Wed,Mar 27,2019 | 12:47:35am
HEADLINES:

Punjab

ਠੰਡ ਦਾ ਅੱਧਾ ਸੀਜ਼ਨ ਬੀਤ ਗਿਆ, ਪਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਰਮ ਵਰਦੀਆਂ ਨਹੀਂ ਮਿਲੀਆਂ

ਠੰਡ ਦਾ ਅੱਧਾ ਸੀਜ਼ਨ ਬੀਤ ਗਿਆ, ਪਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਰਮ ਵਰਦੀਆਂ ਨਹੀਂ ਮਿਲੀਆਂ

ਸਾਲ 2018 ਦੇ ਨਵੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਠੰਡ ਦਾ ਕਰੀਬ ਅੱਧਾ ਸੀਜ਼ਨ ਬੀਤ ਚੁੱਕਾ ਹੈ। ਇਸ ਸਮੇਂ ਪੰਜਾਬ 'ਚ ਪੈ ਰਹੀ ਭਾਰੀ ਠੰਡ ਵਿਚਕਾਰ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਗਰੀਬ ਬੱਚਿਆਂ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਹਨ। ਅਸਲ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸੰਯੁਕਤ ਤੌਰ 'ਤੇ ਅਜੇ ਵੀ ਫੰਡ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਨਹੀਂ ਮਿਲ ਸਕੀਆਂ ਹਨ। ਅਜਿਹੇ ਹਾਲਾਤ ਵਿੱਚ ਇਹ ਬੱਚੇ ਠੰਡ ਵਿਚਕਾਰ ਕੰਬਣ ਲਈ ਮਜ਼ਬੂਰ ਹਨ।
 
ਇੱਕ ਮੀਡੀਆ ਰਿਪੋਰਟ ਮੁਤਾਬਕ, ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਇਸ ਸਮੇਂ ਪਹਿਲੀ ਤੋਂ ਅੱਠਵੀਂ ਤੱਕ ਕੁੱਲ 12.76 ਲੱਖ ਬੱਚੇ ਪੜ੍ਹ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਜ਼ਿਆਦਾਤਰ ਬੱਚੇ ਦਲਿਤ, ਪੱਛੜੇ, ਗਰੀਬ ਕਿਸਾਨਾਂ-ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਹਨ। 
 
ਇਨ੍ਹਾਂ ਬੱਚਿਆਂ ਲਈ ਠੰਡ ਦੇ ਮੌਸਮ ਵਿੱਚ ਗਰਮ ਵਰਦੀਆਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਕੇਂਦਰ ਤੇ ਸੂਬਾ ਸਰਕਾਰਾਂ 'ਤੇ ਹੈ। ਇਨ੍ਹਾਂ ਵਰਦੀਆਂ ਲਈ ਕੁੱਲ 76.58 ਕਰੋੜ ਰੁਪਏ ਦਾ ਫੰਡ ਦਿੱਤਾ ਜਾਣਾ ਹੈ। ਇਸ ਵਿੱਚੋਂ 49.78 ਕਰੋੜ ਰੁਪਏ ਕੇਂਦਰ ਸਰਕਾਰ ਅਤੇ 26.80 ਕਰੋੜ ਰੁਪਏ ਮੈਚਿੰਗ ਗ੍ਰਾਂਟ ਦੇ ਤੌਰ 'ਤੇ ਸੂਬਾ ਸਰਕਾਰ ਨੇ ਦੇਣੀ ਹੈ।
 
ਇਸਦੇ ਲਈ ਸੂਬਾ ਸਰਕਾਰ ਵੱਲੋਂ ਆਪਣੇ ਹਿੱਸੇ ਦਾ ਫੰਡ ਜਾਰੀ ਨਹੀਂ ਕੀਤਾ ਗਿਆ ਹੈ ਤੇ ਇਸੇ ਕਾਰਨ ਕੇਂਦਰ ਸਰਕਾਰ ਵੱਲੋਂ ਵੀ ਫੰਡ ਜਾਰੀ ਨਹੀਂ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਰਮ ਵਰਦੀਆਂ ਦੇਣ ਦੀ ਪ੍ਰਕਿਰਿਆ ਅੱਜੇ ਤੱਕ ਵੀ ਸ਼ੁਰੂ ਨਹੀਂ ਹੋ ਸਕੀ ਹੈ।
 
