Sun,Jul 21,2019 | 07:12:54pm
HEADLINES:

Punjab

'ਐੱਸਸੀ ਵਰਗ ਦੇ ਲੋਕ ਮੰਦਰ 'ਚ ਦਾਖਲ ਹੋਏ ਤਾਂ 5100 ਰੁਪਏ ਜੁਰਮਾਨਾ ਲੱਗੇਗਾ'

'ਐੱਸਸੀ ਵਰਗ ਦੇ ਲੋਕ ਮੰਦਰ 'ਚ ਦਾਖਲ ਹੋਏ ਤਾਂ 5100 ਰੁਪਏ ਜੁਰਮਾਨਾ ਲੱਗੇਗਾ'

ਪੰਜਾਬ ਦੇਸ਼ ਵਿੱਚ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੀ ਸਭ ਤੋਂ ਵੱਡੀ ਆਬਾਦੀ (ਫੀਸਦੀ ਮੁਤਾਬਕ) ਵਾਲਾ ਸੂਬਾ ਹੈ। ਹਾਲਾਂਕਿ ਆਪਣੀ ਇੰਨੀ ਵੱਡੀ ਆਬਾਦੀ ਦੇ ਬਾਵਜੂਦ ਐੱਸਸੀ ਵਰਗ ਦੇ ਲੋਕ ਸੰਗਠਿਤ ਨਾ ਹੋਣ ਕਾਰਨ ਸ਼ੋਸ਼ਣ ਦੇ ਸ਼ਿਕਾਰ ਹੁੰਦੇ ਹਨ।
ਦੇਸ਼ ਦੇ ਦੂਜੇ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਇਹ ਲੋਕ ਜਾਤੀ ਭੇਦਭਾਵ ਤੇ ਅੱਤਿਆਚਾਰ ਦੇ ਸ਼ਿਕਾਰ ਹੁੰਦੇ ਹਨ। ਇੱਥੇ ਤੱਕ ਕਿ ਹੱਕ ਮੰਗਣ 'ਤੇ ਕਈ ਵਾਰ ਇਨਾਂ ਨੂੰ ਸਮਾਜਿਕ ਬਾਇਕਾਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਜਾਤੀ ਭੇਦਭਾਵ ਦੀ ਲੜੀ ਵਿੱਚ ਹੁਣ ਡੇਰਾ ਬੱਸੀ ਦੇ ਪਿੰਡ ਮੁਕੰਦਪੁਰ ਦੀ ਘਟਨਾ ਵੀ ਜੁੜ ਗਈ ਹੈ। 'ਅਜੀਤ' ਅਖਬਾਰ ਦੀ ਇੱਕ ਖਬਰ ਮੁਤਾਬਕ, ਇਸ ਪਿੰਡ ਵਿਚਲੇ ਖੇੜਾ ਮੰਦਰ ਵਿੱਚ ਐੱਸਸੀ ਵਰਗ ਦੇ ਲੋਕਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਮੰਦਰ 'ਚ ਦਾਖਲ ਹੋਣ ਵਾਲੇ ਐੱਸਸੀ ਵਰਗ ਦੇ ਲੋਕਾਂ ਤੋਂ 5100 ਰੁਪਏ ਜੁਰਮਾਨਾ ਵਸੂਲਣ ਲਈ ਵੀ ਕਿਹਾ ਗਿਆ ਹੈ। ਖਬਰ ਮੁਤਾਬਕ, ਇਸ ਆਦੇਸ਼ ਤੋਂ ਬਾਅਦ ਐੱਸਸੀ ਵਰਗ ਦੇ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਐੱਸਸੀ ਵਰਗ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਵਿੱਚ ਕਰੀਬ 120 ਘਰ ਰਾਮਦਾਸੀਆ ਭਾਈਚਾਰੇ ਦੇ ਹਨ। 

ਪਿਛਲੇ ਦਿਨੀਂ ਖੇੜਾ ਮੰਦਰ ਕਮੇਟੀ ਦੇ ਕੁਝ ਮੈਂਬਰਾਂ ਨੇ ਐੱਸਸੀ ਵਰਗ ਦੇ ਲੋਕਾਂ ਦੇ ਮੰਦਰ 'ਚ ਦਾਖਲ ਹੋਣ 'ਤੇ ਰੋਕ ਲਗਾਉਣ ਸਬੰਧੀ ਇੱਕ ਆਦੇਸ਼ ਜਾਰੀ ਕੀਤਾ। ਇਸ ਸਬੰਧ ਵਿੱਚ ਪਿੰਡ ਦੇ ਚੌਕੀਦਾਰ ਨੂੰ ਘਰ-ਘਰ ਜਾ ਕੇ ਸੁਨੇਹਾ ਦੇਣ ਲਈ ਵੀ ਕਿਹਾ ਗਿਆ ਸੀ।

ਇਸ ਆਦੇਸ਼ ਤੋਂ ਬਾਅਦ 22 ਜੁਲਾਈ ਨੂੰ ਜਦੋਂ ਮੰਦਰ ਵਿੱਚ ਭੰਡਾਰਾ ਲਗਾਇਆ ਗਿਆ ਤਾਂ ਉੱਥੇ ਐੱਸਸੀ ਵਰਗ ਨਾਲ ਸਬੰਧਤ ਕੋਈ ਵੀ ਵਿਅਕਤੀ ਨਹੀਂ ਪਹੁੰਚਿਆ। ਖਬਰ ਮੁਤਾਬਕ, ਪਿੰਡ ਦੀ ਸਰਪੰਚ ਜਗਿੰਦਰੋ ਦੇਵੀ ਦਾ ਕਹਿਣਾ ਹੈ ਕਿ ਮੰਦਰ 'ਚ ਦਾਖਲ ਹੋਣ 'ਤੇ ਰੋਕ ਲਗਾਉਣ ਸਬੰਧੀ ਆਦੇਸ਼ ਜਾਰੀ ਕਰਨਾ ਗਲਤ ਹੈ। ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਫਰਮਾਨ ਜਾਰੀ ਕੀਤਾ ਗਿਆ ਹੈ ਤਾਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ।

Comments

Leave a Reply