ ਆਧਾਰਿਤ ਹੈ ਅਤੇ ਜਾਤੀ ਵਿਵਸਥਾ ਨਿਆਂ ਦੇ ਤਿੰਨ ਤੱਤਾਂ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੀ ਉਲੰਘਣਾ ਕਰਦੀ ਹੈ।
 
ਅੰਬੇਡਕਰ ਮੰਨਦੇ ਸਨ ਕਿ ਹਿੰਦੂ ਧਰਮ ਹੁਕਮਾਂ ਤੇ ਮਨਾਹੀ (ਨਿਯਮਾਂ, ਨਾ ਕਿ ਸਿਧਾਂਤਾਂ) ਦਾ ਕੋਡ ਹੈ, ਜਿਸਨੂੰ ਉਸਨੇ ਆਪਣੇ ਪੈਰੋਕਾਰਾਂ ਲਈ ਜਾਰੀ ਕੀਤਾ ਹੈ। ਹਿੰਦੂ ਸਮਾਜ ਦਾ ਆਧਾਰ ਇਸਦਾ ਭੇਦਭਾਵ ਹੀ ਹੈ। ਇਹ ਹੋਰ ਧਰਮਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ, ਜਦੋਂ ਉਹ ਕਿਸੇ ਹੋਰ ਜਾਤੀ ਨਾਲ ਸਬੰਧਤ ਹਿੰਦੂ ਨੂੰ ਹੀ ਬਰਦਾਸ਼ਤ ਨਹੀਂ ਕਰ ਪਾਉਂਦਾ? ਹਿੰਦੂ ਸਮਾਜ ਸਿਰਫ ਉਸੇ ਸਮੇਂ ਇੱਕਮੁੱਠ ਹੁੰਦਾ ਦਿਖਾਈ ਦਿੰਦਾ ਹੈ, ਜਦੋਂ ਦੋ ਹੋਰ ਮਹੱਤਵਪੂਰਨ ਧਾਰਮਿਕ ਸਮਾਜਾਂ ਵਿਚੋਂ ਕਿਸੇ ਇੱਕ ਖਿਲਾਫ ਦੰਗਾ ਭੜਕ ਉੱਠਦਾ ਹੈ। 
 
ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਪ੍ਰਤੀ ਅੰਬੇਡਕਰ ਦਾ ਡੂੰਘਾ ਲਗਾਅ ਸੀ। ਧਾਰਮਿਕ ਘੱਟ ਗਿਣਤੀਆਂ ਦੇ ਲੋਕ ਕਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਇਸ ਬਾਰੇ ਆਪਣੀ ਰਾਇ ਉਨ੍ਹਾਂ ਨੇ ਸਾਈਮਨ ਕਮਿਸ਼ਨ ਅਤੇ ਤੀਜੇ ਗੋਲਮੇਜ ਸੰਮੇਲਨ ਵਿੱਚ ਪੇਸ਼ ਆਪਣੇ ਮੰਗ ਪੱਤਰ ਵਿੱਚ ਪ੍ਰਗਟ ਕੀਤੀ ਹੈ। ਬਹੁਗਿਣਤੀ ਸਮਾਜ ਦੀ ਜ਼ਿਆਦਾ ਆਬਾਦੀ ਵਾਲੇ ਖੇਤਰ ਵਿੱਚ ਧਾਰਮਿਕ ਘੱਟ ਗਿਣਤੀਆਂ ਨੂੰ ਕਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਇਸ ਤੋਂ ਜਾਣੂ ਸਨ। ਇਸੇ ਕਾਰਨ ਉਨ੍ਹਾਂ ਨੇ ਕਾਰਜਪਾਲਿਕਾ, ਨੌਕਰਸ਼ਾਹੀ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਯੋਗ ਨੁਮਾਇੰਦਗੀ ਦੀ ਮੰਗ ਕੀਤੀ ਸੀ।
 
