Sat,Jun 23,2018 | 07:05:43pm
HEADLINES:

Punjab

ਦਲਿਤਾਂ ਨੇ ਦਿਹਾੜੀ ਵਧਾਉਣ ਦੀ ਮੰਗ ਕੀਤੀ, ਜ਼ਿਮੀਂਦਾਰਾਂ ਨੇ ਕਰ ਦਿੱਤਾ ਬਾਇਕਾਟ

ਦਲਿਤਾਂ ਨੇ ਦਿਹਾੜੀ ਵਧਾਉਣ ਦੀ ਮੰਗ ਕੀਤੀ, ਜ਼ਿਮੀਂਦਾਰਾਂ ਨੇ ਕਰ ਦਿੱਤਾ ਬਾਇਕਾਟ

ਸੰਗਰੂਰ। ਫੀਸਦੀ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਅਨੁਸੂਚਿਤ ਜਾਤੀ (ਐਸਸੀ) ਦੀ ਆਬਾਦੀ ਵਾਲਾ ਸੂਬਾ ਪੰਜਾਬ ਇਕ ਵਾਰ ਫਿਰ ਦਲਿਤਾਂ ਦੇ ਬਾਇਕਾਟ ਨੂੰ ਲੈ ਕੇ ਚਰਚਾ ਵਿਚ ਹੈ। ਸੰਗਰੂਰ ਦੇ ਧੂਰੀ ਤਹਿਤ ਆਉਂਦੇ ਪਿੰਡ ਧੰਦੀਵਾਲ ਵਿਚ ਜ਼ਿਮੀਂਦਾਰਾਂ ਨੇ ਦਲਿਤਾਂ ਦੇ ਬਾਇਕਾਟ ਦਾ ਐਲਾਨ ਕੀਤਾ ਹੈ।

ਇਕ ਮੀਡੀਆ ਰਿਪੋਰਟ ਮੁਤਾਬਕ, ਦਲਿਤਾਂ ਦਾ ਬਾਇਕਾਟ ਸਿਰਫ ਇਸ ਲਈ ਕਰ ਦਿੱਤਾ ਗਿਆ, ਕਿਉਂਕਿ ਖੇਤਾਂ ਵਿਚ ਕੰਮ ਕਰਨ ਵਾਲੇ ਦਿਹਾੜੀਦਾਰ ਦਲਿਤਾਂ ਨੇ 12 ਘੰਟੇ ਦੀ ਮਜ਼ਦੂਰੀ 250 ਰੁਪਏ ਦੀ ਜਗਾ 300 ਰੁਪਏ ਕਰਨ ਦੀ ਮੰਗ ਕੀਤੀ ਸੀ।

ਬਾਇਕਾਟ ਤਹਿਤ ਦਲਿਤਾਂ ਨੂੰ ਖੇਤਾਂ ਵਿਚ ਰੁਜ਼ਗਾਰ ਦੇਣ ਅਤੇ ਕੋਈ ਵੀ ਸੌਦਾ ਦੇਣ ਵਾਲਿਆਂ 'ਤੇ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ। ਪਿੰਡ ਵਿਚ ਇਹ ਐਲਾਨ ਕੀਤਾ ਗਿਆ ਕਿ ਇਨਾਂ ਮਜ਼ਦੂਰਾਂ ਨੂੰ ਨਾ ਤਾਂ ਕੋਈ ਆਪਣੇ ਖੇਤ ਵਿਚ ਲੈ ਕੇ ਜਾਵੇ ਅਤੇ ਨਾ ਹੀ ਉਨਾਂ ਦੀਆਂ ਮਹਿਲਾਵਾਂ ਨੂੰ ਘਰਾਂ ਵਿਚ ਕੰਮ ਦਿੱਤਾ ਜਾਵੇ। 

ਇਸ ਤੋਂ ਇਲਾਵਾ ਕੋਈ ਦੁਕਾਨਦਾਰ ਵੀ ਉਨਾਂ ਨੂੰ ਦੁੱਧ ਜਾਂ ਦੂਜਾ ਸਾਮਾਨ ਵੀ ਨਹੀਂ ਦੇਵੇਗਾ। ਦੁੱਧ ਵਾਲੇ ਨਾ ਤਾਂ ਦਲਿਤਾਂ ਨੂੰ ਦੁੱਧ ਦੇਣ ਅਤੇ ਨਾ ਹੀ ਘਰਾਂ ਵਿਚ ਪਸ਼ੂ ਰੱਖਣ ਵਾਲੇ ਦਲਿਤਾਂ ਤੋਂ ਦੁੱਧ ਖਰੀਦਿਆ ਜਾਵੇ। ਹਾਲਾਂਕਿ ਦੋ ਦਿਨ ਬਾਅਦ ਦਲਿਤਾਂ ਨੂੰ ਦੁਕਾਨਾਂ ਤੋਂ ਸੌਦਾ ਤੇ ਦੁੱਧ ਮਿਲਣ ਲੱਗ ਗਿਆ, ਪਰ ਖੇਤਾਂ ਵਿਚ ਅਜੇ ਵੀ ਉਨਾਂ ਦੇ ਜਾਣ 'ਤੇ ਪਾਬੰਦੀ ਹੈ।

