Sat,May 25,2019 | 01:24:22pm
HEADLINES:

Punjab

98 ਸਾਲ ਪਹਿਲਾਂ 14 ਦਸੰਬਰ ਨੂੰ ਬਣਿਆ ਸੀ ਅਕਾਲੀ ਦਲ, ਉਸੇ ਦਿਨ ਹੋਵੇਗਾ ਨਵੇਂ ਅਕਾਲੀ ਦਲ ਦਾ ਜਨਮ

98 ਸਾਲ ਪਹਿਲਾਂ 14 ਦਸੰਬਰ ਨੂੰ ਬਣਿਆ ਸੀ ਅਕਾਲੀ ਦਲ, ਉਸੇ ਦਿਨ ਹੋਵੇਗਾ ਨਵੇਂ ਅਕਾਲੀ ਦਲ ਦਾ ਜਨਮ

ਅੱਜ ਤੋਂ ਕਰੀਬ 98 ਸਾਲ ਪਹਿਲਾਂ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ। 14 ਦਸੰਬਰ ਨੂੰ ਅਕਾਲੀ ਦਲ ਦੀ ਸਥਾਪਨਾ ਦੇ 98 ਸਾਲ ਪੂਰੇ ਹੋ ਜਾਣਗੇ। ਇਸੇ ਦਿਨ ਪੰਜਾਬ ਵਿੱਚ ਨਵਾਂ ਅਕਾਲੀ ਦਲ ਜਨਮ ਲਵੇਗਾ। ਇਹ ਐਲਾਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂਆਂ ਨੇ ਕਰ ਦਿੱਤਾ ਹੈ।
 
2 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਵਿੱਚ ਟਕਸਾਲੀ ਆਗੂ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਸਾਂਸਦ ਡਾ. ਰਤਨ ਸਿੰਘ ਅਜਨਾਲਾ ਤੇ ਮਨਮੋਹਨ ਸਿੰਘ ਸਠੀਆਲਾ ਨੇ ਐਲਾਨ ਕਰਦੇ ਹੋਏ ਕਿਹਾ ਕਿ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 'ਤੇ ਉਹ ਨਵੇਂ ਅਕਾਲੀ ਦਲ ਦਾ ਗਠਨ ਕਰਨਗੇ।
 
ਨਵੇਂ ਅਕਾਲੀ ਦਲ ਦਾ ਸੰਵਿਧਾਨ ਉਹੀ ਹੋਵੇਗਾ, ਜੋ ਸਾਲ 1920 ਦੌਰਾਨ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੌਰਾਨ ਬਣਾਇਆ ਗਿਆ ਸੀ। ਇਸ ਵਿੱਚ ਕੁਝ ਬਦਲਾਅ ਕੀਤਾ ਜਾਵੇਗਾ।
 
ਇਸ ਨਵੇਂ ਅਕਾਲੀ ਦਲ ਦੀ ਸਥਾਪਨਾ ਯਕੀਨੀ ਤੌਰ 'ਤੇ ਬਾਦਲਾਂ ਦੀ ਪਰੇਸ਼ਾਨੀ ਵਧਾਉਣ ਵਾਲੀ ਹੋਵੇਗੀ, ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਕਈ ਅਕਾਲੀ ਆਗੂ ਨਵੇਂ ਅਕਾਲੀ ਦਲ ਦਾ ਹਿੱਸਾ ਬਣ ਸਕਦੇ ਹਨ।
 
ਅਕਾਲੀ ਦਲ ਬਾਦਲ ਵਿੱਚ ਕਈ ਹੇਠਲੇ ਪੱਧਰ ਦੇ ਆਗੂ ਤੇ ਵਰਕਰ ਪਾਰਟੀ ਵਿੱਚ ਚੰਗਾ ਮਹਿਸੂਸ ਨਹੀਂ ਕਰ ਰਹੇ ਹਨ, ਜਿਸ ਕਰਕੇ ਆਉਣ ਵਾਲੇ ਦਿਨਾਂ 'ਚ ਪਾਰਟੀ ਦੇ ਦੂਜੀ ਤੇ ਤੀਜੀ ਕਤਾਰ ਦੇ ਆਗੂ ਵੀ ਅਕਾਲੀ ਦਲ ਬਾਦਲ ਤੋਂ ਦੂਰੀ ਬਣਾ ਸਕਦੇ ਹਨ।
 
ਬ੍ਰਹਮਪੁਰਾ, ਸੇਖਵਾ ਤੇ ਅਜਨਾਲਾ ਨੇ ਕਿਹਾ ਕਿ ਉਨ੍ਹਾਂ ਦੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਂਸਦ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਗੱਲ ਹੋਈ ਹੈ, ਪਰ ਉਨ੍ਹਾਂ ਨੇ ਅਜੇ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਕੋਈ ਗੱਲ ਨਹੀਂ ਕਹੀ ਹੈ।

