Tue,Jul 16,2019 | 12:37:18pm
HEADLINES:

Punjab

ਪੰਚਾਇਤ ਚੋਣਾਂ : ਸੂਬੇ 'ਚ ਭਾਰੀ ਹਿੰਸਾ, ਦਿਹਾੜੀਦਾਰ ਮਜ਼ਦੂਰ ਸਮੇਤ 2 ਲੋਕਾਂ ਦੀ ਜਾਨ ਗਈ

ਪੰਚਾਇਤ ਚੋਣਾਂ : ਸੂਬੇ 'ਚ ਭਾਰੀ ਹਿੰਸਾ, ਦਿਹਾੜੀਦਾਰ ਮਜ਼ਦੂਰ ਸਮੇਤ 2 ਲੋਕਾਂ ਦੀ ਜਾਨ ਗਈ

ਪੰਜਾਬ ਵਿੱਚ 30 ਦਸੰਬਰ ਨੂੰ ਹੋਈਆਂ ਪੰਚਾਇਤ ਚੋਣਾਂ ਦੌਰਾਨ ਸੂਬੇ ਦੇ ਕਈ ਪਿੰਡਾਂ ਵਿੱਚ ਭਾਰੀ ਹਿੰਸਾ ਹੋਈ। ਇਸ ਦੌਰਾਨ ਕਈ ਜਗ੍ਹਾ ਟਕਰਾਅ ਦੀਆਂ ਖਬਰਾਂ ਆਈਆਂ। ਪੱਥਰਬਾਜ਼ੀ, ਗੋਲੀਬਾਰੀ ਤੇ ਗੁੰਡਾਗਰਦੀ ਵਿਚਕਾਰ 2 ਲੋਕਾਂ ਦੀ ਜਾਨ ਚਲੀ ਗਈ, ਜਦਕਿ ਦਰਜਨਾਂ ਦੀ ਗਿਣਤੀ 'ਚ ਲੋਕ ਜ਼ਖਮੀ ਹੋਏ। ਮਰਨ ਵਾਲਿਆਂ 'ਚੋਂ 1 ਵਿਅਕਤੀ ਦਿਹਾੜੀਦਾਰ ਦੱਸਿਆ ਜਾ ਰਿਹਾ ਹੈ। ਕਈ ਜਗ੍ਹਾ ਪੁਲਸ ਤੇ ਪ੍ਰਸ਼ਾਸਨ 'ਤੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਕੰਮ ਕਰਨ ਦੇ ਦੋਸ਼ ਵੀ ਲੱਗੇ।

ਪੰਚਾਇਤ ਚੋਣਾਂ 'ਚ ਸੂਬੇ ਭਰ 'ਚ ਕਰੀਬ 80 ਫੀਸਦੀ ਵੋਟਿੰਗ ਹੋਈ। ਮੀਡੀਆ ਰਿਪੋਰਟਾਂ ਮੁਤਾਬਕ, ਫਿਰੋਜ਼ਪੁਰ 'ਚ 2 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਇੱਥੇ ਹੋਈ ਹਿੰਸਾ 'ਚ 1 ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ। ਫਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਬਸਤੀ ਲਖਮੀਰ ਖੇਤਰ 'ਚ ਗੈਂਗਸਟਰਾਂ ਨੇ ਬੂਥ ਨੂੰ ਕੈਪਚਰ ਕਰਕੇ ਬੈਲੇਟ ਬਾਕਸ ਨੂੰ ਅੱਗ ਲਗਾ ਦਿੱਤੀ। ਭੱਜਦੇ ਸਮੇਂ ਗੈਂਗਸਟਰਾਂ ਦੀ ਸਕਾਰਪੀਓ ਗੱਡੀ ਨੇ ਇੱਕ ਵੋਟਰ ਮਹਿੰਦਰ ਸਿੰਘ ਨੂੰ ਹੇਠਾਂ ਦੇ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਮਹਿੰਦਰ ਸਿੰਘ ਦਿਹਾੜੀਦਾਰ ਮਜ਼ਦੂਰ ਸੀ। ਇੱਥੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਫਿਰੋਜ਼ਪੁਰ ਬਲਾਕ ਦੇ ਪਿੰਡ ਕੋਠੀ ਰਾਜਾ ਸਾਹਿਬ ਵਿੱਚ ਵੀ ਬੂਥ ਕੈਪਚਰਿੰਗ ਦੀਆਂ ਖਬਰਾਂ ਆਈਆਂ। ਇੱਥੇ ਬੂਥ ਕੈਪਚਰਿੰਗ ਕਰਨ ਵਾਲਿਆਂ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਕਾਰਨ ਸੈਮਸਨ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ਜਾਮ ਕਰ ਦਿੱਤਾ।

