Sun,Jan 26,2020 | 08:29:22am
HEADLINES:

Punjab

ਪੁਲਸ 'ਤੇ ਗੰਭੀਰ ਦੋਸ਼ : 'ਸਾਡੀ ਜ਼ਮੀਨ ਖੋਹੀ, ਸਾਨੂੰ ਕੁੱਟਿਆ ਤੇ ਸਾਡੇ 'ਤੇ ਹੀ ਪਰਚਾ ਦਰਜ ਕਰ'ਤਾ'

ਪੁਲਸ 'ਤੇ ਗੰਭੀਰ ਦੋਸ਼ : 'ਸਾਡੀ ਜ਼ਮੀਨ ਖੋਹੀ, ਸਾਨੂੰ ਕੁੱਟਿਆ ਤੇ ਸਾਡੇ 'ਤੇ ਹੀ ਪਰਚਾ ਦਰਜ ਕਰ'ਤਾ'

ਬਲਜੀਤ ਕੌਰ ਵਾਸੀ ਪਿੰਡ ਪਛਾੜੀਆਂ ਥਾਣਾ ਮਹਿਤਪੁਰ ਜਲੰਧਰ ਦੇਹਾਤੀ ਨੇ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਨਾਲ ਗੱਲਬਾਤ ਵਿੱਚ ਦੱਸਿਆ ਕਿ ਥਾਣਾ ਮਹਿਤਪੁਰ (ਵਿਧਾਨਸਭਾ ਹਲਕਾ ਸ਼ਾਹਕੋਟ) ਦੀ ਪੁਲਿਸ ਨੇ ਉਨ੍ਹਾਂ ਦੀ ਵਿਰੋਧੀ ਧਿਰ ਨਾਲ ਰਲ ਕੇ ਪਿੰਡ ਵਿੱਚ ਉਨ੍ਹਾਂ ਦੇ ਪੁਸ਼ਤੈਨੀ ਘਰ 'ਤੇ ਕਬਜਾ ਕਰਵਾ ਦਿੱਤਾ ਅਤੇ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ। 

ਉਨ੍ਹਾਂ ਕਿਹਾ ਕਿ 25 ਮਈ 2019 ਨੂੰ ਥਾਣਾ ਮਹਿਤਪੁਰ ਵਿੱਚ ਤੈਨਾਤ ਏਐੱਸਆਈ ਲਾਭ ਸਿੰਘ, ਮੁਣਸ਼ੀ ਭਜਨ ਸਿੰਘ ਹੋਰ ਮੁਲਾਜਮਾਂ ਦੇ ਨਾਲ ਪਿੰਡ ਪਛਾੜੀਆਂ ਆਏ ਤੇ ਉਨ੍ਹਾਂ ਦੇ ਨਾਲ ਸਰਬਜੀਤ ਕੌਰ ਤੇ ਉਸਦੇ ਪੱਖ ਦੇ ਹੋਰ ਲੋਕ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਪਹਿਲਾਂ ਮੈਨੂੰ ਤੇ ਮੇਰੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਸਾਨੂੰ ਸਾਰਿਆਂ ਨੂੰ ਸਾਡੇ ਪੁਸ਼ਤੈਨੀ ਘਰ ਵਿੱਚੋਂ ਜਬਰਦਸਤੀ ਬਾਹਰ ਕੱਢ ਦਿੱਤਾ।

ਪੁਲਿਸ ਮੁਲਾਜਮ ਸਾਨੂੰ ਆਪਣੀ ਗੱਡੀ ਵਿੱਚ ਪਾ ਕੇ ਬਾਹਰ ਸੜਕ ਤੇ ਲੈ ਕੇ ਗਏ ਤੇ ਦੂਜੇ ਪਾਸੇ ਸਬਰਜੀਤ ਕੌਰ ਤੇ ਉਸਦੇ ਪੱਖ ਦੇ ਹੋਰ ਬੰਦਿਆਂ ਨੇ ਸਾਡੇ ਪੁਸ਼ਤੈਨੀ ਘਰ, ਜੋ ਕਿ ਸੱਤ ਮਰਲੇ ਵਿੱਚ ਬਣਿਆ ਹੋਇਆ ਸੀ, ਉਸ 'ਤੇ ਕਬਜਾ ਕਰ ਲਿਆ। ਬਲਜੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਾਡੀ ਵਿਰੋਧੀ ਧਿਰ ਦੇ ਨਾਲ ਮਿਲੀ ਹੋਈ ਹੈ। 

ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਵਿਰੋਧ ਵਿੱਚ ਉਨ੍ਹਾਂ ਨੇ 25 ਮਈ ਨੂੰ ਥਾਣਾ ਮਹਿਤਪੁਰ ਵਿੱਚ ਪ੍ਰਦਰਸ਼ਨ ਵੀ ਕੀਤਾ ਸੀ ਤੇ ਪੁਲਿਸ ਨੇ ਉਸ ਸਮੇਂ ਉਸਦੇ ਬਿਆਨਾਂ 'ਤੇ ਸਰਬਜੀਤ ਕੌਰ, ਉਸਦੇ ਪਤੀ ਤੇ ਉਨ੍ਹਾਂ ਦੇ ਹੋਰ ਅੱਠ ਸਾਥੀਆਂ ਖਿਲਾਫ ਐੱਫਆਈਆਰ ਨੰਬਰ 83 ਧਾਰਾ 323, 506, 354ਬੀ ਤੇ ਐੱਸਸੀ-ਐੱਸਟੀ ਐਕਟ ਤਹਿਤ ਐੱਫਆਈਆਰ ਦਰਜ ਕਰਵਾਈ ਸੀ।

ਪਰ ਸ਼ਾਹਕੋਟ ਡੀਐੱਸਪੀ ਨੇ ਵਿਰੋਧੀ ਧਿਰਾਂ ਦਾ ਪੱਖ ਪੂਰਦਿਆਂ ਬਾਕੀ ਅੱਠ ਲੋਕਾਂ ਨੂੰ ਪਰਚੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਤੇ ਉਲਟਾ ਸਾਡੇ ਖਿਲਾਫ ਵਿਰੋਧੀ ਧਿਰ ਦੇ ਪ੍ਰਭਾਵ ਹੇਠ ਝੂਠਾ ਕਰਾਸ ਕੇਸ ਧਾਰਾਵਾਂ 323, 452, 427, 148, 149 ਤਹਿਤ ਦਰਜ ਕਰਵਾ ਦਿੱਤਾ ਹੈ। ਇਸ ਤਰ੍ਹਾਂ ਪੁਲਿਸ ਵਲੋ ਸਾਡੇ ਨਾਲ ਪੂਰੀ ਤਰ੍ਹਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। 

