Sat,Mar 23,2019 | 02:52:03am
HEADLINES:

Punjab

ਮਸ਼ੀਨਾਂ ਦੇ ਬਿਨਾਂ ਮੌਤ ਦੇ ਮੂੰਹ 'ਚ ਜਾ ਰਹੇ ਸਫਾਈ ਮੁਲਾਜ਼ਮ

ਮਸ਼ੀਨਾਂ ਦੇ ਬਿਨਾਂ ਮੌਤ ਦੇ ਮੂੰਹ 'ਚ ਜਾ ਰਹੇ ਸਫਾਈ ਮੁਲਾਜ਼ਮ

ਅੱਜ ਦੇ ਵਿਗਿਆਨਕ ਯੁੱਗ ਵਿੱਚ ਮਸ਼ੀਨਾਂ ਨੇ ਮਨੁੱਖ ਦੇ ਕੰਮ ਨੂੰ ਆਸਾਨ ਬਣਾ ਦਿੱਤਾ ਹੈ, ਪਰ ਦੁੱਖਦਾਇਕ ਹੈ ਕਿ ਸਫਾਈ ਮੁਲਾਜ਼ਮ ਅਜੇ ਵੀ ਇਨ੍ਹਾਂ ਤੋਂ ਵਾਂਝੇ ਹਨ। ਸੀਵਰੇਜ 'ਚ ਬਿਨਾਂ ਸੰਸਾਧਨਾਂ ਦੇ ਸਫਾਈ ਕਰਨ ਲਈ ਜਾਣ ਵਾਲੇ ਇਨ੍ਹਾਂ ਮੁਲਾਜ਼ਮਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪਿਛਲੇ ਮਹੀਨੇ ਲੁਧਿਆਣਾ ਦੇ ਦੁੱਗਰੀ ਰੋਡ ਖੇਤਰ 'ਚ ਇੱਕ ਹੋਟਲ ਦਾ ਸੀਵਰੇਜ ਸਾਫ ਕਰਨ ਸਮੇਂ ਦੋ ਸਫਾਈ ਮੁਲਾਜ਼ਮਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਦੀ ਹਾਲਤ ਖਰਾਬ ਹੋ ਗਈ।

ਪੁਲਸ ਨੇ ਠੇਕੇਦਾਰ ਤੇ ਹੋਟਲ ਖ਼ਿਲਾਫ਼ ਕੇਸ ਦਰਜ ਕਰਕੇ ਮੁੱਢਲੀ ਕਾਰਵਾਈ ਪੂਰੀ ਕਰ ਦਿੱਤੀ ਹੈ। ਹਾਲਾਂਕਿ ਕਾਰਵਾਈ ਦਾ ਅੰਜਾਮ ਕੀ ਹੋਵੇਗਾ ਜਾਂ ਭਵਿੱਖ 'ਚ ਕੋਈ ਸੁਧਾਰ ਹੋਵੇਗਾ, ਇਸ ਬਾਰੇ ਕੋਈ ਯਕੀਨ ਕਰਨਾ ਔਖਾ ਹੈ। ਸੀਵਰੇਜ ਲਾਈਨਾਂ ਦੀ ਸਫ਼ਾਈ ਕਰਨ ਵਾਲੇ ਕਾਮਿਆਂ ਨੂੰ ਮਾਸਕ, ਆਕਸੀਜਨ ਸਿਲੰਡਰ, ਸੇਫਟੀ ਸੂਟ ਆਦਿ ਮੁਹੱਈਆ ਕਰਵਾਏ ਜਾਣੇ ਲਾਜ਼ਮੀ ਹਨ, ਪਰ ਨਾ ਤਾਂ ਮਿਉਂਨਿਸੀਪਲ ਅਧਿਕਾਰੀ ਅਤੇ ਨਾ ਹੀ ਠੇਕੇਦਾਰ, ਸੈਨੇਟਰੀ ਕਾਮਿਆਂ ਨੂੰ ਅਜਿਹੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਂਦੇ ਹਨ।

ਉਂਜ ਵੀ, ਕਾਨੂੰਨ ਅਨੁਸਾਰ ਸੀਵਰੇਜ ਦੀ ਸਫ਼ਾਈ ਦਾ ਕੰਮ ਹੱਥੀਂ ਨਹੀਂ, ਸਗੋਂ ਮਸ਼ੀਨਾਂ ਰਾਹੀਂ ਹੋਣਾ ਚਾਹੀਦਾ ਹੈ। ਅਜਿਹੇ ਨਿਯਮਾਂ ਦੀ ਅਣਦੇਖੀ ਕਾਰਨ ਹੀ ਪੰਜਾਬ 'ਚ ਸੀਵਰ ਲਾਈਨਾਂ ਦੀ ਸਫ਼ਾਈ ਦੌਰਾਨ ਮੌਤਾਂ ਹੋਣ ਦਾ ਇਹ ਚੌਥਾ ਮਾਮਲਾ ਹੈ। ਇਨ੍ਹਾਂ ਮਾਮਲਿਆਂ 'ਚ 8 ਮੌਤਾਂ ਹੋਣ ਦੇ ਬਾਵਜੂਦ ਪਰਨਾਲਾ ਓਥੇ ਦਾ ਓਥੇ ਰਹਿਣਾ ਚਿੰਤਾਜਨਕ ਰੁਝਾਨ ਹੈ। ਗ਼ੁਰਬਤ ਦੇ ਝੰਬੇ ਲੋਕ ਰੋਟੀ-ਰੋਜ਼ੀ ਦੇ ਲਾਲਚਵੱਸ ਅਕਸਰ ਖ਼ਤਰਨਾਕ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।

ਉਨ੍ਹਾਂ ਦੀ ਇਸ ਮਜਬੂਰੀ ਦਾ ਲਾਭ ਲੈ ਕੇ ਉਨ੍ਹਾਂ ਨੂੰ ਖ਼ਤਰਿਆਂ ਵੱਲ ਧੱਕਣਾ ਕਿਸੇ ਵੀ ਸਮਾਜ ਲਈ ਸਿਹਤਮੰਦ ਰੁਝਾਨ ਨਹੀਂ। ਸਜ਼ਾ ਯਕੀਨੀ ਬਣਾਏ ਬਿਨਾਂ ਨਾ ਤਾਂ ਮਨੁੱਖ ਨੂੰ ਮਨੁੱਖ ਸਮਝਣ ਦੀ ਸੰਵੇਦਨਸ਼ੀਲਤਾ ਵਿਕਸਿਤ ਹੋਣੀ ਹੈ ਅਤੇ ਨਾ ਹੀ ਕਾਨੂੰਨ ਦੇ ਡੰਡੇ ਦਾ ਖੌਫ਼।

Comments

Leave a Reply