Tue,Jul 16,2019 | 12:37:35pm
HEADLINES:

Punjab

ਪੰਚਾਇਤੀ ਚੋਣਾਂ : ਸ਼ਰਾਬ 'ਚ ਡੁੱਬੇ ਪਿੰਡ, ਅਸਲ ਮੁੱਦੇ ਗਾਇਬ

ਪੰਚਾਇਤੀ ਚੋਣਾਂ : ਸ਼ਰਾਬ 'ਚ ਡੁੱਬੇ ਪਿੰਡ, ਅਸਲ ਮੁੱਦੇ ਗਾਇਬ

ਪੰਜਾਬ 'ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਵਿੱਚ 13 ਹਜ਼ਾਰ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਹਨ। ਇਨ੍ਹਾਂ ਵਿੱਚੋਂ ਕੁਝ ਪੰਚਾਇਤਾਂ ਲੋਕਾਂ ਦੀ ਸਹਿਮਤੀ ਨਾਲ ਚੁਣ ਲਈਆਂ ਗਈਆਂ ਹਨ, ਜਦਕਿ ਬਾਕੀਆਂ ਦਾ ਫੈਸਲਾ ਪਿੰਡ ਵਾਸੀਆਂ ਵੱਲੋਂ ਵੋਟਾਂ ਰਾਹੀਂ ਕੀਤਾ ਜਾਣਾ ਹੈ।

ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਉਮੀਦਵਾਰਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਲੋਕਾਂ ਦੀ ਜ਼ਿੰਦਗੀ ਚੰਗੀ ਬਣਾਉਣ ਵਾਲੇ ਮੁੱਦੇ ਚੋਣ ਪ੍ਰਚਾਰ 'ਚ ਗਾਇਬ ਹਨ, ਜਦਕਿ ਉਮੀਦਵਾਰਾਂ ਵੱਲੋਂ ਸ਼ਰਾਬ-ਪੈਸਿਆਂ ਦੀ ਹਨੇਰੀ ਲਿਆ ਦਿੱਤੀ ਗਈ ਹੈ।

ਪਿੰਡਾਂ ਵਿੱਚ ਹੋਣ ਵਾਲੀਆਂ ਮੀਟਿੰਗਾਂ 'ਚ ਵੋਟਰਾਂ ਨੂੰ ਸੱਦਾ ਦੇ ਕੇ ਸ਼ਰਾਬਾਂ ਤਾਂ ਪਿਲਾਈਆਂ ਜਾ ਹੀ ਰਹੀਆਂ ਹਨ, ਨਾਲ ਹੀ ਉਨ੍ਹਾਂ ਦੇ ਘਰਾਂ ਤੱਕ ਵੀ ਸ਼ਰਾਬ ਦੀਆਂ ਬੋਤਲਾਂ ਪਹੁੰਚਾਈਆਂ ਜਾ ਰਹੀਆਂ ਹਨ। ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸਿਆਂ ਦਾ ਵੀ ਖੁੱਲ ਕੇ ਪ੍ਰਯੋਗ ਹੋ ਰਿਹਾ ਹੈ।

ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ ਇਹੋ ਜਿਹੀਆਂ ਗਤੀਵਿਧੀਆਂ 'ਤੇ ਨੱਥ ਪਾਉਣ ਲਈ ਚੋਣ ਕਮਿਸ਼ਨ ਕਿਤੇ ਵੀ ਸਰਗਰਮ ਨਜ਼ਰ ਨਹੀਂ ਆ ਰਿਹਾ ਹੈ। ਅਜਿਹੇ ਵਿੱਚ ਸੂਝਵਾਨ ਤੇ ਲੋਕਹਿੱਤ ਚਾਹੁਣ ਵਾਲੇ ਉਮੀਦਵਾਰਾਂ ਦੇ ਜਿੱਤ ਕੇ ਪੰਚ-ਸਰਪੰਚ ਬਣਨ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੂਬੇ ਦੇ ਜ਼ਿਆਦਾਤਰ ਪਿੰਡਾਂ 'ਚ ਸੜਕ, ਸੀਵਰੇਜ, ਵਾਟਰ ਸਪਲਾਈ ਦੀ ਸਥਿਤੀ ਖਰਾਬ ਹੈ। ਇਸ ਤੋਂ ਇਲਾਵਾ ਪਿੰਡਾਂ 'ਚ ਬਣੇ ਸਰਕਾਰੀ ਸਕੂਲ ਤੇ ਡਿਸਪੈਂਸਰੀਆਂ ਬਦਹਾਲੀ ਦੀਆਂ ਸ਼ਿਕਾਰ ਹਨ। ਲੋਕਾਂ ਦੀ ਸਿਹਤ ਤੇ ਸਿੱਖਿਆ ਨਾਲ ਜੁੜੇ ਇਹ ਮੁੱਖ ਮੁੱਦੇ ਚੋਣਾਂ ਦੌਰਾਨ ਕਿਤੇ ਨਜ਼ਰ ਨਹੀਂ ਆ ਰਹੇ ਹਨ।

ਦੂਜੇ ਪਾਸੇ ਪਿੰਡਾਂ 'ਚ ਚੋਣਾਂ ਦੀ ਸ਼ਰਾਬ ਪੀ ਕੇ ਲੋਕ ਸੜਕਾਂ 'ਤੇ ਡਿਗਦੇ ਦਿਖਾਈ ਦੇ ਰਹੇ ਹਨ। ਇਸ ਸਬੰਧ 'ਚ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਹਾਲਾਤ ਵਿੱਚ ਚੰਗੀਆਂ ਪੰਚਾਇਤਾਂ ਦੀ ਚੋਣ ਹੋਣ ਦੀ ਸੰਭਾਵਨਾ ਕਮਜ਼ੋਰ ਪੈਂਦੀ ਨਜ਼ਰ ਆ ਰਹੀ ਹੈ।

ਜਿੱਥੇ ਚੋਣ ਕਮਿਸ਼ਨ ਨੂੰ ਚੋਣਾਂ ਦੌਰਾਨ ਸ਼ਰਾਬ ਤੇ ਪੈਸਿਆਂ ਨਾਲ ਵੋਟਾਂ ਪ੍ਰਭਾਵਿਤ ਕਰਨ ਵਾਲਿਆਂ 'ਤੇ ਸਖਤੀ ਕਰਨ ਦੀ ਲੋੜ ਹੈ, ਉਥੇ ਵੋਟਰਾਂ ਨੂੰ ਵੀ ਗੰਭੀਰਤਾ ਨਾਲ ਸੋਚਣਾ ਹੋਵੇਗਾ ਕਿ ਪੈਸੇ-ਸ਼ਰਾਬ ਰਾਹੀਂ ਵੋਟਾਂ ਵੇਚ ਕੇ ਉਨ੍ਹਾਂ ਦਾ ਭਵਿੱਖ ਕਦੇ ਵੀ ਚੰਗਾ ਨਹੀਂ ਹੋ ਸਕੇਗਾ।

Comments

Leave a Reply