ਲੁਧਿਆਣਾ 'ਚ ਵੀ ਹਿੰਸਾ ਦੀਆਂ ਕਈ ਘਟਨਾਵਾਂ ਹੋਈਆਂ। ਇੱਥੇ ਦੇ ਮੁੱਲਾਪੁਰ ਦਾਖਾਂ ਦੇ ਪਿੰਡ ਦੇਤਵਾਲ ਵਿੱਚ ਅੱਧਾ ਦਰਜਨ ਨੌਜਵਾਨਾਂ ਨੇ ਬੈਲੇਟ ਪੇਪਰ ਫਾੜ ਦਿੱਤੇ ਅਤੇ ਰਿਟਰਨਿੰਗ ਅਫਸਰਾਂ ਨੂੰ ਕਮਰਿਆਂ ਵਿੱਚ ਬੰਦ ਕਰ ਦਿੱਤਾ। ਇੱਥੇ ਬੂਥ ਕੈਪਚਰਿੰਗ ਤੇ ਗੋਲੀਆਂ ਚਲਾਏ ਜਾਣ ਦੀ ਘਟਨਾ ਕਾਰਨ ਚੋਣ ਰੱਦ ਕਰ ਦਿੱਤੀ ਗਈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ 'ਚ ਵਿੱਚ ਜਮ ਕੇ ਹਿੰਸਾ ਹੋਈ। ਇੱਥੇ ਦੇ ਪਿੰਡ ਬੋਸਰ ਕਲਾਂ ਵਿੱਚ ਵੋਟਿੰਗ ਦੌਰਾਨ ਗੋਲੀਆਂ ਚੱਲੀਆਂ, ਜਦਕਿ ਪਿੰਡ ਹੀਰਾਗੜ ਵਿੱਚ ਤੇਜ਼ਧਾਰ ਹਥਿਆਰ ਲਹਿਰਾਏ ਗਏ। ਇੱਥੇ ਲੋਕਾਂ ਨੇ ਸੱਤਾਧਾਰੀ ਧਿਰ 'ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ।

ਮੋਗਾ ਦੇ ਕੋਟ ਈਸੇ ਖਾਨ ਦੇ ਪਿੰਡ ਬ੍ਰਾਹਮਕੇ 'ਚ ਜਾਅਲੀ ਵੋਟਿੰਗ ਨੂੰ ਲੈ ਕੇ 2 ਧਿਰਾਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਜਮ ਕੇ ਪੱਥਰਬਾਜ਼ੀ ਹੋਈ, ਜਿਸ ਵਿੱਚ 2 ਲੋਕ ਜ਼ਖਮੀ ਹੋ ਗਏ। ਸਥਿਤੀ ਤਣਾਅਪੂਰਨ ਹੋਣ ਤੋਂ ਬਾਅਦ ਪੁਲਸ ਨੇ ਇੱਥੇ ਲਾਠੀਚਾਰਜ ਕਰ ਦਿੱਤਾ। ਨਿਹਾਲ ਸਿੰਘ ਵਾਲਾ ਵਿੱਚ ਵੀ ਹਿੰਸਾ ਹੋਈ। ਇੱਥੇ ਗੋਲੀਆਂ ਚੱਲਣ ਤੇ ਟਕਰਾਅ ਦੀਆਂ ਖਬਰਾਂ ਆਈਆਂ।

