Wed,Jun 03,2020 | 08:18:09pm
HEADLINES:

Social

ਮਹਾਰਾਂ ਦੀ ਬਹਾਦਰੀ 'ਤੇ ਬਾਬਾ ਸਾਹਿਬ ਅੰਬੇਡਕਰ ਨੂੰ ਮਾਣ

ਮਹਾਰਾਂ ਦੀ ਬਹਾਦਰੀ 'ਤੇ ਬਾਬਾ ਸਾਹਿਬ ਅੰਬੇਡਕਰ ਨੂੰ ਮਾਣ

ਭੀਮਾ ਕੋਰੇਗਾਓਂ 'ਚ ਮਹਾਰਾਂ ਦੀ ਪੇਸ਼ਵਾ 'ਤੇ ਜਿੱਤ ਦੀ ਯਾਦ ਵਿੱਚ ਈਸਟ ਇੰਡੀਆ ਕੰਪਨੀ ਨੇ 1857 ਦੇ ਕਰੀਬ ਭੀਮਾ ਕੋਰੇਗਾਓਂ ਵਿਜੈ ਸਤੰਭ ਦਾ ਨਿਰਮਾਣ ਕਰਵਾਇਆ ਸੀ। ਇਸ ਸਤੰਭ 'ਤੇ ਸ਼ਹੀਦ ਮਹਾਰ ਸੈਨਿਕਾਂ ਦਾ ਨਾਂ ਵੀ ਲਿਖਿਆ ਹੈ।

ਭੀਮਾ ਕੋਰੇਗਾਓਂ ਦੀ ਲੜਾਈ 1 ਜਨਵਰੀ 1818 ਨੂੰ ਲੜੀ ਗਈ ਸੀ ਅਤੇ 1 ਜਨਵਰੀ 1927 ਤੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇੱਥੇ ਜਾਣਾ ਸ਼ੁਰੂ ਕੀਤਾ ਸੀ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਲਿਖਦੇ ਹਨ, ''ਜਦੋਂ ਮੈਂ ਵਿਜੈ ਸਤੰਭ 'ਤੇ ਲਿਖੇ ਨਾਵਾਂ ਨੂੰ ਪੜ੍ਹਦਾ ਹਾਂ ਤਾਂ ਮੇਰੀ ਛਾਤੀ ਮਾਣ ਨਾਲ ਚੌੜੀ ਹੋ ਜਾਂਦੀ ਹੈ ਕਿ ਮੇਰੇ ਪੁਰਖਿਆਂ ਨੇ ਪੇਸ਼ਵਿਆਂ ਨੂੰ ਹਰਾਇਆ ਸੀ।''

ਪੇਸ਼ਵਾ ਰਾਜ ਦਲਿਤਾਂ ਲਈ ਚੰਗਾ ਨਹੀਂ ਸੀ। ਦਲਿਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਅਧਿਕਾਰ ਨਹੀਂ ਸੀ। ਕੋਈ ਦਲਿਤ ਬਿਨਾਂ ਗਲ੍ਹ ਵਿੱਚ ਘੜਾ ਲਟਕਾ ਕੇ ਸੜਕ 'ਤੇ ਨਹੀਂ ਜਾ ਸਕਦਾ ਸੀ। ਇੱਕ ਤਰ੍ਹਾਂ ਨਾਲ ਪੇਸ਼ਵਾ ਰਾਜ ਬ੍ਰਾਹਮਣ ਰਾਜ ਵਾਂਗ ਹੀ ਸੀ। ਮਹਾਰਾਂ ਤੇ ਪੇਸ਼ਵਿਆਂ ਵਿਚਕਾਰ ਹੋਏ ਭੀਮਾ ਕੋਰੇਗਾਓਂ ਯੁੱਧ ਬਾਰੇ ਉਸ ਸਮੇਂ ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਿਹਾ ਸੀ ਕਿ ਇਹ ਯੁੱਧ ਸਮਾਜਿਕ ਗੈਰਬਰਾਬਰੀ ਕਾਰਨ ਹੋਇਆ।

ਉਨ੍ਹਾਂ ਨੇ ਆਪਣੇ ਮਾਊਥਪੀਸ 'ਬਹਿਸ਼ਕ੍ਰਿਤ ਭਾਰਤ' ਵਿੱਚ ਲਿਖਿਆ ਸੀ ਕਿ ਜੇਕਰ ਮਹਾਰ ਸਮਾਜ ਨੂੰ ਪੇਸ਼ਵਾ ਆਪਣੇ ਨਾਲ ਸੈਨਾ ਵਿੱਚ ਸ਼ਾਮਲ ਕਰ ਲੈਂਦੇ ਤਾਂ ਭੀਮਾ ਕੋਰੇਗਾਓਂ ਦਾ ਯੁੱਧ ਨਹੀਂ ਹੋਣਾ ਸੀ ਅਤੇ ਨਾ ਹੀ ਪੇਸ਼ਵਾ ਰਾਜ ਖਤਮ ਹੋਣਾ ਸੀ। ਭੀਮਾ ਕੋਰੇਗਾਓਂ ਦੀ ਜਿੱਤ ਦੀ ਵਰ੍ਹੇਗੰਢ ਨੂੰ ਦਲਿਤਾਂ ਦੇ ਉਤਸਵ ਦੇ ਨਾਂ 'ਤੇ ਮਨਾਉਣ ਦੀ ਪਰੰਪਰਾ ਦੀ ਸ਼ੁਰੂਆਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਹੀ ਕੀਤੀ ਸੀ।

