Tue,Jun 18,2019 | 07:08:52pm
HEADLINES:

Punjab

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਕਾਂਗਰਸ ਲਈ ਹੋਣਗੇ ਵੱਡੀ ਚੁਣੌਤੀ

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਕਾਂਗਰਸ ਲਈ ਹੋਣਗੇ ਵੱਡੀ ਚੁਣੌਤੀ

ਬਸਪਾ, ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਨਵਾਂ ਪੰਜਾਬ ਪਾਰਟੀ, ਸੀਪੀਆਈ ਤੇ ਆਰਐਮਪੀਆਈ ਵਿਚਕਾਰ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀਡੀਏ) ਤਹਿਤ ਹੋਇਆ ਗੱਠਜੋੜ ਸੂਬੇ ਦੀ ਸਿਆਸਤ ਵਿੱਚ ਨਵੇਂ ਬਦਲ ਦੇ ਰੂਪ ਵਿੱਚ ਉਭਰਦਾ ਹੋਇਆ ਦਿਖਾਈ ਦੇ ਰਿਹਾ ਹੈ। 11 ਮਾਰਚ ਨੂੰ ਚੰਡੀਗੜ ਵਿਖੇ ਇਨ੍ਹਾਂ ਪਾਰਟੀਆਂ ਵੱਲੋਂ ਕੀਤੀ ਗਈ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਇਸ ਗੱਠਜੋੜ ਦੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬ ਡੈਮਕ੍ਰੋਟਿਕ ਅਲਾਇੰਸ ਦੇ ਐਲਾਨੇ ਗਏ ਉਮੀਦਵਾਰਾਂ 'ਤੇ ਨਜ਼ਰ ਮਾਰੀਏ ਤਾਂ ਇਹ ਚੇਹਰੇ ਮਜ਼ਬੂਤ ਦਿਖਾਈ ਦੇ ਰਹੇ ਹਨ। ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਪਟਿਆਲਾ ਸੀਟ ਤੋਂ ਐਲਾਨੇ ਕੇ ਉਮੀਦਵਾਰ ਡਾ. ਧਰਮਵੀਰ ਗਾਂਧੀ ਪਹਿਲਾਂ ਵੀ ਇਸੇ ਲੋਕਸਭਾ ਸੀਟ ਤੋਂ ਜਿੱਤ ਕੇ ਸਾਂਸਦ ਬਣ ਚੁੱਕੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਪਰਨੀਤ ਕੌਰ ਨੂੰ ਹਰਾ ਕੇ ਇਹ ਜਿੱਤ ਪ੍ਰਾਪਤ ਕੀਤੀ ਸੀ।

ਪੀਡੀਏ ਵੱਲੋਂ ਖਡੂਰ ਸਾਹਿਬ ਲੋਕਸਭਾ ਸੀਟ ਤੋਂ ਮਜ਼ਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇੱਥੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੀਡੀਏ ਦੀ ਟਿਕਟ ਦਿੱਤੀ ਗਈ ਹੈ। ਬੀਬੀ ਪਰਮਜੀਤ ਕੌਰ ਖਾਲੜਾ ਮਨੁੱਖੀ ਅਧਿਕਾਰ ਵਰਕਰ ਜਸਵੰਤ ਸਿੰਘ ਖਾਲੜਾ ਦੇ ਪਤਨੀ ਹਨ। ਉਹ ਝੂਠੇ ਐਨਕਾਉਂਟਰ ਵਿੱਚ ਮਾਰੇ ਗਏ ਪੀੜਤਾਂ ਦੇ ਹੱਕ ਵਿੱਚ ਸੰਘਰਸ਼ ਕਰਦੇ ਰਹੇ ਹਨ। ਸਿੱਖ ਸਮਾਜ ਉਨ੍ਹਾਂ ਨਾਲ ਡੂੰਘਾ ਜੁੜਾਅ ਰੱਖਦਾ ਹੈ।