ਅੰਮ੍ਰਿਤਸਰ ਦੇ ਨੌਸ਼ਹਿਰਾ ਪਿੰਡ 'ਚ ਵੀ ਬੂਥ ਕੈਪਚਰਿੰਗ ਹੋਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਦੇ ਦਿੱਤਾ। ਇੱਥੇ ਮਾਹੌਲ ਗਰਮ ਹੁੰਦਾ ਦੇਖ ਪੁਲਸ ਨੇ ਲਾਠੀਚਾਰਜ ਕਰ ਦਿੱਤਾ। ਮੇਹਤਾ ਦੇ ਦਾਊਦ ਪਿੰਡ ਵਿੱਚ ਵੀ ਗੋਲੀਆਂ ਚੱਲਣ ਕਾਰਨ 2 ਲੋਕ ਜ਼ਖਮੀ ਹੋ ਗਏ। ਅਜਨਾਲਾ ਵਿੱਚ ਵੀ 2 ਧਿਰਾਂ ਵਿਚਕਾਰ ਜਮ ਕੇ ਪੱਥਰਬਾਜ਼ੀ ਹੋਈ।

ਖਬਰਾਂ ਮੁਤਾਬਕ, ਜਲਾਲਾਬਾਦ ਬਲਾਕ ਦੇ ਪਿੰਡ ਝੁੱਗੇ ਟੇਕ ਸਿੰਘ ਵਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਜਸਵਿੰਦਰ ਦੀ ਹਾਰ ਦੇ ਸੰਕੇਤ ਮਿਲਦੇ ਹੀ ਉਸਦੇ ਭਰਾ ਤੇ ਭਾਬੀ ਨੇ ਬੈਲੇਟ ਬਾਕਸ 'ਤੇ ਤੇਜ਼ਾਬ ਸੁੱਟ ਦਿੱਤਾ। 

ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤਹਿਤ ਆਉਂਦੇ ਪਿੰਡ ਭਰੋਆਨਾ 'ਚ ਵੀ ਇੱਕ ਵੋਟ ਦੇ ਫਰਕ ਨੂੰ ਲੈ ਕੇ ਟਕਰਾਅ ਹੋ ਗਿਆ। ਇਸ ਦੌਰਾਨ ਦੋਵੇਂ ਪਾਸੇ ਤੋਂ ਇੱਟਾਂ-ਪੱਥਰ ਚੱਲੇ, ਜਿਸ ਦੌਰਾਨ ਕਰੀਬ 5 ਲੋਕ ਜ਼ਖਮੀ ਹੋ ਗਏ। ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿੱਚ ਵੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣੀ ਰਹੀ।

ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਤਹਿਤ ਆਉਂਦੇ ਪਿੰਡ ਠਕਰਵਾਲ 'ਚ ਵੋਟਾਂ ਦੀ ਗਿਣਤੀ ਦੌਰਾਨ ਜਿੱਤ ਰਹੇ ਉਮੀਦਵਾਰ ਧਰਮਿੰਦਰ ਸਿੰਘ ਨੂੰ ਦੂਜੀ ਵਾਰ ਕਰਵਾਈ ਗਈ ਗਿਣਤੀ 'ਚ ਹਾਰਿਆ ਐਲਾਨ ਦਿੱਤੇ ਜਾਣ 'ਤੇ ਜਬਰਦਸਤ ਹੰਗਾਮਾ ਹੋਇਆ। ਭੜਕੇ ਲੋਕਾਂ ਨੇ ਪੋਲਿੰਗ ਸਟਾਫ ਨੂੰ ਘੇਰ ਲਿਆ।

Comments

Leave a Reply