ਮਜ਼ਦੂਰਾਂ ਲਈ ਕਾਨੂੰਨ
ਡਾ. ਅੰਬੇਡਕਰ ਨੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਵਾਲੇ ਸੰਘਰਸ਼ਾਂ ਨਾਲ ਖੁਦ ਨੂੰ ਵੀ ਜੋੜਿਆ। ਉਨ੍ਹਾਂ ਮਜ਼ਦੂਰਾਂ ਦੀ ਭਲਾਈ ਲਈ 1936 ਵਿੱਚ ਇੰਡੀਪੈਂਡੈਂਟ ਲੇਬਰ ਪਾਰਟੀ ਦਾ ਗਠਨ ਕੀਤਾ। ਉਨ੍ਹਾਂ ਮਜ਼ਦੂਰਾਂ ਦੀ ਜ਼ਿਦੰਗੀ ਦੇ ਹਾਲਾਤ ਨੂੰ ਬੇਹਤਰ ਬਣਾਉਣ ਲਈ ਇੱਕ ਸੁਧਾਰ ਬਿੱਲ 1944 ਵਿੱਚ ਪੇਸ਼ ਕੀਤਾ। ਇਹ ਬਿੱਲ ਇੱਕ ਕਾਰਖਾਨੇ ਵਿੱਚ ਤੈਅ ਸਮੇਂ ਤੱਕ ਲਗਾਤਾਰ ਕੰਮ ਕਰਨ ਵਾਲੇ ਮਜ਼ਦੂਰ ਨੂੰ ਮਜ਼ਦੂਰੀ ਸਮੇਤ ਛੁੱਟੀ ਦਾ ਅਧਿਕਾਰ ਦਿੰਦਾ ਸੀ।
 
ਘੱਟ ਤੋਂ ਘੱਟ ਮਜ਼ਦੂਰੀ, ਕੰਮ ਲਈ ਬੇਹਤਰ ਹਾਲਾਤ, ਕੰਮ ਦੇ ਘੰਟੇ ਘੱਟ ਕਰਨ ਆਦਿ ਮਾਮਲਿਆਂ ਵਿੱਚ ਮਜ਼ਦੂਰਾਂ ਨੂੰ ਉਨ੍ਹਾਂ ਦੇ ਮਾਲਕਾਂ ਤੋਂ ਨਿਆਂ ਮਿਲੇ, ਅੰਬੇਡਕਰ ਨੇ ਇਸਦੇ ਲਈ ਕੋਸ਼ਿਸ਼ਾਂ ਕੀਤੀਆਂ। ਅੰਬੇਡਕਰ ਨੇ ਮਜ਼ਦੂਰਾਂ ਦੇ ਅਧਿਕਾਰਾਂ ਬਾਰੇ ਵਿਵਸਥਾ ਪੇਸ ਕੀਤੀ।
ਬਾਬਾ ਸਾਹਿਬ ਅੰਬੇਡਕਰ ਨੇ ਦੇਖਿਆ ਕਿ ਜਾਤੀ ਵਿਵਸਥਾ ਨਾ ਸਿਰਫ ਕੰਮ ਦੀ ਵੰਡ ਕਰਦੀ ਹੈ, ਸਗੋਂ ਮਜ਼ਦੂਰਾਂ ਦੀ ਵੀ ਵੰਡ ਕਰਦੀ ਹੈ।
 
ਜਾਤੀ ਵਿਵਸਥਾ ਇੱਕ ਵਿਅਕਤੀ ਦੇ ਪੇਸ਼ੇ ਦੇ ਬਦਲ ਨੂੰ ਸੀਮਤ ਕਰਦੀ ਹੈ ਅਤੇ ਹੇਠਲੀ ਸ਼੍ਰੇਣੀ ਦੇ ਮਜ਼ਦੂਰਾਂ ਵਲੋਂ ਕੀਤੇ ਜਾਣ ਵਾਲੇ ਕੰਮ ਨੂੰ ਨੀਚ ਕੰਮ ਦੱਸਦੀ ਹੈ। ਡਾ. ਅੰਬੇਡਕਰ ਪੂੰਜੀਵਾਦ ਨੂੰ ਵੀ ਮਜ਼ਦੂਰਾਂ ਦੇ ਸ਼ੋਸ਼ਣ ਦੀ ਇੱਕ ਵਿਵਸਥਾ ਮੰਨਦੇ ਹਨ। ਅੰਬੇਡਕਰ ਬ੍ਰਾਹਮਣਵਾਦ ਤੇ ਪੂੰਜੀਵਾਦ ਨੂੰ ਆਪਣੇ ਅੰਦੋਲਨ ਦੇ ਜੁੜਵਾਂ ਦੁਸ਼ਮਣ ਮੰਨਦੇ ਸਨ।
 
