Thu,Aug 22,2019 | 09:23:12am
HEADLINES:

Punjab

ਟਿਕਟਾਂ ਦੀ ਵੰਡ 'ਤੇ ਕਾਂਗਰਸ 'ਚ ਬਗਾਵਤ, ਪਾਰਟੀ ਨੂੰ ਸਤਾਉਣ ਲੱਗਾ ਹਾਰ ਦਾ ਡਰ

ਟਿਕਟਾਂ ਦੀ ਵੰਡ 'ਤੇ ਕਾਂਗਰਸ 'ਚ ਬਗਾਵਤ, ਪਾਰਟੀ ਨੂੰ ਸਤਾਉਣ ਲੱਗਾ ਹਾਰ ਦਾ ਡਰ

ਲੋਕਸਭਾ ਚੋਣਾਂ ਲਈ ਕਾਂਗਰਸ ਵੱਲੋਂ ਪੰਜਾਬ ਵਿੱਚ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੇ ਜਾਣ ਦੇ ਨਾਲ ਹੀ ਬਗਾਵਤ ਹੋ ਗਈ ਹੈ। ਪਾਰਟੀ ਨੇ ਜਲੰਧਰ ਲੋਕਸਭਾ ਸੀਟ ਤੋਂ ਚੌਧਰੀ ਸੰਤੋਖ ਸਿੰਘ, ਜਦਕਿ ਹੁਸ਼ਿਆਰਪੁਰ ਸੀਟ ਤੋਂ ਡਾ. ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਹੈ।

ਇਹ ਐਲਾਨ ਹੁੰਦੇ ਹੀ ਇਨ੍ਹਾਂ ਦੋਵੇਂ ਲੋਕਸਭਾ ਸੀਟਾਂ 'ਤੇ ਕਾਂਗਰਸ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰਾਂ ਨੇ ਪਾਰਟੀ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਲੰਧਰ ਤੋਂ ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਤੇ ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਇਸ ਫੈਸਲੇ ਤੋਂ ਇੰਨੇ ਭੜਕ ਗਏ ਹਨ ਕਿ ਉਨ੍ਹਾਂ ਨੇ ਆਜ਼ਾਦ ਚੋਣ ਲੜਨ ਦੇ ਸੰਕੇਤ ਦੇ ਦਿੱਤੇ ਹਨ। 

ਇਸ ਕਾਰਨ ਪੈਦਾ ਹੋਏ ਹਾਲਾਤ ਵਿੱਚ ਕਾਂਗਰਸ ਨੂੰ ਇਨ੍ਹਾਂ ਸੀਟਾਂ 'ਤੇ ਹਾਰ ਦਾ ਡਰ ਸਤਾਉਣ ਲੱਗ ਗਿਆ ਹੈ। ਹੁਸ਼ਿਆਰਪੁਰ ਤੋਂ ਦੂਜੀ ਵਾਰ ਟਿਕਟ ਕੱਟੇ ਜਾਣ 'ਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਭਾਵੁਕ ਹੋ ਗਏ। 

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਚੌਧਰੀ ਪਰਿਵਾਰ ਨੇ ਵੱਡੀ ਕੁਰਬਾਨੀ ਦਿੱਤੀ ਹੈ, ਪਰ ਹੁਣ ਕਾਂਗਰਸ ਦੌਲਤ ਦੀ ਭੁੱਖੀ ਹੋ ਗਈ ਹੈ। ਮੇਰੇ ਕੋਲ ਦੌਲਤ ਨਹੀਂ। ਇਸ ਲਈ ਸੱਚੇ ਵਰਕਰ ਕਿਨਾਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ 'ਚ ਕਿਸੇ ਦੀ ਨਹੀਂ ਚੱਲਣ ਦਿੱਤੀ ਜਾਂਦੀ। ਸਿਰਫ ਵਨ ਮੈਨ ਸ਼ੋਅ ਹੈ। ਇਸ ਹਾਲਤ 'ਚ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਕਿਵੇਂ ਪੂਰਾ ਹੋਵੇਗਾ?

