Sun,Nov 17,2019 | 08:04:58pm
HEADLINES:

Punjab

ਲਾਵਾਰਿਸ ਪਸ਼ੂ ਨੇ ਲਈ ਐੱਸਸੀ ਨੌਜਵਾਨ ਦੀ ਜਾਨ, ਬੱਚਿਆਂ ਲਈ ਦੁੱਧ ਲੈ ਕੇ ਆ ਰਿਹਾ ਸੀ ਘਰ

ਲਾਵਾਰਿਸ ਪਸ਼ੂ ਨੇ ਲਈ ਐੱਸਸੀ ਨੌਜਵਾਨ ਦੀ ਜਾਨ, ਬੱਚਿਆਂ ਲਈ ਦੁੱਧ ਲੈ ਕੇ ਆ ਰਿਹਾ ਸੀ ਘਰ

ਪੰਜਾਬ ਦੀਆਂ ਸੜਕਾਂ 'ਤੇ ਘੁੰਮ ਰਹੇ ਲਾਵਾਰਿਸ ਜਾਨਵਰ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਮਾਨਸਾ ਵਿੱਚ ਹੋਈ ਇਸੇ ਤਰ੍ਹਾਂ ਦੀ ਇੱਕ ਘਟਨਾ ਨੇ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਨੌਜਵਾਨ ਦੀ ਜਾਨ ਲੈ ਲਈ। ਖਬਰਾਂ ਮੁਤਾਬਕ, ਮਾਨਸਾ ਦੇ ਪਿੰਡ ਜਵਾਹਰਕੇ ਦਾ ਰਹਿਣ ਵਾਲਾ ਐੱਸਸੀ ਵਰਗ ਨਾਲ ਸਬੰਧਤ ਨੌਜਵਾਨ ਸੰਨੀ ਸਿੰਘ ਰਾਤ ਦੇ ਸਮੇਂ ਟੂ ਵ੍ਹੀਲਰ 'ਤੇ ਘਰ ਆ ਰਿਹਾ ਸੀ।

ਇਸ ਦੌਰਾਨ ਸੜਕ 'ਤੇ ਖੜੇ ਲਾਵਾਰਿਸ ਪਸ਼ੂ ਨਾਲ ਉਸਦੀ ਟੱਕਰ ਹੋ ਗਈ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਉਸਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਸੰਨੀ ਸਿੰਘ ਦਿਹਾੜੀ ਕਰਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ। ਘਟਨਾ ਸਮੇਂ ਉਹ ਆਪਣੇ ਬੱਚਿਆਂ ਲਈ ਦੁੱਧ ਲੈ ਕੇ ਘਰ ਆ ਰਿਹਾ ਸੀ।

ਉਸਦੀ ਮੌਤ 'ਤੇ ਭੜਕੇ ਲੋਕਾਂ ਨੇ ਲਾਸ਼ ਨੂੰ ਜਵਾਹਰਕੇ ਨਹਿਰ ਦੇ ਪੁਲ ਉੱਪਰ ਰੱਖ ਕੇ ਜਮ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਮੁੱਖ ਮੰਤਰੀ ਵੱਲੋਂ ਮਾਨਸਾ ਆ ਕੇ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦੇ ਖਾਤਮੇ ਦੀ ਮੰਗ ਕੀਤੀ। ਇਨ੍ਹਾਂ ਮੰਗਾਂ ਨੂੰ ਪੂਰੀਆਂ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਮ੍ਰਿਤਕ ਦੇਹ ਦਾ ਸਸਕਾਰ ਕਰਨ ਦਾ ਐਲਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਸੂਬੇ ਭਰ ਵਿੱਚ ਸੜਕਾਂ 'ਤੇ ਘੁੰਮ ਰਹੇ ਲਾਵਾਰਿਸ ਪਸ਼ੂ ਗੰਭੀਰ ਸਮੱਸਿਆ ਬਣ ਚੁੱਕੇ ਹਨ। ਪਸ਼ੂਆਂ ਕਾਰਨ ਬੀਤੇ ਕੁਝ ਦਿਨਾਂ ਵਿੱਚ ਕਈ ਲੋਕ ਜ਼ਖਮੀ ਹੋ ਚੁੱਕੇ ਹਨ।

Comments

Leave a Reply