Tue,Nov 21,2017 | 05:34:11pm
HEADLINES:

Punjab

'ਐਸਸੀ ਵਰਗ ਦੇ ਸੰਵਿਧਾਨਿਕ ਹੱਕ ਖੋਹ ਰਿਹਾ ਹੈ ਪੀਟੀਯੂ ਪ੍ਰਸ਼ਾਸਨ'

'ਐਸਸੀ ਵਰਗ ਦੇ ਸੰਵਿਧਾਨਿਕ ਹੱਕ ਖੋਹ ਰਿਹਾ ਹੈ ਪੀਟੀਯੂ ਪ੍ਰਸ਼ਾਸਨ'

ਜਲੰਧਰ। ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਪ੍ਰਸ਼ਾਸਨ ਵਲੋਂ ਜਾਤੀ ਭੇਦਭਾਵ ਦੀ ਮਾਨਸਿਕਤਾ ਤਹਿਤ ਅਨੁਸੂਚਿਤ ਜਾਤੀ (ਐਸਸੀ) ਵਰਗ ਦੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ ਤੇ ਰਿਜ਼ਰਵੇਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਦੋਸ਼ ਪੀਟੀਯੂ ਦੀ ਐਸਸੀ ਮੁਲਾਜ਼ਮ ਯੂਨੀਅਨ ਨੇ ਲਗਾਇਆ ਹੈ।

ਪੀਟੀਯੂ ਦੇ ਉੱਚ ਅਧਿਕਾਰੀਆਂ ਵਲੋਂ ਐਸਸੀ ਵਰਗ ਦੇ ਲਈ ਰਾਖਵੀਂ ਕੰਟਰੋਲਰ ਆਫ ਐਗਜ਼ਾਮਿਨੇਸ਼ਨ ਦੀ ਪੋਸਟ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਇਸੇ ਤਰ੍ਹਾਂ ਹੀ ਐਸਸੀ ਦੇ ਲਈ ਰਾਖਵੀਂ ਡੀਨ, ਡਾਇਰੈਕਟਰ ਤੇ ਪ੍ਰੋਗਰਾਮਰ ਆਦਿ ਦੀਆਂ ਪੋਸਟਾਂ 'ਤੇ ਭਰਤੀ ਨਹੀਂ ਕੀਤੀ ਜਾ ਰਹੀ ਹੈ। 

ਯੂਨੀਅਨ ਆਗੂਆਂ ਮੁਤਾਬਕ, ਪੀਟੀਯੂ ਨੂੰ ਚਲਾ ਰਹੇ ਉੱਚ ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਜਾਤੀਵਾਦੀ ਰਵੱਈਏ ਦੇ ਵਿਰੁੱਧ ਪੀਟੀਯੂ ਦੇ ਐਸਸੀ ਮੁਲਾਜ਼ਮਾਂ ਦੀ ਯੂਨੀਅਨ ਸੇਵਾ ਪੀਟੀਯੂ ਵਲੋਂ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਇਸ ਸਾਰੇ ਮਾਮਲੇ ਸਬੰਧੀ ਸ਼ਿਕਾਇਤ ਭੇਜੀ ਗਈ ਸੀ, ਜਿਸ 'ਤੇ ਕਮਿਸ਼ਨ  ਨੇ ਚੀਫ ਸੈਕਟਰੀ, ਭਲਾਈ ਵਿਭਾਗ ਪੰਜਾਬ ਸਰਕਾਰ ਨੂੰ 4 ਅਗਸਤ ਨੂੰ ਨੋਟਿਸ ਜਾਰੀ ਕਰਕੇ ਇਸ ਸਬੰਧ ਵਿਚ ਇਕ ਮਹੀਨੇ ਵਿਚ ਜਵਾਬ ਦੇਣ ਦੇ ਲਈ ਕਿਹਾ ਹੈ। 

ਇਸੇ ਤਰ੍ਹਾਂ ਹੀ ਇਨ੍ਹਾਂ ਮੁਲਾਜ਼ਮਾਂ ਵਲੋਂ ਯੂਜੀਸੀ ਨੂੰ ਵੀ ਸ਼ਿਕਾਇਤ ਭੇਜੀ ਗਈ ਸੀ ਤੇ ਜਿਸ 'ਤੇ ਯੂਜੀਸੀ ਵਲੋਂ ਵੀ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ।

