Sat,Mar 23,2019 | 02:51:44am
HEADLINES:

Punjab

ਫਿਰੋਜ਼ਪੁਰ 'ਚ ਰਾਖਵਾਂਕਰਨ ਵਿਰੋਧੀਆਂ ਤੇ ਰਾਖਵਾਂਕਰਨ ਸਮਰਥਕਾਂ ਵਿਚਕਾਰ ਟਕਰਾਅ, ਕਈ ਜ਼ਖਮੀ

ਫਿਰੋਜ਼ਪੁਰ 'ਚ ਰਾਖਵਾਂਕਰਨ ਵਿਰੋਧੀਆਂ ਤੇ ਰਾਖਵਾਂਕਰਨ ਸਮਰਥਕਾਂ ਵਿਚਕਾਰ ਟਕਰਾਅ, ਕਈ ਜ਼ਖਮੀ

ਐੱਸਸੀ-ਐੱਸਟੀ-ਓਬੀਸੀ ਦੇ ਰਾਖਵੇਂਕਰਨ ਖਿਲਾਫ 10 ਅਪ੍ਰੈਲ ਨੂੰ ਉੱਚ ਜਾਤੀ ਵਰਗ ਵੱਲੋਂ ਦਿੱਤੇ ਗਏ ਸੱਦੇ ਦਾ ਪੰਜਾਬ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦੁਕਾਨਾਂ ਆਮ ਦਿਨਾਂ ਵਾਂਗ ਖੁੱਲੀਆਂ ਰਹੀਆਂ। ਇਸੇ ਤਰ੍ਹਾਂ ਸੜਕਾਂ 'ਤੇ ਟ੍ਰੈਫਿਕ ਵੀ ਆਮ ਦਿਨਾਂ ਵਾਂਗ ਚੱਲਦਾ ਰਿਹਾ। ਜ਼ਿਆਦਾਤਰ ਸਕੂਲ-ਕਾਲਜ ਵੀ ਖੁੱਲੇ ਰਹੇ। ਦੇਖਿਆ ਜਾਵੇ ਤਾਂ 2 ਅਪ੍ਰੈਲ ਦੇ ਦਲਿਤਾਂ ਦੇ ਪੰਜਾਬ ਬੰਦ ਦੇ ਮੁਕਾਬਲੇ 10 ਅਪ੍ਰੈਲ ਨੂੰ ਉੱਚ ਜਾਤੀ ਵਰਗ ਵੱਲੋਂ ਕੀਤਾ ਗਿਆ ਬੰਦ ਫਿੱਕਾ ਨਜ਼ਰ ਆਇਆ। 

ਬੰਦ ਦੌਰਾਨ ਰਾਖਵੇਂਕਰਨ ਖਿਲਾਫ ਪ੍ਰਦਰਸ਼ਨ ਕਰ ਰਹੇ ਉੱਚ ਜਾਤੀ ਵਰਗ ਦੇ ਵਿਰੋਧ ਵਿੱਚ ਦਲਿਤ ਸਮਾਜ ਨੇ ਵੀ ਕਈ ਸਥਾਨਾਂ 'ਤੇ ਪ੍ਰਦਰਸ਼ਨ ਕੀਤਾ। ਫਿਰੋਜ਼ਪੁਰ, ਲੁਧਿਆਣਾ, ਨਕੋਦਰ ਤੇ ਫਗਵਾੜਾ ਵਿੱਚ ਦਲਿਤ ਸਮਾਜ ਨੇ ਸੜਕਾਂ 'ਤੇ ਆ ਕੇ ਰਾਖਵਾਂਕਰਨ ਵਿਰੋਧੀਆਂ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਫਿਰੋਜ਼ਪੁਰ 'ਚ ਹਿੰਸਾ ਦੇਖਣ ਨੂੰ ਮਿਲੀ। ਫਿਰੋਜ਼ਪੁਰ 'ਚ ਖਾਈ ਅੱਡਾ ਦੇ ਨੇੜੇ ਇਕ ਸੈਨੇਟਰੀ ਦੀ ਦੁਕਾਨ ਨੂੰ ਬੰਦ ਕਰਾਉਣ ਗਏ ਪ੍ਰਦਰਸ਼ਨਕਾਰੀਆਂ ਤੇ ਦਲਿਤ ਸਮਾਜ ਦੇ ਦੁਕਾਨਦਾਰਾਂ ਵਿੱਚ ਝੜਪ ਹੋ ਗਈ। ਦੇਖਦੇ ਹੀ ਦੇਖਦੇ ਦੋਵੇਂ ਪਾਸੇ ਤੋਂ ਇੱਟ-ਪੱਥਰ ਤੇ ਤਲਵਾਰਾਂ ਚੱਲਣ ਲੱਗ ਗਈਆਂ, ਜਿਸ ਵਿੱਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਇੱਥੇ ਦਲਿਤ ਸਮਾਜ ਵੱਲੋਂ ਭਾਰੀ ਵਿਰੋਧ ਤੋਂ ਬਾਅਦ ਰਾਖਵੇਂਕਰਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ਮੌਕੇ ਤੋਂ ਆਪਣੀਆਂ ਮੋਟਰਸਾਈਕਲਾਂ ਛੱਡ ਕੇ ਭੱਜ ਗਏ, ਜਿਸ ਤੋਂ ਬਾਅਦ ਦਲਿਤ ਸਮਾਜ ਨੇ ਉਨ੍ਹਾਂ ਦੀਆਂ ਗੱਡੀਆਂ 'ਤੇ ਆਪਣਾ ਗੁੱਸਾ ਕੱਢਿਆ। ਮੀਡੀਆ ਰਿਪੋਰਟ ਮੁਤਾਬਕ, ਪੁਲਸ ਨੇ ਇਸ ਸਬੰਧ ਵਿੱਚ ਦੋਵੇਂ ਪਾਸੇ ਦੇ ਕੁੱਲ 17 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

