Sat,Mar 23,2019 | 02:52:32am
HEADLINES:

Punjab

ਐਸਸੀ-ਐਸਟੀ ਐਕਟ : ਪੰਜਾਬ 'ਚ ਵਿਆਨਾ ਕਾਂਡ ਵਰਗਾ ਮਾਹੌਲ, ਟ੍ਰੈਫਿਕ ਬੰਦ, ਲੋਕ ਸੜਕਾਂ 'ਤੇ

ਐਸਸੀ-ਐਸਟੀ ਐਕਟ : ਪੰਜਾਬ 'ਚ ਵਿਆਨਾ ਕਾਂਡ ਵਰਗਾ ਮਾਹੌਲ, ਟ੍ਰੈਫਿਕ ਬੰਦ, ਲੋਕ ਸੜਕਾਂ 'ਤੇ

ਐਸਸੀ-ਐਸਟੀ ਐਕਟ ਨੂੰ ਲੈ ਕੇ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਵਿੱਚ ਬੰਦ ਪ੍ਰਭਾਵਸ਼ਾਲੀ ਰਿਹਾ। ਅੱਜ ਤੋਂ ਕਰੀਬ 9 ਸਾਲ ਪਹਿਲਾਂ ਵਿਆਨਾ ਕਾਂਡ ਦੌਰਾਨ ਹੀ ਸੜਕਾਂ 'ਤੇ ਅਜਿਹਾ ਸੰਨਾਟਾ ਦਿਖਾਈ ਦਿੱਤਾ ਸੀ।

2 ਅਪ੍ਰੈਲ ਨੂੰ ਭਾਰਤ ਬੰਦ ਦੌਰਾਨ ਸਕੂਲ, ਸਿੱਖਿਆ ਸੰਸਥਾਨ, ਸਰਕਾਰੀ ਅਦਾਰੇ, ਬੱਸ ਸੇਵਾ, ਇੰਟਰਨੈਟ ਸੇਵਾ ਪੂਰੀ ਤਰ੍ਹਾਂ ਬੰਦ ਰਹੇ। ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੇ ਸੰਵਿਧਾਨਕ ਹੱਕ ਲਈ ਇੱਕਮੁੱਠ ਹੋ ਕੇ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਭਾਰੀ ਰੋਸ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀ ਸਵੇਰ ਤੋਂ ਹੀ ਸੜਕਾਂ 'ਤੇ ਆ ਗਏ ਤੇ ਸ਼ਾਮ ਤੱਕ ਡਟੇ ਰਹੇ।

ਐਸਸੀ ਵਰਗਾਂ ਦੇ ਲੋਕਾਂ ਨੇ ਇੱਕਮੁੱਠ ਹੋ ਕੇ ਬੰਦ ਨੂੰ ਸਫਲ ਬਣਾਇਆ। ਕਈ ਸਥਾਨਾਂ 'ਤੇ ਸਿੱਖ ਸੰਗਠਨਾਂ ਨੇ ਵੀ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਜ਼ਿਮੀਂਦਾਰ ਭਾਈਚਾਰੇ ਦੇ ਲੋਕ ਵੀ ਧਰਨਿਆਂ 'ਚ ਬੈਠੇ ਨਜ਼ਰ ਆਏ। 

ਬੰਦ ਦੌਰਾਨ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੱਡੇ ਪੱਧਰ 'ਤੇ ਹਿੰਸਾ ਹੋਣ ਦੀਆਂ ਖਬਰਾਂ ਆਈਆਂ, ਜਦਕਿ ਦਲਿਤਾਂ ਦੀ ਵੱਡੀ ਆਬਾਦੀ ਵਾਲੇ ਸੂਬੇ ਪੰਜਾਬ 'ਚ ਬੰਦ ਲਗਭਗ ਸ਼ਾਂਤੀਪੂਰਨ ਰਿਹਾ।

ਬੰਦ ਦੌਰਾਨ ਲੋਕਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਤੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨੌਜਵਾਨਾਂ, ਬਜ਼ੁਰਗਾਂ ਦੇ ਨਾਲ-ਨਾਲ ਮਹਿਲਾਵਾਂ ਨੇ ਵੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਨੂੰ ਲੋਕਸਭਾ ਚੋਣਾਂ 'ਚ ਨਤੀਜੇ ਭੁਗਤਣ ਦੀ ਵੀ ਚਿਤਾਵਨੀ ਦਿੱਤੀ।

ਫਿਰੋਜ਼ਪੁਰ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਖੜ੍ਹੀ ਜੰਮੂ-ਤਵੀ ਐਕਸਪ੍ਰੈੱਸ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਸਥਾਨਕ ਕਰ ਤੇ ਆਬਕਾਰੀ ਵਿਭਾਗ ਦੇ ਦਫ਼ਤਰ ਤੋਂ ਇਲਾਵਾ ਇੱਥੇ ਰੇਲਵੇ ਦੇ ਡਿਵੀਜ਼ਨਲ ਦਫ਼ਤਰ ਵਿੱਚ ਵੀ ਭੰਨਤੋੜ ਕੀਤੀ।