ਜਲੰਧਰ ਲੋਕਸਭਾ ਸੀਟ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਨੌਜਵਾਨ ਚੇਹਰੇ ਦੇ ਰੂਪ ਵਿੱਚ ਬਲਵਿੰਦਰ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬਲਵਿੰਦਰ ਕੁਮਾਰ ਪੰਜਾਬ ਦੇ ਸਰਕਾਰੀ ਵਿਭਾਗ ਦੇ ਕਲਾਸ ਟੂ ਅਫਸਰ ਦੀ ਨੌਕਰੀ ਛੱਡ ਕੇ ਰਾਜਨੀਤੀ ਵਿੱਚ ਆਏ ਹਨ। ਐਮਏ ਇੰਗਲਿਸ਼, ਐਮਏ ਮਾਸ ਕਮਿਊਨਿਕੇਸ਼ਨ, ਮੈਕੇਨਿਕਲ ਇੰਜੀਨਿਅਰ, ਯੂਜੀਸੀ ਨੈਟ ਕੁਆਲੀਫਾਈਡ ਬਲਵਿੰਦਰ ਕੁਮਾਰ ਇਸ ਸਮੇਂ ਲਾਅ ਦੇ ਸਟੂਡੈਂਟ ਹਨ। 

ਹਿੰਦੀ-ਅੰਗ੍ਰੇਜ਼ੀ ਅਖਬਾਰਾਂ ਵਿੱਚ ਪੱਤਰਕਾਰ ਰਹੇ ਬਲਵਿੰਦਰ ਕੁਮਾਰ ਇੱਕ ਚਰਚਿਤ ਚੇਹਰਾ ਹਨ। ਬਸਪਾ ਵਿੱਚ ਉਹ ਸੂਬਾ ਜਨਰਲ ਸਕੱਤਰ, ਸੂਬਾ ਸਪੋਕਸਪਰਸਨ ਵਰਗੇ ਮੁੱਖ ਅਹੁਦਿਆਂ 'ਤੇ ਰਹਿ ਚੁੱਕੇ ਹਨ। ਜਨਤਾ ਦੇ ਮੁੱਦਿਆਂ 'ਤੇ ਉਹ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਤੇ ਹੁਣ ਤੱਕ ਅਣਗਿਣਤ ਲੋਕਾਂ ਨੂੰ ਇਨਸਾਫ ਦਿਵਾ ਚੁੱਕੇ ਹਨ। ਉਹ ਸਾਫ-ਸੁਥਰੀ ਇਮੇਜ ਵਾਲੇ ਆਗੂ ਮੰਨੇ ਜਾਂਦੇ ਹਨ।

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਫਰੀਦਕੋਟ ਲੋਕਸਭਾ ਸੀਟ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਟਿਕਟ ਦਿੱਤੀ ਹੈ। ਉਹ ਪਹਿਲਾਂ ਆਮ ਆਦਮੀ ਪਾਰਟੀ ਤੇ ਹੁਣ ਪੰਜਾਬ ਏਕਤਾ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਪਛਾਣ ਮਿਹਨਤੀ ਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਦੇ ਤੌਰ 'ਤੇ ਹੁੰਦੀ ਹੈ।

ਫਤਿਹਗੜ ਸਾਹਿਬ ਲੋਕਸਭਾ ਸੀਟ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ। 1984 ਦੇ ਸਿੱਖ ਕਤਲੇਆਮ ਸਮੇਂ ਹਰਿਆਣਾ ਵਿੱਚ ਹੋਂਦ ਚਿੱਲੜ ਨਰਸੰਹਾਰ ਹੋਇਆ ਸੀ, ਜਿਸ ਵਿੱਚ 32 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਮਨਵਿੰਦਰ ਸਿੰਘ ਨੇ ਇਸ ਘਟਨਾ ਨੂੰ ਨਾ ਸਿਰਫ ਲੋਕਾਂ ਸਾਹਮਣੇ ਲਿਆਂਦਾ, ਸਗੋਂ ਉਨ੍ਹਾਂ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੰਮੀ ਲੜਾਈ ਵੀ ਲੜੀ। ਉਨ੍ਹਾਂ ਨੂੰ ਇਸਦੇ ਪਿੱਛੇ ਆਪਣੀ ਨੌਕਰੀ ਵੀ ਗਵਾਉਣੀ ਪਈ।

