Thu,Aug 22,2019 | 09:22:13am
HEADLINES:

Punjab

ਬਸਪਾ ਤੇ ਖਹਿਰਾ ਗੁੱਟ ਮਿਲ ਕੇ ਸੂਬੇ 'ਚ ਬਣਾ ਸਕਦੇ ਨੇ ਤੀਜਾ ਮੋਰਚਾ

ਬਸਪਾ ਤੇ ਖਹਿਰਾ ਗੁੱਟ ਮਿਲ ਕੇ ਸੂਬੇ 'ਚ ਬਣਾ ਸਕਦੇ ਨੇ ਤੀਜਾ ਮੋਰਚਾ

ਪੰਜਾਬ 'ਚ ਅਕਾਲੀ ਦਲ ਵਿੱਚ ਬਗਾਵਤ ਛਿੜੀ ਹੋਈ ਹੈ ਤੇ ਕਈ ਅਕਾਲੀ ਆਗੂ ਪਾਰਟੀ ਨੂੰ ਛੱਡਣ ਦੇ ਰਾਹ ਵੱਲ ਤੁਰ ਪਏ ਹਨ। ਬਰਗਾੜੀ ਵਿੱਚ ਲੱਗਾ ਸਿੱਖ ਜੱਥੇਬੰਦੀਆਂ ਦਾ ਮੋਰਚਾ ਪਿਛਲੀ ਬਾਦਲ ਸਰਕਾਰ ਤੇ ਮੌਜੂਦਾ ਕਾਂਗਰਸ ਸਰਕਾਰ ਦੀਆਂ ਮੁਸ਼ਕਿਲਾਂ ਵਧਾਉਣ ਲੱਗਾ ਹੋਇਆ ਹੈ। ਆਮ ਆਦਮੀ ਪਾਰਟੀ ਪਹਿਲਾਂ ਵਾਲੀ ਸਥਿਤੀ 'ਚ ਨਹੀਂ ਰਹੀ। ਸੁਖਪਾਲ ਸਿੰਘ ਖਹਿਰਾ ਪਾਰਟੀ ਤੋਂ ਅਲੱਗ ਹੋ ਕੇ ਨਵੇਂ ਬਦਲ ਦੀ ਤਲਾਸ਼ ਵਿੱਚ ਹਨ। ਬਸਪਾ ਦੇਸ਼ ਭਰ ਵਿੱਚ ਗੱਠਜੋੜ ਦੀ ਸਿਆਸਤ ਰਾਹੀਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ।
 
ਇਹ ਸਾਰੇ ਸਮੀਕਰਨ ਪੰਜਾਬ ਵਿੱਚ ਤੀਜੇ ਮੋਰਚੇ ਦੇ ਵਜੂਦ ਵਿੱਚ ਆਉਣ ਦੇ ਸੰਕੇਤ ਦੇ ਰਹੇ ਹਨ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਤੇ ਅਕਾਲੀ-ਭਾਜਪਾ ਦੇ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਸੀ, ਪਰ ਹੁਣ ਪਾਰਟੀ ਵਿੱਚ ਭਾਰੀ ਟੁੱਟ ਤੇ ਲੋਕਾਂ ਦੀ ਇਸ ਤੋਂ ਬਣੀ ਦੂਰੀ ਨੇ ਇਸਦੇ ਭਵਿੱਖ 'ਤੇ ਹੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ।
 
