Mon,Oct 22,2018 | 12:06:02pm
HEADLINES:

Social

ਸ਼ੋਸ਼ਿਤਾਂ ਨੂੰ 'ਗੁਲਾਮੀ' ਤੋਂ ਆਜ਼ਾਦ ਕਰਾਉਣ ਵਾਲੇ ਅੰਬੇਡਕਰ ਖੁਦ ਕੈਦ

ਸ਼ੋਸ਼ਿਤਾਂ ਨੂੰ 'ਗੁਲਾਮੀ' ਤੋਂ ਆਜ਼ਾਦ ਕਰਾਉਣ ਵਾਲੇ ਅੰਬੇਡਕਰ ਖੁਦ ਕੈਦ

ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਸੰਵਿਧਾਨ ਨਿਰਮਾਤਾ, ਕਾਨੂੰਨ ਦੇ ਵੱਡੇ ਵਿਦਵਾਨ, ਅਰਥ ਸ਼ਾਸਤਰੀ, ਇੱਕ ਯੋਜਨਾਕਾਰ ਅਤੇ ਸਭ ਤੋਂ ਖਾਸ ਉਨ੍ਹਾਂ ਦਲਿਤਾਂ ਸ਼ੋਸ਼ਿਤਾਂ ਦੇ ਮਸੀਹਾ ਹਨ, ਜਿਨ੍ਹਾਂ ਦੀ ਜਗ੍ਹਾ ਭਾਰਤ ਦੀ ਜਾਤੀਵਾਦੀ ਵਿਵਸਥਾ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਿਨਾਂ ਸ਼ੱਕ ਭਾਰਤ ਦੇ ਸਭ ਤੋਂ ਮਹਾਨ ਨੇਤਾ ਹਨ। ਉਨ੍ਹਾਂ ਦੀਆਂ ਮੂਰਤੀਆਂ ਹਰ ਮੁਹੱਲੇ, ਪਿੰਡ, ਸ਼ਹਿਰ, ਚੌਕ, ਰੇਲਵੇ ਸਟੇਸ਼ਨ ਤੇ ਪਾਰਕਾਂ ਵਿੱਚ ਵੱਡੀ ਗਿਣਤੀ ਵਿੱਚ ਲੱਗੀਆਂ ਹਨ। 
 
ਇਸ ਮਹਾਨ ਸ਼ਖਸੀਅਤ ਨੂੰ ਆਮ ਤੌਰ 'ਤੇ ਸੂਟ ਤੇ ਟਾਈ ਦੇ ਨਾਲ ਸਾਹਮਣੇ ਵਾਲੀ ਜੇਬ ਵਿੱਚ ਇੱਕ ਕਲਮ ਅਤੇ ਬਾਂਹਾਂ ਵਿੱਚ ਭਾਰਤੀ ਸੰਵਿਧਾਨ ਲਏ ਅਤੇ ਐਨਕ ਲਗਾਏ ਇੱਕ ਇਨਸਾਨ ਵੱਜੋਂ ਦਿਖਾਇਆ ਜਾਂਦਾ ਹੈ। ਇਤਿਹਾਸਕਾਰ ਜਾਨਕੀ ਨਾਇਰ ਮੁਤਾਬਕ, ਇਹ ਸ਼ੋਸ਼ਿਤਾਂ ਦੀ ਦਾਅਵੇਦਾਰੀ ਦਾ ਪ੍ਰਤੀਕ ਹੈ। ਜਾਤੀਵਾਦੀ ਵਿਵਸਥਾ ਨਾਲ ਘਿਰੇ ਭਾਰਤੀ ਸਮਾਜ ਵਿੱਚ ਦਲਿਤਾਂ ਸ਼ੋਸ਼ਿਤਾਂ ਦੀ ਸਥਿਤੀ ਸਦੀਆਂ ਤੋਂ ਗੁਲਾਮਾਂ ਵਾਲੀ ਰਹੀ ਹੈ, ਬਾਬਾ ਸਾਹਿਬ ਅੰਬੇਡਕਰ ਨੇ ਅੰਦੋਲਨ ਰਾਹੀਂ, ਭਾਰਤੀ ਸੰਵਿਧਾਨ ਰਾਹੀਂ ਇਨ੍ਹਾਂ ਨੂੰ ਹੱਕ ਲੈ ਕੇ ਦਿੱਤੇ, ਇਨ੍ਹਾਂ ਦੀਆਂ ਗੁਲਾਮੀ ਵਾਲੀਆਂ ਜੰਜ਼ੀਰਾਂ ਤੋੜੀਆਂ।
 