ਪੀਡੀਏ ਵੱਲੋਂ ਹੁਸ਼ਿਆਰਪੁਰ ਲੋਕਸਭਾ ਸੀਟ ਤੋਂ ਖੁਸ਼ੀ ਰਾਮ ਨੂੰ ਟਿਕਟ ਦਿੱਤੀ ਗਈ ਹੈ। ਖੁਸ਼ੀ ਰਾਮ ਸਾਬਕਾ ਆਈਏਐਸ ਅਧਿਕਾਰੀ ਰਹੇ ਹਨ ਤੇ ਡੀਸੀ ਵੱਜੋਂ ਕਈ ਜ਼ਿਲ੍ਹਿਆਂ ਵਿੱਚ ਸੇਵਾਵਾਂ ਦੇ ਚੁੱਕੇ ਹਨ। ਚੰਗੀ ਕਾਰਗੁਜਾਰੀ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਸ੍ਰੀ ਆਨੰਦਪੁਰ ਸਾਹਿਬ ਲੋਕਸਭਾ ਸੀਟ ਤੋਂ ਵਿਕਰਮ ਸਿੰਘ ਸੋਢੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹ ਪੋਲੋ ਖੇਡ ਦੇ ਅੰਤਰਰਾਸ਼ਟਰੀ ਖਿਡਾਰੀ ਰਹਿ ਚੁੱਕੇ ਹਨ। ਪੇਸ਼ੇ ਤੋਂ ਉਹ ਬਿਜ਼ਨੈਸਮੈਨ ਹਨ। ਇਸਦੇ ਨਾਲ-ਨਾਲ ਉਹ ਇਲਾਕੇ ਦਾ ਚਰਚਿਤ ਚੇਹਰਾ ਹਨ।

ਇਨ੍ਹਾਂ ਉਮੀਦਵਾਰਾਂ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦੇ ਬਠਿੰਡਾ ਲੋਕਸਭਾ ਹਲਕੇ ਤੋਂ ਚੋਣ ਲੜਨ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਖਹਿਰਾ ਦੇ ਬਠਿੰਡਾ ਤੋਂ ਮਜ਼ਬੂਤ ਉਮੀਦਵਾਰ ਹੋਣ ਕਾਰਨ ਅਕਾਲੀ ਦਲ ਇੱਥੋਂ ਹਰਸਿਮਰਤ ਕੌਰ ਨੂੰ ਉਮੀਦਵਾਰ ਬਣਾਉਣ ਤੋਂ ਪੈਰ ਪਿੱਛੇ ਖਿੱਚ ਰਿਹਾ ਹੈ ਤੇ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਚੋਣ ਮੈਦਾਨ 'ਚ ਉਤਾਰਨ ਬਾਰੇ ਸੋਚਣ ਲੱਗਾ ਹੈ।

ਪੀਡੀਏ ਵੱਲੋਂ ਗੁਰਦਾਸਪੁਰ ਤੇ ਫਿਰੋਜ਼ਪੁਰ ਲੋਕਸਭਾ ਸੀਟਾਂ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਤੇ ਸੀਪੀਆਈ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਤੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ।

ਫਿਲਹਾਲ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਮਜ਼ਬੂਤ ਨਜ਼ਰ ਆ ਰਹੇ ਹਨ। ਇਸੇ ਕਾਰਨ ਵਿਰੋਧੀ ਧਿਰ ਦੀਆਂ ਪਾਰਟੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਬਦਲਦੇ ਸਮੀਕਰਨਾਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਦੀਆਂ ਲੋਕਸਭਾ ਚੋਣਾਂ ਵਿੱਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਕਈ ਉਮੀਦਵਾਰ ਕਾਂਗਰਸ ਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਕੇ ਸੰਸਦ ਵਿੱਚ ਪਹੁੰਚਣ 'ਚ ਸਫਲ ਹੋ ਸਕਦੇ ਹਨ। 

Comments

Leave a Reply