ਪਾਰਟੀ ਲੀਡਰਸ਼ਿਪ ਖਿਲਾਫ ਮੋਰਚਾ ਖੋਲਣ ਵਾਲੇ ਸੁਖਪਾਲ ਸਿੰਘ ਖਹਿਰਾ ਸੂਬੇ ਵਿੱਚ ਨਵੀਂ ਸਿਆਸਤ ਦੀਆਂ ਸੰਭਾਵਨਾਵਾਂ ਲੱਭ ਰਹੇ ਹਨ। ਜਾਣਕਾਰਾਂ ਮੁਤਾਬਕ, ਸੂਬੇ ਦੀ ਸਿਆਸਤ ਵਿੱਚ ਮਜ਼ਬੂਤੀ ਲਈ ਖਹਿਰਾ ਨੂੰ ਦੂਜੇ ਧੜਿਆਂ ਦੇ ਸਾਥ ਦੀ ਲੋੜ ਹੈ। ਇਹੀ ਕਾਰਨ ਹੈ ਕਿ ਉਹ ਬਰਗਾੜੀ ਮੋਰਚੇ ਵਿੱਚ ਬੈਠੇ ਸਿੱਖ ਆਗੂਆਂ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਲਈ ਵੀ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। 
 
ਖਬਰਾਂ ਮੁਤਾਬਕ, ਕੁਝ ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਬਰਗਾੜੀ ਮੋਰਚੇ ਦੇ ਨੁਮਾਇੰਦਿਆਂ ਨੇ ਜਲੰਧਰ ਦੇ ਇੱਕ ਹੋਟਲ ਵਿੱਚ ਬਸਪਾ ਦੀ ਪੰਜਾਬ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸੂਬੇ ਵਿੱਚ ਤੀਜਾ ਮੋਰਚਾ ਬਣਾਉਣ 'ਤੇ ਚਰਚਾ ਹੋਈ। ਇਹ ਮੋਰਚਾ ਗੈਰ ਕਾਂਗਰਸ, ਗੈਰ ਭਾਜਪਾ, ਗੈਰ ਅਕਾਲੀ ਦਲ ਤੇ ਗੈਰ ਆਮ ਆਦਮੀ ਪਾਰਟੀ ਹੋਵੇਗਾ। ਖਬਰਾਂ ਮੁਤਾਬਕ, ਬਸਪਾ ਲੀਡਰਸ਼ਿਪ, ਸੁਖਪਾਲ ਖਹਿਰਾ ਤੇ ਬਰਗਾੜੀ ਮੋਰਚੇ ਦੇ ਨੁਮਾਇੰਦਿਆਂ ਵਿਚਕਾਰ ਹੋਈ ਇਹ ਮੀਟਿੰਗ ਸਕਾਰਾਤਮਕ ਰਹੀ, ਜੋ ਕਿ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਨਵੀਂ ਸਿਆਸਤ ਦੇ ਸੰਕੇਤ ਹੈ। 
 
ਦੱਸਿਆ ਜਾ ਰਿਹਾ ਹੈ ਕਿ ਇਸ ਤੀਜੇ ਮੋਰਚੇ ਵਿੱਚ ਬਸਪਾ, ਸੁਖਪਾਲ ਖਹਿਰਾ ਗੁੱਟ, ਬਰਗਾੜੀ ਮੋਰਚਾ ਦੇ ਆਗੂਆਂ ਦੇ ਨਾਲ-ਨਾਲ ਲੋਕ ਇਨਸਾਫ ਪਾਰਟੀ ਦੇ ਆਗੂ ਵਿਧਾਇਕ ਸਿਮਰਜੀਤ ਬੈਂਸ ਵੀ ਸ਼ਾਮਲ ਹੋ ਸਕਦੇ ਹਨ। ਇਹ ਵੀ ਸੰਭਵ ਹੈ ਕਿ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂ ਇਸ ਮੋਰਚੇ ਦਾ ਹਿੱਸਾ ਬਣ ਜਾਣ। ਜੇਕਰ ਸਭਕੁਝ ਠੀਕਠਾਕ ਰਿਹਾ ਤਾਂ ਅਗਲੇ ਕੁਝ ਦਿਨਾਂ ਵਿੱਚ ਹੀ ਇਹ ਮੋਰਚਾ ਵਜੂਦ ਵਿੱਚ ਆ ਜਾਵੇਗਾ। ਲੋਕਸਭਾ ਚੋਣਾਂ ਅਗਲੇ ਸਾਲ ਅਪ੍ਰੈਲ-ਮਈ ਵਿੱਚ ਹੋਣ ਦੀਆਂ ਸੰਭਾਵਨਾਵਾਂ ਹਨ, ਜਿਸਨੂੰ ਦੇਖਦੇ ਹੋਏ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਇਸ ਤੀਜੇ ਮੋਰਚੇ ਦੀ ਰੂਪਰੇਖਾ ਤਿਆਰ ਹੋ ਸਕਦੀ ਹੈ।
 