ਬਾਬਾ ਸਾਹਿਬ ਅੰਬੇਡਕਰ ਭਾਰਤੀ ਸਮਾਜ ਵਿੱਚ ਨਿਆਂ ਬਾਰੇ ਭੇਦਭਾਵ ਦੇ ਮੁੱਖ ਕਾਰਨਾਂ ਦੇ ਰੂਪ ਵਿੱਚ ਜਾਤੀ ਵਿਵਸਥਾ ਨੂੰ ਦੇਖਦੇ ਸਨ। ਸਮਾਜ ਵਿੱਚ ਪੈਦਾ ਹੋਈ ਕਿਸੇ ਵੀ ਤਰ੍ਹਾਂ ਦੀ ਗੈਰਬਰਾਬਰੀ ਨਿਆਂ ਵਿੱਚ ਭੇਦਭਾਵ ਪੈਦਾ ਕਰ ਸਕਦੀ ਹੈ। ਅੰਬੇਡਕਰ ਨਿਆਂ ਦੇ ਫਲਸਫੇ ਦੇ ਮੁੱਖ ਤੱਤ ਦੇ ਰੂਪ ਵਿੱਚ ਜਿਸ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਨੂੰ ਪੇਸ਼ ਕਰਦੇ ਸਨ, ਜਾਤੀ ਉਨ੍ਹਾਂ ਹੀ ਮੁੱਢਲੇ ਸਿਧਾਤਾਂ ਦੀ ਉਲੰਘਣਾ ਕਰਦੀ ਹੈ।
 
ਦਲਿਤਾਂ, ਮਹਿਲਾਵਾਂ, ਧਾਰਮਿਕ ਘੱਟ ਗਿਣਤੀਆਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਜਾਤੀ ਵਿਵਸਥਾ ਅੰਦਰ ਉਲੰਘਣਾ ਹੁੰਦੀ ਹੈ। ਬਾਬਾ ਸਾਹਿਬ ਮੁਤਾਬਕ, ਨਿਆਂ ਦਾ ਫਲਸਫਾ ਅਧਿਕਾਰਾਂ 'ਤੇ ਆਧਾਰਿਤ ਹੁੰਦਾ ਹੈ ਅਤੇ ਕਿਸੇ ਦੇਸ਼ ਦਾ ਸੰਵਿਧਾਨ ਅਧਿਕਾਰਾਂ ਲਈ ਸੁਰੱਖਿਆ ਉਪਲਬਧ ਕਰਦਾ ਹੈ। ਅੰਬੇਡਕਰ ਚਾਹੁੰਦੇ ਸਨ ਕਿ ਸਾਰੇ ਵਿਅਕਤੀਆਂ ਨਾਲ ਬਰਾਬਰੀ ਵਾਲਾ ਵਿਵਹਾਰ ਕੀਤਾ ਜਾਵੇ। ਇਸਦੇ ਉਲਟ ਜਾਤੀ ਵਿਵਸਥਾ ਲੋਕਾਂ ਦੇ ਨਾਲ ਸਮਾਜਿਕ ਪੱਧਰ ਦੇ ਆਧਾਰ 'ਤੇ ਅਲੱਗ-ਅਲੱਗ ਵਿਵਹਾਰ ਕਰਦੀ ਹੈ। ਇਸ ਵਿਚ ਸਾਰੀਆਂ ਸਮਾਜਿਕ ਤੇ ਆਰਥਿਕ ਚੀਜ਼ਾਂ ਦੀ ਵੰਡ ਜਾਤੀ ਮੁਤਾਬਕ ਹੈ।
 
