Sun,Jan 26,2020 | 09:12:50am
HEADLINES:

Punjab

ਬੇਰੁਜ਼ਗਾਰੀ : ਗ੍ਰੈਜੂਏਸ਼ਨ-ਐਮਬੀਏ ਕਰਨ ਵਾਲੇ ਐੱਸਸੀ ਨੌਜਵਾਨ ਦਿਹਾੜੀਆਂ ਕਰਨ ਲਈ ਮਜਬੂਰ

ਬੇਰੁਜ਼ਗਾਰੀ : ਗ੍ਰੈਜੂਏਸ਼ਨ-ਐਮਬੀਏ ਕਰਨ ਵਾਲੇ ਐੱਸਸੀ ਨੌਜਵਾਨ ਦਿਹਾੜੀਆਂ ਕਰਨ ਲਈ ਮਜਬੂਰ

ਦੇਸ਼ ਦੀ 2011 ਦੀ ਜਨਗਣਨਾ ਦੱਸਦੀ ਹੈ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੀ ਆਬਾਦੀ 31.9 ਫੀਸਦੀ ਹੈ, ਜੋ ਕਿ ਇਸ ਸਮੇਂ 35 ਫੀਸਦੀ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਹਿਸਾਬ ਨਾਲ ਪੰਜਾਬ ਦੇਸ਼ ਵਿੱਚ ਸਭ ਤੋਂ ਵੱਡੀ ਦਲਿਤ ਆਬਾਦੀ (ਫੀਸਦੀ ਮੁਤਾਬਕ) ਵਾਲਾ ਸੂਬਾ ਹੈ। 
 
ਔਸਤ ਰੂਪ ਵਿੱਚ ਸੂਬੇ ਵਿੱਚ ਹਰ ਤੀਜਾ ਵਿਅਕਤੀ ਐੱਸਸੀ ਵਰਗ ਨਾਲ ਸਬੰਧਤ ਹੈ। ਇੱਥੇ ਬਣਨ ਵਾਲੀਆਂ ਸਰਕਾਰਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਵੀ ਇਸੇ ਵਰਗ ਦਾ ਹੁੰਦਾ ਹੈ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਸੂਬੇ ਦੀ ਸੱਤਾ ਵਿੱਚ ਰਹਿਣ ਵਾਲੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਇਸ ਆਬਾਦੀ ਦੀ ਤਰੱਕੀ ਵਾਸਤੇ ਗੰਭੀਰਤਾ ਨਾਲ ਕੰਮ ਨਹੀਂ ਕੀਤੇ। ਇਹ ਸਮਾਜ ਅੱਜ ਵੀ ਸਮਾਜਿਕ, ਆਰਥਿਕ ਤੇ ਰਾਜਨੀਤਕ ਤੌਰ 'ਤੇ ਪੱਛੜਿਆ ਨਜ਼ਰ ਆਉਂਦਾ ਹੈ।

'ਸੋਸ਼ਿਓ ਇਕੋਨਾਮਿਕ ਕੰਡੀਸ਼ੰਸ ਐਂਡ ਪਾਲੀਟਿਕਲ ਪਾਰਟੀਸਿਪੇਸ਼ਨ ਆਫ ਰੂਰਲ ਵੂਮਨ ਲੇਬਰਰਸ ਇਨ ਪੰਜਾਬ' ਨਾਂ ਦੀ ਇੱਕ ਸਰਵੇ ਰਿਪੋਰਟ ਦੱਸਦੀ ਹੈ ਕਿ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕੁੱਲ ਮਜ਼ਦੂਰ ਔਰਤਾਂ ਵਿੱਚੋਂ 92 ਫੀਸਦੀ ਐੱਸਸੀ ਸਮਾਜ ਨਾਲ ਸਬੰਧਤ ਹਨ।
 