ਬਲਜੀਤ ਕੌਰ ਨੇ ਦੱਸਿਆ ਕਿ ਝਗੜੇ ਦੀ ਵਜ੍ਹਾ ਇਹ ਹੈ ਕਿ ''ਮੇਰੇ ਦਿਊਰ ਕੋਮਲ ਸਿੰਘ ਨੇ ਕਿਸ਼ਨ ਲਾਲ ਵਾਸੀ ਸ਼ਾਹਕੋਟ ਤੋਂ ਪੈਸੇ ਉਧਾਰ ਲਏ ਸੀ ਤੇ ਇਸਦੇ ਇਵਜ ਵਿੱਚ ਕਿਸ਼ਨ ਲਾਲ ਵਲੋਂ ਕੋਰਟ ਰਾਹੀਂ ਸਾਡੀ ਸਾਰੀ ਸਾਂਝੀ ਪ੍ਰਾਪਰਟੀ (ਘਰ) 2012 ਵਿੱਚ ਆਪਣੇ ਨਾਂ ਕਰਾ ਲਈ ਗਈ। ਇਸ ਕਰਕੇ ਸਾਡਾ ਵਿਵਾਦ ਚਲਦਾ ਆ ਰਿਹਾ ਸੀ, ਕਿਉਂਕਿ ਸਾਡੀ ਪੁਸ਼ਤੈਨੀ ਪ੍ਰਾਪਰਟੀ ਇਕੱਲੇ ਕੋਮਲ ਸਿੰਘ ਦੀ ਨਹੀਂ ਸੀ। ਇਸ ਵਿੱਚ ਮੇਰੇ ਪਤੀ ਤੇ ਉਨ੍ਹਾਂ ਦੀਆਂ ਭੈਣਾ ਦਾ ਵੀ ਹਿੱਸਾ ਸੀ। ਇਸ ਤੋਂ ਬਾਅਦ 8 ਮਈ 2019 ਨੂੰ ਕਿਸ਼ਨ ਲਾਲ ਨੇ ਇਹ ਘਰ ਪਛਾੜੀਆਂ ਪਿੰਡ ਦੀ ਸਰਬਜੀਤ ਕੌਰ ਨੂੰ ਵੇਚ ਦਿੱਤਾ। ਇਸ ਦੇ ਵਿਰੁੱਧ ਅਸੀਂ ਕੋਰਟ ਵਿੱਚ ਵੀ ਕੇਸ ਕੀਤਾ ਹੋਇਆ ਹੈ ਕਿ ਕਿਸ਼ਨ ਲਾਲ ਨੇ ਗਲਤ ਤਰੀਕੇ ਦੇ ਨਾਲ ਸਾਡਾ ਘਰ ਆਪਣੇ ਨਾਂ ਕਰਵਾਇਆ ਹੈ ਤੇ ਸਰਬਜੀਤ ਕੌਰ ਨੂੰ ਵੇਚਿਆ ਹੈ, ਇਹ ਮਾਮਲਾ ਨਕੋਦਰ ਕੋਰਟ ਅਧੀਨ ਵਿਚਾਰ ਅਧੀਨ ਹੈ। ਪਰ ਇਸਦੇ ਬਾਵਜੂਦ ਪੁਲਿਸ ਨੇ ਇਨ੍ਹਾਂ ਨਾਲ ਰਲ ਕੇ ਸਾਨੂੰ ਸਾਡੇ ਘਰ ਵਿੱਚੋਂ ਬੇਦਖਲ ਕਰ ਦਿੱਤਾ ਤੇ ਸਾਡੇ ਪੁਸ਼ਤੈਨੀ ਮਕਾਨ ਤੇ ਕਬਜਾ ਸਰਬਜੀਤ ਕੌਰ ਨੂੰ ਕਰਵਾ ਦਿੱਤਾ।'' 

ਉਨ੍ਹਾਂ ਕਿਹਾ ਕਿ ਪੁਲਿਸ ਤੇ ਦੂਜੀ ਧਿਰ ਨੇ ਸਾਡੇ ਨਾਲ ਪੂਰੀ ਤਰ੍ਹਾਂ ਦੇ ਨਾਲ ਧੱਕੇਸ਼ਾਹੀ ਕੀਤੀ ਹੈ। ਜੇਕਰ ਪੁਲਿਸ ਉੱਚ ਅਧਿਕਾਰੀਆਂ ਵਲੋਂ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ, ਸਾਡੇ ਖਿਲਾਫ ਝੂਠਾ ਕਰਾਸ ਕੇਸ ਰੱਦ ਨਹੀਂ ਕੀਤਾ ਗਿਆ, ਦੋਸ਼ੀ ਮੁਲਾਜ਼ਮਾਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਐੱਸਐੱਸਪੀ ਦਫਤਰ ਬਾਹਰ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰਾਂਗੇ।

ਇਸ ਮੌਕੇ ਤੇ ਉਨ੍ਹਾਂ ਨਾਲ ਮੌਜੂਦ ਬਸਪਾ ਆਗੂ ਬਲਵਿੰਦਰ ਕੁਮਾਰ ਤੇ ਹੋਰ ਬਸਪਾ ਆਗੂਆਂ ਨੇ ਕਿਹਾ ਕਿ ਉਹ ਪੀੜਤ ਧਿਰ ਦੇ ਨਾਲ ਖੜੇ ਹਨ ਤੇ ਇਨਸਾਫ ਲਈ ਸੰਘਰਸ਼ ਕਰਨਗੇ। ਬਲਵਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਕਾਂਗਰਸੀ ਤੇ ਪ੍ਰਭਾਵਸ਼ਾਲੀ ਲੋਕਾਂ ਦੇ ਹੱਕ ਵਿੱਚ ਭੁਗਤ ਰਹੀ ਹੈ ਤੇ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਬਸਪਾ ਆਗੂ ਸੁਭਾਸ਼ ਸ਼ਾਹਕੋਟ ਵੀ ਮੌਜੂਦ ਸਨ।

Comments

Leave a Reply