Sat,May 30,2020 | 12:09:30am
HEADLINES:

Punjab

ਪ੍ਰਿੰਸੀਪਲ ਸੈਕਟਰੀ ਨੇ ਪੱਤਰ ਜਾਰੀ ਕਰਕੇ ਰੁਕੀਆਂ ਡਿਗਰੀਆਂ ਜਾਰੀ ਕਰਾਉਣ ਦੇ ਦਿੱਤੇ ਆਦੇਸ਼

ਪ੍ਰਿੰਸੀਪਲ ਸੈਕਟਰੀ ਨੇ ਪੱਤਰ ਜਾਰੀ ਕਰਕੇ ਰੁਕੀਆਂ ਡਿਗਰੀਆਂ ਜਾਰੀ ਕਰਾਉਣ ਦੇ ਦਿੱਤੇ ਆਦੇਸ਼

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣ ਕਾਰਨ ਸੂਬੇ 'ਚ ਹਜ਼ਾਰਾਂ ਵਿਦਿਆਰਥੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਰਕੇ ਨਿੱਜੀ ਸਿੱਖਿਆ ਸੰਸਥਾਨਾਂ ਵੱਲੋਂ ਵਿਦਿਆਰਥੀਆਂ ਨੂੰ ਬਿਨਾਂ ਫੀਸ ਦਾਖਲਾ ਨਹੀਂ ਦਿੱਤਾ ਜਾ ਰਿਹਾ ਹੈ। ਨਾਲ ਹੀ ਪੜ੍ਹਾਈ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਡਿਗਰੀਆਂ ਰੋਕੀਆਂ ਜਾ ਰਹੀਆਂ ਹਨ।

ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਇਨ੍ਹਾਂ ਸਮੱਸਿਆਵਾਂ ਨੂੰ ਜਲੰਧਰ 'ਚ ਹੋਈ ਮੀਟਿੰਗ ਦੌਰਾਨ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਵਿਭਾਗ ਦੇ ਪ੍ਰਮੁੱਖ ਸਕੱਤਰ (ਪ੍ਰਿੰਸੀਪਲ ਸੈਕਟਰੀ) ਕਿਰਪਾ ਸ਼ੰਕਰ ਸਰੋਜ ਅੱਗੇ ਚੁੱਕਿਆ ਸੀ ਅਤੇ ਕਿਹਾ ਸੀ ਕਿ ਵਿਦਿਆਰਥੀਆਂ ਦੀ ਇਸ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇ।

ਇਸ ਤੋਂ ਬਾਅਦ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਵਿਦਿਆਰਥੀਆਂ ਦੀਆਂ ਇਨ੍ਹਾਂ ਰੁਕੀਆਂ ਹੋਈਆਂ ਡਿਗਰੀਆਂ/ਸਰਟੀਫਿਕੇਟ ਨੂੰ ਤੁਰੰਤ ਜਾਰੀ ਕਰਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਇਸਦੇ ਨਾਲ ਹੀ ਰੁਕੀਆਂ ਹੋਈਆਂ ਡਿਗਰੀਆਂ/ਸਰਟੀਫਿਕੇਟ ਦਾ ਵੇਰਵਾ ਵੀ ਇੱਕ ਹਫਤੇ ਅੰਦਰ ਮੰਗ ਲਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਪਰੇਸ਼ਾਨ ਹੋ ਰਹੇ ਹਨ। ਸੂਬੇ 'ਚ ਹਜ਼ਾਰਾਂ ਵਿਦਿਆਰਥੀ ਇਸ ਸਕੀਮ ਦਾ ਲਾਭ ਨਾ ਮਿਲਣ ਕਾਰਨ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿੱਜੀ ਕਾਲਜਾਂ/ਯੂਨੀਵਰਸਿਟੀਆਂ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਬਿਨਾਂ ਫੀਸ ਦਾਖਲਾ ਨਹੀਂ ਦਿੱਤਾ ਜਾ ਰਿਹਾ ਹੈ। ਫੀਸ ਲਈ ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਇੱਥੇ ਤੱਕ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਡਿਗਰੀਆਂ/ਸਰਟੀਫਿਕੇਟ ਉਨ੍ਹਾਂ ਨੂੰ ਨਹੀਂ ਦਿੱਤੇ ਜਾ ਰਹੇ ਹਨ।

ਇਸੇ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਲੰਧਰ 'ਚ ਵੀ ਹਜ਼ਾਰਾਂ ਵਿਦਿਆਰਥੀ ਪ੍ਰਦਰਸ਼ਨ ਦੀ ਰਾਹ 'ਤੇ ਹਨ। ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਆ ਰਹੇ ਬਸਪਾ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਸਟੂਡੈਂਟਸ ਸਮੇਤ ਬੀਤੀ 24 ਫਰਵਰੀ ਨੂੰ ਜਲੰਧਰ ਦੇ ਡੀਸੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੌਰਾਨ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਅੱਗੇ ਇਹ ਮੁੱਦਾ ਚੁੱਕਿਆ ਸੀ।