ਇਹ ਮਹਿਲਾਵਾਂ ਬਹੁਤ ਘੱਟ ਦਿਹਾੜੀ 'ਤੇ ਕੰਮ ਕਰਨ ਲਈ ਮਜ਼ਬੂਰ ਹਨ। ਰਿਪੋਰਟ ਮੁਤਾਬਕ, ਔਸਤ ਇੱਕ ਮਜ਼ਦੂਰ ਮਹਿਲਾ ਸਾਲ ਦਾ 77,198.48 ਰੁਪਏ ਕਮਾਉਂਦੀ ਹੈ। ਮਤਲਬ, ਰੋਜ਼ਾਨਾ ਕਰੀਬ 211 ਰੁਪਏ ਦਿਹਾੜੀ, ਜੋ ਕਿ ਬਹੁਤ ਘੱਟ ਹੈ।

ਸੂਬੇ ਵਿੱਚ ਐੱਸਸੀ ਵਰਗ ਦੀਆਂ ਵੋਟਾਂ 'ਤੇ ਸਰਕਾਰਾਂ ਦਾ ਰੁਖ਼ ਤੈਅ ਹੁੰਦਾ ਹੈ, ਪਰ ਇਹ ਚਿੰਤਾਜਨਕ ਹੈ ਕਿ ਸਰਕਾਰਾਂ ਦਾ ਰੁਖ਼ ਐੱਸਸੀ ਵਰਗ ਵੱਲ ਨਹੀਂ ਹੁੰਦਾ। ਸੂਬੇ ਵਿੱਚ ਅੱਜ ਤੱਕ ਸੱਤਾ ਵਿੱਚ ਰਹੀਆਂ ਰਾਜਨੀਤਕ ਪਾਰਟੀਆਂ 'ਚੋਂ ਕਿਸੇ ਨੇ ਵੀ ਐੱਸਸੀ ਚੇਹਰੇ ਨੂੰ ਮੁੱਖ ਮੰਤਰੀ ਨਹੀਂ ਬਣਾਇਆ।
 
ਸ਼ਾਇਦ ਇਹ ਵੀ ਵੱਡਾ ਕਾਰਨ ਹੈ ਕਿ ਐੱਸਸੀ ਵਰਗ ਪੱਖੀ ਮਾਹੌਲ ਸਿਰਜਿਆ ਨਹੀਂ ਜਾ ਸਕਿਆ। ਸਰਕਾਰਾਂ ਵੱਲੋਂ ਐੱਸਸੀ ਵਰਗ ਲਈ ਮੁਫਤ ਬਿਜਲੀ ਜਾਂ ਆਟਾ-ਦਾਲ ਵਰਗੀਆਂ ਸਕੀਮਾਂ ਜ਼ਰੂਰ ਚਲਾਈਆਂ ਗਈਆਂ, ਪਰ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਲਈ ਰੁਜ਼ਗਾਰ ਜਾਂ ਸਵੈਰੁਜ਼ਗਾਰ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ।
 
ਪੋਸਟ ਮੈਟ੍ਰਿਕ ਸਕਾਲਰਸ਼ਿਪ ਵਰਗੀ ਸਕੀਮ, ਜਿਸਦੇ ਸਹਾਰੇ ਆਰਥਿਕ ਪੱਖੋਂ ਕਮਜ਼ੋਰ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉਸਦਾ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਪੂਰਾ ਲਾਭ ਨਹੀਂ ਮਿਲ ਪਾ ਰਿਹਾ ਹੈ।
 
ਜਿਹੜੇ ਵਿਦਿਆਰਥੀ ਕਿਸੇ ਤਰ੍ਹਾਂ ਪੜ੍ਹਾਈ ਪੂਰੀ ਵੀ ਕਰ ਰਹੇ ਹਨ, ਉਨ੍ਹਾਂ ਨੂੰ ਵੀ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਸੈਕਟਰ ਵਿੱਚ ਸਨਮਾਨਜਨਕ ਪੋਸਟ ਨਹੀਂ ਮਿਲ ਰਹੀ ਹੈ। ਇੱਕ ਅੰਗ੍ਰੇਜ਼ੀ ਅਖਬਾਰ ਦੀ ਖਬਰ ਮੁਤਾਬਕ, ਅਨੁਸੂਚਿਤ ਜਾਤੀ ਵਰਗ ਦੇ ਪੜ੍ਹੇ-ਲਿਖੇ ਨੌਜਵਾਨ ਨੌਕਰੀ ਨਾ ਮਿਲਣ ਕਰਕੇ ਮਜ਼ਦੂਰੀ ਕਰਨ ਲਈ ਮਜਬੂਰ ਹਨ।
 