ਫਿਰੋਜਪੁਰ ਦੇ ਹੀ ਪਿੰਡ ਮੱਲਾਂਵਾਲਾ ਵਿੱਚ ਵੀ ਰਾਖਵਾਂਕਰਨ ਵਿਰੋਧੀਆਂ ਦੀ ਦਲਿਤ ਸਮਾਜ ਨਾਲ ਝੜਪ ਹੋਈ। ਹਾਲਾਂਕਿ ਪੁਲਸ ਦੇ ਮੌਕੇ 'ਤੇ ਪਹੁੰਚ ਜਾਣ ਕਾਰਨ ਹਾਲਾਤ ਵਿਗੜਨ ਤੋਂ ਬਚ ਗਏ। ਦੱਸਿਆ ਜਾਂਦਾ ਹੈ ਕਿ ਮੱਲਾਂਵਾਲਾ ਵਿੱਚ ਰਾਖਵਾਂਕਰਨ ਵਿਰੋਧੀਆਂ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ। ਉਸੇ ਸਮੇਂ ਦਲਿਤ ਸਮਾਜ ਦੇ ਕੁਝ ਲੋਕਾਂ ਨੇ ਦੁਕਾਨਾਂ ਖੁਲਵਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਲੈ ਕੇ ਦੋਵੇਂ ਪੱਖਾਂ ਵਿੱਚ ਝੜਪ ਹੋ ਗਈ।

ਫਗਵਾੜਾ 'ਚ ਹਿੰਦੂ ਸੰਗਠਨਾਂ ਦੇ ਨੇਤਾਵਾਂ ਤੇ ਰਾਖਵੇਂਕਰਨ ਦਾ ਵਿਰੋਧ ਕਰਨ ਵਾਲਿਆਂ ਨੇ ਮਾਰਚ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਫਗਵਾੜਾ 'ਚ ਦੁਕਾਨਾਂ ਬੰਦ ਕਰਵਾਏ ਜਾਣ ਦੇ ਵਿਰੋਧ ਦਲਿਤ ਸਮਾਜ ਦੇ ਲੋਕ ਵੀ ਸੜਕਾਂ 'ਤੇ ਆ ਗਏ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣ ਦੀ ਅਪੀਲ ਕੀਤੀ। ਨਾਲ ਹੀ ਕਿਹਾ ਕਿ ਜਿਹੜੇ ਲੋਕ ਵੀ ਜਬਰਦਸਤੀ ਦੁਕਾਨਾਂ ਬੰਦ ਕਰਵਾ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਅੰਮ੍ਰਿਤਸਰ 'ਚ ਰਾਖਵੇਂਕਰਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਿੰਦੂ ਸੰਗਠਨਾਂ ਦੇ ਕਈ ਨੇਤਾਵਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਕੁਝ ਦੁਕਾਨਾਂ ਨੂੰ ਛੱਡ ਦਈਏ ਤਾਂ ਅੰਮ੍ਰਿਤਸਰ 'ਚ ਬਾਜ਼ਾਰ ਰੋਜ਼ਾਨਾ ਵਾਂਗ ਖੁੱਲੇ ਰਹੇ।
 