ਪੀਟੀਯੂ ਦੇ ਐਸਸੀ ਮੁਲਾਜ਼ਮਾਂ ਦੀ ਯੂਨੀਯਨ ਸੇਵਾ ਪੀਟੀਯੂ ਵਲੋਂ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਕੰਟਰੋਲਰ ਆਫ ਐਗਜ਼ਾਮਿਨੇਸ਼ਨ ਦੀ ਪੋਸਟ ਨੂੰ ਇਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਖਤਮ ਕੀਤਾ ਗਿਆ, ਜਿਸ ਵਿਚ ਮੁੱਖ ਤੌਰ 'ਤੇ ਭੂਮਿਕਾ ਯੂਨੀਵਰਸਿਟੀ ਦੇ ਹੀ ਦੋ ਡਿਪਟੀ ਕੰਟਰੋਲਰ ਆਫ ਐਗਜ਼ਾਮਿਨੇਸ਼ਨ ਦੀ ਰਹੀ ਹੈ। ਜਿਨ੍ਹਾਂ ਨੇ ਸਾਰੇ ਹੀ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਅਤੇ ਗਲਤ ਤਰੀਕੇ ਨਾਲ ਇਸ ਪੋਸਟ ਨੂੰ ਖਤਮ ਕਰਨ ਦੇ ਲਈ ਪ੍ਰਸਤਾਵ ਯੂਨੀਵਰਸਿਟੀ ਦੇ ਬੋਰਡ ਆਫ ਗਵਰਨਰ (ਬੀਓਜੀ) ਦੀ ਮੀਟਿੰਗ ਵਿਚ ਲਿਆਂਦਾ ਤੇ ਇਸ ਨੂੰ ਉਸ ਸਮੇਂ ਦੇ ਵੀਸੀ ਰਾਕੇਸ਼ ਵਰਮਾ, ਆਈਏਐਸ ਵਲੋਂ ਮੰਜ਼ੂਰ ਕਰ ਦਿੱਤਾ ਗਿਆ। 

ਐਸਸੀ ਮੁਲਾਜ਼ਮ ਯੂਨੀਯਨ ਨੇ ਦੋਸ਼ ਲਗਾਇਆ ਹੈ ਕਿ ਇਹ ਸਭ ਮਿਲੀਭੁਗਤ ਨਾਲ ਹੋਇਆ, ਕਿਉਂਕਿ ਜਿਨ੍ਹਾਂ ਦੋ ਡਿਪਟੀ ਕੰਟਰੋਲਰ ਆਫ ਐਗਜ਼ਾਮਿਨੇਸ਼ਨ ਨੇ ਗਲਤ ਢੰਗ ਨਾਲ ਇਸ ਪ੍ਰਸਤਾਵ ਨੂੰ ਬੀਓਜੀ ਦੀ ਮੀਟਿੰਗ ਵਿਚ ਲਿਆਂਦਾ ਉਨ੍ਹਾਂ ਨੂੰ ਉਸ ਸਮੇਂ ਦੇ ਵੀਸੀ ਦਾ ਪੂਰਾ ਆਸ਼ੀਰਵਾਦ ਹਾਸਿਲ ਸੀ। 

ਇਹ ਪੋਸਟ 28 ਦਸੰਬਰ, 2017 ਦੀ ਮੀਟਿੰਗ ਵਿਚ ਖਤਮ ਕੀਤੀ ਤੇ ਉਦੋਂ ਤੋਂ ਐਸਸੀ ਮੁਲਾਜ਼ਮਾਂ ਵਲੋਂ ਯੂਨੀਵਰਸਿਟੀ ਦੇ ਵੀਸੀ ਤੇ ਰਜਿਸਟਰਾਰ ਨੂੰ ਦਰਜਨਾਂ ਵਾਰ ਇਸ ਸਬੰਧੀ ਮੰਗ ਪੱਤਰ ਦਿੱਤੇ ਗਏ ਤੇ ਮਿਲਿਆ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਐਸਸੀ ਮੁਲਾਜ਼ਮਾਂ ਵਲੋਂ ਐਸਸੀ ਕਮਿਸ਼ਨ ਤੇ ਯੂਜੀਸੀ ਨੂੰ ਸ਼ਿਕਾਇਤ ਪੱਤਰ ਲਿਖਿਆ ਗਿਆ ਤੇ ਉਨ੍ਹਾਂ ਵਲੋਂ ਇਸ ਸਬੰਧੀ ਜਵਾਬ ਤਲਬੀ ਦੇ ਲਈ ਨੋਟਿਸ ਜਾਰੀ ਕੀਤੇ ਗਏ ਹਨ।

Comments

Leave a Reply