ਸੰਤੋਸ਼ ਚੌਧਰੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ''ਮੇਰੇ ਪਰਿਵਾਰ ਨੂੰ ਸਾਜ਼ਿਸ਼ ਤਹਿਤ ਸਿਆਸੀ ਸੂਲੀ 'ਤੇ ਚੜ੍ਹਾਇਆ ਗਿਆ ਹੈ। ਮੈਂ ਤਾਂ 2009 ਦੀ ਲੋਕ ਸਭਾ ਚੋਣ ਹੁਸ਼ਿਆਰਪੁਰ ਤੋਂ ਜਿੱਤੀ ਸੀ। ਫਿਰ ਵੀ ਮੇਰੀ ਟਿਕਟ ਕੱਟ ਦਿੱਤੀ ਗਈ, ਕਿਉਂਕਿ ਮੈਂ ਦਲਿਤ ਮਹਿਲਾ ਹਾਂ।'' 

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ 2014 'ਚ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਪਰਨੀਤ ਕੌਰ ਪਟਿਆਲਾ ਲੋਕਸਭਾ ਹਲਕੇ ਤੋਂ ਚੋਣ ਹਾਰ ਗਏ ਸਨ। ਫਿਰ ਵੀ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ।ਤਾਂ ਫਿਰ ਕੈਪਟਨ ਨੇ ਮੇਰੀ ਟਿਕਟ ਕਿਉਂ ਕੱਟ ਦਿੱਤੀ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਨਹੀਂ ਚਾਹੁੰਦੇ ਕਿ ਦਲਿਤ ਮਹਿਲਾ ਸਰਗਰਮ ਸਿਆਸਤ ਕਰ ਸਕੇ। ਇਸ ਲਈ ਉਨ੍ਹਾਂ ਨੇ ਜਾਣਬੁਝ ਕੇ ਟਿਕਟ ਨਹੀਂ ਦਿੱਤੀ। ਉਨ੍ਹਾਂ ਨੇ ਆਜ਼ਾਦ ਤੌਰ 'ਤੇ ਲੋਕਸਭਾ ਚੋਣ ਲੜਨ ਦਾ ਸੰਕੇਤ ਦਿੱਤਾ।

ਦੂਜੇ ਪਾਸੇ ਜਲੰਧਰ ਲੋਕਸਭਾ ਸੀਟ ਤੋਂ ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਨੇ ਵੀ ਬਗਾਵਤ ਦਾ ਵਿਗਲ ਵਜਾ ਦਿੱਤਾ ਹੈ। ਕੇਪੀ ਨੇ ਕਿਹਾ ਕਿ ਉਨ੍ਹਾਂ ਦੀ ਟਿਕਟ ਕੱਟ ਕੇ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ। 

ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਲਾਨੇ ਗਏ ਚੌਧਰੀ ਸੰਤੋਖ ਸਿੰਘ ਬੀਤੇ ਦਿਨੀਂ ਮੋਹਿੰਦਰ ਸਿੰਘ ਕੇਪੀ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਵੀ ਗਏ, ਪਰ ਕੇਪੀ ਨੇ ਉਨ੍ਹਾਂ ਨੂੰ ਪੁੱਠੇ ਪੈਰ ਮੋੜ ਦਿੱਤਾ। ਇਸ ਦੌਰਾਨ ਮੋਹਿੰਦਰ ਸਿੰਘ ਕੇਪੀ ਨੇ ਜਮ ਕੇ ਭੜਾਸ ਵੀ ਕੱਢੀ। 

ਕੇਪੀ ਨੇ ਕਿਹਾ ਕਿ ਕਾਂਗਰਸ ਦੀ ਟਿਕਟ 'ਤੇ ਉਨ੍ਹਾਂ ਦਾ ਹੱਕ ਬਣਦਾ ਸੀ। ਪਾਰਟੀ ਨੇ 2014 ਵਿੱਚ, ਜੋ ਉਨ੍ਹਾਂ ਨਾਲ ਧੱਕਾ ਕੀਤਾ ਸੀ, ਉਸਨੂੰ 2019 ਦੀਆਂ ਚੋਣਾਂ ਵਿੱਚ ਸੁਧਾਰਨ ਦੀ ਥਾਂ ਉਨ੍ਹਾਂ ਦੀ ਹੀ ਟਿਕਟ ਕੱਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੋਹਿੰਦਰ ਸਿੰਘ ਕੇਪੀ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਚੁੱਕੇ ਹਨ। ਕੇਪੀ ਦੀ ਨਾਰਾਜ਼ਗੀ ਦੇਖਦੇ ਹੋਏ ਦਿੱਕਤਾਂ ਘੱਟ ਨਾ ਹੁੰਦੀਆਂ ਦੇਖ ਚੌਧਰੀ ਸੰਤੋਖ ਦੇ ਚਿਹਰੇ 'ਤੇ ਮਾਯੂਸੀ ਦਿਖਾਈ ਦੇ ਰਹੀ ਸੀ।

Comments

Leave a Reply