'ਸ਼੍ਰੋਮਣੀ ਅਕਾਲੀ ਦਲ ਸੁਖਬੀਰ-ਮਜੀਠੀਆ ਦੀ ਪ੍ਰਾਈਵੇਟ ਕੰਪਨੀ'
ਪ੍ਰੈੱਸ ਕਾਨਫਰੰਸ ਦੌਰਾਨ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀ ਬਣਾ ਦਿੱਤਾ ਹੈ।
 
ਦੋਨਾਂ ਨੇ ਨਾਦਿਰਸ਼ਾਹੀ ਸਿਸਟਮ ਲਾਗੂ ਕਰ ਦਿੱਤਾ ਹੈ। ਆਮ ਵਰਕਰਾਂ ਤੇ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਸੁਖਬੀਰ ਤੇ ਮਜੀਠੀਆ ਦੇ ਮੂੰਹ 'ਚੋਂ ਨਿਕਲਿਆ ਹਰ ਸ਼ਬਦ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਤੇ ਨੀਤੀ ਹੁੰਦੀ ਹੈ। ਪੰਥਕ ਮਰਿਆਦਾ ਤਹਿਸ-ਨਹਿਸ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੇਂ ਅਕਾਲੀ ਦਲ ਵਿੱਚ ਹਰ ਵਰਕਰ ਤੇ ਆਗੂ ਦੀ ਸੁਣੀ ਜਾਵੇਗੀ।

ਟਕਸਾਲੀ ਆਗੂਆਂ ਕੋਲ ਲੰਮਾ ਰਾਜਨੀਤਕ ਤਜ਼ਰਬਾ
ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਮਨਮੋਹਨ ਸਿੰਘ ਸਠਿਆਲਾ ਤੇ ਅਮਰਪਾਲ ਸਿੰਘ ਬੌਨੀ ਦਾ ਲੰਮਾ ਰਾਜਨੀਤਕ ਤਜ਼ਰਬਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਚਾਰ ਵਾਰ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਖਡੂਰ ਸਾਹਿਬ ਲੋਕਸਫਾ ਸੀਟ ਤੋਂ ਸਾਂਸਦ ਹਨ। ਬ੍ਰਹਮਪੁਰਾ ਕਈ ਮੁੱਖ ਅਹੁਦਿਆਂ 'ਤੇ ਕੰਮ ਕਰਦੇ ਰਹੇ ਹਨ।
 
ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ ਹੈ। ਡਾ. ਰਤਨ ਸਿੰਘ ਅਜਨਾਲਾ ਚਾਰ ਵਾਰ ਵਿਧਾਇਕ ਚੁਣੇ ਗਏ। ਇੱਕ ਵਾਰ ਤਰਨਤਾਰਨ ਲੋਕਸਭਾ ਸੀਟ ਤੋਂ ਅਤੇ ਦੂਜੀ ਵਾਰ ਖਡੂਰ ਸਾਹਿਬ ਸੀਟ ਤੋਂ ਸਾਂਸਦ ਬਣੇ। ਅਜਨਾਲਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਹਨ। ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਦੇ ਪਿਤਾ ਜੱਥੇਦਾਰ ਉਜਾਗਰ ਸਿੰਘ ਵੀ ਅਕਾਲੀ ਦਲ ਦੇ 2 ਵਾਰ ਵਿਧਾਇਕ ਰਹੇ ਹਨ। ਪਿਤਾ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਨੇ ਕਾਹਨੂਵਾਨ ਤੋਂ ਚੋਣ ਲੜੀ ਅਤੇ ਦੋ ਵਾਰ ਅਕਾਲੀ ਸਰਕਾਰ ਵਿੱਚ ਮੰਤਰੀ ਬਣੇ।
 
ਟਕਸਾਲੀ ਆਗੂ ਮੋਹਨ ਸਿੰਘ ਸਠਿਆਲਾ ਬਿਆਸ ਵਿਧਾਨਸਭਾ ਸੀਟ ਤੋਂ ਇੱਕ ਵਾਰ ਵਿਧਾਇਕ ਰਹੇ ਹਨ। ਪਾਰਟੀ ਨੂੰ ਸੰਗਠਿਤ ਕਰਨ ਵਿੱਚ ਉਨ੍ਹਾਂ ਦੀ ਖਾਸ ਭੂਮਿਕਾ ਰਹੀ ਹੈ। ਇਸੇ ਤਰ੍ਹਾਂ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਦੇ ਬੇਟੇ ਅਮਰ ਪਾਲ ਸਿੰਘ ਬੌਨੀ ਵੀ ਦੋ ਵਾਰ ਅਜਨਾਲਾ ਵਿਧਾਨਸਭਾ ਸੀਟ ਤੋਂ ਵਿਧਾਇਕ ਚੁਣੇ ਜਾ ਚੁੱਕੇ ਹਨ। ਬੌਨੀ ਯੁਵਾ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਹਨ ਤੇ ਨੌਜਵਾਨਾਂ ਵਿੱਚ ਉਨ੍ਹਾਂ ਦਾ ਖਾਸ ਆਧਾਰ ਹੈ।

 

Comments

Leave a Reply