Sat,May 25,2019 | 01:21:46pm
HEADLINES:

Punjab

ਅਕਾਲੀ ਦਲ 'ਚੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਟਕਸਾਲੀ ਆਗੂਆਂ ਨੇ ਫਿਰ ਖੋਲਿਆ ਬਾਦਲ ਪਰਿਵਾਰ ਖਿਲਾਫ ਮੋਰਚਾ

ਅਕਾਲੀ ਦਲ 'ਚੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਟਕਸਾਲੀ ਆਗੂਆਂ ਨੇ ਫਿਰ ਖੋਲਿਆ ਬਾਦਲ ਪਰਿਵਾਰ ਖਿਲਾਫ ਮੋਰਚਾ

ਪੰਜਾਬ 'ਚ ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਟਕਸਾਲੀ ਆਗੂ ਬਾਦਲ ਪਰਿਵਾਰ ਨੂੰ ਲਗਾਤਾਰ ਸਵਾਲਾਂ ਦੇ ਘੇਰੇ 'ਚ ਲਿਆ ਰਹੇ ਹਨ। ਅਕਾਲੀ ਦਲ ਲੀਡਰਸ਼ਿਪ ਵੱਲੋਂ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ, ਉਨ੍ਹਾਂ ਦੇ ਬੇਟੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਡਾ. ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਬੇਟੇ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਤੋਂ 6 ਸਾਲ ਲਈ ਸਸਪੈਂਡ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਬਾਦਲ ਪਰਿਵਾਰ ਖਿਲਾਫ ਫਿਰ ਹਮਲਾ ਕੀਤਾ ਹੈ।

ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਡਾ. ਰਤਨ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਤੇ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੁੱਤਰ ਦੇ ਮੋਹ ਵਿੱਚ ਬੇਬੱਸ ਹਨ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਸਾਲੇ ਬਿਕਰਮ ਸਿੰਘ ਮਜੀਠਿਆ ਦੇ ਦਬਾਅ ਵਿੱਚ ਆ ਕੇ ਗਲਤ ਫੈਸਲੇ ਲੈ ਰਹੇ ਹਨ, ਜੋ ਕਿ ਪਾਰਟੀ ਲਈ ਖਤਰਨਾਕ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਮਜੀਠਿਆ ਨਹੀਂ ਚਾਹੁੰਦੇ ਕਿ ਅਕਾਲੀ ਦਲ ਵਿੱਚ ਕੋਈ ਵੱਡਾ ਨੇਤਾ ਰਹੇ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਭੈਣ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਿਰੁੱਧ ਜੰਮ ਕੇ ਭੜਾਸ ਕੱਢੀ। ਬ੍ਰਹਮਪੁਰਾ ਨੇ ਕਿਹਾ ਕਿ ਮਜੀਠੀਆ ਨੇ ਪਾਰਟੀ ਨੂੰ ਆਪਣੀ ਜੇਬ 'ਚ ਪਾਇਆ ਹੋਇਆ ਹੈ।

ਹਰਸਿਮਰਤ ਬਾਦਲ ਵੱਲੋਂ ਟਕਸਾਲੀ ਲੀਡਰਾਂ ਨੂੰ ਲੋਕਾਂ ਵੱਲੋਂ ਨਕਾਰੇ ਜਾਣ 'ਤੇ ਬ੍ਰਹਮਪੁਰਾ ਨੇ ਕਿਹਾ ਕਿ ਉਹ ਇੱਕ ਲੱਖ ਵੋਟ ਦੇ ਫਰਕ ਨਾਲ ਸੰਸਦ ਮੈਂਬਰ ਚੁਣੇ ਗਏ ਹਨ, ਜਦਕਿ ਹਰਸਿਮਰਤ ਬਾਦਲ 19,000 ਵੋਟਾਂ ਦੇ ਫਰਕ ਨਾਲ ਹੀ ਜਿੱਤੀ ਹੈ। ਇਸ ਹਿਸਾਬ ਨਾਲ ਲੋਕਾਂ ਵੱਲੋਂ ਨਕਾਰਿਆ ਲੀਡਰ ਤਾਂ ਹਰਸਿਮਰਤ ਹੈ। ਉਨ੍ਹਾਂ ਡਾ. ਰਤਨ ਸਿੰਘ ਅਜਨਾਲਾ ਦੇ ਵੀ ਵੋਟ ਅੰਕੜੇ ਗਿਣਾਉਂਦਿਆਂ ਹਰਸਿਮਰਤ ਦੇ ਇਲਜ਼ਾਮਾਂ ਨੂੰ ਝੂਠ ਦੱਸਿਆ।

ਬ੍ਰਹਮਪੁਰਾ ਨੇ ਕਿਹਾ ਕਿ ਇੱਕ ਵਾਰ ਫਿਰ ਉਹ ਆਪਣੇ ਹਲਕੇ ਵਿੱਚ ਵੱਡਾ ਇਕੱਠ ਕਰਨਗੇ ਅਤੇ ਲੋਕਾਂ ਵਿੱਚ ਜਾਣਗੇ। ਜ਼ਿਕਰਯੋਗ ਹੈ ਕਿ ਇਹ ਟਕਸਾਲੀ ਆਗੂ ਪਾਰਟੀ ਦੀ ਮਾੜੀ ਹਾਲਤ ਲਈ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਤੇ ਵਾਰ-ਵਾਰ ਇਨ੍ਹਾਂ ਦੋਨਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ। ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਇਹ ਟਕਸਾਲੀ ਆਗੂ ਅਕਾਲੀ ਦਲ ਲਈ ਵੱਡੀ ਚੁਣੌਤੀ ਬਣ ਸਕਦੇ ਹਨ।

Comments

Leave a Reply