Thu,Aug 22,2019 | 09:30:02am
HEADLINES:

Punjab

ਪੰਜਾਬ 'ਚ ਬਣ ਸਕਦੈ ਨਵਾਂ ਅਕਾਲੀ ਦਲ, ਬਾਦਲਾਂ ਦੀਆਂ ਮੁਸ਼ਕਿਲਾਂ ਵਧਣਗੀਆਂ

ਪੰਜਾਬ 'ਚ ਬਣ ਸਕਦੈ ਨਵਾਂ ਅਕਾਲੀ ਦਲ, ਬਾਦਲਾਂ ਦੀਆਂ ਮੁਸ਼ਕਿਲਾਂ ਵਧਣਗੀਆਂ

ਵਿਧਾਨਸਭਾ ਚੋਣਾਂ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨ ਵਾਲੇ ਅਕਾਲੀ ਦਲ ਦੀ ਅੱਗੇ ਦੀ ਰਾਹ ਹੋਰ ਮੁਸ਼ਕਿਲਾਂ ਭਰੀ ਹੋਣ ਜਾ ਰਹੀ ਹੈ। ਪੰਥਕ ਮੁੱਦਿਆਂ 'ਤੇ ਬੁਰੀ ਤਰ੍ਹਾਂ ਨਾਲ ਘਿਰ ਚੁੱਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਸਾਹਮਣੇ ਅਗਲੀ ਚੁਣੌਤੀ ਅਕਾਲੀ ਦਲ ਨੂੰ ਟੁੱਟਣ ਤੋਂ ਬਚਾਉਣ ਦੀ ਆਣ ਖੜੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਸਿੱਖਾਂ ਵਿੱਚ ਅਕਾਲੀ ਦਲ ਲੀਡਰਸ਼ਿਪ ਖਿਲਾਫ ਪਹਿਲਾਂ ਹੀ ਕਾਫੀ ਗੁੱਸਾ ਹੈ, ਉਪਰੋਂ ਅਕਾਲੀ ਦਲ ਦੇ ਕਈ ਵੱਡੇ ਟਕਸਾਲੀ ਆਗੂ ਵੀ ਵੱਖਰੇ ਰਾਹ 'ਤੇ ਚੱਲ ਪਏ ਹਨ। 

ਅਕਾਲੀ ਦਲ ਦੇ ਮਾਲਵੇ ਦੇ ਵੱਡੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਮਾਝੇ ਦੇ ਟਕਸਾਲੀ ਅਕਾਲੀ ਆਗੂਆਂ ਖਡੂਰ ਸਾਹਿਬ ਤੋਂ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸਾਂਸਦ ਰਤਨ ਸਿੰਘ ਅਜਨਾਲਾ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਹੈ।

ਚਰਚਾ ਹੈ ਕਿ ਇਹ ਬਾਗੀ ਟਕਸਾਲੀ ਆਗੂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੋਂ ਨਾਰਾਜ਼ ਚੱਲ ਰਹੇ ਹੋਰ ਅਕਾਲੀ ਆਗੂਆਂ ਨਾਲ ਮਿਲ ਕੇ ਇੱਕ ਵੱਖਰਾ ਫਰੰਟ ਖੜ੍ਹਾ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਏਜੰਡੇ ਤਹਿਤ ਉਹ ਅਕਾਲੀ ਦਲ ਅੰਦਰ ਨੁੱਕਰੇ ਲੱਗੇ ਪੁਰਾਣੇ ਆਗੂਆਂ ਨੂੰ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ। 

ਇਸ ਸਬੰਧ 'ਚ ਬਾਗੀ ਟਕਸਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਵਿੱਚ 'ਅਕਾਲੀ ਦਲ ਬਚਾਓ ਲਹਿਰ' ਛੇਤੀ ਸ਼ੁਰੂ ਹੋਵੇਗੀ। ਡਾ. ਅਜਨਾਲਾ ਦਾ ਕਹਿਣਾ ਹੈ ਕਿ ਮੌਜੂਦਾ ਅਕਾਲੀ ਦਲ ਅਸਲੀ ਅਕਾਲੀ ਦਲ ਨਹੀਂ ਰਿਹਾ। 

ਇੱਕ ਇੰਟਰਵਿਊ 'ਚ ਡਾ. ਅਜਨਾਲਾ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਲੋਂ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਵਜ਼ੀਰ ਬਣਾਏ ਜਾਣ 'ਤੇ ਵੀ ਸਵਾਲ ਚੁੱਕੇ ਹਨ। ਅਜਨਾਲਾ ਨੇ ਕਿਹਾ ਕਿ ਕੇਂਦਰ ਵਿੱਚ ਬਾਦਲ ਨੇ ਵਜ਼ੀਰ ਬਣਾਉਣਾ ਹੁੰਦਾ ਹੈ ਤਾਂ ਆਪਣੀ ਨੂੰਹ ਅਤੇ ਪੰਜਾਬ ਵਿੱਚ ਉਪ ਮੁੱਖ ਮੰਤਰੀ ਬਣਾਉਣਾ ਤਾਂ ਆਪਣਾ ਪੁੱਤ ਹੀ ਦਿਖਾਈ ਦਿੰਦੇ ਹਨ। 

ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰਵਾਦ ਕਰਕੇ ਅਕਾਲੀ ਦਲ ਵਿੱਚੋਂ ਸੀਨੀਅਰ ਅਕਾਲੀ ਲੀਡਰ ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਡਾ. ਰਤਨ ਸਿੰਘ ਅਜਨਾਲਾ ਵੱਲੋਂ ਲਗਾਤਾਰ ਬਾਦਲਾਂ ਦੀ ਲੀਡਰਸ਼ਿਪ ਖਿਲਾਫ ਤਿੱਖੇ ਹਮਲੇ ਕੀਤੇ ਜਾ ਰਹੇ ਹਨ। 

ਅਕਾਲੀ ਦਲ ਦੇ ਪੁਰਾਣੇ ਟਕਸਾਲੀ ਆਗੂ ਭੜਾਸ ਕੱਢ ਰਹੇ ਹਨ ਕਿ ਪਾਰਟੀ ਅੰਦਰ ਉਨ੍ਹਾਂ ਦੀ ਸੁਣੀ ਨਹੀਂ ਗਈ ਅਤੇ ਪਾਰਟੀ ਨੂੰ ਪ੍ਰਬੰਧਕੀ ਆਧਾਰ 'ਤੇ ਚਲਾਉਣ ਦੀ ਕੋਸ਼ਿਸ਼ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰੀ ਰੱਖਿਆ ਅਤੇ ਇਹ ਰੁਝਾਨ ਜਾਰੀ ਹੈ।

ਜਾਣਕਾਰਾਂ ਮੁਤਾਬਕ, ਮੌਜੂਦਾ ਸਮੇਂ 'ਚ ਅਕਾਲੀ ਦਲ ਲਈ ਖਰਾਬ ਹੁੰਦਾ ਜਾ ਰਿਹਾ ਮਾਹੌਲ ਸੁਖਬੀਰ ਸਿੰਘ ਬਾਦਲ ਦੀ ਚਿੰਤਾ ਵਧਾਉਣ ਵਾਲਾ ਹੈ। ਪਹਿਲੀ ਗੱਲ ਤਾਂ ਇਹ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਸਿੱਖਾਂ ਵਿੱਚ ਬਾਦਲਾਂ ਖਿਲਾਫ ਭਾਰੀ ਗੁੱਸਾ ਹੈ। 

ਦੂਸਰੀ ਇਹ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਪਹਿਲਾਂ ਵਾਲੀ ਸਥਿਤੀ 'ਚ ਨਹੀਂ ਹਨ। ਉਨ੍ਹਾਂ ਦੀ ਉਮਰ 90 ਸਾਲ ਤੋਂ ਪਾਰ ਕਰ ਚੁੱਕੀ ਹੈ, ਉਪਰੋਂ ਸਿਹਤ ਵੀ ਖਰਾਬ ਰਹਿ ਰਹੀ ਹੈ। ਅਕਾਲੀ ਦਲ ਨੂੰ ਮਾੜੇ ਹਾਲਾਤ 'ਚੋਂ ਬਾਹਰ ਕੱਢਣ 'ਚ ਉਹ ਅਸਮਰੱਥ ਨਜ਼ਰ ਆ ਰਹੇ ਹਨ।

ਤੀਜਾ ਪੱਖ ਇਹ ਹੈ ਕਿ ਲੋਕਾਂ, ਖਾਸ ਤੌਰ 'ਤੇ ਸਿੱਖ ਵੋਟਰਾਂ ਦੇ ਭਾਰੀ ਰੋਸ ਕਾਰਨ ਵਿਧਾਨਸਭਾ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਚੁੱਕਾ ਹੈ ਤੇ ਕੁਝ ਮਹੀਨੇ ਬਾਅਦ ਹੋਣ ਜਾ ਰਹੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਵੀ ਪਾਰਟੀ ਦੀ ਸਥਿਤੀ ਚੰਗੀ ਨਹੀਂ ਦਿਖਾਈ ਦੇ ਰਹੀ। 2014 ਦੀਆਂ ਲੋਕਸਭਾ ਚੋਣਾਂ 'ਚ ਅਕਾਲੀ ਦਲ 4 ਸੀਟਾਂ 'ਤੇ ਜੇਤੂ ਰਿਹਾ ਸੀ। ਮੌਜੂਦਾ ਮਾੜੇ ਹਾਲਾਤ 'ਚ ਅਕਾਲੀ ਦਲ ਲਈ ਇਨ੍ਹਾਂ 4 ਸੀਟਾਂ ਨੂੰ ਬਚਾ ਪਾਉਣਾ ਵੀ ਮੁਸ਼ਕਿਲਾਂ ਭਰਿਆ ਦਿਖਾਈ ਦੇ ਰਿਹਾ ਹੈ।

Comments

Leave a Reply