ਸੰਗਰੂਰ ਦੇ ਸੰਦੀਪ ਸਿੰਘ, ਕੁਲਦੀਪ ਸਿੰਘ ਤੇ ਗੁਰਸੇਵ ਸਿੰਘ, ਜੋ ਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਹਨ, ਨੂੰ ਐਮਬੀਏ ਕਰਨ ਤੋਂ ਬਾਅਦ ਵੀ ਕੋਈ ਨੌਕਰੀ ਨਹੀਂ ਮਿਲੀ। ਮਜਬੂਰੀ ਵਿੱਚ ਉਹ ਖੇਤਾਂ ਵਿੱਚ ਦਿਹਾੜੀ ਕਰ ਰਹੇ ਹਨ।
ਭਾਈ ਗੁਰਦਾਸ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਾਜੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਸੰਗਰੂਰ ਦੇ ਜਸ਼ਨਦੀਪ ਦੀ ਵੀ ਇਹੀ ਸਥਿਤੀ ਹੈ। ਉਹ 300 ਰੁਪਏ ਦਿਹਾੜੀ 'ਤੇ ਖੇਤਾਂ 'ਚ ਕੰਮ ਕਰ ਰਹੇ ਹਨ।
 
ਐਥਲੀਟ ਤੇ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ, ਲੁਧਿਆਣਾ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਕੁਲਦੀਪ ਸਿੰਘ ਕਹਿੰਦੇ ਹਨ, ''ਇਹ ਆਮ ਸੋਚ ਹੈ ਕਿ ਅਨੁਸੂਚਿਤ ਜਾਤੀਆਂ ਨੂੰ ਰਾਖਵੇਂਕਰਨ ਦਾ ਲਾਭ ਮਿਲਦਾ ਹੈ, ਪਰ ਨਾ ਤਾਂ ਮੈਨੂੰ ਅਤੇ ਨਾ ਹੀ ਮੇਰੇ ਦੋਸਤਾਂ ਨੂੰ ਇਸਦਾ ਕੋਈ ਫਾਇਦਾ ਮਿਲਿਆ ਹੈ। ਵੱਡੀ ਪੋਸਟ ਤਾਂ ਕੀ, ਸਾਨੂੰ ਕੋਈ ਛੋਟੇ ਅਹੁਦੇ ਵਾਲੀ ਨੌਕਰੀ ਵੀ ਨਹੀਂ ਮਿਲੀ। ਰੁਜ਼ਗਾਰ ਸਕੀਮਾਂ ਸਿਰਫ ਮਜ਼ਾਕ ਹਨ।''
 
ਧੂਰੀ ਦੇ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਗੁਰਸੇਵ ਸਿੰਘ ਤੇ ਮਲੇਰਕੋਟਲਾ ਦੇ ਕਾਲਜ ਤੋਂ ਪੜ੍ਹਾਈ ਪੂਰੀ ਕਰਨ ਵਾਲੇ ਸੰਦੀਪ ਸਿੰਘ ਵੀ ਬੇਰੁਜ਼ਗਾਰ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਮਿਲੀ ਅਤੇ ਨਾ ਹੀ ਪ੍ਰਾਈਵੇਟ ਸੈਕਟਰ ਵਿੱਚ ਕੋਈ ਚੰਗਾ ਰੁਜ਼ਗਾਰ ਮਿਲ ਸਕਿਆ।

Comments

Leave a Reply