Tue,Jul 16,2019 | 12:38:09pm
HEADLINES:

Punjab

ਮਾਇਆਵਤੀ ਦੇ ਦਬਾਅ ਦਾ ਅਸਰ, ਦਲਿਤਾਂ 'ਤੇ ਦਰਜ ਝੂਠੇ ਮਾਮਲੇ ਰੱਦ ਕਰਨਗੀਆਂ ਕਾਂਗਰਸ ਸਰਕਾਰਾਂ

ਮਾਇਆਵਤੀ ਦੇ ਦਬਾਅ ਦਾ ਅਸਰ, ਦਲਿਤਾਂ 'ਤੇ ਦਰਜ ਝੂਠੇ ਮਾਮਲੇ ਰੱਦ ਕਰਨਗੀਆਂ ਕਾਂਗਰਸ ਸਰਕਾਰਾਂ

ਬਸਪਾ ਮੁਖੀ ਕੁਮਾਰੀ ਮਾਇਆਵਤੀ ਕਾਰਨ ਵੱਡੀ ਗਿਣਤੀ 'ਚ ਦਲਿਤਾਂ ਨੂੰ ਰਾਹਤ ਮਿਲਣ ਜਾ ਰਹੀ ਹੈ। ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਕਾਂਗਰਸ ਸਰਕਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਨ੍ਹਾਂ ਸੂਬਿਆਂ ਵਿੱਚ ਦਲਿਤਾਂ ਖਿਲਾਫ ਦਰਜ ਝੂਠੇ ਮਾਮਲੇ ਰੱਦ ਨਾ ਹੋਏ ਤਾਂ ਬਸਪਾ ਇੱਥੇ ਕਾਂਗਰਸ ਸਰਕਾਰਾਂ ਤੋਂ ਸਮਰਥਨ ਵਾਪਸ ਲੈ ਲਵੇਗੀ।

ਬਸਪਾ ਮੁਖੀ ਨੇ ਕਿਹਾ ਸੀ ਕਿ ਇਨ੍ਹਾਂ ਸੂਬਿਆਂ ਵਿੱਚ ਪਿਛਲੀਆਂ ਭਾਜਪਾ ਸਰਕਾਰਾਂ ਦੌਰਾਨ ਦਲਿਤਾਂ ਖਿਲਾਫ ਰਾਜਨੀਤਕ ਤੇ ਜਾਤੀਵਾਦੀ ਰੰਜਿਸ਼ ਤਹਿਤ ਝੂਠੇ ਕੇਸ ਦਰਜ ਕੀਤੇ ਗਏ ਸਨ। 2 ਅਪ੍ਰੈਲ ਨੂੰ ਐੱਸਸੀ-ਐੱਸਟੀ ਐਕਟ ਨੂੰ ਲੈ ਕੇ ਕੀਤੇ ਗਏ ਭਾਰਤ ਬੰਦ ਦੌਰਾਨ ਦਲਿਤਾਂ ਖਿਲਾਫ ਕਈ ਜਗ੍ਹਾ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਸੀ। ਮਾਇਆਵਤੀ ਦੀ ਚਿਤਾਵਨੀ ਤੋਂ ਬਾਅਦ ਹੁਣ ਇਨ੍ਹਾਂ ਸੂਬਿਆਂ ਵਿੱਚ ਉਨ੍ਹਾਂ ਦਲਿਤਾਂ ਨੂੰ ਰਾਹਤ ਮਿਲਣ ਜਾ ਰਹੀ ਹੈ, ਜਿਨ੍ਹਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਦਿੱਤਾ ਗਿਆ ਸੀ।

ਬਸਪਾ ਮੁਖੀ ਕੁਮਾਰੀ ਮਾਇਆਵਤੀ ਵੱਲੋਂ ਸਮਰਥਨ ਵਾਪਸ ਲੈਣ ਦੀ ਚਿਤਾਵਨੀ ਦੇਣ ਦੇ ਅਗਲੇ ਹੀ ਦਿਨ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਕਾਂਗਰਸ ਸਰਕਾਰਾਂ ਨੇ ਝੁਕਦੇ ਹੋਏ ਇਸ ਸਬੰਧ ਵਿੱਚ ਝੂਠੇ ਮਾਮਲੇ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। 

ਮੱਧ ਪ੍ਰਦੇਸ਼ ਦੇ ਕਾਨੂੰਨ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਹੈ ਕਿ ਐੱਸਸੀ-ਐੱਸਟੀ ਐਕਟ ਨੂੰ ਲੈ ਕੇ 2 ਅਪ੍ਰੈਲ ਨੂੰ ਹੋਏ ਭਾਰਤ ਬੰਦ ਦੌਰਾਨ ਦਰਜ ਕੀਤੇ ਗਏ ਕੇਸਾਂ ਦੇ ਨਾਲ-ਨਾਲ ਅਜਿਹੇ ਸਾਰੇ ਕੇਸ, ਜੋ ਕਿ ਪਿਛਲੇ 15 ਸਾਲਾਂ ਵਿੱਚ ਭਾਜਪਾ ਸਰਕਾਰ ਨੇ ਲਗਵਾਏ ਹਨ, ਨੂੰ ਵਾਪਸ ਲੈ ਲਿਆ ਜਾਵੇਗਾ।

ਇਸੇ ਤਰ੍ਹਾਂ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਵੀ ਐਲਾਨ ਕੀਤਾ ਹੈ। ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਦਲਿਤਾਂ 'ਤੇ ਦਰਜ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਜਿਹੜੇ ਵੀ ਕੇਸ ਝੂਠੇ ਪਾਏ ਗਏ, ਉਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇਗਾ। 

ਦੂਜੇ ਪਾਸੇ, ਕੁਮਾਰੀ ਮਾਇਆਵਤੀ ਦੇ ਕਦਮ ਦੀ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਝੂਠੇ ਕੇਸਾਂ ਤੋਂ ਰਾਹਤ ਮਿਲਣ ਨੂੰ ਲੈ ਕੇ ਲੋਕ ਮਾਇਆਵਤੀ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਤੋਂ ਜੇਕਰ ਬਸਪਾ ਸਮਰਥਨ ਵਾਪਸ ਲੈ ਲੈਂਦੀ ਹੈ ਤਾਂ ਉਸ ਸਥਿਤੀ ਵਿੱਚ ਇਸ ਸਰਕਾਰ ਦੇ ਕਮਜ਼ੋਰ ਪੈਣ ਦਾ ਖਦਸ਼ਾ ਪੈਦਾ ਹੋ ਜਾਵੇਗਾ। ਇਸੇ ਕਾਰਨ ਕਾਂਗਰਸ ਸਰਕਾਰ ਕੁਮਾਰੀ ਮਾਇਆਵਤੀ ਵੱਲੋਂ ਦਿੱਤੀ ਗਈ ਚਿਤਾਵਨੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ। 

ਦੂਜੇ ਪਾਸੇ ਰਾਜਸਥਾਨ, ਜਿੱਥੇ ਬਸਪਾ ਦੇ 6 ਉਮੀਦਵਾਰ ਜਿੱਤ ਕੇ ਵਿਧਾਇਕ ਬਣੇ ਹਨ, ਵਿੱਚ ਵੀ ਮਾਇਆਵਤੀ ਦੀ ਚਿਤਾਵਨੀ ਦਾ ਗੰਭੀਰ ਅਸਰ ਦੇਖਣ ਨੂੰ ਮਿਲ ਰਿਹਾ ਹੈ।

Comments

Leave a Reply