ਇਹ ਮਾਮਲਾ 20 ਜੁਲਾਈ ਦਾ ਦੱਸਿਆ ਜਾਂਦਾ ਹੈ, ਜਿਸ ਤੋਂ ਬਾਅਦ ਅਗਲੇ ਦਿਨ ਦਲਿਤ ਪਰਿਵਾਰਾਂ ਨੇ ਡੀਸੀ ਨੂੰ ਸ਼ਿਕਾਇਤ ਕੀਤੀ ਸੀ, ਜਿਨਾਂ ਨੇ ਮਾਮਲੇ ਦੀ ਜਾਂਚ ਲਈ ਐਸਡੀਐਮ ਨੂੰ ਕਿਹਾ ਸੀ। ਸ਼ਿਕਾਇਤ ਕਰਨ ਤੋਂ 13 ਦਿਨ ਬਾਅਦ ਜਾ ਕੇ 1 ਅਗਸਤ ਨੂੰ ਐਸਡੀਐਮ ਨੇ ਦੋਵੇਂ ਪੱਖਾਂ ਨੂੰ ਸੱਦਿਆ, ਪਰ ਇਸ ਸਮੱਸਿਆ ਦਾ ਹੱਲ ਨਹੀਂ ਨਿੱਕਲ ਸਕਿਆ। 

ਇਸ ਤੋਂ ਨਿਰਾਸ਼ ਹੋ ਕੇ ਦਲਿਤਾਂ ਨੇ 7 ਅਗਸਤ ਨੂੰ ਜ਼ਿਲਾ ਪੱਧਰੀ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਬਾਇਕਾਟ ਦੇ ਸਬੰਧ ਵਿਚ ਅਜੇ ਤੱਕ ਦੋਵੇਂ ਧਿਰਾਂ ਵਿਚਕਾਰ ਕੋਈ ਸਮਝੌਤਾ ਨਹੀਂ ਹੋਇਆ ਹੈ ਤੇ ਨਾ ਹੀ ਅਜੇ ਤੱਕ ਕੋਈ ਅਧਿਕਾਰੀ ਪਿੰਡ ਵਿਚ ਆਇਆ ਹੈ। ਪਿੰਡ ਦੀ ਕੁੱਲ ਆਬਾਦੀ 2500 ਦੇ ਕਰੀਬ ਹੈ, ਜਿਨਾਂ ਵਿਚੋਂ 500 ਦੇ ਕਰੀਬ ਦਲਿਤ ਹਨ।
ਦੂਜੇ ਪਾਸੇ ਡੀਸੀ ਅਮਰ ਪ੍ਰਤਾਪ ਸਿੰਘ ਵਿਰਕ ਨੇ ਮੀਡੀਆ ਨੂੰ ਕਿਹਾ ਕਿ ਗੱਲਬਾਤ ਰਾਹੀਂ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਪਿੰਡ ਦੇ ਦਲਿਤਾਂ ਦਾ ਦਰਦ
ਇਸ ਸਮੇਂ ਸਰਕਾਰੀ ਤੌਰ 'ਤੇ 8 ਘੰਟੇ ਕੰਮ ਕਰਨ 'ਤੇ ਮਜ਼ਦੂਰਾਂ ਦੀ ਘੱਟ ਤੋਂ ਘੱਟ ਮਜ਼ਦੂਰੀ 300 ਰੁਪਏ ਤੈਅ ਕੀਤੀ ਗਈ ਹੈ। ਦੂਜੇ ਪਾਸੇ ਪਿੰਡ ਧੰਦੀਵਾਲ ਦੇ ਦਲਿਤਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਸਿਰਫ 250 ਰੁਪਏ ਮਜ਼ਦੂਰੀ ਮਿਲਦੀ ਹੈ, ਉਸਦੇ ਲਈ ਵੀ ਉਨਾਂ ਤੋਂ 12 ਘੰਟੇ ਕੰਮ ਕਰਵਾਇਆ ਜਾਂਦਾ ਹੈ। 

ਪਿੰਡ ਦੇ ਦਲਿਤ ਪਰਿਵਾਰਾਂ ਵਿਚੋਂ ਗੁਰਪ੍ਰੀਤ ਸਿੰਘ, ਨੈਬ ਸਿੰਘ, ਪੰਚ ਰਣਜੀਤ ਸਿੰਘ, ਸੁਖਵਿੰਦਰ ਕੌਰ, ਜਸਵੰਤ ਕੌਰ ਆਦਿ ਨੇ ਦੱਸਿਆ ਕਿ ਖੇਤਾਂ ਵਿਚ 12 ਘੰਟੇ ਕੰਮ ਕਰਨ 'ਤੇ ਪੁਰਸ਼ਾਂ ਨੂੰ 250 ਰੁਪਏ ਤੇ ਮਹਿਲਾਵਾਂ ਨੂੰ ਸਿਰਫ 220 ਰੁਪਏ ਦਿਹਾੜੀ ਮਿਲਦੀ ਹੈ। ਮਹਿੰਗਾਈ ਕਾਰਨ ਦਲਿਤਾਂ ਲਈ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। 

ਇਸੇ ਲਈ ਉਨਾਂ ਨੇ ਮੰਗ ਕੀਤੀ ਸੀ ਕਿ ਉਨਾਂ ਦੀ ਮਜ਼ਦੂਰੀ 300 ਰੁਪਏ ਕੀਤੀ ਜਾਵੇ, ਪਰ ਜ਼ਿਮੀਂਦਾਰਾਂ ਨੇ ਪਿੰਡ ਵਿਚ ਇਹ ਅਨਾਉਂਸਮੈਂਟ ਕਰ ਦਿੱਤੀ ਕਿ ਦਲਿਤ ਜ਼ਿਆਦਾ ਦਿਹਾੜੀ ਮੰਗ ਰਹੇ ਹਨ, ਇਸ ਲਈ ਉਨਾਂ ਦਾ ਬਾਇਕਾਟ ਕੀਤਾ ਜਾਵੇ।

Comments

Leave a Reply