ਪੰਜਾਬ ਵਿੱਚ ਲੋਕਸਭਾ ਦੀਆਂ ਕੁੱਲ 13 ਸੀਟਾਂ ਹਨ। ਇਨ੍ਹਾਂ ਵਿੱਚੋਂ ਕਿਹੜੀਆਂ ਸੀਟਾਂ ਤੋਂ ਕੌਣ ਲੜੇਗਾ, ਇਸਦਾ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਹੀ ਸਾਫ ਹੋ ਸਕੇਗਾ। ਹਾਲਾਂਕਿ ਇਹ ਗੱਲ ਜ਼ਰੂਰ ਤੈਅ ਹੈ ਕਿ ਪੰਜਾਬ 'ਚ ਬਣਨ ਵਾਲਾ ਤੀਜਾ ਮੋਰਚਾ ਲੋਕਸਭਾ ਚੋਣਾਂ ਵਿੱਚ ਕਾਂਗਰਸ, ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਦੇ ਸਮੀਕਰਨ ਵਿਗਾੜ ਸਕਦਾ ਹੈ। ਜੇਕਰ ਲੋਕਸਭਾ ਚੋਣਾਂ 2019 ਵਿੱਚ ਇਹ ਮੋਰਚਾ ਸਫਲ ਰਹਿੰਦਾ ਹੈ ਤਾਂ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਇਹ ਮੋਰਚੇ ਦੀ ਮਹੱਤਤਾ ਹੋਰ ਵੀ ਵਧ ਜਾਵੇਗੀ।
 
ਫਿਲਹਾਲ ਕਾਂਗਰਸ, ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵੀ ਇਸ ਮੋਰਚੇ 'ਤੇ ਲੱਗੀਆਂ ਹੋਈਆਂ ਹਨ।

ਮਾਇਆਵਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸਮਰਥਨ
ਇੱਕ ਮੀਡੀਆ ਰਿਪੋਰਟ ਮੁਤਾਬਕ, ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ ਅਤੇ ਵਿਧਾਇਕ ਸੁਖਪਾਲ ਖਹਿਰਾ, ਬਰਗਾੜੀ ਮੋਰਚੇ ਦੇ ਨੁਮਾਇੰਦਿਆਂ ਵਿਚਕਾਰ ਜਲੰਧਰ ਵਿੱਚ ਹੋਈ ਮੀਟਿੰਗ ਦੌਰਾਨ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੂੰ 2019 ਦੀਆਂ ਲੋਕਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਸਮਰਥਨ ਕਰਨ ਬਾਰੇ ਵੀ ਵਿਚਾਰ-ਚਰਚਾ ਹੋਈ।
 
ਦੱਸਿਆ ਜਾਂਦਾ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਗੁੱਟ ਤੇ ਬਰਗਾੜੀ ਮੋਰਚੇ ਦੇ ਨੁਮਾਇੰਦੇ ਬਸਪਾ ਆਗੂਆਂ ਦੀ ਇਸ ਮੰਗ ਨਾਲ ਸਹਿਮਤ ਹਨ ਕਿ ਜੇਕਰ ਚੋਣ ਸਮਝੌਤਾ ਹੁੰਦਾ ਹੈ ਤਾਂ ਬਸਪਾ ਦੀ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਜਾਵੇ।

Comments

Leave a Reply