Mon,Dec 18,2017 | 08:16:51pm
HEADLINES:

Punjab

ਮਿਡ ਡੇ ਮੀਲ ਸਕੀਮ ਨੂੰ ਚਲਾ ਪਾਉਣਾ ਔਖਾ ਹੋਇਆ

ਮਿਡ ਡੇ ਮੀਲ ਸਕੀਮ ਨੂੰ ਚਲਾ ਪਾਉਣਾ ਔਖਾ ਹੋਇਆ

ਲੁਧਿਆਣਾ। ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ ਜਾਰੀ ਮਿਡ ਡੇ ਮੀਲ ਸਕੀਮ ਨੂੰ ਚਲਾ ਪਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਸਕੀਮ ਲਈ ਸਕੂਲਾਂ ਨੂੰ ਫੰਡ ਉਪਲਬਧ ਨਾ ਹੋਣ ਕਾਰਨ ਬੱਚਿਆਂ ਲਈ ਭੋਜਨ ਬਣਨਾ ਬੰਦ ਹੋ ਗਿਆ ਹੈ। 
 
ਇੱਕ ਮੀਡੀਆ ਰਿਪੋਰਟ ਮੁਤਾਬਕ, ਫ਼ਿਰੋਜ਼ਪੁਰ 'ਚ ਕਰੀਬ 800 ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿੱਚ ਮਿਡ ਡੇ ਮੀਲ ਦੇ ਚੁੱਲ੍ਹੇ ਲੰਘੀ 6 ਨਵੰਬਰ ਤੋਂ ਠੰਢੇ ਪਏ ਹਨ। ਰਿਪੋਰਟ ਮੁਤਾਬਕ, ਮਿਡ ਡੇ ਮੀਲ ਤਿਆਰ ਕਰਨ ਵਾਸਤੇ ਮਿਲਣ ਵਾਲੇ ਸਰਕਾਰੀ ਫ਼ੰਡ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਮਿਲੇ। ਹਨ।
 
ਹੁਣ ਤੱਕ ਅਧਿਆਪਕ ਪੱਲਿਓਂ ਖਰਚ ਕਰਕੇ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾ ਰਹੇ ਸਨ, ਪਰ ਅਗਾਂਹ ਤੋਂ ਉਨ੍ਹਾਂ ਹੱਥ ਖੜ੍ਹੇ ਕਰ ਦਿੱਤੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਦੇ 852 ਸਕੂਲਾਂ ਦੇ 72,327 ਵਿਦਿਆਰਥੀਆਂ ਵਿੱਚੋਂ ਬਹੁਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਨਸੀਬ ਨਹੀਂ ਹੋ ਰਿਹਾ। ਕੁੱਕ ਬੀਬੀਆਂ ਡਿਊਟੀ 'ਤੇ ਰੋਜ਼ਾਨਾ ਆ ਰਹੀਆਂ ਹਨ, ਪਰ ਰਾਸ਼ਨ ਮੁਹੱਈਆ ਨਾ ਹੋਣ ਕਾਰਨ ਖਾਣਾ ਤਿਆਰ ਨਹੀਂ ਕਰ ਰਹੀਆਂ।
 
ਮੀਡੀਆ ਰਿਪੋਰਟ ਮੁਤਾਬਕ, ਸਿਰਫ਼ 1700 ਰੁਪਏ ਪ੍ਰਤੀ ਮਹੀਨਾ ਤਨਖ਼ਾਹ 'ਤੇ ਕੰਮ ਕਰਨ ਵਾਲੀਆਂ ਇਨ੍ਹਾਂ ਬੀਬੀਆਂ ਨੂੰ ਸਤੰਬਰ ਮਹੀਨੇ ਦੀ ਤਨਖ਼ਾਹ 15 ਨਵੰਬਰ ਨੂੰ ਮਿਲੀ। ਇੱਥੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇੱਕ ਦਰਜਨ ਪਿੰਡਾਂ ਦਾ ਇਕਲੌਤਾ ਸਰਕਾਰੀ ਸੀਨੀਅਰ ਸੈਕੰਡਰੀ ਗੱਟੀ ਰਾਜੋ ਕੀ ਪਿੰਡ ਵਿੱਚ ਸਥਿਤ ਹੈ।
 
ਇਸ ਸਕੂਲ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਉਧਾਰ ਰਾਸ਼ਨ ਲੈ ਕੇ ਤਿੰਨ ਸੌ ਤੋਂ ਵੱਧ ਬੱਚਿਆਂ ਨੂੰ ਮਿਡ ਡੇ ਮੀਲ ਮੁਹੱਈਆ ਕਰਵਾ ਰਹੇ ਹਨ। ਰਾਸ਼ਨ ਦੇਣ ਵਾਲੇ ਦੁਕਾਨਦਾਰ ਦਾ ਉਧਾਰ ਅੱਸੀ ਹਜ਼ਾਰ ਰੁਪਏ ਹੋ ਗਿਆ। ਉਸ ਨੇ ਹੋਰ ਉਧਾਰ ਦੇਣ ਤੋਂ ਨਾਂਹ ਕਰ ਦਿੱਤੀ।
 
ਪ੍ਰਿੰਸੀਪਲ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਮਿਡ ਡੇ ਮੀਲ ਅਧਿਆਪਕਾਂ ਵਾਸਤੇ ਪ੍ਰੇਸ਼ਾਨੀ ਦਾ ਸਬੱਬ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮਿਡ ਡੇ ਮੀਲ ਬੰਦ ਹੋਣ ਤੋਂ ਬਾਅਦ ਕਈ ਬੱਚਿਆਂ ਨੇ ਸਕੂਲ ਆਉਣਾ ਬੰਦ ਕਰ ਦਿੱਤਾ ਹੈ।
 
ਕਈ ਅਧਿਆਪਕਾਂ ਨੂੰ ਸਾਲ 2012 ਵਿੱਚ ਖਰਚੀ ਰਕਮ ਅਜੇ ਤੱਕ ਨਹੀਂ ਮਿਲੀ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮਿਡ ਡੇ ਮੀਲ ਦੀ 20 ਫੀਸਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀ ਗ੍ਰਾਂਟ ਵੀ ਛੇਤੀ ਭੇਜ ਦਿੱਤੀ ਜਾਵੇਗੀ।

 

Comments

Leave a Reply