Sat,May 25,2019 | 01:20:33pm
HEADLINES:

Punjab

ਰਾਜਾ ਵੜਿੰਗ ਨੇ ਲੋਕਾਂ ਨੂੰ ਕਿਹਾ-ਕਾਂਗਰਸ ਉਮੀਦਵਾਰ ਨੂੰ ਜਿਤਾਓ, ਨਹੀਂ ਤਾਂ ਪਿੱਛੇ ਕੁੱਤੇ ਛੱਡ ਦਿਆਂਗੇ

ਰਾਜਾ ਵੜਿੰਗ ਨੇ ਲੋਕਾਂ ਨੂੰ ਕਿਹਾ-ਕਾਂਗਰਸ ਉਮੀਦਵਾਰ ਨੂੰ ਜਿਤਾਓ, ਨਹੀਂ ਤਾਂ ਪਿੱਛੇ ਕੁੱਤੇ ਛੱਡ ਦਿਆਂਗੇ

ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਪੰਜਾਬ ਦੇ ਗਿੱਦੜਬਾਹਾ ਦੇ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਹੋਰ ਬਿਆਨ ਇਨ੍ਹਾਂ ਦਿਨੀਂ ਚਰਚਾ ਵਿੱਚ ਹੈ। ਰਾਜਸਥਾਨ ਦੀ ਪੀਲੀ ਬੰਗਾ ਵਿਧਾਨਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਵਿਨੋਦ ਗੋਠਵਾਲ ਦੇ ਪੱਖ ਵਿੱਚ ਪ੍ਰਚਾਰ ਕਰਨ ਪਹੁੰਚੇ ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਗੋਠਵਾਲ ਨੂੰ ਨਹੀਂ ਜਿਤਾਇਆ ਤਾਂ ਪੰਜਾਬ ਆਉਣ 'ਤੇ ਪਿੱਛੇ ਕੁੱਤੇ ਛੱਡ ਦਿਆਂਗੇ।

ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਵਿਨੋਦ ਗੋਠਵਾਲ ਨੂੰ ਲੋਕ 20 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿਤਾਉਣਗੇ ਤਾਂ ਪੀਲੀ ਬੰਗਾ ਤੇ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਹਰ ਇੱਕ ਆਦਮੀ ਨੂੰ ਦਿਨ ਵਿੱਚ ਚਾਹ ਦੇ ਨਾਲ ਗੁਲਾਬ ਜਾਮਨ ਮਿਲੇਗੀ। ਰਾਤ ਦੇ ਸਮੇਂ ਖੰਘ ਦੀ ਦਵਾਈ ਵੀ ਦਿੱਤੀ ਜਾਵੇਗੀ। ਜੇਕਰ ਕੋਈ ਆਦਮੀ ਖੰਘ ਦੀ ਦਵਾਈ ਨਾਲ ਨਹਾਉਣਾ ਚਾਹੇ ਤਾਂ ਉਸਨੂੰ ਨਹਾ ਵੀ ਦਿਆਂਗੇ। ਇਹ ਦਵਾਈ ਪੰਜਾਬ ਵਿੱਚ ਫ੍ਰੀ ਹੈ। 

ਜੇਕਰ ਲੋਕ ਗੋਠਵਾਲ ਨੂੰ ਇੰਨੀਆਂ ਵੋਟਾਂ ਦੇ ਫਰਕ ਨਾਲ ਨਹੀਂ ਜਿਤਾਉਣਗੇ ਤਾਂ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਹਰ ਆਦਮੀ ਪਿੱਛੇ ਕੁੱਤੇ ਛੱਡ ਦਿਆਂਗੇ। ਉਨ੍ਹਾਂ ਕਿਹਾ ਕਿ ਗੱਲ ਤਾਂ ਸਿੱਧੀ ਹੈ। ਤੁਸੀਂ ਸਾਡਾ ਕੰਮ ਕਰੋਗੇ ਤਾਂ ਅਸੀਂ ਤੁਹਾਡਾ ਕਰਾਂਗੇ। ਉੱਥੇ (ਪੰਜਾਬ) ਕਾਂਗਰਸ ਦੀ ਸਰਕਾਰ ਹੈ, ਤੁਹਾਡੀ ਸਰਕਾਰ ਹੈ। ਉੱਥੇ ਅਧਿਕਾਰੀ ਦੀ ਕੋਈ ਨਾ ਚਾਲੇ, ਹਮਾਰੀ ਚਾਲੇ।