ਦੇਸ਼ ਲਈ ਆਜ਼ਾਦੀ ਪ੍ਰਾਪਤ ਕਰਨ ਬਾਰੇ ਅੰਬੇਡਕਰ ਦਾ ਨਜ਼ਰੀਆ ਭਾਰਤੀ ਰਾਸ਼ਟਰੀ ਕਾਂਗਰਸ ਤੋਂ ਵੱਖ ਸੀ। ਇਸ ਕਰਕੇ ਉਹ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਤੋਂ ਦੂਰ ਰਹੇ। ਉਹ ਸਮਾਜਿਕ ਨਿਆਂ ਨੂੰ ਰਾਜਨੀਤਕ ਨਿਆਂ ਦੀ ਪਹਿਲੀ ਸ਼ਰਤ ਵਾਂਗ ਮੰਨਦੇ ਸਨ। ਉਹ ਉਸ ਤਰ੍ਹਾਂ ਦੀ ਗੈਰਬਰਾਬਰੀ ਦੇ ਸਮਰਥਕ ਸਨ, ਜਿਸ ਵਿਚ ਹਾਸ਼ੀਏ ਦੇ ਵਰਗਾਂ ਨੂੰ ਲਾਭ ਪਹੁੰਚਦਾ ਹੋਵੇ।
 
ਇਸਨੂੰ ਹਾਂ ਪੱਖੀ ਭੇਦਭਾਵ ਵੀ ਕਿਹਾ ਜਾਂਦਾ ਹੈ। ਇਸੇ ਕਾਰਨ ਉਨ੍ਹਾਂ ਨੇ ਵੱਖਰੀ ਚੋਣ ਪ੍ਰਣਾਲੀ ਦਾ ਸਮਰਥਨ ਕੀਤਾ, ਪਰ ਗਾਂਧੀ ਦੇ ਵਿਰੋਧ ਕਰਕੇ ਉਨ੍ਹਾਂ ਨੂੰ ਇਸ ਤੋਂ ਪਿੱਛੇ ਹਟਣਾ ਪਿਆ। ਉਨ੍ਹਾਂ ਰਾਖਵੇਂਕਰਨ ਦੇ ਡਰਾਫਟ ਤਿਆਰ ਕੀਤੇ ਸਨ, ਜਿਸਦਾ ਉਦੇਸ਼ ਵਾਂਝੇ ਲੋਕਾਂ ਦੇ ਸਮਾਜਿਕ ਤੇ ਆਰਥਿਕ ਹਾਲਾਤ ਵਿਚ ਸੁਧਾਰ ਕਰਨਾ ਸੀ। 
 
ਬਾਬਾ ਸਾਹਿਬ ਅੰਬੇਡਕਰ ਸਮਾਜ ਵਿੱਚ ਬੁਨਿਆਦੀ ਬਦਲਾਅ ਦੇ ਮੁੱਢਲੇ ਕਦਮ ਦੇ ਰੂਪ ਵਿੱਚ ਇੱਕ ਸਮਾਜਿਕ ਕ੍ਰਾਂਤੀ ਦੀ ਕਲਪਨਾ ਕਰਦੇ ਸਨ। ਨਿਆਂ ਹਾਸਲ ਕਰਨ ਲਈ ਕ੍ਰਾਂਤੀ ਦੀ ਸੋਚ ਬਾਰੇ ਅੰਬੇਡਕਰ ਦਾ ਵੱਖਰਾ ਨਜ਼ਰੀਆ ਸੀ। ਉਨ੍ਹਾਂ ਲਈ ਕ੍ਰਾਂਤੀ ਉਹੀ ਅਰਥ ਨਹੀਂ ਸੀ, ਜੋ ਉਸ ਸਮੇਂ ਆਮ ਬੋਲਚਾਲ ਵਿਚ ਸੀ।
 