ਨਵੇਂ ਸਾਲ ਦੇ ਮੌਕੇ 'ਤੇ ਦੇਸ਼ਭਰ ਦੇ ਦਲਿਤ-ਬਹੁਜਨ ਐਕਟੀਵਿਸਟ ਇੱਥੇ ਇਕੱਠੇ ਹੁੰਦੇ ਹਨ। ਇਸੇ ਦੇ 200 ਸਾਲ ਪੂਰੇ ਹੋਣ 'ਤੇ 2018 ਨੂੰ ਦਲਿਤ ਬਹੁਜਨ ਸਮਾਜ ਵੱਲੋਂ ਇੱਥੇ ਵੱਡਾ ਇਕੱਠ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪ੍ਰੋਗਰਾਮ ਦੇ ਬਹਾਨੇ ਜਿਹੜੀ ਨਵੀਂ ਪੇਸ਼ਵਾਈ ਹੈ, ਅਸੀਂ ਉਸਨੂੰ ਹਰਾਵਾਂਗੇ।

ਇਹ ਇਸ ਪ੍ਰੋਗਰਾਮ ਦਾ ਸਲੋਗਨ ਸੀ। ਇਸ ਦੌਰਾਨ ਕੁਝ ਹਿੰਦੂਵਾਦੀ ਸੰਗਠਨਾਂ ਨੇ ਹਮਲਾ ਕਰ ਦਿੱਤਾ ਸੀ। ਉਸ ਘਟਨਾ ਤੋਂ ਬਾਅਦ ਇਹ ਸਥਾਨ ਦੇਸ਼ਭਰ ਵਿੱਚ ਹੋਰ ਚਰਚਾ ਵਿੱਚ ਆ ਗਿਆ ਤੇ ਹੁਣ ਇੱਥੇ ਪਹਿਲਾਂ ਤੋਂ ਵੀ ਜ਼ਿਆਦਾ ਲੋਕਾਂ ਦਾ ਆਉਣਾ ਸ਼ੁਰੂ ਹੋ ਚੁੱਕਾ ਹੈ।

ਕੋਰੇਗਾਓਂ 'ਚ ਡਾ. ਅੰਬੇਡਕਰ ਨਾਲ ਹੋਈ ਸੀ ਛੂਆਛੂਤ
ਆਪਣੀ ਕਿਤਾਬ 'ਵੇਟਿੰਗ ਫਾਰ ਅ ਵੀਜ਼ਾ' 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 1901 'ਚ ਕੋਰੇਗਾਓਂ ਯਾਤਰਾ ਦੌਰਾਨ ਖੁਦ ਨਾਲ ਛੂਆਛੂਤ ਦੀ ਘਟਨਾ ਨੂੰ ਸਾਂਝਾ ਕੀਤਾ ਹੈ। ਬਾਬਾ ਸਾਹਿਬ ਲਿਖਦੇ ਹਨ ਕਿ ਜਦੋਂ ਉਹ 9 ਸਾਲ ਦੇ ਸਨ ਤਾਂ ਉਨ੍ਹਾਂ ਨੂੰ ਸਤਾਰਾ ਖੇਤਰ (ਘਰ) ਤੋਂ ਕੋਰੇਗਾਓਂ ਵਿਖੇ ਨੌਕਰੀ ਕਰਨ ਵਾਲੇ ਪਿਤਾ ਕੋਲ ਜਾਣਾ ਪਿਆ।

ਉਹ ਭਰਾ ਦੇ ਨਾਲ ਰੇਲ ਗੱਡੀ ਰਾਹੀਂ ਕੋਰੇਗਾਓਂ ਦੇ ਨੇੜਲੇ ਸਟੇਸ਼ਨ ਮਸੂਰ ਪਹੁੰਚੇ। ਉੱਥੇ ਉਨ੍ਹਾਂ ਦੀ ਜਾਤੀ ਬਾਰੇ ਪਤਾ ਲੱਗਣ 'ਤੇ ਸਟੇਸ਼ਨ ਮਾਸਟਰ ਨੇ ਭੇਦਭਾਵ ਕੀਤਾ। ਜਦੋਂ ਉਹ ਸਟੇਸ਼ਨ ਤੋਂ ਬਾਹਰ ਆਏ ਤਾਂ ਕੋਈ ਵੀ ਤਾਂਗੇ ਵਾਲਾ ਉਨ੍ਹਾਂ ਦੀ ਛੋਟੀ ਜਾਤ ਕਰਕੇ ਕੋਰੇਗਾਓਂ ਲੈ ਜਾਣ ਲਈ ਤਿਆਰ ਨਹੀਂ ਹੋਇਆ। ਬਾਅਦ 'ਚ ਦੁੱਗਣੇ ਪੈਸੇ ਦੇਣ 'ਤੇ ਇੱਕ ਤਾਂਗੇ ਵਾਲਾ ਜਾਣ ਲਈ ਤਿਆਰ ਹੋਇਆ। ਰਾਹ 'ਚ ਜਾਤੀ ਭੇਦਭਾਵ ਕਾਰਨ ਉਨ੍ਹਾਂ ਨੂੰ ਪੀਣ ਨੂੰ ਪਾਣੀ ਵੀ ਨਹੀਂ ਮਿਲ ਸਕਿਆ।

Comments

Leave a Reply