ਇਹੀ ਕਾਰਨ ਹੈ ਕਿ ਅੱਜ ਇਹ ਸਮਾਜ ਅੱਗੇ ਵਧ ਰਿਹਾ ਹੈ। ਇਸੇ ਤਸਵੀਰ ਦਾ ਦੂਜਾ ਪੱਖ ਇਹ ਵੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਸ਼ੋਸ਼ਿਤਾਂ ਨੂੰ ਜਿਸ ਮਨੂੰਵਾਦੀ ਵਿਵਸਥਾ ਤੋਂ ਆਜ਼ਾਦ ਕਰਾਉਣ ਲਈ ਸੰਘਰਸ਼ ਕੀਤਾ, ਉਸੇ ਮਨੂੰਵਾਦੀ ਸੋਚ ਵਾਲੇ ਲੋਕ ਅੰਬੇਡਕਰ ਨੂੰ ਨਫਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ। ਬੀਤੇ ਸਮੇਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਤੋੜੇ ਜਾਣ, ਇਨ੍ਹਾਂ ਮੂਰਤੀਆਂ ਨੂੰ ਜੁੱਤੀਆਂ ਦਾ ਹਾਰ ਪਾਉਣ ਵਰਗੀਆਂ ਘਟਨਾਵਾਂ ਇਸੇ ਸੋਚ ਨੂੰ ਉਜਾਗਰ ਕਰਦੀਆਂ ਹਨ। 
 
ਭਾਰਤ ਦਾ ਸਭ ਤੋਂ ਵਿਕਸਿਤ ਸੂਬਿਆਂ ਵਿੱਚ ਗਿਣਿਆ ਜਾਣ ਵਾਲਾ ਸੂਬਾ ਤਮਿਲਨਾਡੂ ਇਸਦੀ ਇੱਕ ਉਦਾਹਰਨ ਹੈ। ਬੀਬੀਸੀ ਦੀ ਇਕ ਰਿਪੋਰਟ ਮੁਤਾਬਕ, ਇਸ ਸੂਬੇ ਦੀ ਅਰਥਵਿਵਸਥਾ ਭਾਰਤ ਵਿੱਚ ਦੂਜੇ ਨੰਬਰ ਦੀ ਹੈ ਅਤੇ ਵਿਸ਼ਵ ਬੈਂਕ ਮੁਤਾਬਕ, ਮਿਲੇਨੀਅਮ ਡਿਵੈਲਪਮੈਂਟ ਗੋਲਸ ਦੇ ਟੀਚਿਆਂ ਨੂੰ ਪਾਉਣ ਦੇ ਹਿਸਾਬ ਨਾਲ ਇਹ ਸੂਬਾ ਸਮੇਂ 'ਤੇ ਚੱਲ ਰਿਹਾ ਹੈ। ਇਸ ਸੂਬੇ ਵਿੱਚ ਦਹਾਕਿਆਂ ਤੱਕ ਤੱਰਕਵਾਦੀ ਤੇ ਜਾਤੀ ਵਿਰੋਧ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੇ ਰਾਜ ਕੀਤਾ ਹੈ, ਪਰ ਫਿਰ ਵੀ ਇੱਥੇ ਦਲਿਤਾਂ ਸ਼ੋਸ਼ਿਤਾਂ ਖਿਲਾਫ ਉੱਚੀ ਜਾਤੀਆਂ ਦੇ ਅੱਤਿਆਚਾਰ ਕਦੇ ਰੁਕੇ ਨਹੀਂ ਹਨ।
 
ਪੂਰੇ ਸੂਬੇ ਦੀ ਆਬਾਦੀ ਵਿੱਚ 19 ਫੀਸਦੀ ਦਲਿਤ ਹਨ। ਆਪਣੇ ਹੱਕਾਂ ਨੂੰ ਲੈ ਕੇ ਦਲਿਤਾਂ ਦੀ ਦਾਅਵੇਦਾਰੀ ਦੇ ਵਿਰੋਧੀ, ਸਾਲਾਂ ਤੋਂ ਹਿੰਸਾ ਤੇ ਦੰਗੇ ਭੜਕਾਉਣ ਲਈ ਡਾ. ਅੰਬੇਡਕਰ ਦੀਆਂ ਮੂਰਤੀਆਂ ਨੂੰ ਚੱਪਲਾਂ ਦੀ ਮਾਲਾ ਪਾ ਕੇ ਜਾਂ ਉਨ੍ਹਾਂ ਦੇ ਹੱਥ ਤੋੜ ਕੇ ਅਪਮਾਨਿਤ ਕਰਦੇ ਰਹੇ ਹਨ।
 