ਲੁਧਿਆਣਾ 'ਚ ਜ਼ਿਆਦਾਤਰ ਬਾਜ਼ਾਰ ਰੋਜ਼ਾਨਾ ਵਾਂਗ ਖੁੱਲੇ ਰਹੇ। ਕਈ ਸਥਾਨਾਂ 'ਤੇ ਜਬਰਦਸਤੀ ਦੁਕਾਨਾਂ ਬੰਦ ਕਰਾਉਣ ਨੂੰ ਲੈ ਕੇ ਹਿੰਦੂ ਸੰਗਠਨਾਂ ਦੀ ਦੁਕਾਨਦਾਰਾਂ ਨਾਲ ਝੜਪ ਵੀ ਹੋਈ। ਐੱਸਸੀ-ਐੱਸਟੀ-ਓਬੀਸੀ ਦੇ ਰਾਖਵੇਂਕਰਨ ਦੇ ਵਿਰੋਧ ਵਿੱਚ ਫੈੱਡਰੇਸ਼ਨ ਆਫ ਪੰਜਾਬ ਹੋਜਰੀ ਐਂਡ ਟ੍ਰੇਡਰਸ ਐਸੋਸੀਏਸ਼ਨ ਨੇ ਭਾਰਤ ਬੰਦ ਨੂੰ ਸਮਰਥਨ ਦਿੱਤਾ। ਰਾਖਵੇਂਕਰਨ ਦੇ ਵਿਰੋਧ 'ਚ ਪੁਰਾਣਾ ਬਾਜ਼ਾਰ, ਦਾਲ ਬਾਜ਼ਾਰ, ਬਾਜਵਾ ਨਗਰ, ਕਲਿਆਣ ਨਗਰ, ਘੜਾਭਨ ਮਾਰਕੀਟ, ਸੁਭਾਸ਼ ਨਗਰ ਦੇ ਵਪਾਰਕ ਸੰਸਥਾਨ ਬੰਦ ਰਹੇ। 
 
ਹਿੰਦੂ ਨੇਤਾਵਾਂ ਤੇ ਕਾਰੋਬਾਰੀਆਂ ਦੀ ਅਪੀਲ 'ਤੇ ਕਈ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕੀਤੀਆਂ, ਹਾਲਾਂਕਿ ਕੁਝ ਸਮੇਂ ਬਾਅਦ ਇਹ ਮੁੜ ਤੋਂ ਖੁੱਲ ਗਈਆਂ। ਦੂਜੇ ਪਾਸੇ ਲੁਧਿਆਣਾ 'ਚ ਬੰਦ ਦੇ ਖਿਲਾਫ ਦਲਿਤ ਸਮਾਜ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬੰਦ ਦੁਕਾਨਾਂ ਮੁੜ ਤੋਂ ਖੁਲਵਾ ਦਿੱਤੀਆਂ। 
 
ਬਠਿੰਡਾ 'ਚ ਹਿੰਦੂ ਸੰਗਠਨਾਂ ਦੀ ਅਪੀਲ 'ਤੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਹਾਲਾਂਕਿ ਬੱਸਾਂ ਰੋਜ਼ਾਨਾ ਵਾਂਗ ਚੱਲੀਆਂ ਤੇ ਸਕੂਲ-ਕਾਲਜ ਵੀ ਖੁੱਲੇ ਰਹੇ। ਪਟਿਆਲਾ 'ਚ ਬੰਦ ਦੌਰਾਨ ਕਈ ਦੁਕਾਨਾਂ ਬੰਦ ਰਹੀਆਂ। ਹਿੰਦੂ ਸੰਗਠਨਾਂ ਨੇ ਐੱਸਸੀ-ਐੱਸਟੀ-ਓਬੀਸੀ ਦੇ ਰਾਖਵੇਂਕਰਨ ਖਿਲਾਫ ਪ੍ਰਦਰਸ਼ਨ ਕੀਤਾ। 
 
ਜਲੰਧਰ 'ਚ ਬੰਦ ਦਾ ਕੋਈ ਖਾਸ ਅਸਰ ਨਹੀਂ ਰਿਹਾ। ਸ਼ਹਿਰ ਦੇ ਮੁੱਖ ਬਾਜ਼ਾਰ, ਦੁਕਾਨਾਂ ਖੁੱਲੀਆਂ ਰਹੀਆਂ। ਜਲੰਧਰ ਜ਼ਿਲ੍ਹੇ ਦੇ ਨਕੋਦਰ 'ਚ ਬੰਦ ਦੌਰਾਨ ਅੰਬੇਡਕਰ ਚੌਕ ਵਿੱਚ ਰਾਖਵਾਂਕਰਨ ਵਿਰੋਧੀ ਤੇ ਰਾਖਵਾਂਕਰਨ ਸਮਰਥਕ ਆਹਮੋ-ਸਾਹਮਣੇ ਹੋ ਗਏ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ।
 
ਖਬਰਾਂ ਮੁਤਾਬਕ, ਨਕੋਦਰ ਵਿੱਚ ਰਾਖਵਾਂਕਰਨ ਵਿਰੋਧੀਆਂ ਵੱਲੋਂ ਦੁਕਾਨਾਂ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਵਿਰੋਧ ਵਿੱਚ ਦਲਿਤ ਸੰਗਠਨਾਂ ਨੇ ਅੰਬੇਡਕਰ ਚੌਕ ਵਿੱਚ ਇਕੱਠੇ ਹੋ ਕੇ ਬੰਦ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਸ ਨੇ ਦਖਲ ਦੇ ਕੇ ਮਾਮਲੇ ਨੂੰ ਸ਼ਾਂਤ ਕੀਤਾ।

Comments

Leave a Reply