ਦੂਜੇ ਪਾਸੇ ਮੀਡੀਆ ਵਲੋਂ ਜਦੋਂ ਇਸ ਬਿਆਨ ਬਾਰੇ ਰਾਜਾ ਵੜਿੰਗ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਸਿਰਫ ਇਹ ਕਿਹਾ ਕਿ ਜੇਕਰ ਉਹ ਕਾਂਗਰਸ ਉਮੀਦਵਾਰ ਨੂੰ ਜਿਤਾਉਣਗੇ ਤਾਂ ਉਨ੍ਹਾਂ ਦਾ ਪੰਜਾਬ ਆਉਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। 'ਖੰਘ ਵਾਲੀ ਦਵਾਈ' 'ਤੇ ਉਨ੍ਹਾਂ ਕਿਹਾ ਕਿ ਮੇਰੇ ਕਹਿਣ ਦਾ ਮਤਲਬ 'ਕੋਰੈਕਸ' ਨਾਲ ਸੀ, ਕਿਉਂਕਿ ਇਨ੍ਹਾਂ ਦਿਨੀਂ ਲੋਕਾਂ ਨੂੰ ਕਾਫੀ ਖੰਘ ਹੋ ਰਹੀ ਹੈ। ਮੇਰੇ ਕਹਿਣ ਦਾ ਮਤਲਬ ਸ਼ਰਾਬ ਨਾਲ ਨਹੀਂ ਸੀ।

ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਰਾਜਾ ਵੜਿੰਗ ਪਹਿਲਾਂ ਵੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਰਹੇ ਹਨ। ਪਿਛਲੀਆਂ ਚੋਣਾਂ ਦੌਰਾਨ ਪੰਜਾਬ ਦੀ ਬਟਾਲਾ ਵਿਧਾਨਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਦੇ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਤੁਸੀਂ (ਲੋਕ) ਸੇਖੜੀ ਨੂੰ ਜਿਤਾਓ, ਤੁਹਾਡੇ ਬੱਚਿਆਂ ਦੇ ਤੜਾਗੀ (ਨਜ਼ਰ ਤੋਂ ਬਚਾਉਣ ਵਾਲਾ ਧਾਗਾ) ਵੀ ਸੇਖੜੀ ਬੰਨ੍ਹ ਕੇ ਆਇਆ ਕਰਨਗੇ। ਹਰ ਪਿੰਡ ਵਿੱਚ 2-3 ਗੱਡੀਆਂ ਮੌਜ਼ੂਦ ਰਿਹਾ ਕਰਨਗੀਆਂ, ਜੋ ਕਿ ਤੁਹਾਡੇ ਬੇਟੇ ਦੀ ਬਰਾਤ ਲੈ ਕੇ ਜਾਇਆ ਕਰਨਗੀਆਂ। ਸਕੂਲਾਂ ਵਿੱਚ ਪੜ੍ਹਨ ਵਾਲੀਆਂ ਤੁਹਾਡੀਆਂ ਬੇਟੀਆਂ ਲਈ ਸਕੂਟੀ ਦਿਆਂਗੇ, ਜਿਸ 'ਤੇ ਬੈਠ ਕੇ ਉਹ ਸਕੂਲ ਪੜ੍ਹਨ ਜਾਣਗੀਆਂ।

Comments

Leave a Reply