ਖਾਸ ਕਰਕੇ ਮਾਰਕਸਵਾਦੀ ਦਾਇਰੇ ਵਿੱਚ। ਜਿਸ ਕ੍ਰਾਂਤੀ ਦੀ ਅੰਬੇਡਕਰ ਕਲਪਨਾ ਕਰਦੇ ਸਨ, ਉਸ ਵਿਚ ਖੂਨ-ਖਰਾਬੇ ਲਈ ਕੋਈ ਜਗ੍ਹਾ ਨਹੀਂ ਸੀ। ਉਨ੍ਹਾਂ ਦੀ ਕ੍ਰਾਂਤੀ ਬਗਾਵਤ ਤੋਂ ਮੁਕਤ ਸੀ। ਉਹ ਰਾਜਨੀਤਕ ਕ੍ਰਾਂਤੀ ਲਈ ਸਮਾਜਿਕ ਕ੍ਰਾਂਤੀ ਪਸੰਦ ਕਰਦੇ ਸਨ। ਉਹ ਲੋਕਤੰਤਰ ਵਿੱਚ ਵਿਸ਼ਵਾਸ ਕਰਦੇ ਸਨ ਅਤੇ ਮੰਨਦੇ ਸਨ ਕਿ ਹਿੰਦੂ ਸਮਾਜਿਕ ਵਿਵਸਥਾ ਸਮਾਜ ਲਈ ਸ਼ਰਾਪ ਹੈ। 
 
ਅੰਬੇਡਕਰ ਅਧਿਕਾਰਾਂ ਤੇ ਕਾਨੂੰਨਾਂ ਨੂੰ ਨਿਆਂ ਦੀ ਚਾਬੀ ਦੇ ਰੂਪ ਵਿਚ ਸਵੀਕਾਰ ਕਰਦੇ ਹਨ। ਦੂਜੇ ਪਾਸੇ ਅੰਬੇਡਕਰ ਲਈ ਜਾਤੀ ਵਿਵਸਥਾ, ਸੰਪ੍ਰਦਾਇਕਤਾ, ਪੁਰਸ਼ ਸੱਤਾ ਤੇ ਮਜ਼ਦੂਰਾਂ ਦਾ ਸ਼ੋਸ਼ਣ ਇੱਕ ਨਿਆਂਪੂਰਨ ਸਮਾਜ ਦੀ ਸਥਾਪਨਾ ਵਿੱਚ ਸਭ ਤੋਂ ਵੱਡੇ ਰੋੜੇ ਸਨ। ਸਾਡਾ ਸਮਾਜ ਬਾਬਾ ਸਾਹਿਬ ਅੰਬੇਡਕਰ ਦੇ ਨਿਆਂ ਦੇ ਫਲਸਫੇ ਨੂੰ ਅਜੇ ਵੀ ਅਪਣਾ ਨਹੀਂ ਸਕਿਆ ਹੈ, ਕਿਉਂਕਿ ਉਸਨੇ ਜਾਤੀ ਤੇ ਪੁਰਸ਼ ਸੱਤਾ ਤੋਂ ਆਪਣੇ ਆਪ ਨੂੰ ਮੁਕਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
 
