Sat,May 30,2020 | 01:25:14am
HEADLINES:

Punjab

ਬਕਾਇਆ ਰਕਮ ਨਾ ਦੇਣ ਕਰਕੇ ਗੋਲਡ ਮੈਡਲਿਸਟ ਐੱਸਸੀ ਵਿਦਿਆਰਥੀ ਨੂੰ ਨਹੀਂ ਮਿਲਿਆ ਸਨਮਾਨ

ਬਕਾਇਆ ਰਕਮ ਨਾ ਦੇਣ ਕਰਕੇ ਗੋਲਡ ਮੈਡਲਿਸਟ ਐੱਸਸੀ ਵਿਦਿਆਰਥੀ ਨੂੰ ਨਹੀਂ ਮਿਲਿਆ ਸਨਮਾਨ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣ ਕਾਰਨ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਮਾੜੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦੀ ਸਥਿਤੀ 'ਚੋਂ ਗੋਲਡ ਮੈਡਲਿਸਟ ਐੱਸਸੀ ਵਿਦਿਆਰਥੀ ਪਵਨਬੀਰ ਸਿੰਘ ਨੂੰ ਵੀ ਲੰਘਣਾ ਪੈ ਰਿਹਾ ਹੈ।

ਬੀਤੇ 5 ਮਾਰਚ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ 46ਵੀਂ ਕਨਵੋਕੇਸ਼ਨ ਸੀ। ਇਸ ਮੌਕੇ 'ਤੇ 169 ਮੈਡਲ, 16 ਮੈਮੋਰੀਅਲ ਟਰਾਫੀ, 87 ਪੀਐੱਚਡੀ, 9 ਐੱਮਫਿਲ, 265 ਮਾਸਟਰ ਅਤੇ 242 ਬੈਚਲਰ ਡਿਗਰੀਆਂ ਵੱਖ-ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਵੱਲੋਂ ਦਿੱਤੀਆਂ ਗਈਆਂ। ਨਿਰਾਸ਼ਾਜਨਕ ਗੱਲ ਇਹ ਰਹੀ ਕਿ ਪਵਨਬੀਰ ਸਿੰਘ ਵਰਗੇ ਐੱਸਸੀ ਵਿਦਿਆਰਥੀ ਨੂੰ ਇਸ ਦੌਰਾਨ ਸਨਮਾਨ ਤੋਂ ਵਾਂਝਾ ਕਰ ਦਿੱਤਾ ਗਿਆ।

ਪਵਨਬੀਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸਨੂੰ ਬਕਾਇਆ ਰਕਮ ਨਾ ਦੇਣ ਕਾਰਨ ਇਸ ਕਨਵੋਕੇਸ਼ਨ 'ਚ ਸਨਮਾਨਿਤ ਕਰਨ ਤੋਂ ਯੂਨੀਵਰਸਿਟੀ ਵੱਲੋਂ ਮਨ੍ਹਾਂ ਕਰ ਦਿੱਤਾ ਗਿਆ।

ਪਵਨਬੀਰ ਨੇ ਕਿਹਾ ਕਿ ਉਹ ਐੱਸਸੀ ਕੈਟੇਗਰੀ ਨਾਲ ਸਬੰਧਤ ਹੈ ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪੜ੍ਹ ਰਿਹਾ ਹੈ। ਇਸ ਸਕੀਮ ਅਨੁਸਾਰ ਐੱਸਸੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚ ਸੂਬਾ ਸਰਕਾਰ ਨੇ ਦੇਣਾ ਹੁੰਦਾ ਹੈ, ਜੋ ਸਰਕਾਰ ਨੇ ਹਾਲੇ ਤੱਕ ਨਹੀਂ ਚੁਕਾਇਆ।

ਪਵਨਬੀਰ ਨੇ ਪੰਜਾਬੀ ਵਿਭਾਗ 'ਚ ਬੀਏ ਤੇ ਐੱਮਏ ਦੇ ਕੋਰਸ 'ਚ ਵੀ ਗੋਲਡ ਮੈਡਲ ਪ੍ਰਾਪਤ ਕਰਨ ਦੇ ਨਾਲ ਯੂਜੀਸੀ ਦੇ ਇਮਤਿਹਾਨ 'ਚੋਂ ਜੇਆਰਐੱਫ ਵੀ ਪਾਸ ਕੀਤਾ ਹੋਇਆ ਹੈ। ਪਵਨਬੀਰ ਦਾ ਕਹਿਣਾ ਹੈ ਕਿ ਬਕਾਇਆ ਰਾਸ਼ੀ ਜਮ੍ਹਾਂ ਨਾ ਹੋਣ ਕਰਕੇ ਹੀ ਉਸਨੂੰ ਕਨਵੋਕੇਸ਼ਨ ਦੌਰਾਨ ਸਨਮਾਨਿਤ ਨਹੀਂ ਕੀਤਾ ਗਿਆ।

Comments

Leave a Reply