ਬਸਪਾ ਆਗੂ ਬਲਵਿੰਦਰ ਕੁਮਾਰ ਨੇ ਮੀਟਿੰਗ 'ਚ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਅੱਗੇ ਇਹ ਗੱਲ ਰੱਖੀ ਸੀ ਕਿ ਨਿੱਜੀ ਕਾਲਜਾਂ/ਯੂਨੀਵਰਸਿਟੀਆਂ ਵੱਲੋਂ ਡਿਗਰੀਆਂ/ਸਰਟੀਫਿਕੇਟ ਰੋਕ ਕੇ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਡਿਗਰੀਆਂ/ਸਰਟੀਫਿਕੇਟ ਨਾ ਹੋਣ ਕਾਰਨ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਦੇ ਬਾਵਜੂਦ ਅੱਗੇ ਨੌਕਰੀਆਂ ਲਈ ਅਪਲਾਈ ਨਹੀਂ ਕਰ ਪਾ ਰਹੇ ਹਨ।

ਬਲਵਿੰਦਰ ਕੁਮਾਰ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਵੀ ਨਿੱਜੀ ਕਾਲਜ/ਯੂਨੀਵਰਸਿਟੀਆਂ ਵਿਦਿਆਰਥੀਆਂ ਦੀਆਂ ਡਿਗਰੀਆਂ/ਸਰਟੀਫਿਕੇਟ ਰੋਕ ਰਹੇ ਹਨ ਜਾਂ ਉਨ੍ਹਾਂ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ 'ਤੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਜ਼ਰੂਰੀ ਕਦਮ ਚੁੱਕ ਕੇ ਵਿਦਿਆਰਥੀਆਂ ਨੂੰ ਰਾਹਤ ਦੇਣ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਪ੍ਰਮੁੱਖ ਸਕੱਤਰ ਵੱਲੋਂ ਉੱਚ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਇਨ੍ਹਾਂ ਵਿਦਿਆਰਥੀਆਂ ਦੇ ਰੋਕੇ ਹੋਏ ਸਰਟੀਫਿਕੇਟ/ਡਿਗਰੀਆਂ ਜਾਰੀ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।

12 ਮਾਰਚ ਨੂੰ ਜਾਰੀ ਇਸ ਪੱਤਰ 'ਚ ਕਿਹਾ ਗਿਆ ਹੈ ਕਿ ਜਲੰਧਰ ਦੀਆਂ ਕੁਝ ਵਿੱਦਿਅਕ ਸੰਸਥਾਵਾਂ ਨੇ ਅਨੁਸੂਚਿਤ ਜਾਤੀ ਵਰਗ ਦੇ ਉਨ੍ਹਾਂ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਮੈਟ੍ਰਿਕ ਦੇ ਅਸਲ ਸਰਟੀਫਿਕੇਟ ਰੋਕ ਲਏ ਹਨ, ਜਿਨ੍ਹਾਂ ਦੀ ਪੰਜਾਬ ਸਰਕਾਰ ਨੇ ਫੀਸਾਂ ਦੀ ਰਾਸ਼ੀ ਨਹੀਂ ਭੇਜੀ ਹੈ। ਇਹ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਦਾਖਲੇ ਦੇ ਸਮੇਂ ਵਿਦਿਆਰਥੀਆਂ ਨੇ ਆਪਣੇ ਜੋ ਮੈਟ੍ਰਿਕ ਦੇ ਅਸਲ ਸਰਟੀਫਿਕੇਟ ਸਬੰਧਤ ਵਿੱਦਿਅਕ ਸੰਸਥਾਵਾਂ 'ਚ ਜਮ੍ਹਾਂ ਕਰਵਾਏ ਸਨ, ਉਹ ਮੈਟ੍ਰਿਕ ਦੇ ਸਰਟੀਫਿਕੇਟ ਰੋਕ ਲਏ ਗਏ ਹਨ।

ਇਸ ਕਰਕੇ ਸਬੰਧਤ ਵਿਦਿਆਰਥੀਆਂ ਨੂੰ ਅੱਗੇ ਕੋਈ ਨੌਕਰੀ ਕਰਨ ਦੇ ਵਿੱਚ ਜਾਂ ਕੋਈ ਹੋਰ ਕੋਰਸ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਹੈ। ਉੱਚ ਸਿੱਖਿਆ ਅਧਿਕਾਰੀਆਂ ਦੇ ਨਾਂ ਲਿਖੇ ਇਸ ਪੱਤਰ 'ਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਵੱਲੋਂ ਰੋਕੀਆਂ ਗਈਆਂ ਡਿਗਰੀਆਂ/ਸਰਟੀਫਿਕੇਟ ਨੂੰ ਜਾਰੀ ਕਰਵਾਇਆ ਜਾਵੇ।

ਇਸ ਤੋਂ ਇਲਾਵਾ ਇਹ ਵੇਰਵਾ ਵੀ ਦਿੱਤਾ ਜਾਵੇ ਕਿ ਕਿਹੜੇ-ਕਿਹੜੇ ਵਿੱਦਿਅਕ ਸੰਸਥਾਨ ਨੇ ਕਿਹੜੇ-ਕਿਹੜੇ ਵਿਦਿਆਰਥੀਆਂ ਦੀਆਂ ਡਿਗਰੀਆਂ/ਸਰਟੀਫਿਕੇਟ ਰੋਕੇ ਹਨ। ਇਸ ਮਾਮਲੇ ਦੀ ਰਿਪੋਰਟ ਇੱਕ ਹਫਤੇ 'ਚ ਮੰਗੀ ਗਈ ਹੈ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਬਸਪਾ ਨੇ ਜਲੰਧਰ ਡੀਸੀ ਦਫਤਰ ਸਾਹਮਣੇ ਕੈਪਟਨ ਸਰਕਾਰ ਦਾ ਪੁਤਲਾ ਵੀ ਫੂਕਿਆ ਸੀ।

Comments

Leave a Reply