ਪਟਿਆਲਾ 'ਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਲਾਈਨਾਂ 'ਤੇ ਸਵੇਰੇ ਕਰੀਬ ਸਾਢੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਦੀ ਆਵਾਜਾਈ ਰੋਕੀ। ਸ਼ਹਿਰਾਂ ਅਤੇ ਕਸਬਿਆਂ ਵਿੱਚ ਉਨ੍ਹਾਂ ਰੈਲੀਆਂ ਤੇ ਮੀਟਿੰਗਾਂ ਕਰਕੇ ਐਸਸੀ, ਐਸਟੀ ਐਕਟ ਨੂੰ ਕਮਜ਼ੋਰ ਬਣਾਉਣ ਵਿਰੁੱਧ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ।

ਚਮਕੌਰ ਸਾਹਿਬ ਵਿੱਚ ਬਸਪਾ ਵੱਲੋਂ ਸਫ਼ਾਈ ਕਰਮਚਾਰੀ ਯੂਨੀਅਨ ਅਤੇ ਅਕਾਲੀ ਦਲ (ਅ) ਸਰਕਲ ਚਮਕੌਰ ਸਾਹਿਬ ਦੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਇੱਥੋਂ ਦੇ ਬਾਜ਼ਾਰਾਂ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਭੂਰੜੇ ਚੌਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ ਗਈ।

ਖਬਰਾਂ ਮੁਤਾਬਕ, ਰੋਸ ਮਾਰਚ ਦੌਰਾਨ ਖੁੱਲ੍ਹੀਆਂ ਦੁਕਾਨਾਂ ਨੂੰ ਜਬਰਦਸਤੀ ਬੰਦ ਵੀ ਕਰਵਾਇਆ ਗਿਆ। ਰੋਸ ਮਾਰਚ ਦੌਰਾਨ ਕੁਝ ਥਾਵਾਂ 'ਤੇ ਬਸਪਾ ਵਰਕਰਾਂ ਦੀ ਦੁਕਾਨਦਾਰਾਂ ਨਾਲ ਝੜਪ ਵੀ ਹੋਈ। ਸ਼੍ਰੋਮਣੀ ਯੂਥ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਲਖਵੀਰ ਸਿੰਘ, ਟਰਾਂਸਪੋਰਟਰ ਬਲਦੇਵ ਸਿੰਘ ਅਤੇ ਰਾਣਾ ਕੰਧੋਲਾ ਨੇ ਜਦੋਂ ਦੁਕਾਨ ਬੰਦ ਕਰਨ ਤੋਂ ਇਨਕਾਰ ਕੀਤਾ ਤਾਂ ਪ੍ਰਦਰਸ਼ਨ ਕਰ ਰਹੇ ਬਸਪਾ ਵਰਕਰਾਂ ਦੀ ਇਨ੍ਹਾਂ ਨਾਲ ਤਿੱਖੀ ਝੜਪ ਹੋ ਗਈ, ਜਿਸ ਕਾਰਨ ਪ੍ਰਦਰਸ਼ਨਕਾਰੀ ਉੱਥੇ ਹੀ ਧਰਨਾ ਮਾਰ ਕੇ ਬੈਠ ਗਏ।

ਡੀਐੱਸਪੀ ਰੂਪਨਗਰ ਮਨਵੀਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਹਰਕੀਰਤ ਸਿੰਘ ਨੇ ਸਥਿਤੀ ਸੰਭਾਲਦਿਆਂ ਉਕਤ ਦੁਕਾਨ ਬੰਦ ਕਰਵਾਈ, ਜਿਸ ਤੋਂ ਬਾਅਦ ਬਸਪਾ ਵਰਕਰ ਅੱਗੇ ਵਧ ਗਏ। ਸ਼ਹਿਰ ਵਿੱਜ ਅਜਿਹੀਆਂ ਤਿੰਨ-ਚਾਰ ਹੋਰ ਘਟਨਾਵਾਂ ਵੀ ਵਾਪਰੀਆਂ, ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।

ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਲੋਕ ਵੱਡੀ ਗਿਣਤੀ 'ਚ ਸੜਕਾਂ 'ਤੇ ਪ੍ਰਦਰਸ਼ਨ ਕਰਦੇ ਨਜ਼ਰ ਆਏ। ਲੋਕਾਂ ਨੇ ਇਸ ਦੌਰਾਨ ਭਾਜਪਾ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਸੜਕਾਂ ਜਾਮ ਰੱਖੀਆਂ।

Comments

Leave a Reply