ਖਬਰ ਮੁਤਾਬਕ, ਇਨ੍ਹਾਂ ਬੱਚਿਆਂ ਦੀਆਂ ਵਰਦੀਆਂ ਲਈ ਜੋ ਰਕਮ ਜਾਰੀ ਕੀਤੀ ਜਾ ਰਹੀ ਹੈ, ਉਹ ਬਹੁਤ ਘੱਟ ਹੈ। ਜਿਵੇਂ ਕਿ ਇੱਕ ਬੱਚੇ ਦੀ ਗਰਮ ਵਰਦੀ ਲਈ ਸਰਕਾਰ ਵੱਲੋਂ 600 ਰੁਪਏ ਤੈਅ ਕੀਤੇ ਗਏ ਹਨ, ਜਦਕਿ ਇੰਨੀ ਘੱਟ ਕੀਮਤ 'ਤੇ ਵਰਦੀ ਮਿਲਣੀ ਮੁਸ਼ਕਿਲ ਹੈ। ਇਸ ਤੋਂ ਪਹਿਲਾਂ ਇਹ ਰਕਮ 400 ਰੁਪਏ ਤੈਅ ਕੀਤੀ ਗਈ ਸੀ।
 
ਸਿੱਖਿਆ ਵਿਭਾਗ ਦੇ ਮਾਪਦੰਡ ਵਿੱਚ ਗਰਮ ਵਰਦੀ ਵਿੱਚ ਸ਼ਰਟ, ਪੈਂਟ ਜਾਂ ਸਲਵਾਰ, ਟੋਪੀ ਜਾਂ ਪਟਕਾ, ਜੁਰਾਬਾਂ, ਬੂਟ ਤੇ ਸਵੈਟਰ ਨੂੰ ਰੱਖਿਆ ਗਿਆ ਹੈ। ਇਸਦੇ ਲਈ ਪ੍ਰਤੀ ਵਿਦਿਆਰਥੀ 600 ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਦਕਿ ਇੰਨੇ ਕੱਪੜੇ ਕਰੀਬ 1,000 ਰੁਪਏ 'ਚ ਮਿਲਦੇ ਹਨ।
 
ਸਿੱਖਿਆ ਵਿਭਾਗ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਗਰਮ ਵਰਦੀਆਂ ਲਈ ਸਰਕਾਰੀ ਫੰਡ ਸਿੱਧਾ ਵਿਦਿਆਰਥੀਆਂ ਦੇ ਖਾਤਿਆਂ ਭੇਜਿਆ ਜਾਵੇਗਾ। ਹਾਲਾਂਕਿ ਬਾਅਦ ਵਿੱਚ ਇਹ ਫੰਡ ਸਕੂਲ ਮੈਨੇਜਮੈਂਟ ਕਮੇਟੀ ਦੇ ਖਾਤੇ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
 
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਰਮ ਵਰਦੀਆਂ ਲਈ ਪੈਸਾ ਜਾਰੀ ਨਾ ਹੋਣ ਬਾਰੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਛੇਤੀ ਹੀ ਕਦਮ ਚੁੱਕੇ ਜਾਣਗੇ। ਸੂਬਾ ਸਰਕਾਰ ਵੱਲੋਂ ਕੁਝ ਦਿਨਾਂ ਵਿੱਚ ਹੀ ਵਰਦੀਆਂ ਲਈ ਫੰਡ ਜਾਰੀ ਕਰ ਦਿੱਤਾ ਜਾਵੇਗਾ।

 

Comments

Leave a Reply