Thu,Oct 18,2018 | 03:36:08pm
HEADLINES:

Punjab

ਵਿਆਹ ਸਮਾਗਮ 'ਚ ਫੁਕਰਪੁਣੇ 'ਚ ਚਲਾਈ ਗੋਲੀ ਨੇ ਐਮਬੀਏ ਸਟੂਡੈਂਟ ਦੀ ਜਾਨ ਲੈ ਲਈ

ਵਿਆਹ ਸਮਾਗਮ 'ਚ ਫੁਕਰਪੁਣੇ 'ਚ ਚਲਾਈ ਗੋਲੀ ਨੇ ਐਮਬੀਏ ਸਟੂਡੈਂਟ ਦੀ ਜਾਨ ਲੈ ਲਈ

ਵਿਆਹ ਸਮਾਗਮਾਂ ਵਿੱਚ ਭੜਕੀਲੇ ਗੀਤਾਂ 'ਤੇ ਗੋਲੀਆਂ ਚਲਾਏ ਜਾਣ ਦੀਆਂ ਘਟਨਾਵਾਂ ਕੀਮਤੀ ਜਾਨਾਂ ਖੋਹ ਰਹੀਆਂ ਹਨ। ਸ਼ਨੀਵਾਰ ਰਾਤ ਨੂੰ ਹੁਸ਼ਿਆਰਪੁਰ ਦੇ ਛੱਤਾ ਬਾਜ਼ਾਰ 'ਚ ਇਸੇ ਤਰਾਂ ਫੁਕਰਪੁਣੇ ਵਿੱਚ ਚਲਾਈਆਂ ਗਈਆਂ ਗੋਲੀਆਂ ਨੇ ਐਮਬੀਏ ਦੀ ਇੱਕ ਸਟੂਡੈਂਟ ਦੀ ਜਾਨ ਲੈ ਲਈ।

ਖਬਰਾਂ ਮੁਤਾਬਕ, ਛੱਤਾ ਬਾਜ਼ਾਰ 'ਚ ਆਰਤੀ ਨਾਂ ਦੀ ਇੱਕ ਲੜਕੀ ਦਾ ਐਤਵਾਰ ਨੂੰ ਵਿਆਹ ਸੀ। ਇਸ ਨੂੰ ਲੈ ਕੇ ਸ਼ਨੀਵਾਰ ਰਾਤ ਨੂੰ ਘਰ ਡੀਜੇ ਚੱਲ ਰਿਹਾ ਸੀ। ਰਾਤ 11.30 ਵਜੇ ਦੇ ਕਰੀਬ ਆਰਤੀ ਦੇ ਪਿਤਾ ਅਤੇ ਉਸਦੇ ਦੋਸਤ ਨੇ ਹਥਿਆਰ ਹੱਥ 'ਚ ਲੈ ਕੇ ਗੀਤਾਂ 'ਤੇ ਨੱਚਦੇ ਹੋਏ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਜਲੰਧਰ ਦੇ ਏਪੀਜੇ ਕਾਲਜ 'ਚ ਐਮਬੀਏ ਕਰ ਰਹੀ ਵਿਦਿਆਰਥਣ ਸਾਕਸ਼ੀ (21), ਜੋ ਕਿ ਆਰਤੀ ਦੀ ਸਹੇਲੀ ਸੀ ਤੇ ਉਸਦੇ ਗੁਆਂਢ 'ਚ ਹੀ ਰਹਿੰਦੀ ਸੀ, ਆਪਣੇ ਘਰ ਦੀ ਛੱਤ 'ਤੇ ਖੜੀ ਹੋ ਕੇ ਵਿਆਹ ਸਮਾਗਮ ਨੂੰ ਦੇਖ ਰਹੀ ਸੀ। ਵਿਆਹ ਸਮਾਗਮ ਦੌਰਾਨ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਗੋਲੀ ਸਾਕਸ਼ੀ ਦੇ ਸਿਰ ਵਿੱਚ ਜਾ ਲੱਗੀ, ਜਿਸ ਦੌਰਾਨ ਉਸਦੀ ਮੌਤ ਹੋ ਗਈ।

ਪੁਲਸ ਨੇ ਆਰਤੀ ਦੇ ਪਿਤਾ ਅਸ਼ੋਕ ਕੁਮਾਰ ਤੇ ਉਸਦੇ ਦੋਸਤ ਅਸ਼ੋਕ ਸੇਠੀ ਖਿਲਾਫ ਕੇਸ ਦਰਜ ਕਰ ਲਿਆ ਹੈ। ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੂਜਾ ਦੋਸਤ ਫਰਾਰ ਦੱਸਿਆ ਜਾਂਦਾ ਹੈ। ਐਤਵਾਰ ਨੂੰ ਜਦੋਂ ਆਰਤੀ ਦੀ ਬਰਾਤ ਰਵਾਨਾ ਹੋ ਰਹੀ ਸੀ ਤਾਂ ਦੂਜੇ ਪਾਸੇ ਉਸਦੀ ਸਹੇਲੀ ਸਾਕਸ਼ੀ ਦੀ ਅਰਥੀ ਉੱਠ ਰਹੀ ਸੀ।

Comments

Leave a Reply