Sat,Sep 19,2020 | 07:53:46am
HEADLINES:

Punjab

ਚੰਗਾਲੀਵਾਲਾ 'ਚ ਜਗਮੇਲ ਸਿੰਘ ਦਾ ਹੋਇਆ ਅੰਤਮ ਸਸਕਾਰ

ਚੰਗਾਲੀਵਾਲਾ 'ਚ ਜਗਮੇਲ ਸਿੰਘ ਦਾ ਹੋਇਆ ਅੰਤਮ ਸਸਕਾਰ

ਸੰਗਰੂਰ ਦੇ ਵਿਧਾਨਸਭਾ ਹਲਕਾ ਲਹਿਰਾ ਦੇ ਪਿੰਡ ਚੰਗਾਲੀਵਾਲਾ ਵਿੱਚ ਤਸ਼ੱਦਦ ਦਾ ਸ਼ਿਕਾਰ ਹੋਏ ਦਲਿਤ ਮਜਦੂਰ ਜਗਮੇਲ ਸਿੰਘ ਦਾ ਅੱਜ ਪਿੰਡ ਵਿੱਚ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਬਸਪਾ ਸਮੇਤ ਹੋਰ ਪਾਰਟੀਆਂ ਤੇ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਜਗਮੇਲ ਨੂੰ ਅੰਤਮ ਵਿਦਾਈ ਦਿੱਤੀ ਗਈ। ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਲੋਕ ਚੰਗਾਲੀਵਾਲਾ ਪਹੁੰਚੇ ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
 
ਇੱਕ ਦਿਨ ਪਹਿਲਾਂ ਜਗਮੇਲ ਦੇ ਪਰਿਵਾਰ ਤੇ ਸਰਕਾਰ ਵਿਚਕਾਰ ਮੁਆਵਜ਼ੇ ਤੇ ਨੌਕਰੀ ਬਾਰੇ ਸਮਝੌਤਾ ਹੋਣ ਤੋਂ ਬਾਅਦ 19 ਨਵੰਬਰ ਨੂੰ ਅੰਤਮ ਸੰਸਕਾਰ ਦਾ ਫੈਸਲਾ ਲਿਆ ਗਿਆ ਸੀ। ਮਾਮਲੇ ਵਿੱਚ ਸ਼ੁਰੂ ਤੋਂ ਲੈ ਕੇ ਸੰਘਰਸ਼ ਕਰ ਰਹੀ ਬਸਪਾ ਦੀ ਮੰਗ ਸੀ ਕਿ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਹਾਲਾਂਕਿ ਸਰਕਾਰ ਇਸ 'ਤੇ ਸਹਿਮਤ ਨਹੀਂ ਹੋਈ ਅਤੇ ਪੀੜਤ ਪਰਿਵਾਰ ਨਾਲ ਚੰਡੀਗੜ ਵਿਖੇ 20 ਲੱਖ ਰੁਪਏ ਵਿੱਚ ਸਮਝੌਤਾ ਕੀਤਾ ਗਿਆ।
 
ਜ਼ਿਕਰਯੋਗ ਹੈ ਕਿ ਚੰਗਾਲੀਵਾਲਾ ਪਿੰਡ ਵਿੱਚ ਪ੍ਰਭਾਵਸ਼ਾਲੀ ਉਚ ਜਾਤੀ ਦੇ ਕੁਝ ਲੋਕਾਂ ਨੇ 7 ਨਵੰਬਰ ਨੂੰ ਦਲਿਤ ਮਜਦੂਰ ਜਗਮੇਲ ਸਿੰਘ ਨੂੰ ਬੇਰਹਿਮੀ ਨਾਲ ਕੁੱਟਿਆ ਸੀ। ਦੋਸ਼ ਹੈ ਕਿ ਇਸ ਦੌਰਾਨ ਪਹਿਲਾਂ ਦਲਿਤ ਮਜ਼ਦੂਰ ਨਾਲ ਕੁੱਟਮਾਰ ਕੀਤੀ ਗਈ, ਫਿਰ ਪਲਾਸ ਨਾਲ ਉਸਦੀਆਂ ਲੱਤਾਂ ਦਾ ਮਾਸ ਖਿੱਚਿਆ ਗਿਆ।
 
ਇਸ ਤੋਂ ਬਾਅਦ ਉਸਦੀਆਂ ਲੱਤਾਂ 'ਤੇ ਤੇਜ਼ਾਬ ਪਾਇਆ ਗਿਆ। ਹਮਲਾ ਕਰਨ ਵਾਲਿਆਂ ਦਾ ਇਸ ਤੋਂ ਵੀ ਜੀਅ ਨਹੀਂ ਭਰਿਆ ਤਾਂ ਉਨ੍ਹਾਂ ਨੇ ਦਲਿਤ ਨੂੰ ਪਿਸ਼ਾਬ ਪਿਲਾਇਆ। ਜ਼ੁਲਮ ਦਾ ਸ਼ਿਕਾਰ ਹੋਏ ਜਗਮੇਲ ਦੀ 16 ਨਵੰਬਰ ਨੂੰ ਤੜਕੇ 4 ਵਜੇ ਪੀਜੀਆਈ ਚੰਡੀਗੜ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ।

Comments

Leave a Reply