ਉੱਚੀਆਂ ਜਾਤੀਆਂ 'ਤੇ ਕਾਬੂ ਪਾਉਣ ਵਿੱਚ ਅਸਫਲ ਰਹਿਣ ਵਾਲੇ ਡਰੇ ਹੋਏ ਪ੍ਰਸ਼ਾਸਨ ਨੇ ਪੂਰੇ ਸੂਬੇ ਵਿੱਚ ਬਾਬਾ ਸਾਹਿਬ ਦੀਆਂ ਮੂਰਤੀਆਂ ਦੇ ਚਾਰੇ ਪਾਸੇ ਪਿੰਜਰੇ ਬਣਵਾ ਦਿੱਤੇ ਹਨ। ਉਨ੍ਹਾਂ ਨੂੰ ਕੈਦ ਕਰ ਦਿੱਤਾ ਹੈ। ਰਾਜਨੀਤਕ ਮਾਹਿਰ ਸੀ. ਲੱਛਮਣ ਕਹਿੰਦੇ ਹਨ, ਇਹ ਤਮਿਲਨਾਡੂ ਲਈ ਸਭ ਤੋਂ ਵੱਡੀ ਸ਼ਰਮਨਾਕ ਗੱਲ ਹੈ। ਇਹ ਦਿਖਾਉਂਦਾ ਹੈ ਕਿ ਦਲਿਤਾਂ ਦੀ ਸੁਰੱਖਿਆ ਕਰਨ ਵਿੱਚ ਸੂਬਾ ਪੂਰੀ ਤਰ੍ਹਾਂ ਅਸਫਲ ਹੋ ਚੁੱਕਾ ਹੈ। ਸੂਬਾ ਜਾਤੀ ਆਧਾਰਿਤ ਜ਼ੁਲਮ ਸਾਹਮਣੇ ਗੋਡੇ ਟੇਕਦਾ ਜਾ ਰਿਹਾ ਹੈ।
 
ਦਲਿਤਾਂ ਦਾ ਵਿਰੋਧ ਇੰਨਾ ਸ਼ਰੇਆਮ ਹੈ ਕਿ ਉਨ੍ਹਾਂ 'ਤੇ ਅੱਤਿਆਚਾਰ ਖਿਲਾਫ ਬਣੇ ਕਾਨੂੰਨ ਨੂੰ ਢਿੱਲਾ ਕਰਨ ਦੀ ਮੰਗ ਨੂੰ ਲੈ ਕੇ ਉੱਚੀਆਂ ਜਾਤੀਆਂ ਦੇ ਵਰਗਾਂ ਨੇ ਹੱਥ ਮਿਲਾ ਲਏ ਹਨ। ਲੱਛਮਣ ਇਸਨੂੰ ਸਾਫ ਤੌਰ 'ਤੇ ਦਲਿਤ ਵਿਰੋਧੀ ਰਾਜਨੀਤੀ ਕਹਿੰਦੇ ਹਨ ਅਤੇ ਇਹ ਇਸੇ ਦਾ ਇੱਕ ਨਮੂਨਾ ਹੈ।
 
ਬੀਤੇ ਸਮੇਂ ਵਿੱਚ ਉੱਚੀਆਂ ਜਾਤੀਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ਵਾਲੀਆਂ ਸੂਬੇ ਦੀਆਂ ਸਰਕਾਰੀ ਬੱਸਾਂ ਨੂੰ ਆਪਣੇ ਪਿੰਡ ਵਿੱਚ ਵੜਨ ਤੋਂ ਰੋਕ ਦਿੱਤਾ ਸੀ ਅਤੇ ਪ੍ਰਸ਼ਾਸਨ ਨੂੰ ਨਾਂ ਹਟਾਉਣ 'ਤੇ ਮਜਬੂਰ ਕੀਤਾ ਸੀ। ਇੱਥੇ ਦੇ ਲਿਬਰੇਸ਼ਨ ਪੈਂਥਰਸ ਪਾਰਟੀ ਦੇ ਵਿਧਾਇਕ ਐਨ. ਰਵੀ ਕੁਮਾਰ ਕਹਿੰਦੇ ਹਨ, ਪ੍ਰਭਾਵਸ਼ਾਲੀ ਉੱਚੀਆਂ ਜਾਤੀਆਂ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਇਸ ਲਈ ਇਹ ਦਲਿਤਾਂ ਖਿਲਾਫ ਆਪਣਾ ਗੁੱਸਾ ਕੱਢ ਰਹੀਆਂ ਹਨ।
 
ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਨੂੰ ਪਿੰਜਰੇ ਵਿੱਚ ਬੰਦ ਕਰਨ ਦੀ ਕਾਰਵਾਈ ਨੂੰ ਸੂਬੇ ਵਿੱਚ ਕਈ ਲੋਕ ਅੱਜ ਦੇ ਭਾਰਤ ਵਿੱਚ ਜਾਤੀ ਫਾਸੀਵਾਦ ਦਾ ਇੱਕ ਉਦਾਹਰਨ ਮੰਨਦੇ ਹਨ। ਸਭ ਤੋਂ ਮਾੜੇ ਰੂਪ ਵਿੱਚ ਅਛੂਤ ਸਮੱਸਿਆ ਤਮਿਲਨਾਡੂ ਵਿੱਚ ਨਾ ਸਿਰਫ ਜ਼ਿੰਦਾ ਹੈ, ਸਗੋਂ ਮਜ਼ਬੂਤ ਹੈ। 
 
ਆਪਣੇ ਇੱਕ ਇਤਿਹਾਸਕ ਭਾਸ਼ਣ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਸਮਾਜਿਕ ਤੇ ਆਰਥਿਕ ਘੇਰੇ ਵਿੱਚ ਭਾਰਤੀ ਕਿੰਨੇ ਲੰਮੇ ਸਮੇਂ ਤੱਕ ਬਰਾਬਰੀ ਦੇਣ ਤੋਂ ਨਾਂਹ ਕਰਦੇ ਰਹਿਣਗੇ। ਉਨ੍ਹਾਂ ਕਿਹਾ ਸੀ, ਜੇਕਰ ਅਸੀਂ ਬਰਾਬਰੀ ਦਾ ਅਧਿਕਾਰ ਦੇਣ ਵਿੱਚ ਬਹੁਤ ਦੇਰ ਕਰਦੇ ਰਹੇ ਤਾਂ ਅਜਿਹਾ ਸਿਰਫ ਰਾਜਨੀਤਕ ਲੋਕਤੰਤਰ ਨੂੰ ਖਤਰੇ ਵਿੱਚ ਹੀ ਪਾ ਕੇ ਕਰ ਪਾਉਂਦੇ ਹਾਂ। ਉਨ੍ਹਾਂ ਕਿਹਾ ਸੀ ਕਿ ਆਜ਼ਾਦ ਭਾਰਤ ਦਾ ਜ਼ਿਆਦਾਤਰ ਵਿਕਾਸ ਗੋਹੇ ਦੇ ਢੇਰ 'ਤੇ ਜਾਤੀ ਦੇ ਨਿਰਮਾਣ ਵਰਗਾ ਹੈ। ਬਹੁਤ ਸਾਰੇ ਲੋਕ ਇਸ ਕੌੜੇ ਸੱਚ ਨੂੰ ਮੰਨਦੇ ਹਨ।

ਰਾਜਸਥਾਨ 'ਚ ਬੁੱਤ ਨੂੰ ਨੁਕਸਾਨ
ਰਾਜਸਥਾਨ ਦੇ ਨਾਡੋਲਕੇ ਮੁੱਖ ਬੱਸ ਸਟੈਂਡ ਪੰਚਾਇਤ ਭਵਨ ਦੇ ਸਾਹਮਣੇ ਲੱਗੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਬੀਤੇ ਦਿਨੀਂ ਸ਼ਰਾਰਤੀ ਅਨਸਰਾਂ ਨੇ ਨੁਕਸਾਨ ਪਹੁੰਚਾਇਆ। ਇਸ 'ਤੇ ਬਾਬਾ ਸਾਹਿਬ ਦੇ ਪੈਰੋਕਾਰ ਭੜਕ ਗਏ। ਉਨ੍ਹਾਂ ਨੇ ਡਾ. ਰਾਮ ਮੀਣਾ ਦੀ ਅਗਵਾਈ 'ਚ ਇਸ ਘਟਨਾ ਦੇ ਵਿਰੋਧ ਵਿੱਚ ਰੋਸ ਰੈਲੀ ਕੱਢੀ।
 
ਅੰਬੇਡਕਰਵਾਦੀਆਂ ਨੇ ਮੰਗ ਕੀਤੀ ਕਿ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ। ਉਨ੍ਹਾਂ ਨੇ ਇਸਦੇ ਨਾਲ-ਨਾਲ ਬੁੱਤ ਦੇ ਉੱਪੁਰ ਲੱਗੀ ਜਾਲੀ ਵੀ ਹਟਾਉਣ ਦੀ ਮੰਗ ਕੀਤੀ। ਇਹ ਜਾਲੀ ਸਰਪੰਚ ਯਸ਼ੋਦਾ ਵੈਸ਼ਣਵ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਲਗਵਾਈ ਗਈ ਸੀ, ਜਦਕਿ ਅੰਬੇਡਕਰਵਾਦੀਆਂ ਨੇ ਬੁੱਤ ਨੂੰ ਕੈਦ ਕੀਤੇ ਜਾਣ ਦਾ ਵਿਰੋਧ ਕੀਤਾ।

 

Comments

Leave a Reply