Sun,Jan 26,2020 | 07:44:35am
HEADLINES:

Punjab

ਪੰਜਾਬ 'ਚ ਬੰਦ ਦਾ ਵੱਡਾ ਅਸਰ, ਸੜਕਾਂ 'ਤੇ ਡਟੇ ਰਹੇ ਲੋਕ

ਪੰਜਾਬ 'ਚ ਬੰਦ ਦਾ ਵੱਡਾ ਅਸਰ, ਸੜਕਾਂ 'ਤੇ ਡਟੇ ਰਹੇ ਲੋਕ

ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੇ ਵਿਰੋਧ ਵਿੱਚ 13 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਕੀਤੀ ਗਈ ਸੀ। ਇਸ ਦੌਰਾਨ ਪੰਜਾਬ ਬੰਦ ਦਾ ਵੱਡੇ ਪੱਧਰ 'ਤੇ ਅਸਰ ਦੇਖਣ ਨੂੰ ਮਿਲਿਆ।

ਮੁਕੇਰੀਆਂ ਨੂੰ ਛੱਡ ਕੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਬੰਦ ਸ਼ਾਂਤੀਪੂਰਨ ਰਿਹਾ। ਮੁਕੇਰੀਆਂ ਵਿੱਚ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਸੰਘਰਸ਼ ਹੋਣ ਦੀ ਖਬਰ ਹੈ।

ਬਸਪਾ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਵਿਧਾਨਸਭਾ ਹਲਕਾ ਚੱਬੇਵਾਲ ਸਮੇਤ ਵੱਖ-ਵੱਖ ਸਥਾਨਾਂ 'ਤੇ ਧਰਨੇ ਪ੍ਰਦਰਸ਼ਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੇ ਮਾਮਲੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਜਮ ਕੇ ਘੇਰਿਆ।

ਜਲੰਧਰ ਜ਼ਿਲ੍ਹੇ ਦੇ ਫਿਲੌਰ, ਆਦਮਪੁਰ, ਕਰਤਾਰਪੁਰ, ਨਕੋਦਰ, ਸ਼ਾਹਕੋਟ ਸਮੇਤ ਸ਼ਹਿਰੀ ਖੇਤਰ ਵਿੱਚ ਲੋਕ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਬੈਠੇ ਰਹੇ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਬਸਪਾ ਦੇ ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ ਵੱਡੇ ਪੱਧਰ 'ਤੇ ਰਹੀ। 

ਇਸ ਸਬੰਧ ਵਿੱਚ ਬਸਪਾ ਆਗੂ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਜਲੰਧਰ ਵਿੱਚ ਬੰਦ ਸ਼ਾਂਤੀਪੂਰਨ ਰਿਹਾ। ਲੋਕਾਂ ਨੇ ਸ਼ਾਂਤਮਈ ਢੰਗ ਨਾਲ ਆਪਣਾ ਗੁੱਸਾ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪ੍ਰਗਟ ਕੀਤਾ।

ਉਨ੍ਹਾਂ ਕਿਹਾ ਕਿ ਡੀਡੀਏ, ਜਿਸਨੇ ਕਿ ਦਿੱਲੀ ਵਿੱਚ ਮੰਦਰ ਤੋੜਨ ਦੀ ਕਾਰਵਾਈ ਕੀਤੀ ਹੈ, ਉਹ ਕੇਂਦਰ ਸਰਕਾਰ ਅਧੀਨ ਹੈ। ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਸੇ ਜਗ੍ਹਾ 'ਤੇ ਮੰਦਰ ਦਾ ਨਿਰਮਾਣ ਕਰੇ। ਜਲੰਧਰ ਵਿੱਚ ਧਰਨੇ ਪ੍ਰਦਰਸ਼ਨ ਸਵੇਰੇ 9 ਵਜੇ ਤੋਂ ਸ਼ਾਮ ਕਰੀਬ 6 ਵਜੇ ਤੱਕ ਲੱਗੇ ਰਹੇ।

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਇਸੇ ਤਰ੍ਹਾਂ ਲੋਕ ਸੜਕਾਂ 'ਤੇ ਡਟੇ ਰਹੇ। ਇੱਥੇ ਮੁਕੇਰੀਆਂ ਵਿੱਚ ਦੁਕਾਨਦਾਰਾਂ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚਕਾਰ ਝੜਪ ਹੋਣ ਦੀ ਖਬਰ ਹੈ, ਜਦਕਿ ਬਾਕੀ ਜਗ੍ਹਾ ਸ਼ਾਂਤੀ ਬਣੀ ਰਹੀ। ਹੁਸ਼ਿਆਰਪੁਰ ਵਿੱਚ ਬਸਪਾ ਸੂਬਾ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ, ਬਸਪਾ ਆਗੂ ਪੁਰਸ਼ੋਤਮ ਅਹੀਰ, ਇੰਜੀ. ਮਹਿੰਦਰ ਸਿੰਘ ਸੰਧਰਾਂ, ਦਲਜੀਤ ਰਾਏ, ਬਿੱਟਾ ਸਮੇਤ ਕਈ ਉਘੀਆਂ ਸ਼ਖਸੀਅਤਾਂ ਦੀ ਅਗਵਾਈ ਵਿੱਚ ਵੱਖ-ਵੱਖ ਸਥਾਨਾਂ 'ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਰਨੇ ਜਾਰੀ ਰਹੇ। 

ਲੁਧਿਆਣਾ ਤੇ ਫਗਵਾੜਾ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੈਸ਼ਨਲ ਹਾਈਵੇ 'ਤੇ ਡਟੀਆਂ ਰਹੀਆਂ। ਇਸ ਦੌਰਾਨ ਟ੍ਰੈਫਿਕ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਹਾਲਾਂਕਿ ਐਂਬੂਲੈਂਸ, ਜ਼ਰੂਰੀ ਕੰਮ ਲਈ ਜਾਣ ਵਾਲੇ ਲੋਕਾਂ ਨੂੰ ਰੋਕਿਆ ਨਹੀਂ ਗਿਆ। 

ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ, ਪਟਿਆਲਾ, ਬਠਿੰਡਾ ਆਦਿ ਜ਼ਿਲ੍ਹਿਆਂ ਵਿੱਚ ਵੀ ਭਾਰੀ ਗਿਣਤੀ 'ਚ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰਦੇ ਨਜ਼ਰ ਆਏ।

Comments

Leave a Reply