ਨਿਆਂਪੂਰਨ ਸਮਾਜ
ਬਾਬਾ ਸਾਹਿਬ ਅੰਬੇਡਕਰ ਇੱਕ ਅਜਿਹੇ ਨਿਆਂਪੂਰਨ ਸਮਾਜ ਦਾ ਸੁਪਨਾ ਦੇਖਦੇ ਸਨ, ਜਿਸ ਵਿੱਚ ਸਮਾਜਿਕ ਪੱਧਰ ਦੇ ਮਾਮਲਿਆਂ 'ਚ ਸਾਰੇ ਵਿਅਕਤੀਆਂ ਦੇ ਨਾਲ ਬਰਾਬਰੀ ਵਾਲਾ ਵਿਵਹਾਰ ਕੀਤਾ ਜਾਵੇ। ਉਹ ਸਮਾਜਿਕ ਗੈਰਬਰਾਬਰੀ ਅਤੇ ਸ਼ੋਸ਼ਣ ਦੇ ਕਾਰਨਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਦੇ ਸਨ। ਉਹ ਮੰਨਦੇ ਸਨ ਕਿ ਇੱਕ ਵਿਵਸਥਾ ਦੇ ਅੰਦਰ ਬਰਾਬਰੀ 'ਤੇ ਆਧਾਰਿਤ ਨਿਆਂ ਪੱਕਾ ਕਰਨ ਲਈ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਨੂੰ ਕਾਇਮ ਕਰਨ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਜਾਤੀ ਵਿਵਸਥਾ ਇਨ੍ਹਾਂ ਤਿੰਨਾਂ ਬੁਨਿਆਦੀ ਤੱਤਾਂ ਦੀ ਉਲੰਘਣਾ ਕਰਦੀ ਹੈ, ਜਿਸ ਕਰਕੇ ਇਹ ਭਾਰਤੀ ਸਮਾਜ 'ਚ ਨਿਆਂ ਦੇ ਵਿਚਾਰ ਦੇ ਜੜ੍ਹ ਜਮਾਉਣ ਵਿੱਚ ਮੁੱਖ ਰੋੜਾ ਹੈ। ਬਾਬਾ ਸਾਹਿਬ ਲਈ ਕਾਨੂੰਨ ਇੱਕ ਅਜਿਹੀ ਚੀਜ਼ ਹੈ, ਜੋ ਕਿ ਸਭ ਤੋਂ ਵਾਂਝੇ ਲੋਕਾਂ ਦੇ ਹੱਕਾਂ ਦੀ ਗਾਰੰਟੀ ਦਿੰਦਾ ਹੈ।

ਮਹਿਲਾਵਾਂ ਦੇ ਅਧਿਕਾਰ
ਜਾਤੀ ਵਿਵਸਥਾ ਦਾ ਵਿਰੋਧ ਕਰਦੇ ਹੋਏ ਡਾ. ਅੰਬੇਡਕਰ ਨੇ ਕਦੇ ਇਸ ਗੱਲ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੱਤਾ ਕਿ ਹਿੰਦੂ ਸਮਾਜ ਵਿਵਸਥਾ ਅੰਦਰ ਮਹਿਲਾਵਾਂ ਨੂੰ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਹੈ। ਉਹ ਸਤੀ ਪ੍ਰਥਾ ਤੇ ਬਾਲ ਵਿਆਹ ਦੀ ਨਿੰਦਾ ਕਰਦੇ ਸਨ ਅਤੇ ਹਿੰਦੂ ਪਰਿਵਾਰ ਵਿਵਸਥਾ ਦੇ ਮੁੜ ਗਠਨ ਦੀ ਆਪਣੀ ਸੋਚ ਮੁਤਾਬਕ, ਵਿਧਵਾਵਾਂ ਦੇ ਮੁੜ ਵਿਆਹ ਦੇ ਪੱਖ 'ਚ ਤਰਕ ਦਿੰਦੇ ਸਨ। ਹਿੰਦੂ ਕੋਡ ਬਿੱਲ 'ਚ ਉਨ੍ਹਾਂ ਜ਼ਾਇਦਾਦ ਦਾ ਅਧਿਕਾਰ ਪੁਰਸ਼ ਤੇ ਔਰਤ ਦੋਵੇਂ ਵਾਰਿਸਾਂ ਨੂੰ ਦੇਣ ਦੀ ਵਿਵਸਥਾ ਕੀਤੀ। ਉਨ੍ਹਾਂ ਲੜਕੀਆਂ ਦੀ ਸਿੱਖਿਆ, ਤਲਾਕ ਭੱਤਾ ਆਦਿ ਦਾ ਸਮਰਥਨ ਕੀਤਾ। ਬਾਬਾ ਸਾਹਿਬ ਅੰਬੇਡਕਰ ਪੁਰਸ਼ਵਾਦੀ ਸਮਾਜ 'ਚ ਮਹਿਲਾਵਾਂ ਦੇ ਨਾਲ ਹੋਣ ਵਾਲੇ ਭੇਦਭਾਵ ਨੂੰ ਡੂੰਘਾਈ ਤੋਂ ਮਹਿਸੂਸ ਕਰਦੇ ਸਨ।
-ਆਥਿਰਾ ਆਨੰਦ

Comments

Leave a Reply